August 14, 2014 | By ਸਿੱਖ ਸਿਆਸਤ ਬਿਊਰੋ
ਗੂਹਲਾ-ਚੀਕਾ (13 ਅਗਸਤ 2014): ਨਵ-ਗਠਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਗੁਰਦੁਆਰਾ ਨਾਡਾ ਸਾਹਿਬ ਵਿਚਲਾ ਕਰੋੜਾਂ ਰੁਪਏ ਦਾ ਸੋਨਾ ਖੁਰਦ-ਬੁਰਦ ਕਰਨ ਦਾ ਦੋਸ਼ ਲਾਉਦਿਆਂ, ਇਸਦੀ ਜਾਂਚ ਦੀ ਮੰਗ ਕੀਤੀ ਹੈ।
ਝੀਂਡਾ ਨੇ ਅੱਜ ਇੱਥੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਐਸਜੀਪੀਸੀ ਹਰਿਆਣਾ ਦੇ ਗੁਰਦੁਆਰਿਆਂ ਵੱਲ ਪੂਰਾ ਧਿਆਨ ਦਿੰਦੀ ਤੇ ਸਿੱਖਾਂ ਨਾਲ ਭੇਦ-ਭਾਵ ਨਾ ਕਰਦੀ ਤਾਂ ਵੱਖਰੀ ਕਮੇਟੀ ਬਣਾਉਣ ਦੀ ਮੰਗ ਨਾ ਉੱਠਦੀ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਤਜਵੀਜ਼ ਸ਼ੁਦਾ ਤਾਲਮੇਲ ਕਮੇਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਤੋਂ ਬਾਅਦ ਮਾਮਲੇ ਦੇ ਹੱਲ ਲਈ ਤਾਲਮੇਲ ਕਮੇਟੀ ਬਣਾਉਣ ਦਾ ਕੋਈ ਮਤਬਲ ਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਜ਼ਰਾਂ ਗੁਰੂ ਘਰਾਂ ਦੀਆਂ ਗੋਲਕਾਂ ’ਤੇ ਹਨ। ਪਹਿਲਾਂ ਗੁਰੂ ਘਰਾਂ ਦੀਆਂ ਗੋਲਕਾਂ 15 ਦਿਨਾਂ ਵਿੱਚ ਖੁੱਲ੍ਹਦੀਆਂ ਸਨ ਤੇ ਹੁਣ ਹਰ ਚੌਥੇ ਦਿਨ ਖਾਲੀ ਨਜ਼ਰ ਆਉਂਦੀਆਂ ਹਨ। ਸੁਪਰੀਮ ਕੋਰਟ ਨੇ ਜਦੋਂ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਜਾਰੀ ਕੀਤੇ ਤਾਂ ਉਸੇ ਰਾਤ ਨੂੰ ਐਸਜੀਪੀਸੀ ਨੇ ਆਪਣੇ ਅਧੀਨ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਖੋਲ੍ਹ ਲਿਆ।
ਨਾਡਾ ਸਾਹਿਬ ਗੁਰਦੁਆਰੇ ਵਿੱਚ ਕਰੋੜਾਂ ਦਾ ਸੋਨਾ ਸ੍ਰੀ ਬਾਦਲ ਤੇ ਐਸਜੀਪੀਸੀ ਨੇ ਖੁਰਦ-ਬੁਰਦ ਕਰ ਦਿੱਤਾ ਹੈ। ਇਸ ਸਬੰਧੀ ਜਾਂਚ ਹੋਣੀ ਚਾਹੀਦੀ ਹੈ।
Related Topics: HSGPC, Jagdeesh Singh Jhinda, Shiromani Gurdwara Parbandhak Committee (SGPC)