October 20, 2010 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ, 20 ਅਕਤੂਬਰ (ਪਰਦੀਪ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲਿਸ ਵਲੋਂ ਲੋਕਾਂ ਦੇ ਹਿਰਾਸਤ ਵਿਚੋਂ ਫਰਾਰ ਹੋਣ ਦੇ ਕਿੱਸੇ ਬਣਾਉਣ ਤੇ ਜੇਲ੍ਹਾਂ ਵਿਚ ਸਿੱਖਾਂ ਦੇ ਕਤਲਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਫਿਰ ਸ਼ੁਰੂ ਹੋ ਰਿਹਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਲ ਦੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਕਿ ਅੰਮ੍ਰਿਤਸਰ ਜੇਲ੍ਹ ਵਿੱਚ ਨਵਤੇਜ ਸਿੰਘ ਗੱਗੂ ‘ਤੇ ਹੋਏ ਕਾਤਲਤਾਨਾ ਹਮਲੇ ਦੀਆਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਹੁਸਿਆਰਪੁਰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨ ਕਰਨਵੀਰ ਸਿੰਘ ਦੇ ਪੁਲਿਸ ਹਿਰਾਸਤ ਵਿਚੋਂ ਕੱਥਿਤ ਤੌਰ ‘ਤੇ ਫਰਾਰ ਹੋ ਜਾਣ ਦੀਆਂ ਖ਼ਬਰਾਂ ਨੇ ਮੁੜ ਪਿਛਲੇ ਦਹਾਕਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਦੋਂ ਨੌਜਵਾਨਾਂ ਨੂੰ ਮਾਰ ਕੇ ਪੁਲਿਸ ਉਨ੍ਹਾਂ ਦੇ ਹਿਰਾਸਤ ਵਿਚੋਂ ਫਰਾਰ ਹੋਣ ਦੀਆਂ ਇਸ ਤਰ੍ਹਾਂ ਦੀਆਂ ਕਹਾਣੀਆਂ ਘੜ ਲੈਂਦੀ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਪੁਲਿਸ ਸਿੱਖ ਨੌਜਵਾਨਾਂ ਤੋਂ ਕਿਸ ਢੰਗ ਨਾਲ ਪੁੱਛਗਿਛ ਕਰਦੀ ਹੈ ਤੇ ਜਿਸ ਨੌਜਵਾਨ ਦੀ ਸੀ.ਆਈ.ਏ. ਸਟਾਫ ਵਲੋਂ ਪੁੱਛਗਿਛ ਕੀਤੀ ਗਈ ਹੋਵੇ ਉਸ ਵਲੋਂ ਰੋਸ਼ਨਦਾਨ ਭੰਨ੍ਹ ਕੇ ਭੱਜ ਜਾਣਾ ਤਾਂ ਦੂਰ ਦੀ ਗੱਲ ਸਗੋਂ ਅਜਿਹਾ ਨੌਜਵਾਨ ਆਸਾਨੀ ਨਾਲ ਤੁਰਨ ਦੇ ਯੋਗ ਵੀ ਨਹੀਂ ਰਹਿੰਦਾ। ਉਕਤ ਆਗੂਆਂ ਨੇ ਕਿਹਾ ਕਿ ਪੁਲਿਸ ਵਲੋਂ ਬਣਾਈ ਫਰਾਰੀ ਦੀ ਕਹਾਣੀ ਸ਼ੱਕੀ ਲੱਗਦੀ ਹੈ ਇਸ ਲਈ ਇਸਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅੰਮ੍ਰਿਤਸਰ ਜੇਲ੍ਹ ਵਿਚ ਨਵਤੇਜ ਸਿੰਘ ਤੇ ਹੋਏ ਕਾਤਲਾਨਾ ਹਮਲੇ ਵਾਂਗ ਹੀ 80ਵਿਆਂ ਦੇ ਦਹਾਕੇ ਦੌਰਾਨ ਸੰਗਰੂਰ ਜੇਲ੍ਹ ਅਤੇ ਨਾਭਾ ਜੇਲ੍ਹ ਵਿਚ ਵੀ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਵਿਚ 3 ਸਿੱਖ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਲੱਗਦਾ ਹੈ ਕਿ ਉਹ ਪੁਰਾਣਾ ਸਿੱਖ ਵਿਰੋਧੀ ਸਿਲਸਿਲਾ ਪੰਜਾਬ ਦੀ ਧਰਤੀ ‘ਤੇ ਦੁਬਾਰਾ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਅੰਮ੍ਰਿਤਸਰ ਦੇ ਜੇਲ੍ਹ ਪ੍ਰਸ਼ਾਸ਼ਨ ਵਲੋਂ ਗੋਲੀ ਚੱਲਣ ਦੀ ਘਟਨਾ ਦਾ ਇਹ ਕਹਿ ਕੇ ਖੰਡਨ ਕੀਤਾ ਗਿਆ ਕਿ ਨਵਤੇਜ ਨੇ ਆਪ ਹੀ ਸਰੀਏ ਨਾਲ ਆਪਣੇ ਆਪ ਨੂੰ ਜ਼ਖਮੀ ਕੀਤੀ ਹੈ ਪਰ ਜਦੋਂ ਨਵਤੇਜ ਦੇ ਗੋਲੀ ਲੱਗਣ ਦੀ ਗੱਲ ਸੱਚ ਸਾਬਤ ਹੋ ਗਈ ਤਾਂ ਇਸ ਘਟਨਾ ਦੀ ਜਾਂਚ ਨੂੰ ਠੱਪ ਕਰ ਦਿੱਤੇ ਜਾਣ ਨਾਲ ਸਾਰਾ ਮਾਮਲਾ ਅਪਣੇ ਆਪ ਸ਼ੱਕ ਦੇ ਦਾਇਰੇ ਵਿਚ ਆ ਜਾਂਦਾ ਹੈ ਕਿ ਚੋਰ ਤੇ ਕੁੱਤੀ ਇਸ ਮਾਮਲੇ ਵਿੱਚ ਆਪਸ ਵਿੱਚ ਮਿਲੇ ਹੋਏ ਹਨ। ਉਕਤ ਆਗੂਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਇਹੋ ਇਸ਼ਾਰਾ ਕਰਦਾ ਹੈ ਕਿ ਸਿੱਖ ਕੌਮ ਇਕ ਵਾਰ ਫਿਰ ਦੁਸ਼ਮਣਾਂ ਦੇ ਨਿਸ਼ਾਨੇ ‘ਤੇ ਹੈ ਇਸ ਲਈ ਇਨ੍ਹਾਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆਵੇ। ਉਨ੍ਹਾਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਵੀ ਇਸ ਮਾਮਲੇ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ।