February 23, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ :- “ਇਸ ਵਕਤ ਜਦੋਂ ਇੰਡੀਆ, ਦੱਖਣੀ ਏਸ਼ੀਆ ਅਤੇ ਸੰਸਾਰ ਦੇ ਹਾਲਾਤ ਵਿਚ ਉਥਲ-ਪੁਥਲ ਹੋ ਰਹੀ ਹੈ ਅਤੇ ਅਸਥਿਰਤਾ ਵਧ ਰਹੀ ਹੈ ਤਾਂ ਸਿੱਖਾਂ ਦੇ ਸਨਮੁਖ ਚੁਣੌਤੀਆਂ ਅਤੇ ਸੰਭਾਵਨਾਵਾਂ ਦੋਵੇਂ ਹੀ ਵਧ ਰਹੀਆਂ ਹਨ। ਅਜਿਹੇ ਵਿਚ ਲੋੜ ਗੁਰੂ ਖਾਲਸਾ ਪੰਥ ਅਤੇ ਗੁਰ ਸੰਗਤ ਦੀ ਅੰਦਰੂਨੀ ਕਤਾਰਬੰਦੀ ਨੂੰ ਕਾਇਦਾਬਧ ਕਰਨ ਦੀ ਹੈ ਪਰ ਵਾਪਰ ਇਸ ਦੇ ਉਲਟ ਰਿਹਾ ਹੈ; ਜੋ ਕਿ ਚਿੰਤਾ ਦਾ ਵਿਸ਼ਾ ਹੈ”। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਵੱਲੋਂ ਇਕ ਸਾਂਝੇ ਬਿਆਨ ਰਾਹੀਂ ਕੀਤਾ ਗਿਆ।
ਭਾਈ ਦਲਜੀਤ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਇਸ ਸਾਂਝੇ ਬਿਆਨ ਵਿਚ ਕਿਹਾ ਹੈ ਕਿ “ਦਿੱਲੀ ਦਰਬਾਰ ਜਿੱਥੇ ਇਕ ਪਾਸੇ ਗਿਣੇ-ਮਿੱਥੇ ਤਰੀਕੇ ਨਾਲ ਇਕੋ ਸਮੇਂ ਸਿੱਖਾਂ ਦੇ ਸਾਰੇ ਮਸਲੇ ਉਛਾਲ ਕੇ ਮਹੌਲ ਗਰਮਾ ਰਿਹਾ ਹੈ ਓਥੇ ਦੂਜੇ ਪਾਸੇ ਇਸ ਵੱਲੋਂ ਸਿੱਖ ਸਫਾਂ ਵਿਚਲੀ ਧੜੇਬੰਦੀ ਨੂੰ ਹਵਾ ਦਿੱਤੀ ਜਾ ਰਹੀ ਹੈ। ਹਾਲੀਆ ਘਟਨਾਵਾਂ ਦਰਸਾਉਂਦੀਆਂ ਹਨ ਕਿ ਦਿੱਲੀ ਦਰਬਾਰ ਧੜਿਆਂ ਵਿਚਲੇ ਵਖਰੇਵਿਆਂ ਨੂੰ ਵੀ ਫੁੱਟ ਤੱਕ ਵਧਾ ਰਿਹਾ ਹੈ”।
ਉਹਨਾ ਕਿਹਾ ਕਿ “ਅਜਿਹੇ ਹਾਲਾਤ ਵਿਚ ਦਿੱਲੀ ਦਰਬਾਰ ਵੱਲੋਂ ਸਿੱਖਾਂ ਵਿਚ ਆਪਹੁਦਰੇਪਣ, ਫੁੱਟ ਅਤੇ ਬੇਇਤਫਾਕੀ ਦਾ ਮਹੌਲ ਸਿਰਜਿਆ ਜਾ ਰਿਹਾ ਹੈ। ਬਿਜਲ-ਸੱਥ ਜਾਂ ਸੋਸ਼ਲ ਮੀਡੀਆ ਦੀ ਬੇਲਗਾਮ ਅਤੇ ਗੈਰ-ਜਿੰਮੇਵਾਰੀ ਵਾਲੀ ਟਿੱਪਣੀਬਾਜ਼ੀ ਇਸ ਸਾਰੇ ਮਹੌਲ ਨੂੰ ਬਹੁਤੀ ਤੇਜੀ ਨਾਲ ਅਤੇ ਵੱਡੇ ਪੱਧਰ ਉੱਤੇ ਭੜਕਾਉਣ ਦਾ ਕੰਮ ਕਰ ਰਹੀ ਹੈ”।
ਉਹਨਾ ਅਫਸੋਸ ਜ਼ਾਹਿਰ ਕੀਤਾ ਕਿ ਸੰਘਰਸ਼ ਦੇ ਹਿਮਾਇਤੀ ਸਿੱਖ ਹਿੱਸੇ ਵੀ ਸੋਸ਼ਲ ਮੀਡੀਆ ਦੀ ਤਾਕਤ ਨੂੰ ਦਿੱਲੀ ਦਰਬਾਰ ਦੀਆਂ ਸਾਜਿਸ਼ਾਂ ਬੇਨਕਾਬ ਕਰਨ ਲਈ ਵਰਤਣ ਦੀ ਬਜਾਏ ਬਿਜਲ-ਸੱਥ ਉੱਤੇ ਇਕ ਦੂਜੇ ਨਾਲ ਹੀ ਉਲਝ ਰਹੇ ਹਨ।
ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਕਿ “ਮੌਜੂਦਾ ਸਮੇਂ ਵਿਚਲੀ ਅਸਥਿਰਤਾ ਦੇ ਮੱਦੇਨਜ਼ਰ ਇਹ ਸਮੇਂ ਦੀ ਭਾਰੀ ਲੋੜ ਹੈ ਕਿ ਪੰਥਕ ਰਿਵਾਇਤਾਂ ਤੋਂ ਸੇਧ ਲੈ ਕੇ ਗੁਰੂ ਖਾਲਸਾ ਪੰਥ ਦੀ ਸਾਂਝੀ ਰਾਏ ਦਾ ਪ੍ਰਗਟਾਓ ਕਰਨ ਦਾ ਅਮਲ, ਭਾਵ ਕਿ ਗੁਰਮਤਾ ਵਿਧੀ, ਪੁਨਰ-ਸਥਾਪਤ ਕੀਤੀ ਜਾਵੇ। ਇਸੇ ਤਰ੍ਹਾਂ ਗੁਰੂ ਸਾਹਿਬ ਵੱਲੋਂ ਬਖਸ਼ੇ ਆਦਰਸ਼ਾਂ ਦੀ ਰੌਸ਼ਨੀ ਵਿਚ ਪੰਚ ਪ੍ਰਧਾਨੀ ਪ੍ਰਣਾਲੀ ਤਹਿਤ ਸਾਂਝੀ ਅਗਵਾਈ (ਲੀਡਰਸ਼ਿਪ) ਉਭਾਰਨ ਦੀ ਪੰਥਕ ਜੁਗਤ ਅਪਨਾਉਣ ਦੀ ਲੋੜ ਹੈ”।
ਉਹਨਾ ਕਿਹਾ ਕਿ “ਇਹਨਾ ਕਵਾਇਦਾਂ ਲਈ ਲੋੜੀਂਦਾ ਸੰਵਾਦ ਰਚਾਉਣਾ ਅਤੇ ਸੰਜੀਦਾ ਮਾਹੌਲ ਸਿਰਜਣਾ ਇਸ ਵੇਲੇ ਬਹੁਤ ਹੀ ਅਹਿਮ ਹੈ। ਪਰ ਸੋਸ਼ਲ ਮੀਡੀਆ ਦਾ ਸ਼ੋਰੋ-ਗੁਲ ਤੇ ਇਕ ਦੂਜੇ ਵਿਰੁਧ ਕੀਤੀ ਜਾ ਰਹੀ ਦੂਸ਼ਣਬਾਜ਼ੀ ਮਹੌਲ ਨੂੰ ਗੰਧਲਾ ਕਰ ਰਹੀ ਹੈ। ਅਜਿਹੇ ਵਿਚ ਸਭ ਵਿਅਕਤੀਆਂ ਅਤੇ ਧਿਰਾਂ ਨੂੰ ਸਵੈ-ਜ਼ਾਬਤਾ ਅਪਨਾਉਣ ਦੀ ਲੋੜ ਹੈ”।
ਪੰਥ ਸੇਵਕ ਸਖਸ਼ੀਅਤਾਂ ਨੇ ਸਾਂਝੇ ਬਿਆਨ ਵਿਚ ਅੱਗੇ ਕਿਹਾ ਹੈ ਕਿ “ਸਿੱਖਾਂ ਨੂੰ ਆਪ-ਹੁਦਰੇਪਣ ਅਤੇ ਬੇਇਤਫਾਕੀ ਵਧਾਉਣ ਵਾਲੇ ਵਿਹਾਰ ਤੋਂ ਕਿਨਾਰਾ ਕਰ ਕੇ ‘ਗੁਰੂ ਕੇ ਸਿੱਖਾਂ’ ਅਤੇ ਇਕ ਦੂਜੇ ਪ੍ਰਤੀ ‘ਗੁਰ-ਭਾਈ’ ਵਾਲਾ ਅਮਲ ਅਪਨਾਉਣਾ ਚਾਹੀਦਾ ਹੈ। ਇਸ ਵੇਲੇ ਸਭ ਨੂੰ ਚਾਹੀਦਾ ਹੈ ਕਿ ਗੁਰੂ ਖਾਲਸਾ ਪੰਥ ਅਤੇ ਗੁਰ-ਸੰਗਤ ਵਿਚ ਅੰਦਰੂਨੀ ਕਤਾਰਬੰਦੀ ਸਹੀ ਕਰਨ ਲਈ ਸੁਹਿਰਦ ਯਤਨ ਕਰਨ”।
Related Topics: Bhai Amrik Singh Isru, Bhai Bhupinder Singh Pehalwan, Bhai Daljit Singh Bittu, Bhai Hardeep Singh Mehraj, Bhai Lal Singh Akalgarh, Bhai Mandhir Singh, Bhai Manjeet Singh Phagwara, Bhai Rajinder Singh Mughalwal, Bhai Satnam Singh Jhanjian, Bhai Satnam Singh Khandewal, Bhai Sukhdev Singh Dod