March 15, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (14 ਮਾਰਚ, 2015): ਨਾਨਕਸ਼ਾਹੀ ਕੈਲੰਡਰ ਸਬੰਧੀ ਚਲ ਰਹੇ ਵਿਵਾਦ ਦੌਰਾਨ ਜਿਸ ਤਰਾਂ ਕਿ ਪਹਿਲਾਂ ਹੀ ਕਿਆਸ ਅਰਾਈਆ ਲਗਾਈਆ ਜਾ ਰਹੀਆ ਸਨ ਕਿ ਮੂਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਉਸ ਦੀ ਥਾਂ ਤੇ ਨਾਨਕਸ਼ਾਹੀ ਦੇ ਨਾਮ ਹੇਠ ਬਿਕਰਮੀ ਕੈਲੰਡਰ ਲਾਗੂ ਕਰ ਦਿੱਤਾ ਜਾਵੇਗਾ ਨੂੰ ਠੀਕ ਸਿੱਧ ਕਰਦਿਆ ਸ਼੍ਰੀ ਅਕਾਲ ਤਖਤ ਸਕੱਤਰੇਤ ਤੋ ਰੀਲੀਜ ਕੀਤਾ ਕੈਲੰਡਰ ਪੂਰੀ ਤਰਾਂ ਬਿਕਰਮੀ ਕੈਲੰਡਰ ਦੀ ਕਾਪੀ ਹੀ ਹੈ।
ਪੰਜ ਸਿੰਘ ਸਾਹਿਬਾਨਾਂ ਵੱਲੋਂ ਜੋ ਕੈਲੰਡਰ ਜਾਰੀ ਕੀਤਾ ਗਿਆ ਹੈ, ਉਹ ਨਾ ਤਾਂ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਨਾ ਹੀ 2010 ਵਾਲੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨਾਲ ਮੇਲ ਖਾਂਦਾ ਹੈ। ਨਵੇਂ ਕੈਲੰਡਰ ਵਿੱਚ ਗੁਰਪੁਰਬਾਂ ਦੀਆਂ ਤਰੀਕਾਂ ਹਨ, ਜਿਸ ਤੋਂ ਸਪਸ਼ਟ ਹੈ ਕਿ ਪੁਰਾਣੇ ਦੋਵੇਂ ਕੈਲੰਡਰਾਂ ਦਾ ਇਸ ਵਰ੍ਹੇ ਲਈ ਭੋਗ ਪਾ ਦਿੱਤਾ ਗਿਆ ਹੈ।
ਨਾਨਕਸ਼ਾਹੀ ਸੰਮਤ 547 ਦਾ ਕੈਲੰਡਰ ਰਲੀਜ਼ ਕਰਨ ਸਮੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘੁਬੀਰ ਸਿੰਘ, ਗਿਆਨੀ ਬਲਵਿੰਦਰ ਸਿੰਘ ਤੇ ਗਿਆਨੀ ਗੁਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਕੈਲੰਡਰ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਕਮੇਟੀ ਨੇ ਤਿਆਰ ਕੀਤਾ ਹੈ ਅਤੇ ਸਿਰਫ਼ ਇਸ ਵਰ੍ਹੇ ਲਈ ਹੈ। ਉਨ੍ਹਾਂ ਆਖਿਆ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਨੂੰ ਸਥਾਈ ਤੌਰ ‘ਤੇ ਹੱਲ ਕਰਨ ਲਈ ਯਤਨ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਇਕ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਇਸ ਵਰ੍ਹੇ ਵਿੱਚ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਸੰਮਤ 547 ਦੇ ਕੈਲੰਡਰ ਵਿੱਚ ਰਲੀਆਂ ਮਿਲੀਆਂ ਤਰੀਕਾਂ ਹਨ।
ਕੈਲੰਡਰ ਵਿੱਚ ਤਰੀਕਾਂ ਗੁਰਮੁਖੀ ਵਿੱਚ ਅਤੇ ਦੇਸੀ ਮਹੀਨਿਆਂ ਮੁਤਾਬਕ ਦਰਸਾਈਆਂ ਗਈਆਂ ਹਨ ਜਦੋਂਕਿ ਪਹਿਲਾਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਵਿੱਚ ਇਹ ਤਰੀਕਾਂ ਰੋਮਨ ਅੰਕਾਂ ਵਿੱਚ ਹੁੰਦੀਆਂ ਸਨ।
ਨਵੇਂ ਕੈਲੰਡਰ ਵਿੱਚ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਗੱਦੀ ਦਿਵਸ 5 ਚੇਤ ਭਾਵ 18 ਮਾਰਚ ਨੂੰ ਦਰਸਾਇਆ ਗਿਆ ਹੈ, ਜਦੋਂਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ ਅੱਜ ਹੀ ਵਾਤਾਵਰਣ ਦਿਵਸ ਵਜੋਂ ਮਨਾਇਆ ਗਿਆ। ਇਹ ਦਿਹਾੜਾ ਪਹਿਲਾਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਮੇਸ਼ਾਂ 14 ਮਾਰਚ ਨੂੰ ਮਨਾਇਆ ਜਾਂਦਾ ਹੈ। ਅੱਜ ਪਹਿਲੇ ਦਿਨ ਹੀ ਨਵੇਂ ਕੈਲੰਡਰ ਕਾਰਨ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਗੁਰਗੱਦੀ ਦਿਵਸ ਬਾਰੇ ਮਤਭੇਦ ਪੈਦਾ ਹੋ ਗਏ। ਇਸੇ ਤਰ੍ਹਾਂ ਹੋਰ ਗੁਰੂ ਸਾਹਿਬਾਨ ਦੇ ਦਿਵਸ ਵੀ ਪਹਿਲੇ ਕੈਲੰਡਰਾਂ ਨਾਲ ਮੇਲ ਨਹੀਂ ਖਾਂਦੇ।ਨਵੇਂ ਕੈਲੰਡਰ ਵਿੱਚ ਕਈ ਸਿੱਖ ਜਰਨੈਲਾਂ ਦੇ ਸ਼ਹੀਦੀ ਦਿਹਾੜੇ ਵੀ ਮਨਫ਼ੀ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ 2003 ਵਿੱਚ ਜਾਰੀ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਹੋਲੀ ਤੇ ਹੋਲਾ ਮੁਹੱਲਾ, ਦੀਵਾਲੀ ਤੇ ਬੰਦੀ ਛੋੜ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਛੱਡ ਕੇ ਬਾਕੀ ਗੁਰਪੁਰਬਾਂ ਤੇ ਦਿਨ ਤਿਉਹਾਰਾਂ ਦੀਆਂ ਤਰੀਕਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਸਨ। 2010 ਵਿੱਚ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਵਿੱਚ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਸ਼ਾਮਲ ਕੀਤੇ ਜਾਣ ਕਾਰਨ ਕਈ ਤਰੀਕਾਂ ਪੁਰਾਣੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਨ ਅਤੇ ਕੁਝ ਤਰੀਕਾਂ ਨਵੀਆਂ ਸਨ। ਨਵੇਂ ਕੈਲੰਡਰ ਵਿੱਚ ਗੁਰਪੁਰਬਾਂ ਦੀਆਂ ਤਰੀਕਾਂ ਦੋਵੇਂ ਕੈਲੰਡਰਾਂ ਤੋਂ ਅਲੱਗ ਹੋਣ ਕਾਰਨ ਉਸ ਨੂੰ ਪੂਰੀ ਤਰ੍ਹਾਂ ਬਿਕਰਮੀ ਕੈਲੰਡਰ ਦਾ ਰੂਪ ਦੱਸਿਆ ਜਾ ਰਿਹਾ ਹੈ।
Related Topics: Jathedar Akal Takhat Sahib, Nanakshahi Calender Issue, Shiromani Gurdwara Parbandhak Committee (SGPC)