October 21, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ ਸਾਹਿਬ: ਅੱਜ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਨ ਵਾਲੇ ਪੰਜ ਪਿਆਰਿਆਂ ਵੱਲੋਂ ਇੱਕ ਅਹਿਮ ਫੈਂਸਲਾ ਲੈਂਦੇ ਹੋਏ ਪੰਜ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ 23 ਅਕਤੂਬਰ ਦਿਨ ਸ਼ੁਕਰਵਾਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ।
ਅੱਜ ਅਕਾਲ ਤਖਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੰਜ ਪਿਆਰਿਆਂ ਭਾਈ ਸਤਿਨਾਮ ਸਿੰਘ, ਭਾਈ ਮੇਜਰ ਸਿੰਘ, ਭਾਈ ਤਰਲੋਕ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਮੰਗਲ ਸਿੰਘ ਵੱਲੋਂ ਫੈਂਸਲਾ ਲੈਂਦਿਆਂ ਕਿਹਾ ਗਿਆ ਕਿ “24 ਸਤੰਬਰ,2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਜੇ ਤਖ਼ਤ ਸਾਹਿਬਾਨ ਦੇ ਸੇਵਾਦਾਰਾਂ ਵੱਲੋਂ ਖਾਲਸਾ ਪੰਥ ਨੂੰ ਵਿਸ਼ਵਾਸ ਵਿੱਚ ਲਏ ਬਗੈਰ ਸੌਧਾ ਅਸਾਧ ਨੂੰ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਖਾਲਸਾ ਪੰਥ ਵੱਲੋਂ ਇਸ ਗੈਰ ਪੰਥਕ ਫੈਂਸਲੇ ਦਾ ਵਿਰੋਧ ਕਰਦਿਆਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬਾਨ ਦੇ ਸੇਵਾਦਾਰਾਂ ਵੱਲੋਂ ਲਏ ਗਏ ਇਸ ਫੈਂਸਲੇ ਨਾਲ ਵਿਸ਼ਵ ਭਰ ਵਿੱਚ ਖਾਲਸਾ ਪੰਥ ਨੂੰ ਸ਼ਰਮਿੰਗਦੀ ਉਠਾਉਣੀ ਪਈ ਹੈ।ਇਸ ਲਈ ਉਨ੍ਹਾਂ ਵੱਲੋਂ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿ.ਗੁਰਬਚਨ ਸਿੰਘ, ਦੂਜੇ ਤਖ਼ਤ ਸਾਹਿਬਾਨ ਦੇ ਮੁੱਖ ਸੇਵਾਦਾਰ ਗਿ.ਮੱਲ ਸਿੰਘ, ਗਿ.ਗੁਰਮੁਖ ਸਿੰਘ, ਗਿ.ਇਕਬਾਲ ਸਿੰਘ, ਅਤੇ ਗਿ.ਰਾਮ ਸਿੰਘ ਨੂੰ ਸਪਸ਼ਟੀਕਰਣ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ 23 ਅਕਤੂਬਰ,2015 ਵਾਲੇ ਦਿਨ ਸਵੇਰੇ 10 ਵਜੇ ਤਲਬ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕਿਉਂਕਿ ਖਾਲਸਾ ਪੰਥ ਦਾ ਸਾਹਮਣੇ, ਹਰ ਸਿੱਖ ਸੇਵਕ, ਭਾਂਵੇ ਉਹ ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ ਤੇ ਕਿਉਂ ਨਾ ਹੋਵੇ ਸਭ ਜਵਾਬਦੇਇ ਹਨ।”
Related Topics: Akal Takhat Sahib, Dera Sauda Sirsa, Giani Gurbachan Singh, Giani Mall Singh jathedar Takhat Sri keshgarh Sahib, Jathedar Akal Takhat Sahib