February 29, 2016 | By ਸਿੱਖ ਸਿਆਸਤ ਬਿਊਰੋ
ਦਿੱਲੀ: ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਜੇਐਨਯੂ ਦੇ ਵਿਦਿਆਰਥੀ ਆਗੂ ਕਨਹੀਆ ਕੁਮਾਰ ਦੀ ਜਮਾਨਤ ਅਰਜੀ ਤੇ ਸੁਣਵਾਈ ਕਰਦਿਆਂ ਅੱਜ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਇਸ ਕੇਸ ਵਿੱਚ ਉਸ ਦੀ ਕਾਰਗੁਜਾਰੀ ਲਈ ਸਖਤ ਝਾੜ ਪਾਈ ਤੇ ਕਨਹੀਆ ਦੀ ਜਮਾਨਤ ਦਾ ਫੈਂਸਲਾ 2 ਮਾਰਚ ਤੱਕ ਸੁਰੱਖਿਅਤ ਰੱਖਿਆ ਹੈ।
ਜੱਜ ਪ੍ਰਤੀਭਾ ਰਾਣੀ ਦੀ ਅਦਾਲਤ ਨੇ ਅੱਜ ਦੀ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੂੰ ਪੁੱਛਿਆ ਕਿ “ਕੀ ਉਸ ਕੋਲ ਕਨਹੀਆ ਕੁਮਾਰ ਵੱਲੋਂ ਦੇਸ਼ ਵਿਰੋਧੀ ਨਾਅਰੇਬਾਜੀ ਕਰਨ ਦੀ ਵੀਡੀਓ ਹੈ?” ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਕੋਲ ਅਜਿਹੀ ਕੋਈ ਵੀਡੀਓ ਨਹੀਂ ਹੈ।
ਅਦਾਲਤ ਨੇ ਦਿੱਲੀ ਪੁਲਿਸ ਨੂੰ ਸਵਾਲ ਕੀਤਾ ਕਿ ਜੇ ਦੇਸ਼ ਵਿਰੋਧੀ ਨਾਅਰੇਬਾਜੀ ਦੌਰਾਨ ਦਿੱਲੀ ਪੁਲਿਸ ਦੇ ਮੁਲਾਜਮ ਮੌਕੇ ਤੇ ਮੋਜੂਦ ਸੀ ਫੇਰ ਉਨ੍ਹਾਂ ਉਸੇ ਸਮੇਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਅਤੇ ਉਸ ਨਾਅਰੇਬਾਜੀ ਦੀ ਵੀਡੀਓ ਕਿਉਂ ਨਹੀਂ ਬਣਾਈ?
ਦਿੱਲੀ ਪੁਲਿਸ ਨੇ ਮੰਨਿਆ ਕਿ ਅਜਿਹੀ ਕੋਈ ਵੀਡੀਓ ਨਹੀਂ ਹੈ ਜਿਸ ਵਿੱਚ ਕਨਹੀਆ ਕੁਮਾਰ ਦੇਸ਼ ਵਿਰੋਧੀ ਨਾਅਰੇਬਾਜੀ ਕਰਦਾ ਹੋਵੇ ਪਰ ਮੌਕੇ ਦੇ ਗਵਾਹਾਂ ਨੇ ਕਨਹੀਆ ਕੁਮਾਰ ਵੱਲੋਂ ਲਗਾਏ ਗਏ ਨਾਅਰਿਆਂ ਦੀ ਤਸਦੀਕ ਕੀਤੀ ਹੈ।
ਕਨਹੀਆ ਕੁਮਾਰ ਦੇ ਵਕੀਲ ਕਪਿਲ ਸਿੱਬਲ ਨੇ ਅਦਾਲਤ ਨੂੰ ਕਿਹਾ ਕਿ ਦੋ ਧਿਰਾਂ ਦੇ ਵਿੱਚ ਵਿਚਾਰਧਾਰਕ ਵਖਰੇਵਾਂ ਹੈ, ਪਰ ਇਸ ਨੂੰ ਦੇਸ਼ ਧ੍ਰੋਹ ਨਹੀਂ ਬਣਾਇਆ ਜਾ ਸਕਦਾ।
ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਰਾਹੁਲ ਮਿਹਰਾ ਨੇ ਅਦਾਲਤ ਨੂੰ ਕਿਹਾ ਕਿ ਕਨਹੀਆ ਕੁਮਾਰ ਦਾ ਭਾਰਤ ਵਿਰੋਧੀ ਪੋਸਟਰਾਂ ਨਾਲ ਕੋਈ ਸਬੰਧ ਨਹੀਂ ਹੈ ਤੇ ਨਾਂ ਹੀ ਪੋਸਟਰਾਂ ਤੇ ਉਸ ਦਾ ਨਾਮ ਹੈ।ਉਨ੍ਹਾਂ ਕਨਹੀਆ ਕੁਮਾਰ ਨੂੰ ਨਿਰਦੋਸ਼ ਦੱਸਦਿਆਂ ਅਦਾਲਤ ਨੂੰ ਕਿਹਾ ਕਿ ਕਿਸੇ ਨਿਰਦੋਸ਼ ਨੂੰ ਸਜਾ ਨਹੀਂ ਹੋਣੀ ਚਾਹੀਦੀ।
ਐਡੀਸ਼ਨਲ ਸੋਲੀਸੀਟਰ ਜਨਰਲ ਤੁਸ਼ਾਰ ਮਿਹਤਾ ਨੇ ਕਨਹੀਆ ਕੁਮਾਰ ਵਿਰੁੱਧ ਅਦਾਲਤ ਨੂੰ ਕਿਹਾ ਕਿ ਜੇਐਨਯੂ ਤੋਂ ਬਾਅਦ ਬੰਗਾਲ ਦੀ ਜਾਦਵਪੁਰ ਯੂਨੀਵਰਸਿਟੀ ਵਿੱਚ ਵੀ ਦੇਸ਼ ਵਿਰੋਧੀ ਨਾਅਰੇ ਲੱਗੇ ਅਤੇ ਜੇ ਕਨਹੀਆ ਕੁਮਾਰ ਦੀ ਜਮਾਨਤ ਅਜਿਹੀਆਂ ਘਟਨਾਵਾਂ ਵਿੱਚ ਵਾਧੇ ਦਾ ਕਾਰਨ ਬਣ ਸਕਦੀ ਹੈ।
ਇਸ ਦੇ ਨਾਲ ਹੀ ਦਿੱਲੀ ਪੁਲਿਸ ਵੱਲੋਂ ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਜੇਐਨਯੂ ਦੇ ਦੋ ਹੋਰ ਵਿਦਿਆਰਥੀਆਂ ਉਮਰ ਖਾਲਿਦ ਅਤੇ ਅਨੀਰਬਨ ਭੱਟਾਚਾਰੀਆ ਨੂੰ ਦਿੱਲੀ ਕੋਰਟ ਵੱਲੋਂ ਇੱਕ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।
Related Topics: Delhi, Delhi Police, JNU