November 30, 2017 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਪੁਲਿਸ ਰਿਮਾਂਡ ‘ਚ ਅੱਜ (30 ਨਵੰਬਰ, 2017) ਲੁਧਿਆਣਾ ਦੇ ਇਕ ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਨੇ ਦੋ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਜਗਤਾਰ ਸਿੰਘ ਨੂੰ ਪੰਜਾਬ ਪੁਲਿਸ ਨੇ ਪਾਸਟਰ ਸੁਲਤਾਨ ਮਸੀਹ ਦੇ ਕਤਲ ਦੇ ਮੁਕੱਦਮਾ ਨੰ: 218/17 (ਥਾਣਾ ਸਲੇਮ ਟਾਬਰੀ) ‘ਚ ਜੁਡੀਸ਼ਲ ਮੈਜਿਸਟ੍ਰੇਟ ਪਹਿਲਾ ਦਰਜਾ ਸੁਮਿਤ ਸਭਰਵਾਲ ਦੀ ਅਦਾਲਤ ‘ਚ ਪੇਸ਼ ਕੀਤਾ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੇ ਰਿਮਾਂਡ ਲੈਣ ਦੀ ਵਜ੍ਹਾ ਜਗਤਾਰ ਸਿੰਘ ਜੱਗੀ ਤੋਂ ਉਸਦੇ ਬਰਤਾਨਵੀ ਪਾਸਪੋਰਟ ਦੀ ਬਰਾਮਦਗੀ ਦੱਸੀ ਹੈ। ਜਦਕਿ ਉਸਦਾ ਪਾਸਪੋਰਟ ਉਸਦੇ ਪਰਿਵਾਰ ਵਲੋਂ ਨਵੀਂ ਦਿੱਲੀ ਸਥਿਤ ਬਰਤਾਨਵੀ ਦੂਤਘਰ ‘ਚ ਜਮ੍ਹਾ ਕਰਵਾ ਦਿੱਤਾ ਗਿਆ ਸੀ।
ਬਚਾਅ ਪੱਖ ਦੇ ਵਕੀਲ ਨੂੰ ਪੁਲਿਸ ਰਿਮਾਂਡ ਦੇ ਵਾਧੇ ਨਾਲ ਝਟਕਾ ਲੱਗਿਆ ਅਤੇ ਉਨ੍ਹਾਂ ਕਿਹਾ ਕਿ ਅਦਾਲਤ ਅੱਖਾਂ ਬੰਦ ਕਰਕੇ ਰਿਮਾਂਡ ‘ਚ ਵਾਧਾ ਕਰ ਰਹੀ ਹੈ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਜਾਣਕਾਰੀ ਦਿੰਦਿਆਂ ਦੱਸਿਆ, “ਜਗਤਾਰ ਸਿੰਘ ਜੱਗੀ ਦਾ ਪਾਸਪੋਰਟ ਉਸਦੇ ਭਰਾ ਵਲੋਂ ਨਵੀਂ ਦਿੱਲੀ ਸਥਿਤ ਬਰਤਾਨੀਆ ਦੇ ਦੂਤਘਰ ਨੂੰ 8 ਨਵੰਬਰ ਨੂੰ ਜਮ੍ਹਾ ਕਰਵਾ ਦਿੱਤਾ ਗਿਆ ਸੀ ਅਤੇ ਇਸਦੀ ਜਾਣਕਾਰ ਿ14 ਨਵੰਬਰ ਨੂੰ ਬਾਘਾਪੁਰਾਣਾ (ਮੋਗਾ) ਅਦਾਲਤ ਨੂੰ ਦੇ ਦਿੱਤੀ ਗਈ ਸੀ। ਪਰ ਅੱਜ ਲੁਧਿਆਣਾ ਦੀ ਅਦਾਲਤ ਨੇ ਜਗਤਾਰ ਸਿੰਘ ਕੋਲੋਂ ਪਾਸਪੋਰਟ ਬਰਾਮਦ ਕਰਵਾਉਣ ਲਈ ਪੁਲਿਸ ਰਿਮਾਂਡ ਦੇ ਦਿੱਤਾ।”
ਉਨ੍ਹਾਂ ਪੁੱਛਿਆ, “ਜਦੋਂ ਪਾਸਪੋਰਟ ਯੂ.ਕੇ. ਦੂਤਘਰ ‘ਚ ਹੈ ਤਾਂ ਜੱਗੀ ਉਸਨੂੰ ਕਿਵੇਂ ਬਰਾਮਦ ਕਰਵਾ ਸਕਦਾ ਹੈ”।
ਉਨ੍ਹਾਂ ਕਿਹਾ, ਜਦੋਂ ਪੁਲਿਸ ਨੇ ਪਾਸਪੋਰਟ ਬਰਾਮਦ ਕਰਨ ਲਈ ਰਿਮਾਂਡ ਲੈਣ ਦੀ ਅਰਜ਼ਾ ਲਈ ਤਾਂ ਜੱਜ ਨੇ ਦੋ ਦਿਨ ਦੇ ਪੁਲਿਸ ਰਿਮਾਂਡ ‘ਚ ਵਾਧਾ ਕਰ ਦਿੱਤਾ। ਰਿਮਾਂਡ ਦੇ ਖਿਲਾਫ ਸਾਡੀ ਦਲੀਲ ਵੀ ਨਹੀਂ ਸੁਣੀ। ਜਦਕਿ ਸਾਡੇ ਕੋਲ ਪਾਸਪੋਰਟ ਜਮ੍ਹਾ ਕਰਵਾਉਣ ਦੀ ਬਰਤਾਨਵੀ ਦੂਤਘਰ ਦੀ ਰਸੀਦ ਦੀ ਨਕਲ ਵੀ ਹੈ। ਜੱਜ ਨੂੰ ਰਸੀਦ ਦਿਖਾਉਣ ਦਾ ਮੌਕਾ ਵੀ ਨਹੀਂ ਦਿੱਤਾ।”
ਉਨ੍ਹਾਂ ਕਿਹਾ, “ਮੈਂ ਹਾਲੇ ਬਹਿਸ ਸ਼ੁਰੂ ਹੀ ਕੀਤੀ ਸੀ ਕਿ ਜੱਜ ਨੇ ਕਿਹਾ ‘2 ਦਿਨ’ ਅਤੇ ਅਦਾਲਤ ਦਾ ਕਮਰਾ ਛੱਡ ਕੇ ਚਲਿਆ ਗਿਆ।”
ਦੇਖੋ ਵੀਡੀਓ:
ਪੁਲਿਸ ਨੇ ਜਗਤਾਰ ਸਿੰਘ ਜੱਗੀ ਦੇ ਜੱਦੀ ਘਰ ‘ਚ ਮਾਰਿਆ ਛਾਪਾ
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਬੀਤੇ ਕੱਲ੍ਹ (29 ਨਵੰਬਰ, 2017) ਜਗਤਾਰ ਸਿੰਘ ਜੱਗੀ ਦੇ ਪਿੰਡ ਜੰਡਿਆਲਾ ਮੰਜਕੀ ‘ਚ ਉਸਦੇ ਜੱਦੀ ਘਰ ‘ਚ ਛਾਪਾ ਮਾਰਿਆ।
ਪੁਲਿਸ ਨੇ ਕਮਰੇ ਦੇ ਤਾਲੇ, ਅਲਮਾਰੀਆਂ ਦੇ ਤਾਲੇ ਤੋੜ ਦਿੱਤੇ ਅਤੇ ਘਰ ਨੂੰ ਲੁੱਟ ਲਿਆ। ਉਨ੍ਹਾਂ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਪੁਲਿਸ ਨੇ ਉਥੋਂ ਕੀ ਚੁੱਕਿਆ ਜਾਂ ਉਥੇ ਕੁਝ ਰੱਖ ਦਿੱਤਾ। ਵਕੀਲ ਨੇ ਕਿਹਾ ਕਿ ਮੈਂ ਇਸ ਗੰਭੀਰ ‘ਗੁਨਾਹ’ ਨੂੰ ਅਦਾਲਤ ਦੀ ਜਾਣਕਾਰੀ ਵਿਚ ਲਿਆਉਣਾ ਦੀ ਪਰ ਜੱਜ ਨੇ ਬਚਾਅ ਪੱਖ ਨੂੰ ਆਪਣੀ ਗੱਲ ਕਹਿਣ ਦਾ ਕੋਈ ਮੌਕਾ ਨਹੀਂ ਦਿੱਤਾ। ਜਗਤਾਰ ਸਿੰਘ ਜੱਗੀ ਦੇ ਪਿਤਾ ਜੀ ਦੀ ਭੂਆ ਜੀ ਉਨ੍ਹਾਂ ਦੇ ਜੱਦੀ ਘਰ ਪਿੰਡ ਜੰਡਿਆਲਾ ਮੰਜਕੀ ‘ਚ ਰਹਿੰਦੀ ਸੀ, ਜੋ ਕਿ ਦੋ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ ਅਤੇ ਕੱਲ੍ਹ (29 ਨਵੰਬਰ, 2017) ਉਨ੍ਹਾਂ ਦਾ ਅੰਤਮ ਸੰਸਕਾਰ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Related Topics: Jagtar Singh Johal alias Jaggi (UK), Jaspal Singh Manjhpur (Advocate), Jimmy Singh @ Taljit Singh (UK), Ludhiana, Punjab Police, Punjab Politics, Sikh Diaspora, Sikh News UK, Sikhs in United Kingdom