February 5, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਮਾਤ-ਭਾਸ਼ਾ ਤੇ ਕਰਵਾਈ ਗਈ ਇੱਕ ਵਿਚਾਰ ਗੋਸ਼ਟੀ ਦੌਰਾਨ ਬੋਲਦਿਆਂ ਉੱਘੇ ਭਾਸ਼ਾ ਵਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੋਗਾ ਸਿੰਘ ਨੇ ਭਾਰਤ ਵਿੱਚ ਸੂਬਾਈ ਭਾਸ਼ਾਵਾਂ ਦੇ ਵਿਕਾਸ ਨੂੰ ਰੋਕ ਕੇ ਥੋਪੀ ਜਾ ਰਹੀ ਹਿੰਦੀ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਦੇਸ਼ ਟੁੱਟਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਤਜ਼ਰਬਾ ਦੱਸ ਪਾਉਂਦਾ ਹੈ ਕਿ ਜਿਹੜੇ ਦੇਸ਼ ਜ਼ਬਰੀ ਭਾਸ਼ਾਈ ਇਕਸਾਰਤਾ ਠੋਸਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦੇ ਟੁੱਟਣ ਦੇ ਅਸਾਰ ਵਧ ਜਾਂਦੇ ਹਨ।
ਭਾਰਤੀ ਰਾਜ ਵਲੋਂ ਅਪਣਾਈ ਜਾ ਰਹੀ ਪਹੁੰਚ ਦੇ ਉਲਟ ਭਾਸ਼ਾ ਵਿਗਿਆਨੀ ਪ੍ਰੋ. ਜੋਗਾ ਸਿੰਘ ਨੇ ਕਿਹਾ ਕਿ ਭਾਸ਼ਾਈ ਵੰਨ-ਸੁਵੰਨਤਾ ਕਿਸੇ ਵੀ ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰੀ ਦੇਸ਼ ਦੀ ਏਕਤਾ ਦਾ ਅਧਾਰ ਬਣ ਸਕਦੀ ਹੈ ਤੇ ਸਰਕਾਰਾਂ ਵਲੋਂ ਬਹੁਗਿਣਤੀ ਦੀ ਭਾਸ਼ਾ ਨੂੰ ਸਾਰੇ ਦੇਸ਼ ਦੇ ਲੋਕਾਂ ਉੱਤੇ ਠੋਸਣ ਦੀ ਜ਼ਿਦ ਅਜਿਹੇ ਦੇਸ਼ਾਂ ਦੀ ਏਕਤਾ ਨੂੰ ਖੇਰੂੰ-ਖੇਰੂੰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦਾ ਪਾਕਿਸਤਾਨ ਤੋਂ ਵੱਖ ਹੋਣਾ ਅਤੇ ਸੋਵੀਅਤ ਰਸ਼ੀਆ ਦਾ ਟੁੱਟਣਾ ਇਸ ਵਰਤਾਰੇ ਦੀਆਂ ਉੱਭਰਵੀਆਂ ਮਿਸਾਲਾਂ ਹਨ।
ਪ੍ਰੋ. ਜੋਗਾ ਸਿੰਘ ਨੇ ਬੀਤੇ ਕੱਲ੍ਹ ਯੂਨੀਵਰਸਿਟੀ ਵਿੱਚ ਸਿੱਖਿਆ, ਸੱਭਿਆਚਾਰ ਅਤੇ ਮੀਡੀਆ ਵਿੱਚ ਮਾਤ ਭਾਸ਼ਾ ਦਾ ਮਹੱਤਵ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਜਦੋਂ ਮਾਤ-ਭਾਸ਼ਾ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਸਿਰਫ ਸਿੱਖਿਆ ਵਿੱਚ ਹੀ ਨਹੀਂ ਹੋਰ ਬਹੁਤ ਸਾਰੇ ਪੱਖਾਂ ਵਿੱਚ ਵੀ ਸਮਾਜ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਉਨ੍ਹਾਂ ਇਸ ਗੱਲ ਤੇ ਵੀ ਚਿੰਤਾ ਪ੍ਰਗਟ ਕੀਤੀ ਕਿ ਭਾਰਤ ਵਿੱਚ ਸਰਕਾਰੀ ਸਕੂਲ ਬਹੁਤ ਤੇਜੀ ਨਾਲ ਬੰਦ ਹੋ ਰਹੇ ਹਨ ਤੇ ਉਸੇ ਤੇਜੀ ਨਾਲ ਅੰਗਰੇਜੀ ਸਕੂਲ ਖੁੱਲ ਰਹੇ ਹਨ ਜਿਸ ਨਾਲ ਇੱਕ ਤਾਂ ਗਰੀਬ ਦੇ ਬੱਚੇ ਤੋਂ ਸਿੱਖਿਆ ਦੂਰ ਹੋ ਗਈ ਹੈ ਤੇ ਮਾਤ-ਭਾਸ਼ਾ ਤੋਂ ਵਾਂਝੇ ਰਹਿਣ ਕਾਰਨ ਬੱਚਿਆਂ ਦੇ ਵਿਕਾਸ ਤੇ ਮਾੜਾ ਅਸਰ ਪੈ ਰਿਹਾ ਹੈ।ਉਨ੍ਹਾਂ ਇਸ ਲਈ ਸਰਕਾਰੀ ਨੀਤੀਆਂ ਅਤੇ ਕੁਝ ਬੰਦਿਆਂ ਦੇ ਆਰਥਿਕ ਲਾਲਚ ਨੂੰ ਜਿੰਮੇਵਾਰ ਦੱਸਿਆ।
ਉਨ੍ਹਾਂ ਦੱਸਿਆ ਕਿ ਸਰਵੇਖਣਾਂ ਦੇ ਅਧਾਰ ਤੇ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਅੱਜ ਉਹ ਹੀ ਦੇਸ਼ ਵਿਕਾਸ ਵਿੱਚ ਅੱਗੇ ਹਨ ਜਿਹੜੇ ਆਪਣੀ ਸਿੱਖਿਆ ਮਾਤ-ਭਾਸ਼ਾ ਵਿੱਚ ਦੇ ਰਹੇ ਹਨ।
Related Topics: Prof. Joga Singh, Punjab University