July 28, 2014 | By ਸਿੱਖ ਸਿਆਸਤ ਬਿਊਰੋ
ਜੰਮੂ (27 ਜੁਲਾਈ 2014): ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਜਿਸ ਵਿੱਚ ਦੋ ਸਿੱਖਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਦੋ ਫਿਰਕਿਆਂ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਜੰਮੂ ਦੇ ਸਿੱਖ ਭਾਈਚਾਰੇ ਨੇ ਜੰਮੂ-ਪਠਾਨਕੋਟ ਕੌਮੀ ਸ਼ਾਹਰਾਹ ‘ਤੇ ਪ੍ਰਦਰਸ਼ਨ ਕੀਤਾ ਅਤੇ ਉੱਤਰ ਪ੍ਰਦੇਸ਼ ਸਰਕਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰਾ ਸਾਹਿਬ ‘ਤੇ ਹਮਲਾ ਕਰਨ ਵਾਲਿਆਂ ਨੂੰਸਜ਼ਾ ਦੇਣ ਦੀ ਮੰਗ ਕੀਤੀ।
ਅੱਜ ਨਗਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਕੱਲ੍ਹ ਸਹਾਰਨਪੁਰ ਵਿੱਚ ਸਿੱਖ ਵਿਰੋਧੀ ਦੰਗਿਆਂ ਦੇ ਵਿਰੋਧ ਵਿੱਚ ਡਿਗਿਆਣਾ ਦੇ ਜੰਮੂ-ਪਠਾਨਕੋਟ ਕੌਮੀ ਸ਼ਾਹਰਾਹ ‘ਤੇ ਧਰਨਾ ਦਿੱਤਾ ਅਤੇ ਸੜਕ ਦੇ ਦੋਵਾਂ ਪਾਸਿਆਂ ਤੋਂ ਆਵਾਜਾਈ ਰੋਕ ਦਿੱਤੀ।
ਨਿਰਭੋ ਨਿਰਵੈਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਕਰਤਾਰ ਨੇ ਕਿਹਾ ਕਿ ਨਾ ਸਿਰਫ ਜੰਮੂ-ਕਸ਼ਮੀਰ ਦਾ ਸਿੱਖ ਸਗੋਂ ਸਮੁੱਚਾ ਸਿੱਖ ਭਾਈਚਾਰਾ ਅਜਿਹੀ ਘਟਨਾ ਦੀ ਨਿਖੇਧੀ ਕਰਦਾ ਹੈ ਅਤੇ ਉੱਤਰ ਪ੍ਰਦੇਸ਼ ਤੇ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਸਹਾਰਨਪੁਰ ‘ਚ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੇ ਪਿੱਛੇ ਕੌਣ ਲੋਕ ਹਨ ਅਤੇ ਉਨ੍ਹਾਂ ਦੀ ਪਛਾਣ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਭਾਈ ਘਨੱਈਆ ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਮਹਿੰਦਰ ਸਿੰਘ, ਅਮਰੀਕ ਸਿੰਘ, ਪਰਮਜੀਤ, ਬਾਬਾ ਬਲਬੀਰ ਸਿੰਘ, ਤੇਜਪਾਲ ਸਿੰਘ ਆਦਿ ਹਾਜ਼ਰ ਸਨ।
ਉਧਰ ਕਠੂਆ ਵਿੱਚ ਵੀ ਸਿੱਖ ਯੂਥ ਵੈਲਫੇਅਰ ਸੁਸਾਇਟੀ ਦੇ ਝੰਡੇ ਹੇਠ ਨੌਜਵਾਨਾਂ ਨੇ ਸਹਾਰਨਪੁਰ ਦੀ ਘਟਨਾ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਸਹਾਰਨਪੁਰ ਵਿੱਚ ਵਾਪਰੀ ਘਟਨਾ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ।
Related Topics: India, Saharanpur Incident, Sikhs in Jammu & Kashmir, Sikhs in Uttar Pradesh