June 2, 2020 | By ਸਿੱਖ ਸਿਆਸਤ ਬਿਊਰੋ
⊕ ਇਸ ਲੜੀ ਦੀ ਪਿਛਲੀ ਲਿਖਤ ਪੜ੍ਹੋ – ਤੀਜਾ ਘੱਲੂਘਾਰਾ : “ਜੂਨ 1984 ਦੇ ਹਮਲੇ” – ਕਿੰਨੇ ਅਤੇ ਕਿਹੜੇ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਹੋਇਆ?
ਲੜੀ – ਜੂਨ 1984 ਦੇ ਹਮਲੇ
ਗੁਰਦੁਆਰਾ ਸਾਹਿਬ – ਇਸ ਪਵਿੱਤਰ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਪਵਿੱਤਰ ਵੇਈਂ ‘ਚ ਇਸ਼ਨਾਨ ਕਰ ਕੇ ਸਿਮਰਨ ਕਰਦੇ ਸਨ। ਬੇਰੀ ਦੀ ਦਾਤਨ ਜੋ ਗੁਰੂ ਜੀ ਨੇ ਨਦੀ ਕਿਨਾਰੇ ਗੱਡੀ ਸੀ ਉਹ ਅੱਜ ਬੇਰੀ ਦੇ ਬਹੁਤ ਵੱਡੇ ਰੁੱਖ ਦੇ ਰੂਪ ‘ਚ ਇਥੇ ਮੌਜੂਦ ਹੈ। ਇਸੇ ਲਈ ਇਸ ਗੁਰਦੁਆਰਾ ਸਾਹਿਬ ਦਾ ਨੂੰ ‘ਬੇਰ ਸਾਹਿਬ’ ਆਖਦੇ ਹਨ। ਗੁਰੂ ਜੀ ਦੇ ਵੇਈਂ ਵਿਚ ਤਿੰਨ ਦਿਨ ਅਲੋਪ ਹੋਣ ਦੀ ਘਟਨਾ ਵੀ ਇਸ ਸਥਾਨ ਨਾਲ ਜੁੜੀ ਹੋਈ ਹੈ। ਇਸੇ ਗੁਰਦੁਆਰਾ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਹੇਠਾਂ ਭੋਰਾ ਸਾਹਿਬ ਹੈ, ਜਿੱਥੇ ਗੁਰੂ ਜੀ ਰੋਜ਼ਨਾ ਭਗਤੀ ਲਈ ਬੈਠਦੇ ਸਨ। ਇਸ ਤਪ ਅਸਥਾਨ ਦੀ ਨਿਸ਼ਾਨੀ ਵਜੋਂ ਇਥੇ ਇਕ ਥੜ੍ਹਾ ਵੀ ਹੈ ਜਿੱਥੇ ਗੁਰੂ ਜੀ ਬਿਰਾਜਦੇ ਸਨ।
ਭੂਗੋਲਿਕ ਸਥਿਤੀ: ਗੁਰਦੁਆਰਾ ਬੇਰ ਸਾਹਿਬ ਚੜ੍ਹਦੇ ਪੰਜਾਬ ਦੇ ਕਪੂਰਥਲਾ ਜਿਲ੍ਹੇ ਦੇ ਸੁਲਤਾਨਪੁਰ ਲੋਧੀ ਸ਼ਹਿਰ ਵਿਚ ਸਥਿੱਤ ਹੈ। ਇਹ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ, ਅੰਮਿ੍ਰਤਸਰ ਤੋਂ ਦੱਖਣ-ਪੂਰਬ ਵਾਲੇ ਪਾਸੇ ਕਰੀਬ 74 ਕਿੱਲੋ-ਮੀਟਰ ਦੀ ਦੂਰੀ ਉੱਤੇ ਸਥਿਤ ਹੈ।
ਜੂਨ 1984 – 3 ਜੂਨ ਦੀ ਰਾਤ ਨੂੰ ਜਿਸ ਤਰ੍ਹਾਂ ਦੁਸ਼ਮਣ ਤੇ ਹਮਲਾ ਕਰੀਦਾ ਇਸ ਤਰ੍ਹਾਂ ਫੌਜ ਨੇ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸਿਓਂ ਹਮਲਾ ਕੀਤਾ, ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਟੈਂਕ ਲਾ ਦਿੱਤੇ ਗਏ। ਤਕਰੀਬਨ ਸਾਰੇ ਹੀ ਫੌਜੀ ਪੰਜਾਬ ਤੋਂ ਬਾਹਰ ਦੇ ਸਨ। ਇਕ ਅਫਸਰ ਸਪੀਕਰ ਵਿੱਚ ਬੋਲਿਆ “ਅਸੀਂ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਹੈ ਸੋ ਜੋ ਕੋਈ ਵੀ ਅੰਦਰ ਹੈ ਸਭ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦਰਵਾਜ਼ੇ ਤੇ ਆ ਜਾਣ। ਕੋਈ ਵੀ ਕਮਰਾ ਬੰਦ ਨਹੀਂ ਕਰਨਾ, ਖੁੱਲੇ ਛੱਡ ਕੇ ਆ ਜਾਓ।”
ਬੀਬੀ ਅਜੀਤ ਕੌਰ ਦਾ ਇਕ ਬੱਚਾ 6 ਮਹੀਨੇ ਦਾ ਸੀ ਅਤੇ ਇਕ ਸਾਢੇ ਤਿੰਨ ਸਾਲ ਦਾ, ਜਿਹੜਾ ਸਾਢੇ ਤਿੰਨ ਸਾਲ ਦਾ ਸੀ ਓਹਦੀ ਇਕ ਦਿਨ ਪਹਿਲਾਂ ਪੌੜੀ ਤੋਂ ਡਿੱਗਣ ਕਰਕੇ ਲੱਤ ਟੁੱਟ ਗਈ ਸੀ। ਉਸ ਦਾ ਇਲਾਜ ਵੀ ਫੌਜ ਦੇ ਵਾਪਸ ਜਾਣ ਤੋਂ ਬਾਅਦ ਕਰਵਾਇਆ ਗਿਆ। ਫੌਜ ਵੱਲੋਂ ਬਾਹਰ ਆਉਣ ਲਈ ਕਹਿਣ ਤੇ ਕਿਸੇ ਨੇ ਜੁੱਤੀ ਪਾਈ ਕਿਸੇ ਨੇ ਨਹੀਂ, ਕਿਸੇ ਨੇ ਚੁੰਨੀ ਲਈ ਕਿਸੇ ਨੇ ਨਹੀਂ, ਨਾ ਹੀ ਕਿਸੇ ਨੂੰ ਇਹ ਪਤਾ ਸੀ ਕਿ ਉਹਨਾਂ ਨਾਲ ਹੁਣ ਕੀ ਹੋਣਾ ਹੈ। ਗਰਮੀ ਬਹੁਤ ਜਿਆਦਾ ਸੀ, ਸਾਰੇ ਜਣੇ ਇਕ ਥਾਂ ਇਕੱਠੇ ਕਰ ਲਏ, ਬੱਚੇ ਰੋਂਦੇ ਸੀ, ਪਾਣੀ ਤਕ ਨਾ ਪੀਣ ਦਿੱਤਾ ਗਿਆ।
ਫਿਰ ਉਹਨਾਂ ਨੇ ਕਿਹਾ ਕਿ ਅਸੀਂ ਤਲਾਸ਼ੀ ਕਰਨੀ ਹੈ ਕੋਈ ਦੋ ਪ੍ਰਬੰਧਕ ਸਾਡੇ ਨਾਲ ਚੱਲੋ। ਸਰਦਾਰ ਸੰਤੋਖ ਸਿੰਘ ਮੈਨੇਜਰ ਅਤੇ ਸਰਦਾਰ ਗੁਰਬਚਨ ਸਿੰਘ ਸੁਪਰਵਾਈਜਰ ਉਹਨਾਂ ਦੇ ਨਾਲ ਚਲੇ ਗਏ। ਹਰ ਕਮਰੇ ਵਿੱਚ ਉਹ ਪਹਿਲਾਂ ਉਹਨਾਂ ਦੋਵਾਂ ਨੂੰ ਅੰਦਰ ਜਾਣ ਲਈ ਕਹਿੰਦੇ, ਫਿਰ ਆਪ ਅੰਦਰ ਜਾਂਦੇ, ਉਹਨਾਂ ਨੂੰ ਫੌਜ ਵਾਲੇ ਢਾਲ ਵਾਂਙ ਵਰਤ ਰਹੇ ਸਨ। ਪੂਰੀ ਸਰਾਂ ਦੀ ਤਲਾਸ਼ੀ ਕਰਨ ਉਪਰੰਤ ਉਹਨਾਂ ਨੂੰ ਕੁਝ ਵੀ ਨਾ ਮਿਲਿਆ। ਫਿਰ ਉਹਨਾਂ ਨੇ ਦਰਬਾਰ ਸਾਹਿਬ ਦੀ ਤਲਾਸ਼ੀ ਲੈਣ ਲਈ ਕਿਹਾ, ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਜੇ ਅੰਦਰ ਜਾਣਾ ਹੈ ਤਾਂ ਜੋੜੇ ਬਾਹਰ ਉਤਾਰ ਕੇ ਅਤੇ ਆਪਣਾ ਅਸਲ ਬਾਹਰ ਰੱਖ ਕੇ ਚੱਲੋ। ਜੇ ਇਸ ਤਰ੍ਹਾਂ ਨਹੀਂ ਕਰਨਾ ਫਿਰ ਅਸੀਂ ਤੁਹਾਡੇ ਨਾਲ ਨਹੀਂ ਜਾਣਾ, ਤੁਸੀ ਜਾਣਾ ਤਾਂ ਚਲੇ ਜਾਓ। ਫਿਰ ਆਪਣੇ ਕਿਸੇ ਵੱਡੇ ਅਫਸਰ ਤੋਂ ਪੁੱਛਣ ਮਗਰੋਂ ਪਤਾ ਨਹੀਂ ਉਹਨਾਂ ਦੇ ਮਨ ਚ ਕੀ ਆਇਆ, ਉਹ ਆਪਣੇ ਜੋੜੇ ਅਤੇ ਅਸਲਾ ਬਾਹਰ ਰੱਖ ਕੇ ਗਏ। ਅੰਦਰ ਜਿੱਥੇ ਖਜਾਨਾ ਸੀ ਬੇਰ ਸਾਹਿਬ ਦਾ ਉੱਥੇ ਗੁਰਦੁਆਰਾ ਸਾਹਿਬ ਦੀਆਂ ਦੋ ਬਾਰਾਂ ਬੋਰ ਦੀਆਂ ਲਾਇਸੈਂਸੀ ਬੰਦੂਕਾਂ ਸਨ ਉਹ ਉਹਨਾਂ ਨੇ ਕਢਵਾ ਲਈਆਂ, 3 ਫੁੱਟੀਆਂ ਕਿਰਪਾਨਾਂ ਅਤੇ ਬਰਛੇ ਸਭ ਸ਼ਸ਼ਤਰ ਉਹਨਾਂ ਨੇ ਬਾਹਰ ਬੇਰ ਸਾਹਿਬ ਦੀ ਕੰਧ ਨਾਲ ਚਿਣ ਦਿੱਤੇ। ਸ਼ਸ਼ਤਰਾਂ ਨਾਲ ਗੁਰਦੁਆਰਾ ਸਾਹਿਬ ਦੇ ਮੁਲਾਜਮਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ। ਫਿਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਮੁਲਾਜਮਾਂ ਅਤੇ ਯਾਤਰੂਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਬਿਠਾ ਦਿੱਤਾ, 15 ਸਾਲ ਤੋਂ ਉੱਤੇ ਵਾਲੇ ਇਕ ਬੰਨੇ, 35 ਸਾਲ ਤੋਂ ਉੱਤੇ ਵਾਲੇ ਇੱਕ ਬੰਨੇ ਅਤੇ ਛੋਟੇ ਬੱਚੇ ਸਮੇਤ ਪਰਿਵਾਰ ਇਕ ਬੰਨੇ ਬਿਠਾ ਦਿੱਤੇ।
ਜਦੋਂ ਫੌਜ ਸਰਾਂ ਦੀ ਤਲਾਸ਼ੀ ਕਰ ਰਹੀ ਸੀ ਅਤੇ ਉਹਨਾਂ ਨੂੰ ਉਥੋਂ ਕੁਝ ਨਾ ਮਿਲਿਆ ਤਾਂ ਕੁਝ ਫੌਜੀ ਤਲਾਸ਼ੀ ਕਰਦੇ ਕਰਦੇ ਕੁਆਟਰਾਂ ਦੀ ਛੱਤ ਤੇ ਗਏ ਜਿੱਥੇ ਭਾਈ ਸਵਰਨ ਸਿੰਘ ਜੋ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਨ, ਉਹ ਸੁੱਤੇ ਪਏ ਸਨ। ਫੌਜ ਵਾਲੀਆਂ ਨੇ ਉਹਨਾਂ ਨੂੰ ਕਿਹਾ ਕਿ ਇੱਥੇ ਹਮਲਾ ਹੋਣ ਲੱਗਾ ਤੁਸੀ ਥੱਲੇ ਚਲੋ। ਉਹਨਾਂ ਨੇ ਦੱਸਿਆ ਕਿ ਮੈਂ ਦਰਬਾਰ ਸਾਹਿਬ ਦਾ ਪ੍ਰਬੰਧ ਕਰਨਾ ਹੁੰਦਾ ਹੈ ਅਤੇ ਹੁਣ ਮੈਂ ਇਸ਼ਨਾਨ ਕਰਨਾ ਹੈ ਫਿਰ ਦਰਬਾਰ ਸਾਹਿਬ ਜਾਣਾ ਹੈ ਤਾਂ ਫੌਜੀ ਕਹਿੰਦੇ ਚਲੋ ਤੁਹਾਨੂੰ ਉੱਥੇ ਲੈ ਚਲਦੇ ਹਾਂ। ਚਾਰ ਪੰਜ ਫੌਜੀ ਉਹਨਾਂ ਤੇ ਲਾ ਦਿੱਤੇ ਗਏ। ਜਦੋਂ ਉਹ ਇਸ਼ਨਾਨ ਕਰਕੇ ਦਰਬਾਰ ਸਾਹਿਬ ਵੱਲ ਨੂੰ ਆ ਰਹੇ ਸਨ ਤਾਂ ਚਾਰੇ ਪਾਸੇ ਫੌਜ ਹੀ ਫੌਜ ਸੀ।
ਜਿੱਥੇ ਹੁਣ ਨਿਸ਼ਾਨ ਸਾਹਿਬ ਹੈ ਉੱਥੇ ਚਰਨ ਗੰਗਾ ਹੁੰਦੀ ਸੀ, ਪੈਰ ਧੋਣ ਵਾਲਾ ਪਾਣੀ, ਉੱਥੇ ਜਦੋਂ ਉਹਨਾਂ ਨੇ ਆਪਣਾ ਜੋੜਾ ਲਾਹ ਕੇ ਪੈਰ ਧੋਤੇ ਤਾਂ ਅੰਦਰ ਨੂੰ ਵੇਖਿਆ ਜਿੱਥੇ ਹੁਣ ਮੁੱਖ ਵਾਕ ਲਿਖਿਆ ਹੁੰਦਾ ਓਹਦੇ ਤੋਂ ਥੋੜਾ ਚੜ੍ਹਦੇ ਵੱਲ ਨੂੰ ਉੱਥੇ ਇਕ ਸਿੱਖ ਵਰਗਾ ਦਿਖਣ ਵਾਲਾ ਫੌਜੀ ਅਫਸਰ ਕੁਰਸੀ ਡਾਹ ਕੇ ਬੈਠਾ ਸੀ, ਇਹ ਵੇਖਦਿਆਂ ਉਹਨਾਂ ਦੀਆਂ ਅੱਖਾਂ ਚ ਪਾਣੀ ਅਤੇ ਗੁੱਸਾ ਆ ਗਿਆ। ਓਸੇ ਵਕਤ ਉਹਨਾਂ ਨੇ ਉਹਨੂੰ ਬਿਨਾ ਸਤਿ ਸ਼੍ਰੀ ਅਕਾਲ ਬੁਲਾਏ ਕਿਹਾ, “ਭਾਈ ਸਾਹਿਬ ਜੇ ਇੱਥੇ ਬਹਿਣਾ ਤਾਂ ਜੁੱਤੀ ਲਾਹ ਕੇ ਬਹੋ, ਨਹੀਂ ਤਾਂ ਓਥੇ ਲੈ ਜਾਓ।” ਪਤਾ ਨਹੀਂ ਉਹ ਡਰਿਆ ਜਾ ਕੀ, ਪਰ ਉਹ ਆਪਣੀ ਜਿੰਮੇਵਾਰੀ ਸਮਝਦਾ ਹੋਇਆ ਆਪਣੀ ਕੁਰਸੀ ਲੈ ਕੇ ਚਲਾ ਗਿਆ। ਅੰਦਰ ਅਖੰਡ ਪਾਠ ਹੋ ਰਹੇ ਸਨ, ਮੱਥਾ ਟੇਕ ਕੇ ਜਦੋਂ ਭਾਈ ਸਵਰਨ ਸਿੰਘ ਹੁਰੀਂ ਭੋਰਾ ਸਾਹਿਬ ਗਏ ਤਾਂ ਓਥੇ ਫੌਜੀ ਸਿਗਰਟਾਂ ਪੀ ਰਹੇ ਸਨ ਜੋ ਉਹਨਾਂ ਨੇ ਉਸੇ ਵੇਲੇ ਬੰਦ ਕਰਵਾਈਆਂ।
ਸਵੇਰੇ 4 ਵਜੇ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਜਦੋਂ ਸਪੀਕਰ ਚਲਣਾ ਸੀ ਤਾਂ ਫੌਜ ਨੇ ਸਪੀਕਰ ਚਲਾਉਣ ਤੋਂ ਮਨ੍ਹਾ ਕਰ ਦਿੱਤਾ। ਫਿਰ ਉਹਨਾਂ ਦਾ ਕੋਈ ਵੱਡਾ ਅਫਸਰ ਹੈਲੀਕਾਪਟਰ ਰਾਹੀਂ ਆਇਆ ਜੋ ਵੇਖਣ ਨੂੰ ਸਿੱਖ ਸੀ, ਓਹਨੂੰ ਇਕ ਫੌਜੀ ਅੰਗਰੇਜ਼ੀ ਵਿੱਚ ਸ਼ਸ਼ਤਰਾਂ ਬਾਰੇ ਅਤੇ ਗੁਰਦੁਆਰਾ ਸਾਹਿਬ ਦੇ ਮੁਲਾਜਮਾਂ ਬਾਰੇ ਦੱਸ ਰਿਹਾ ਸੀ ਕਿ ਇਹ “ਡੈਂਜਰ” ਅਸਲਾ ਹੈ ਅਤੇ ਇਹ “ਡੈਂਜਰ” ਬੰਦੇ। ਫੇਰ ਸਰਦਾਰ ਗੁਰਬਚਨ ਸਿੰਘ ਹੁਰਾਂ ਦੇ ਕਹਿਣ ਤੇ ਮੈਨੇਜਰ ਸੰਤੋਖ ਸਿੰਘ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇਹ ਸਾਡਾ ਸਟਾਫ ਹੈ ਅਤੇ ਇਹ ਸਾਡੇ ਰਵਾਇਤੀ ਹਥਿਆਰ ਨੇ। ਜਿਹੜੀਆਂ ਬੰਦੂਕਾਂ ਨੇ ਉਹ ਸਾਡੀਆਂ ਲਾਇਸੈਂਸੀ ਬੰਦੂਕਾਂ ਨੇ। ਇਹਨਾਂ ਨਾਲ ਅਸੀਂ ਤਲਾਸ਼ੀ ਕਰਵਾਈ ਹੈ ਇਹਨਾਂ ਨੂੰ ਇੱਥੋਂ ਕੁਝ ਵੀ ਨਹੀਂ ਮਿਲਿਆ। ਫਿਰ ਉਹ ਅਫਸਰ ਕਹਿੰਦਾ ਕਿ ਤੁਹਾਡੇ ਕੋਲ ਕੀ ਸਬੂਤ ਹੈ ਕਿ ਇਹ ਗੁਰਦੁਆਰਾ ਸਾਹਿਬ ਦੇ ਮੁਲਾਜਮ ਹਨ? ਫਿਰ ਉਹਨਾਂ ਨੂੰ ਇਕ ਇਕ ਮੁਲਜ਼ਮ ਦਾ ਵੇਰਵਾ ਦਿਖਾਇਆ ਗਿਆ, ਰਜਿਸਟਰ ਦਿਖਾਏ ਗਏ ਜਿੱਥੇ ਹਾਜਰੀ ਲੱਗਦੀ ਸੀ ਅਤੇ ਤਨਖਾਹ ਦਾ ਵੇਰਵਾ ਹੁੰਦਾ ਸੀ।
ਮੁੱਖ ਗ੍ਰੰਥੀ ਭਾਈ ਸਵਰਨ ਸਿੰਘ ਨੇ ਉਸ ਨੂੰ ਸਾਫ ਕਹਿ ਦਿੱਤਾ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਬੀੜੀਆਂ ਪੀ ਰਿਹਾ ਹੈ ਇਸ ਲਈ ਉਹ ਉਸ ਨਾਲ ਕੋਈ ਗੱਲ ਨਹੀਂ ਕਰਨਗੇ। ਮੇਜਰ ਰੈਂਕ ਦਾ ਇਹ ਫੌਜੀ ਕੁਰਸੀ ਉੱਤੇ ਬੈਠ ਕੇ ਪੁੱਛ ਗਿੱਛ ਕਰ ਰਿਹਾ ਸੀ। ਉਹਦੇ ਸਾਹਮਣੇ ਟਕਸਾਲ ਦਾ ਇਕ ਸਿੰਘ ਜਿਸਨੂੰ ਸਾਰੇ ਬਾਬਾ ਸੂਫੀ ਕਰਕੇ ਜਾਣਦੇ ਸਨ ਬੈਠਾ ਸੀ। ਬਾਬਾ ਸੂਫੀ ਦੀਆਂ ਲੱਤਾਂ ਪਹਿਲਾਂ ਹੀ ਤਸ਼ੱਦਦ ਕਾਰਨ ਲੱਤਾਂ ਕੰਡਮ ਵਾਙ ਹੀ ਸਨ। ਮੇਜਰ ਕੋਲ ਡੰਡਾ ਸੀ ਤੇ ਉਹ ਡੰਡਾ ਲਾ-ਲਾ ਕੇ ਸਵਾਲ ਪੁੱਛਦਾ ਸੀ। ਜਦੋਂ ਮੇਜਰ ਨੇ ਬੀੜੀ ਬਾਲੀ ਤੇ ਬਾਬੇ ਸੂਫੀ ਨੂੰ ਡੰਡਾ ਲਾਇਆ ਤਾਂ ਉਹਨੇ ਡੰਡਾ ਫੜ੍ਹ ਕੇ ਇੰਨੇ ਜ਼ੋਰ ਨਾਲ ਖਿੱਚਿਆ ਕਿ ਮੇਜਰ ਉਹਦੇ ਸਾਹਮਣੇ ਜਾ ਡਿੱਗਾ। ਇਕ ਵਾਰ ਤਾਂ ਫੌਜੀ ਵਿਚ ਹਾਹਾਕਾਰ ਮੱਚ ਗਈ।
ਗੁਰਦੁਆਰਾ ਬੇਬੇ ਨਾਨਕੀ ਦੇ ਮਨੇਜਰ ਸਰਦਾਰ ਗੁਰਦਿਆਲ ਸਿੰਘ ਨੇ ਸਪੀਕਰ ਵਿੱਚ ਬੋਲ ਦਿੱਤਾ ਕਿ ਫੌਜ ਦਾ ਹਮਲਾ ਹੋ ਗਿਆ ਸਾਰੇ ਤਿਆਰ ਹੋ ਜਾਓ। ਜੋ ਫੌਜ ਨੂੰ ਵੀ ਸੁਣ ਗਿਆ ਸੀ ਅਤੇ ਜਿਸ ਕਰਕੇ ਉਹਨਾਂ ਨੂੰ ਫੜ ਲਿਆ ਗਿਆ ਤੇ ਪਤਾ ਨਹੀਂ ਲੱਗਾ ਕਿ ਉਹਨਾਂ ਨੂੰ ਕਿੱਧਰ ਲੈ ਗਏ।
ਗ੍ਰੰਥੀ ਸਿੰਘ, ਬਿਜਲੀ ਵਾਲਾ ਅਤੇ ਕੁਝ ਹੋਰ ਸਿੰਘਾਂ ਨੂੰ ਕੁਝ ਦਿਨ ਥਾਣੇ ਰੱਖਿਆ ਜੋ ਬਾਅਦ ਵਿੱਚ ਛੱਡ ਦਿੱਤੇ ਗਏ।
ਬੀਬੀ ਅਮਰਜੀਤ ਕੌਰ ਮੁਤਾਬਕ ਜਿਹੜੀ ਦਾਤਣ ਗੁਰੂ ਸਾਹਿਬ ਨੇ ਲਾਈ ਸੀ ਉਹ ਬੇਰੀ ਵਿੱਚੋਂ ਜਦੋਂ ਕਿਤੇ ਦੁਨੀਆਂ ਤੇ ਭੀੜ ਪੈਂਦੀ ਹੈ ਤਾਂ ਉੱਥੇ ਖੂਨ ਦੇ ਛਿੱਟੇ ਨਿਕਲਦੇ ਹਨ ਅਤੇ ਓਹਨੀ ਦਿਨੀਂ ਉਹ ਬੇਰੀ ਵਿੱਚੋਂ ਖੂਨ ਦੇ ਛਿੱਟੇ ਨਿੱਕਲੇ ਸਨ।
ਉਦੋਂ ਗੁਰਦੁਆਰਾ ਸਾਹਿਬ ਸੇਵਾ ਚਲਦੀ ਸੀ ਅਤੇ ਇਕ ਥਾਂ ਰੇਤੇ ਦੀ ਵੱਡੀ ਸਾਰੀ ਢੇਰੀ ਸੀ, ਓਹ ਵੀ ਫੌਜ ਨੇ ਫਰੋਲੀ ਵੀ ਸ਼ਾਇਦ ਇਥੇ ਅਸਲਾ ਹੋਵੇ।
ਬੀਬੀ ਅਮਰਜੀਤ ਕੌਰ ਦੇ ਬੱਚੇ ਕੋਲ ਨਿੱਕੀ ਜਿਹੀ ਖੇਡਣ ਵਾਲੀ ਪਸਤੌਲ ਸੀ ਉਹਨੂੰ ਵੇਖ ਕੇ ਫੌਜ ਵਾਲੇ ਕਹਿੰਦੇ ਕਿ “ਆਪ ਤੋ ਜਿਹ ਕਾਮ ਕਰਨਾ ਹੀ ਹੈ, ਬੱਚੋਂ ਕੋ ਬੀ ਸਿਖਾਇਆ ਹੈ।” ਫੌਜ ਵਾਲੇ ਵੇਈਂ ਚ ਆਪਣੇ ਯੰਤਰ ਮਾਰ ਮਾਰ ਵੇਖਦੇ ਰਹਿੰਦੇ ਵੀ ਸ਼ਾਇਦ ਇਥੋਂ ਕੁਝ ਮਿਲ ਜਾਵੇ।
ਫੌਜ ਮੁਤਾਬਕ ਉਹਨਾਂ ਨੂੰ ਕਿਸੇ ਨੇ ਦੱਸਿਆ ਸੀ ਕਿ ਦਰਬਾਰ ਸਾਹਿਬ ਤੋਂ ਬਾਅਦ ਦੂਸਰੇ ਨੰਬਰ ਤੇ ਗੁਰਦੁਆਰਾ ਬੇਰ ਸਾਹਿਬ ਬਹੁਤ ਸਾਰਾ ਅਸਲਾ ਰੱਖਿਆ ਹੋਇਆ ਹੈ ਅਤੇ ਇੱਥੇ ਖਾੜਕੂ ਹੋ ਸਕਦੇ ਨੇ।
ਜੋ ਆਪਾਂ ਉੱਪਰ ਪੜ੍ਹਿਆ ਹੈ ਉਹ ਸਰਦਾਰ ਗੁਰਬਚਨ ਸਿੰਘ, ਭਾਈ ਸਵਰਨ ਸਿੰਘ, ਭਾਈ ਪ੍ਰੀਤਮ ਸਿੰਘ, ਬੀਬੀ ਅਜੀਤ ਕੌਰ ਅਤੇ ਬੀਬੀ ਅਮਰਜੀਤ ਕੌਰ ਹੁਰਾਂ ਦੁਆਰਾ ਜੋ ਦੱਸਿਆ ਗਿਆ ਉਹਦਾ ਸਾਂਝਾ ਰੂਪ ਹੈ। ਹੁਣ ਕੁਝ ਗੱਲਾਂ ਜੋ ਇਹਨਾਂ ਸਖਸ਼ੀਅਤਾਂ ਵੱਲੋਂ ਇਸ ਹਮਲੇ ਬਾਬਤ ਕਹੀਆਂ ਗਈਆਂ ਉਹ ਵੱਖ ਵੱਖ ਕਰਕੇ ਲਿਖ ਰਹੇ ਹਾਂ:
ਸਰਦਾਰ ਗੁਰਬਚਨ ਸਿੰਘ (ਸਾਬਕਾ ਮਨੇਜਰ ਗੁਰਦੁਆਰਾ ਬੇਰ ਸਾਹਿਬ) – ਸਾਡੇ ਨਾਲ ਇਹਨਾਂ ਨੇ ਘੱਟ ਨਹੀਂ ਕੀਤੀ, ਸਾਡੇ ਬੱਚੇ ਸਾਰੀ ਰਾਤ ਬਿਲਕਦੇ ਰਹੇ, ਕੋਈ ਪੱਖਾ ਨਹੀਂ, ਕੋਈ ਪਾਣੀ ਨਹੀਂ। ਜੇ ਸਾਡੇ ਕੋਲੋਂ ਉਹਨਾਂ ਨੂੰ ਕੁਝ ਮਿਲ ਜਾਂਦਾ ਫਿਰ ਉਹਨਾਂ ਨੇ ਸਾਨੂੰ ਛੱਡਣਾ ਥੋੜਾ ਸੀ। ਸਾਡੇ ਨਾਲ ਜੋ ਵਾਪਰਿਆ ਉਹ ਅਸਲ ਵਿੱਚ ਕਹਿਣ ਤੋਂ ਪਰੇ ਹੈ ਅਸੀਂ ਉਹ ਵਕਤ ਕਦੀ ਭੁੱਲ ਨਹੀਂ ਸਕਦੇ। ਜਲਿਆਂ ਵਾਲੇ ਬਾਗ ਦਾ ਸਾਕਾ ਤਾਂ ਬਗਾਨਿਆਂ ਨੇ ਕੀਤਾ ਸੀ ਪਰ ਇਹ ਤਾਂ ਸਾਡੇ ਆਪਣਿਆਂ ਨੇ ਕੀਤਾ। ਇਹ ਜੋ ਘੱਲੂਘਾਰਾ ਹੋਇਆ ਇਹਨੂੰ ਅਸੀਂ ਕਦੀ ਵੀ ਭੁੱਲ ਨਹੀਂ ਸਕਦੇ।
ਬੀਬੀ ਅਜੀਤ ਕੌਰ – ਅਸੀਂ ਆਪਣੀ ਵਧੀ ਹੋਣ ਕਰਕੇ ਬਚ ਗਏ, ਸਾਨੂੰ ਇਹ ਕਹਿੰਦੇ ਰਹੇ ਕਿ ਤੁਹਾਨੂੰ ਮਾਰ ਦੇਣਾ। ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਸਾਡੀ ਇਹਨਾਂ ਨਾਲ ਕੀ ਦੁਸ਼ਮਣੀ ਹੈ? ਉਹਨਾਂ ਨੇ ਸਾਡੇ ਤੇ ਇਨਾਂ ਦਬਾਅ ਪਾਇਆ ਕਿ ਅਸੀਂ ਹਜੇ ਤੱਕ ਉੱਠਣ ਜੋਗੇ ਨਹੀਂ ਰਹੇ। ਸਰਕਾਰ ਨੇ ਅਤੇ ਫੌਜ ਨੇ ਗਲਤ ਢੰਗ ਨਾਲ ਜੋ ਸਾਡੇ ਨਾਲ ਰਾਜਨੀਤੀ ਖੇਡੀ ਉਹ ਜਿਵੇਂ ਕੋਈ ਬੰਦਾ ਬਾਤ ਪਾਉਂਦਾ ਪਾਉਂਦਾ ਡਰ ਜਾਵੇ ਅਸੀਂ ਅੱਜ ਵੀ ਓਹਦੇ ਤੋਂ ਇਸ ਤਰ੍ਹਾਂ ਸਹਿਮੇ ਹੋਏ ਹਾਂ। ਤੁਸੀਂ ਸਮਝੋ ਕਿ ਸਾਡਾ ਅੰਦਰ ਕਿੰਨਾ ਕੁ ਖੋਖਲਾ ਹੋਇਆ ਹੋਣਾ।
ਬੀਬੀ ਅਮਰਜੀਤ ਕੌਰ – ਫੌਜ ਵਾਲੇ ਕਹਿੰਦੇ ਸੀ ਵੀ ਸਾਨੂੰ ਗੋਲੀ ਦਾ ਹੁਕਮ ਹੋਇਆ ਤੁਹਾਡੇ ਬੰਦੇ ਵੀ ਖਤਮ ਕਰ ਦੇਣੇ ਅਤੇ ਤੁਹਾਨੂੰ ਵੀ ਖਤਮ ਕਰ ਦੇਣਾ। ਜਦੋਂ ਉਹਨਾਂ ਦੀ ਪੂਰੀ ਤਸੱਲੀ ਹੋ ਗਈ, ਉਹਨਾਂ ਨੂੰ ਕੁਝ ਨਹੀਂ ਮਿਲਿਆ ਫਿਰ ਸਾਡਾ ਬਚਾਅ ਹੋਇਆ।
ਭਾਈ ਪ੍ਰੀਤਮ ਸਿੰਘ (ਗ੍ਰੰਥੀ, ਗੁਰਦੁਆਰਾ ਬੇਰ ਸਾਹਿਬ) – ਜੇ ਅਸੀਂ ਪਿਸ਼ਾਬ ਕਰਨ ਵੀ ਜਾਣਾ ਹੁੰਦਾ ਤਾਂ ਵੀ ਫੌਜ ਦੇ ਤਿੰਨ ਚਾਰ ਬੰਦੇ ਸਾਡੇ ਨਾਲ ਜਾਂਦੇ ਸੀ।
ਭਾਈ ਸਵਰਨ ਸਿੰਘ (ਸਾਬਕਾ ਮੁਖ ਗ੍ਰੰਥੀ, ਗੁ: ਬੇਰ ਸਾਹਿਬ) – ਗੁਰਦੁਆਰਾ ਬੇਰ ਸਾਹਿਬ ਦੇ ਹਮਲੇ ਤੋਂ 15 ਕੁ ਦਿਨਾਂ ਬਾਅਦ ਕੁਝ ਫੌਜੀ ਭੇਜ ਕੇ ਇਕ ਮੋਨ ਘੋਨ ਅਫਸਰ ਨੇ ਜੋ ਵੇਖਣ ਨੂੰ ਹਰਿਆਣੇ ਵੱਲ ਦਾ ਲੱਗਦਾ ਸੀ ਮੈਨੂੰ ਰੈਸਟ ਹਾਊਸ ਬੁਲਾਇਆ। ਮੈਂ ਗਿਆ ਤਾਂ ਓਹਨੇ ਮੈਨੂੰ ਉਪਰੋਂ ਹੇਠਾਂ ਵੱਲ ਵੇਖਿਆ ਤੇ ਬੀੜੀ ਚੁੱਕ ਕੇ ਤੀਲੀ ਲਾਉਣ ਲੱਗਾ ਤਾਂ ਮੈਂ ਕਿਹਾ “ਭਾਈ ਸਾਹਿਬ ਜਾ ਤਾਂ ਪਹਿਲਾਂ ਇਹ ਲਾ ਲਵੋ, ਮੈਂ ਪਿਛਲੇ ਪਾਸੇ ਚਲਾ ਜਾਣਾ, ਜਾ ਫਿਰ ਪਹਿਲਾਂ ਮੈਨੂੰ ਪੁੱਛ ਲਵੋ ਜੋ ਪੁੱਛਣਾ।” ਮੈਂ ਇਹ ਗੱਲ ਬਿਨਾ ਕਿਸੇ ਡਰ ਤੋਂ ਕਹੀ, ਕਿਉਂਕਿ ਸਾਨੂੰ ਪਤਾ ਚੱਲ ਗਿਆ ਸੀ ਵੀ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਤੇ ਓਹਦੇ ਤੋਂ ਪਰੇ ਸਾਡੇ ਲਈ ਸਭ ਉਜਾੜ ਸੀ। ਫਿਰ ਉਹਨੇ ਮੇਰੇ ਨਾਲ ਕੁਝ ਸਵਾਲ ਜਵਾਬ ਕੀਤੇ ਜਿਹਨਾਂ ਦਾ ਜਵਾਬ ਮੈਂ ਪੂਰੀ ਜੁਰਤ ਨਾਲ ਦਿੱਤਾ ਅਤੇ ਓਹਦੀ ਤਸੱਲੀ ਜਿਹੀ ਹੋ ਗਈ ਅਤੇ ਫਿਰ ਮੈਨੂੰ ਕਿਹਾ ਕਿ ਸਾਨੂੰ ਦੱਸੇ ਬਿਨਾਂ ਸ਼ਹਿਰ ਛੱਡ ਕੇ ਨਹੀਂ ਜਾਣਾ।
ਇਹਨਾਂ ਨੇ ਸਾਨੂੰ ਸਾਡੇ ਹੱਕ ਦੇਣ ਦੀ ਬਜਾਏ ਸਾਡੇ ਨਾਲ ਇਹ ਸਭ ਕੀਤਾ, “ਉਲਟਾ ਚੋਰ ਕੋਤਵਾਲ ਕੋ ਡਾਂਟੇ” ਵਾਲੀ ਗੱਲ ਕੀਤੀ। ਪਰ ਅਸੀਂ ਪਹਿਲਾਂ ਹੀ ਜੰਗਾਂ ਯੁੱਧਾਂ ਚੋਂ ਆਏ ਹਾਂ ਇਸ ਕਰਕੇ ਸਾਨੂੰ ਕੋਈ ਬਹੁਤਾ ਮਾੜਾ ਨਹੀਂ ਲੱਗਾ ਸਗੋਂ ਇਹਨਾਂ ਚੀਜ਼ਾਂ ਨਾਲ ਹੀ ਸਿੱਖ ਪੰਥ ਦੀ ਹਮੇਸ਼ਾ ਚੜ੍ਹਦੀਕਲਾ ਹੁੰਦੀ ਹੈ। ਸਿੱਖ ਮਰਨੋ ਨਹੀਂ ਡਰਦੇ, ਇਹ ਆਪਣੇ ਧਰਮ ਚ ਪੱਕੇ ਆ, ਇਹੀ ਗੱਲ ਉਹਨਾਂ ਲੋਕਾਂ ਨੂੰ ਚੁਭਦੀ ਸੀ।
ਜਰੂਰੀ ਬੇਨਤੀਆਂ:
Related Topics: Eyewitnesses of June 1984 Ghllughara, Ghallughara June 1984, Gurdwara Ber Sahib Sultanpur Lodhi, June 1984 attack on Sikhs, June 1984 attack Remembrance, June 1984 Martyrs, List of Sikh Gurdwaras Attacked by Indian Army in June 1984, Sultanpur Lodhi, Third Ghallughara of Sikh History