October 31, 2015 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (30 ਅਕਤੂਬਰ, 2015): ਸੌਦਾ ਸਾਧ ਮਾਫੀ ਮਾਮਲੇ ਅਤੇ ਬਾਅਦ ਵਿੱਚ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ ਇਸ ਸਮੇਂ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੀ ਵਾਗਡੋਰ ਸੰਭਾਲ ਰਹੇ ਬਾਦਲ ਦਲ ਕੋਲ ਸ਼੍ਰੀ ਅਕਾਲ ਤਖਤ ਸਾਹਿਬਾਨ ਦੇ ਜੱਥੇਦਾਰਾਂ ਨੂੰ ਬਦਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀ ਰਿਹਾ।
ਤਖਤ ਸਾਹਿਬਾਨ ਦੇ ਜੱਥੇਦਾਰਾਂ ਨੂੰ ਫਾਰਗ ਕਰਨ ਲਈ ਬਾਦਲ ਦਲ ‘ਤੇ ਚਾਰ ਚਫੇਰਿਉਂ ਦਬਾਅ ਪੈ ਰਿਹਾ ਹੈ ਅਤੇ ਜੱਥੇਦਾਰਾਂ ਨੂੰ ਕਿਸੇ ਸਮੇਂ ਵੀ ਫਾਰਗ ਕੀਤੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ।ਪਰ ਇਸ ਬਾਰੇ ਕੋਈ ਫ਼ੈਸਲਾਕੁੰਨ ਨਤੀਜਾ 2 ਨਵੰਬਰ ਨੂੰ ਮਿਥੀ ਦੱਸੀ ਜਾ ਰਹੀ ਕੋਰ ਕਮੇਟੀ ਦੀ ਬੈਠਕ ਮਗਰੋਂ ਹੀ ਨਜ਼ਰ ਆਉਣ ਦੀ ਸੰਭਾਵਨਾ ਹੈ ।
ਮੁਆਫ਼ੀ ਫ਼ੈਸਲੇ ‘ਚ ਸਿਆਸੀ ਦਖਲਅੰਦਾਜ਼ੀ ਅੱਗੇ ਮਜ਼ਬੂਰ ਹੋਏ ਜੱਥੇਦਾਰਾਂ ਦੀ ਸੇਵਾ ਮੁਕਤੀ ਅਤੇ ਨਵੇਂ ਜੱਥੇਦਾਰਾਂ ਦੀ ਨਿਯੂਕਤੀ ਵੀ ਬਾਦਲ ਦਲ ਦੇ ਮੁੱਖ ਦਫ਼ਤਰ ਤੋਂ ਹਿੱਲਣ ਵਾਲੀਆਂ ਤਾਰਾਂ ‘ਤੇ ਹੀ ਨਿਰਭਰ ਹੈ ।
ਸੰਤ ਸਮਾਜ ਰਾਹੀਂ ਹੋਈ ਪਹੁੰਚ ਅਤੇ ਆਮ ਸਿੱਖਾਂ ਦੇ ਰੋਹ ਨੂੰ ਵਾਚਦਿਆਂ ਬੇਸ਼ੱਕ ਬਾਦਲ ਦਲ ਉੱਚ ਕਮਾਂਡ ਵੀ ਸਿੰਘ ਸਾਹਿਬਾਨ ਦੀ ਸੇਵਾ ਮੁਕਤੀ ਲੋਚਦੀ ਨਜ਼ਰ ਆਉਂਦੀ ਹੈ ਪਰ ਅਜਿਹਾ ਹੋਣ ਮਗਰੋਂ ਉੱਘੜਨ ਵਾਲੇ ਹਲਾਤਾਂ ‘ਤੇ ਪਕੜ ਬਰਕਰਾਰ ਰੱਖਣ ਸਬੰਧੀ ਵੀ ਯੋਜਨਾਬੰਦੀ ਨਾਲ-ਨਾਲ ਚੱਲ ਰਹੀ ਹੈ ।
ਪੰਜਾਬੀ ਅਖਬਾਰ ਅਜੀਤ ਵਿੱਚ ਛਪੀ ਖ਼ਬਰ ਅਨੁਸਾਰ ਸਰਕਾਰ ਦੇ ਕੁੱਝ ‘ਪ੍ਰਾਈਵੇਟ’ ਨੁਮਾਇੰਦਿਆਂ ਵੱਲੋਂ ਪੰਥਕ ਜਥੇਬੰਦੀਆਂ, ਇਥੋਂ ਤੱਕ ਕਿ ਗਰਮ ਦਲੀਆਂ ਨਾਲ ਵੀ ਸੰਪਰਕ ਬਣਾ ਕੇ ਨਵੇਂ ਜਥੇਦਾਰਾਂ ਸਬੰਧੀ ਸੁਝਾਅ ਪੁੱਛੇ ਜਾ ਰਹੇ ਹਨ ।ਇਸ ਵਰਤਾਰੇ ਸਬੰਧੀ ਇਕ ਪ੍ਰਮੁੱਖ ਜਥੇਬੰਦੀ ਦੇ ਅਹੁਦੇਦਾਰ ਵੱਲੋਂ ਪੁਸ਼ਟੀ ਵੀ ਕੀਤੀ ਗਈ ।
Related Topics: Badal Dal, Jathedar Akal Takhat Sahib, Shiromani Gurdwara Parbandhak Committee (SGPC), Sikh Panth, Takhat Sahiban