February 18, 2015 | By ਹਰਪ੍ਰੀਤ ਸਿੰਘ
ਭਾਰਤ ਦੀ ਰਾਜਧਾਨੀ ਦਿੱਲੀ ਚ ਹੋਈਆਂ ਚੋਣਾਂ ਅਤੇ ਉਸਦੇ ਧਰਤ-ਧਕੇਲੀ ਅਤੇ ਅਣਕਿਆਸੇ ਨਤੀਜਿਆਂ ਦੇ ਆਉਣ ਤੋਂ ਬਾਅਦ ਅਜੀਬ ਜਿਹੀ ਕਿਸਮ ਦੀਆਂ ਸਮੀਕਰਣਾਂ ਬਣਨੀਆਂ ਸ਼ੁਰੂ ਹੋ ਗਈਆਂ ਨੇ।ਇਸ ਜਿੱਤ ਨੇ ਜਿੱਥੇ ਆਮ ਆਦਮੀ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਅਸੀਮ ਜਿਹੀ ਖੁਸ਼ੀ ਅਤੇ ਸਕੂਨ ਦਾ ਅਨੁਭਵ ਕਰਾਇਆ ਹੈ ਉੱਥੇ ਉਸ ਗਲ ਸੜ ਚੁੱਕੀ ਭਰਿਸ਼ਟ ਰਾਜਨੀਤੀ ਅਤੇ ਪਰਬੰਧਕੀ ਪਰਣਾਲੀ ਦੀਆਂ ਪਤਾਲ ਤੱਕ ਫੈਲੀਆਂ ਜੜਾਂਹ ਦੇ ਹੁੰਦਿਆਂ ਇੱਕ ਨਵਜਾਤ ਸਿਆਸੀ ਪਾਰਟੀ ਵਲੋਂ ਲੋਕਾਂ ਨੂੰ ਦਿਖਾਏ ਹੋਏ ਰੰਗੀਨ ਸੁਫਨਿਆਂ ਨੂੰ ਸਾਕਾਰ ਕਰਨ ਦਾ ਜੋਖਮ ਭਰਿਆ ਕਾਰਜ ਵੀ ਆਪਣੇ ਲਈ ਸਹੇੜ ਲਿਆ ਹੈ।
ਇਹ ਉਹ ਸੁਫਨੇ ਨੇ ਜੋ ਆਮ ਆਦਮੀ ਪਾਰਟੀ ਦੇ ਰੂਹੇ-ਰਵਾਂਵਾਂ ਨੇ ਆਮ ਆਦਮੀ ਨੂੰ ਉਸ ਸਮੇਂ ਦਿਖਾਏ ਨੇ ਜਦ ਆਮ ਆਦਮੀ ਦੀਆਂ ਅੱਖਾਂ ਕਾਬੂਸ (nightmares ਡਰੌਣੇ ਸੁਫਨੇ) ਦੇਖਣ ਦੀਆਂ ਆਦੀ ਹੋ ਚੁੱਕੀਆਂ ਸਨ।
ਕਹਿਣ ਦਾ ਮਤਲਬ ਇਹ ਹੈ ਕਿ ਇੱਕ ਦਿਨ ਦੀ ਖੁਸ਼ੀ ਨੇ ਆਮ ਆਦਮੀ ਪਾਰਟੀ ਤੋਂ ਪੰਜ ਸਾਲ ਦੀ ਜੀਅ ਤੋੜ ਮਿਹਨਤ ਦੀ ਕੀਮਤ ਮੰਗ ਲਈ ਹੈ।ਹੁਣ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ ਕਿ ਚੁਣੇ ਹੋਏ ਨੁਮਾਇੰਦੇ ਅਤੇ ਪਾਰਟੀ ਕਿਮੇਂ ਅਤੇ ਕਿੰਨੀ ਕੁ ਕੀਮਤ ਤਾਰਨ ਚ ਸਫਲ ਹੋਵਣਗੇ?
ਕਿਤੇ ਇਹ ਤੇ ਨੀ ਹੋਵੇਗਾ ਕਿ 1970 ਵਿਆਂ ਦੀ ਜੈ ਪਰਕਾਸ਼ ਨਰੈਣ ਦੀ ਜਨਤਾ ਪਾਰਟੀ ਵਾਂਗ ਦੋ ਕੁ ਸਾਲ ਆਪਣਿਆਂ ਸੁਫਨਿਆਂ ਦਾ ਪਰਕਾਸ਼ ਫੈਲਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਆਮ ਆਦਮੀ ਨੂੰ ਉਸਦੇ ਨਾਮੁੱਕਣਯੋਗ ਭਿਆਨਕ ਸੁਫਨਿਆਂ ਦੀ ਜ਼ੱਦ ਚ ਚ ਹੀ ਵਾਪਿਸ ਲਿਆ ਸੁੱਟੇਗਾ ,ਜਿੱਥੇ ਉਹ ਫਿਰ ਕਾਲੀਆਂ ਬੋਲੀਆਂ ਰਾਤਾਂ ਚ ਭਿਆਨਕ ਸੁਫਨਿਆਂ ਨੂੰ ਸਹਿੰਦਾ, ਆਸ ਦੇ ਪਰਕਾਸ਼ ਦੇ ਆਉਣ ਦੀ ਉਮਰਾਂ ਜਿੱਡੀ ਉਡੀਕ ਕਰੇਗਾ?
ਭਾਂਮੇ ਕਿ ਉਸ ਸਮੇਂ ਅਤੇ ਅੱਜ ਦੇ ਦੌਰ ਦੇ ਹਾਲਾਤਾਂ ਚ ਖੱਡ ਜਿੰਨਾ ਅੰਤਰ ਹੈ ਪਰ ਆਮ ਆਦਮੀ ਪਾਰਟੀ ਆਪਣੇ ਦਿਖਾਏ ਹੋਏ ਸੁਫਨਿਆਂ ਨੂੰ ਸਾਕਾਰ ਕਰਨ ਚ ਕਿੰਨਾ ਕੁ ਸਫਲ ਹੁੰਦੀ ਹੈ ਜਾਂ ਅਸਫਲ ਰਹਿੰਦੀ ਹੈ .. ..ਸਮਾਂ ਹੀ ਦੱਸੇਗਾ।
ਆਮ ਆਦਮੀ ਪਾਰਟੀ ਲਈ ਪਿਛਲੇ ਛੇ ਦਹਾਕਿਆਂ ਦੀਆਂ ਗਲਤ ਨੀਤੀਆਂ ਦੇ ਕੂੜੇ-ਕਰਕਟ ਦੇ ਅੰਬਾਰ ਨੂੰ ਸਾਫ ਕਰਨ ਦਾ ਕੰਮ ਅਤੇ ਆਮ ਆਦਮੀ ਦਾ ਇਨਾਂ ਗਲਤ ਨੀਤੀਆਂ ਨੂੰ ਹੋਰ ਝੱਲਣ ਦੇ ਸਬਰ ਅਤੇ ਸ਼ਕਤੀ ਦੇ ਖਤਮ ਹੋਣ ਦੀ ਚਣੌਤੀ ਬਾਹਾਂ ਪਸਾਰ ਆਪ ਦੇ ਦਰਾਂ ਤੇ ਖਲੋਤੀ ਹੋਈ ਹੈ।
ਇਸ ਗੱਲ ਦਾ ਅਹਿਸਾਸ ਆਪ ਦੇ ਵੱਡੇ ਲੀਡਰਾਂ ਨੂੰ ਬਾਖ਼ੂਬੀ ਹੈ ਜੋ ਕਿ ਉਨ੍ਹਾਂ ਦੇ, ਇਸ ਸ਼ਾਨਦਾਰ ਜਿੱਤ ਤੋਂ ਬਾਅਦ, ਆਏ ਪਹਿਲ-ਬਿਆਨਾਂ ਚੋਂ ਸਾਫ ਝਲਕਦਾ ਨਜ਼ਰੀਂ ਆ ਰਿਹਾ ਏ।ਉਨ੍ਹਾ ਨੂੰ ਇਹ ਗੱਲ ਬਹੁਤ ਸਾਫ ਹੈ ਕਿ ਚਣੌਤੀ ਸਿਰਫ ਤੇ ਸਿਰਫ ਅੱਜ ਦੇ ਰਸਾਤਲੀ ਹਾਲਾਤਾਂ ਦੀ ਹੀ ਨਹੀਂ ਸਗੋਂ ਕੇਂਦਰ ਚ ਕਾਬਜ਼ ਬੈਠੀ ਹੋਈ ਅਸੁਰੱਖਿਅਤ ਸ਼ਕਤੀ ਵੀ ਹੈ ਜਿਸ ਨੂੰ ਆਪ ਉਸਦੇ ਰਾਹ ਦਾ ਸਭ ਤੋਂ ਵੱਡਾ ਤਿੱਖੇ ਮੂੰਹ ਵਾਲਾ ਵੱਟਾ ਮਹਿਸੂਸ ਹੋ ਰਿਹਾ ਏ।
ਕੇਂਦਰੀ ਤਾਕਤਾਂ ਦੀ ਹਰ ਕੋਸ਼ਿਸ਼ ਹੋਵੇਗੀ ਕਿ ਕਿਸੇ ਨਾ ਕਿਸੇ ਤਰੀਕੇ ਇਸ ਮੁਸੀਬਤੀ ਬੱਚੇ ਤੋਂ ਨਿਜਾਤ ਹਾਸਲ ਹੋਵੇ।ਤੇ ਆਪ ਲਈ ਵੀ ਇਹ ਵਖਤ ਕੁਝ ਇੰਝ ਦਾ ਹੈ ਕਿ :
ਵਖਤ ਭੀ ਬਦਵਖਤ ਹੈ ਔ ਹਾਲਾਤ ਭੀ ਖੁਸ਼ਗ਼ਵਾਰ ਨਹੀਂ।
ਦੁਸ਼ਮਨ ਭੀ ਹੈ ਕਮ ਨਹੀਂ ਔ ਅਪਨੋਂ ਕੋ ਭੀ ਪਿਆਰ ਨਹੀਂ।
ਇਸ ਸਾਰੇ ਹਾਲਾਤ ਚ ਆਮ ਆਦਮੀ ਦੀਆਂ ਸਮੱਸਿਆਵਾਂ ਦਾ ਅੰਤ ਚਾਹੇ ਜਿਹੋ ਜਿਹਾ ਮਰਜ਼ੀ ਹੋਵੇ ਪਰ ਉਸਦੇ ਸੁਫਨਿਆਂ ਦਾ ਆਗ਼ਾਜ਼ ਬੜਾ ਰੰਗੀਨ ਹੈ।ਇਨਾਂ ਰੰਗੀਨ ਸੁਫਨਿਆਂ ਦੇ ਵਹਾਅ ਚ ਸਿੱਖ ਕੌਮ ਨੇ ਵੀ ਸੰਘ ਪਾੜਵੇਂ ਨਾਹਰਿਆਂ ਦੇ ਵਿਚਘਾਰ ਆਪਣੀਆਂ ਪੱਗਾਂ ਤੇ “ਆਮ-ਆਦਮੀ” ਉੱਕਰੀਆਂ ਲੀਰਾਂ ਬੰਨ੍ਹ ਆਪਣੀਆਂ ਭਾਵਨਾਵਾਂ ਦਾ ਪਰਗਟਾਵਾ ਬੜਾ ਖੁੱਲ੍ਹ ਕੇ ਕੀਤਾ ਹੈ।
ਤਿੰਨ ਦਹਾਕਿਆਂ ਤੋਂ ,ਕਾਨੂੰਨ ਅਤੇ ਸਿਆਸੀ ਪੁੜਾਂ ਵਾਲੀ, ਚੱਕੀ ਚ ਪੀਹ ਹੋ ਰਿਹਾ ਸਿੱਖ ਅੱਜ ਆਪ ਵੱਲ ਤਰਸਾਈਆਂ ਨਿਗਾਹਾਂ ਨਾਲ ਇੰਝ ਦੇਖ ਰਿਹਾ ਹੈ ਜਿਵੇਂ “ਆਪ” ਹੀ ਉਨਾਂ ਦੀਆਂ ਦੀਆਂ ਮੱਧਮ ਹੋ ਰਹੀਆਂ ਆਸਾਂ ਨੂੰ ਬੂਰ ਪਾਵੇਗਾ ਜੋ ਕਿ ਭਾਜਪਾ ਅਤੇ ਕਾਂਗਰਸ ਨੇ ਇਨਾਂ ਨਾਲ “ਮੌਕਾ”ਆਉਣ ਤੇ ਮੁੰਡੇ ਵੰਡਣ ਤੋਂ ਸਿਵਾ ਕੁਝ ਨੀ ਕੀਤਾ।
ਸਿਵਾਏ ਇਸਦੇ ਕਿ ਚੋਣਾਂ ਵਾਲੇ “ਮਦਾਰੀ ਦੇ ਤਮਾਸ਼ੇ” ਦੇ ਸਮੇਂ 84 ਵਾਲੀ ਡੁੱਗਡੁਗੀ ਵਜਾ ਕੇ ਸਿੱਖਾਂ ਨੂੰ ਭਰਮਾ ਉਨ੍ਹਾ ਦੀਆਂ ਵੋਟਾਂ ਬਟੋਰਨ ਦੇ ਇਨਾਂ, ਘੱਟ-ਗਿਣਤੀ ਕੌਂਮਾਂ ਦੀਆਂ ਖੂਨੀ ਜਮਾਤਾਂ, ਨੇ ਹੋਰ ਕੁਝ ਨੀ ਕੀਤਾ।
ਕਰਨ ਵੀ ਕੀ ਅਤੇ ਕਰਨ ਵੀ ਕਿਉਂ? ਜੇਕਰ ਕਾਂਗਰਸ ਦੇ ਹੱਥ ਸਿੱਖਾਂ ਦੇ ਕਤਲੇਆਮ ਦੇ ਖ਼ੂਨ ਨਾਲ ਰੰਗੇ ਪਏ ਨੇ ਤਾਂ ਬੀਜੇਪੀ ਨੇ ਵੀ ਮੁਗਲਮਾਨਾਂ ਦੀ ਖੂਨ ਦੀ ਹੋਲੀ ਖੇਡਣ ਚ ਕੁਝ ਘੱਟ ਨੀ ਗੁਜ਼ਾਰੀ।ਇਸ ਸਨੇਰੀਓ ਚ ਕਾਂਗਰਸ ਤੇ ਭਾਜਪਾ ਨੇ “ਕਾਣੇ ਨੂੰ ਮੀਣਾ ਟੱਕਰਨਾ” ਵਾਲੀ ਅਖੌਤ ਨੂੰ ਹੀ ਸੱਚ ਸਾਬਿਤ ਕੀਤਾ। ਕਰਦੇ ਵੀ ਕਿੰਝ?
ਜੇ ਕਾਂਗਰਸ ਮੋਦੀ ਵਰਗਿਆਂ ਨੂੰ ਮੁਸਲਮਾਨਾਂ ਦੇ ਕਤਲਾਮ ਦੇ ਦੋਸ਼ ਚ ਸਜ਼ਾਵਾਂ ਦੇ ਦਿੰਦੀ ਤਾਂ ਉਹ ਖੁੱਦ ਇਸ ਗੱਲ ਨੂੰ ਕਿਮੇਂ ਯਕੀਨੀ ਬਣਾਉਂਦੀ ਕਿ ਭਾਜਪਾ ਆਉਣ ਉਹ ਕਾਂਗਰਸ ਦੇ ਕਸਾਈਆਂ ਦਾ ਗਲਾ ,1984 ਦੇ ਸਿੱਖ ਕਤਲਾਮ ਦੇ ਦੋਸ਼ ਤਹਿਤ,ਕਾਨੂੰਨ ਦੇ ਗਾਲ਼ੇ ਚ ਨਾ ਦਿੰਦੇ? ਇਧਰ ਗਏ ਤੋ ਮੁੱਲਾਂ ਬੁਗੋਯਮ, ਉਧਰ ਵੀ ਹੈ ਮੁੱਲਾਂ ਬੁੱਗੋ।ਇਨਾਂ ਹਾਲਾਤਾਂ ਚ ਸਿੱਖਾਂ ਦਾ ਆਪ ਨਾਲ ਜੁੜਨਾ ਸੁਭਾਵਿਕ ਹੀ ਸੀ।ਹੁਣ ਆਪ ਸਿੱਖਾਂ ਦੀਆਂ ਇੰਸਾਫ ਦੀਆਂ ਆਸਾਂ ਤੇ ਕਿੰਨਾ ਕੁ ਉੱਤਰਦੀ ਹੈ …..ਸਮਾਂ ਹੀ ਦੱਸੇਗਾ।
ਦੋਸਤੋ ! ਸਿੱਖ ਅੱਜ ਇੱਕ ਨਾਇਕ-ਹੀਣ ਕੌਮ ਹੋ ਚੁੱਕੀ ਹੈ ਅਤੇ ਇਸ ਖਲਾਅ ਚ ਸਾਡੀ ਕੌਮ ਨੂੰ ਹਰ ਨਾਹਰੇ ਮਾਰਨ ਵਾਲੇ ਚ ਇੱਕ ਨੇਤਾ ਦਿੱਸਦਾ ਹੈ ।ਕਦੇ ਗੁਰਬਕਸ਼ ਸਿੰਘ ਚ ਉਸਨੂੰ ਇੱਕ ਜਥੇਦਾਰ ਦਿੱਖਦਾ ਹੈ ਤੇ ਕਦੇ ਭਗਵੰਤ ਮਾਨ ਚ ਇੱਕ ਮੁੱਖ-ਮੰਤਰੀ।
ਸਾਡੀ ਕੌਮ ਹਰ ਵਾਰ ਇੱਕ ਅਸੀਮ ਉਤਸ਼ਾਹ ਨਾਲ “ਇੰਕਲਾਬ”ਲਈ ਉੱਠਦੀ ਹੈ ਤੇ ਫਿਰ ਸਾਡੇ ਗੀਦੀ ਤੇ ਬੌਦੇ ਮੋਹਰੀਆਂ ਦੀ ਦੂਰਅੰਦੇਸ਼ੀ ਦੀ ਕਮੀ ਕਰਕੇ ਬਹਿ ਜਾਂਦੀ ਹੈ ਅਤੇ ਇਹ ਸਿਲਸਿਲਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੀ ਸ਼ਹਾਦਤ ਤੋਂ ਬਾਅਦ ਬਾਦਸਤੂਰ ਅਤੇ ਲਗਾਤਾਰਤਾ ਨਾਲ ਜਾਰੀ ਹੈ।
ਅੱਜ ਵੀ ਜੇ ਅਸੀਂ ਪਿਛਲੇ ਸਮੇਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਡੇ ਚੁਣੇ ਹੋਏ ਸਿਆਸੀ ਨੇਤਾ ਚਾਹੇ ਉਹ ਸਟੇਟ ਅਸੈਂਬਲੀ ਚ ਹੋਣ ਚਾਹੇ ਉਹ ਦਿੱਲੀ ਦੀ ਸਿਆਸਤ ਚ, ਇੱਕ ਅਜੀਬ ਜਿਹੇ ਅਹਿਸਾਸ-ਏ-ਕਮਤਰੀ (inferiority complex )ਦੇ ਪਰਭਾਵ ਥੱਲੇ ਵਿਚਰ ਰਹੇ ਹਨ ਕਿ ਜੇਕਰ ਕਿਤੇ ਉਨਾਂ ਨੇ ਪੰਜਾਬ ਜਾਂ ਸਿੱਖਾਂ ਦੇ ਹੱਕਾਂ ਦੀ ਗੱਲ ਕਰ ਦਿੱਤੀ ਤਾਂ ਪਤਾ ਨੀ ਕੋਈ ਉਨਾਂ ਨੂੰ ਦੇਸ਼-ਧਰੋਹੀ ਹੀ ਨਾ ਕਹਿ ਦੇਵੇ !
ਭਗਵੰਤ ਮਾਨ ਨੂੰ ਵੀ ਜਿੰਨੀ ਕੁ ਵਾਰ ਸੰਸਦ ਚ ਤਕਰੀਰ ਕਰਦੇ ਮੈਂ ਸੁਣਿਆ ਹੈ ਉਸ ਤੋਂ ,ਤੁਹਾਡੇ ਬਾਰੇ ਤਾਂ ਪਤਾ ਨੀ ਪਰ,ਮੈਨੂੰ ਇਹ ਪਰਭਾਵ ਜ਼ਰੂਰ ਮਿਲਿਆ ਹੈ ਕਿ ਉਸਨੂੰ ਦਿੱਲੀ ਦੀ ਬਿਜਲੀ ਦਾ ਫਿਕਰ ਤੇ ਹੈ ਪਰ ਪੰਜਾਬ ਦੇ ਪਾਣੀਆਂ ਬਾਰੇ ਉਸਦੀ ਨਿਰਾਸਤਾ ਭਰੀ ਚੁੱਪੀ ਹੈ, ਇਹ ਚੁੱਪੀ ਇਸ ਕਰਕੇ ਹੈ ਕਿਉਂਕਿ ਉਸਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜੇ ਉਸਨੇ ਇੱਕ ਵਾਰੀ ਪੰਜਾਬ ਦੇ ਪਾਣੀਆਂ ਦਾ ਮਸਲਾ ਉੱਠਾ ਲਿਆ ਤਾਂ ਅਖੌਤੀ ਰਾਸ਼ਟਰਵਾਲ ਵਾਲੇ ਭੂੰਡਾਂ ਦੇ ਖੱਖਰ ਨੂੰ ਛੇੜ ਬੈਠੇਗਾ ਜੋ ਕਿ ਉਸਨੂੰ ਕਦੀ ਵੀ ਗਵਾਰਾ ਨੀ ਹੋਵੇਗਾ।
ਦਿੱਲੀ ਦੀਆਂ ਗਲੀਆਂ ਚ ਹੁੰਦੀਆਂ ਬੇਪੱਤੀਆਂ ਦਾ ਤੇ ਫਿਕਰ ਹੈ ਪਰ ਪੰਜਾਬ ਦੇ ਪੁਲਿਸ ਮੁਲਾਜ਼ਮ ਸੁਰਜੀਤ ਸਿੰਘ ਬਾਜੀਗਰ ਦੇ ਉਸ ਇੰਕਸ਼ਾਫ ਬਾਰੇ ਉਸਨੇ ਸੰਸਦ ਚ ਕਦੀ ਵੀ ਆਪਣਾ ਮੂੰਹ ਨੀ ਖੋਲਿਆ ਜਿਸ ਵਿੱਚ ਉਸਨੇ ਸਾਫ ਸਾਫ ਇਹ ਦੱਸਿਆ ਸੀ ਕਿ ਕਿਵੇਂ ਸਟੇਟ ਪੁਲਿਸ ਨੇ ਗਲੀਆਂ ਚ ਸਿੱਖ ਨੌਜਵਾਨਾਂ ਦੇ ਸ਼ਿਕਾਰ ਕੀਤੇ ਸਨ ਜਿੰਨਾਂ ਦੇ ਖੂਨ ਦੇ ਨਿਸ਼ਾਨ ਅੱ ਜ ਵੀ ਪਿੰਡਾਂ ਦੀਆਂ ਕੰਧਾਂ ਤੇ ਲੱਗੇ ਹੋਏ ਨੇ।ਕੀ ਇਨਾਂ ਦੋਹਾਂ ਇੰਸਾਫਾਂ ਦੀ ਮੰਗ ਕੋਈ ਫਰਕ ਹੈ? ਜੇ ਨਹੀਂ ਤਾਂ ਆਵਾਜ਼ ਉਠਾਉਣ ਚ ਸੰਗ ਕਿਉਂ?
ਇਹ ਇਸ ਲਈ ਹੈ ਕਿਉਂਕਿ ਉਸਦੇ ਅਚੇਤ ਮਨ ਚ ਇਸ ਗੱਲ ਦਾ ਅਹਿਸਾਸ ਹੈ ਕਿ ਪੰਜਾਬ ਅਤੇ ਦਿੱਲੀ ਦੀ ਸਿਆਸੀ ਤਾਸੀਰ ਹੀ ਪਿਛਲੀਆਂ ਪੰਜ ਸਦੀਆਂ ਤੋਂ “ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ” ਵਾਲੀ ਬਣੀ ਹੋਈ ਹੈ ਤੇ ਉਸਦੀ ਇੱਛਾ-ਸ਼ਕਤੀ ਇੰਨੀ ਅਡੋਲ ਨੀ ਆ ਕਿ ਉਹ ਬਾਬਾ ਦੀਪ ਸਿੰਘ ਵਾਂਗ ਹੱਕਾਂ ਲਈ ਕੋਈ ਲਕੀਰ ਖਿੱਚ ਸਕੇ ਜਾਂ ਹੱਕਾਂ ਲਈ ਬਾਬਾ ਖੜਕ ਸਿੰਘ ਵਾਂਗ ਕੋਈ ਲਲਕਾਰ ਹੀ ਮਾਰ ਸਕੇ।
ਨਿਰਸੰਦੇਹ ਭਗਵੰਤ ਮਾਨ ਇੱਕ ਇਮਾਨਦਾਰ ਨੇਤਾ ਤੇ ਹੋ ਸਕਦਾ ਹੈ ਪਰ ਪੰਜਾਬ ਦੇ ਹੱਕਾਂ ਦੀ ਪਰਾਪਤੀ ਇੱਕ ਨਾਇਕ ਹੀ ਕਰਵਾ ਸਕਦਾ ਹੈ ਉਹ ਨਾਇਕ ਜੋ ਦਿੱਲੀ ਦੀਆਂ ਅੱਖਾਂ ਚ ਅੱਖਾਂ ਪਾਕੇ ਵੇਖਣ ਦਾ ਹੌਂਸਲਾ ਰੱਖਦਾ ਹੋਵੇ।ਤੇ ਦਿੱਲੀ ਦੀਆਂ ਅੱਖਾਂ ਚ ਅੱਖਾਂ ਪਾਕੇ ਦੇਖਣ ਦਾ ਮਤਲਬ ਜਾਂ ਜਿੱਤ ਹੈ ਜਾਂ ਮੌਤ ਹੈ ਤੇ ਇਹੋ ਜਿਹੀ ਦਲੇਰੀ ਬਾਬਾ ਜਰਨੈਲ ਸਿੰਘ ਵਰਗੀਆਂ ਰੂਹਾਂ ਹੀ ਕਰ ਸਕਦੀਆਂ ਹਨ।
ਆਪ ਚ ਇਹੋ ਜਿਹੇ ਕਿਸੇ ਨਾਇਕ ਦੀ ,ਜੋ ਪੰਜਾਬ ਅਤੇ ਸਿੱਖਾਂ ਦੇ ਹੱਕਾ ਲਈ ਸਿਰਫ ਬੋਲ ਹੀ ਨਹੀਂ ਸਗੋਂ ਖਲੋ ਵੀ ਸਕੇ, ਆਮਦ ਹੋਵੇਗੀ ਜਾਂ ਨਹੀਂ….ਸਮਾਂ ਹੀ ਦੱਸੇਗਾ।
ਦੋਸਤੋ ! “ਆਪ” ਦੀ ਸਿਆਸੀ ਅਤੇ ਪਰਬੰਧਕੀ ਸੋਚ ਬਿਨਾ ਸ਼ੱਕ ਬਹੁਤ ਸਲਾਹਣਯੋਗ ਹੈ ਜਿਸ ਤਹਿਤ ਉਹ ਸਿਆਸੀ-ਪਰਬੰਧਕੀ ਨਿਰਣਿਆਂ ਨੂੰ ਲੋਕਾਂ ਦੀ ਇੱਛਾ ਅਨੁਸਾਰ ਚਲੌਣਾ ਚਾਹੁੰਦੀ ਹੈ ਤਾਂ ਕਿ ਆਮ ਲੋਕਾਂ ਦੀਆਂ ਲੋੜਾਂ ਅਤੇ ਇੱਛਾਵਾਂ ਦਾ ਸਤਿਕਾਰ ਹੋ ਸਕੇ।
ਉਹ ਇਸ ਤਾਕਤ ਨੂੰ ਮਹੱਲਿਆਂ, ਤਹਿਸੀਲਾਂ ਜ਼ਿਲਿਆਂ ਤੱਕ ਪਹੁੰਚਾਉਣਾ ਚਾਹੁੰਦੀ ਹੈ।ਉਹ ਸਾਰੀ ਸਟੇਟ ਤਾਕਤ ਇੱਕ “ਬਿੰਦੂ-ਕੇਂਦਰਿਤ” ਨੀ ਕਰਨਾ ਚਾਹੁੰਦੀ ਸਗੋਂ ਇਸ ਤਾਕਤ ਦਾ ਅਹਿਸਾਸ ਆਮ ਬੰਦੇ ਨੂੰ ਵੀ ਕਰਵਾਉਣਾ ਚਾਹੁੰਦੀ ਹੈ ਤਾਂ ਕਿ ਆਮ ਆਦਮੀ ਵੀ ਇੱਕ ਅਪਣੱਤ ਦੇ ਆਲਮ ਚ ਆਕੇ ਆਪਣੀ ਨਿੱਜੀ ਤਾਕਤ ਤੇ ਹੁਨਰ ਨੂੰ , ਇੱਕ ਸੁਚੱਜੀ ਦਿਸ਼ਾ ਦੇਕੇ ਉਸਨੂੰ , ਦੇਸ਼ ਕੌਮ ਦੀ ਸਿਰਜਣਾ ਵੱਲ ਝੋਂਕ ਸਕੇ…ਬਹੁਤ ਹਸੀਨ ਸੁਫਨਾ ਹੈ।
ਕੀ ਕਿਸੇ ਮਹੱਲੇ ਚ ਕੋਈ ਖੇਡ ਦਾ ਮੈਦਾਨ ਬਣੇ ਜਾਂ ਸੜਕਾਂ ਦੇ ਖੰਭਿਆਂ ਦੇ ਬੱਲਬ ਪੈਂਣ, ਸਰਕਾਰੀ ਪੈਸੇ ਨਾਲ ਕਿਸੇ ਇਲਾਕੇ ਚ ਕੋਈ ਪੁੱਲ਼ ਬਣੇ ਜਾਂ ਲੋੜ ਮੁਤਾਬਿਕ ਕੋਈ ਸਕੂਲ, ਇਸਦਾ ਫੈਸਲਾ ਸਰਕਾਰ ਨੀ ਸਗੋਂ ਲੋਕ ਖੁਦ ਕਰਨਗੇ।ਇਹੋ ਜਿਹੀ ਸਿਆਸੀ ਤਰਬੀਅਤ ਨੂੰ ਸਿਰਜਣ ਦਾ ਸੁਫਨਾ ਲੈਣਾ ਵੀ ਤੇ ਦਿਖਾਉਣਾ ਵੀ,ਭਾਰਤ ਵਰਗੇ ਫਿਰਕੂ ਮੁਲਕ ਚ ਇੱਕ ਅਤਿਕਥਨੀ ਵਾਲਾ ਤੇ ਅਸੰਭਵ ਜਿਹਾ ਭਾਸਣ ਵਾਲਾ ਸੌਦਾ ਹੈ।
ਕੀ ਉਹ “ਆਪ” ਜੋ ਦਿੱਲੀ ਦੇ ਮੁਹੱਲਿਆਂ ਤੱਕ ਨੂੰ ਆਪਣੀ ਕਿਸਮਤ ਆਪ ਸਿਰਜਣ ਸੰਵਾਰਨ ਦਾ ਸੁਫਨਾ ਦੇਣਾ ਚਾਹੁੰਦੀ ਹੈ, ਕੇਂਦਰੀ ਸੱਤਾ ਹਾਸਿਲ ਕਰਕੇ, ਕੀ ਉਹ ਸਮੁੱਚੇ ਕਸ਼ਮੀਰ, ਪੰਜਾਬ, ਨਾਗਾਲੈਂਡ ਮੀਜ਼ੋਰਮ ਇਤਿਆਦਿਕ ਦੇ ਲੋਕਾਂ ਨੂੰ ਵੀ ਆਪਣੀ ਕਿਸਮਤ ਦੇ ਫੈਸਲੇ ਆਪ ਲੈਂਣ ਦਾ ਹੱਕ ਉਨਾਂ ਨੂੰ ਦੇਵੇਗੀ ਜਾਂ ਨਹੀਂ …..ਸਮਾਂ ਹੀ ਦੱਸੇਗਾ।
ਦੋਸਤੋ ! ਅਸੀਂ ਸਿੱਖ ਹਾਂ , ਪੰਜਾਬੀ ਹਾਂ ਅਤੇ ਬਦਕਿਸਮਤੀ ਨਾਲ ਭਾਰਤ ਦੇ ਹਿੰਦੂਸਤਾਨੀਆਂ ਕਬਜ਼ੇ ਥੱਲੇ ਵੀ।ਇਹ ਗੱਲ ਸਾਨੂੰ ਪੱਲੇ ਬੰਨ ਲੈਂਣੀ ਚਾਹੀਦੀ ਹੈ ਕਿ ਹਿੰਦੂਸਤਾਨੀ ਕਾਨੂੰਨ ਥੱਲੇ ਸਾਨੂੰ ਨਾ ਤੇ ਇੰਸਾਫ ਮਿਲਣਾ ਹੈ ਅਤੇ ਨਾ ਹੀ ਬਰਾਬਰੀ ਦੇ ਅਧਿਕਾਰ, ਸਤਿਕਾਰ ਤੇ ਦੂਰ ਦਾ ਪਿੰਡ ਏ।
ਇਹ ਇੰਸਾਫ ਕੱਲਹਾ ਸਾਮਾਜਿਕ ਹੀ ਨਹੀਂ ਸਗੋਂ ਆਰਥਿਕ ਇੰਸਾਫ ਵੀ ਸਾਡੇ ਵਸੋਂ ਬਹੁਤ ਬਾਹਰੀ ਗੱਲ ਹੈ।ਇੱਥੇ ਮਹੱਲਿਆਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਨ ਵਾਲੇ ਕਿਸੇ ਹਿੰਦੂ ਨੂੰ ਤੇ ਹਿੰਦੂਸਤਾਨੀ ਹੱਥਾਂ ਤੇ ਚੱਕਣਗੇ ਪਰ ਜੇ ਕੋਈ ਸਿੱਖ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰੇਗਾ ਤਾਂ ਇਹ ਹਿੰਦੂਤਵੀ ਉਸਨੂੰ ਸਿੰਗਾਂ ਤੇ ਚੁੱਕ ਲੈਂਣਗੇ ਅਤੇ ਦੇਸ਼-ਧਰੋਹੀ ਦਾ ਖਿਤਾਬ ਦੇਣ ਲੱਗਿਆਂ ਝੱਟ ਦੀ ਵੀ ਦੇਰੀ ਨੀ ਕਰਨਗੇ, ਅਜੋਕਾ ਇਤਿਹਾਸ ਗਵਾਹ ਏ।
ਭਾਰਤ ਲਈ ਪੰਜਾਬ ਅੱਜ ਇੱਕ ਮੰਡੀ ਤੋਂ ਵੱਧ ਕੁਝ ਹੋਰ ਹੈਸੀਅਤ ਨੀ ਰੱਖਦਾ।ਜਿਸ ਤਰੀਕੇ ਨਾਲ ਅੱਜ ਪੰਜਾਬ ਦੀ ਆਰਥਿਕਤਾ ਦੀ ਲੁੱਟ-ਖਸੁੱਟ ਹਿੰਦੂਸਤਾਨ ਕਰ ਰਿਹਾ ਹੈ ਉਨੀ ਬੇਸ਼ਰਮੀ ਨਾਲ ਇਹ ਲੁੱਟ ਗੋਰਿਆਂ ਵੇਲੇ ਵੀ ਸੰਯੁਕਤ ਭਾਰਤ ਦੀ ਨਹੀਂ ਸੀ ਹੋ ਰਹੀ।ਇਸ ਗੱਲ ਦਾ ਅਹਿਸਾਸ ਸ਼ਹੀਦ ਮਦਨਲਾਲ ਢੀਂਗਰੇ ਨੇ 1900ਵਿਆਂ ਦੇ ਪਹਿਲੇ ਦਹਾਕਿਆਂ ਚ ਹੀ ਸਮਝ ਲਿਆ ਸੀ ਪਰ ਅਸੀਂ ਇਹ ਅੱਜ ਵੀ ਇਹ ਸਭ ਕੁਝ ਮਹਿਸੂਸ ਕਰਨ ਦੇ ਰੌਂਅ ਚ ਨਹੀਂ ਲੱਗਦੇ।
ਮਦਨ ਲਾਲ ਨੇ ਆਪਣੇ ਆਖਰੀ ਅਦਾਲਤੀ ਇੰਕਸ਼ਾਫ ਚ ਇਹ ਗੱਲ ਸਾਫ ਕਰ ਦਿੱਤੀ ਸੀ ਕਿ ਕਰਜ਼ਨ ਵਿਲੀ ਦਾ ਕਤਲ ਸੰਕੇਤਕ ਰੂਪ ਚ ਇਸ ਬਿਨਾਹ ਤੇ ਕੀਤਾ ਸੀ ਕਿ ਉਹ ਇੱਕ ਉਸ ਸ਼ਾਸਕੀ ਪਰਣਾਲੀ ਦਾ ਹਿੱਸਾ ਹੈ ਜੋ ਹਰ ਸਾਲ ਸੰਯੁਕਤ ਭਾਰਤ ਚੋ ਲਗਭੱਗ 100 ਮਿਲੀਅਨ ਪੌਂਡ ਦੀ ਖਸੁੱਟ ਕਰਕੇ ਉਸਦੇ ਲੱਖਾਂ ਭਾਰਤੀਆਂ ਨੂਂ ਭੁੱਖੇ ਸੌਣ ਲਈ ਮਜ਼ਬੂਰ ਕਰਦੀ ਹੈ ਜਿਸ ਕਰਕੇ ਇਹ ਕਦਮ ਚੁੱਕਣਾ ਜ਼ਰੂਰੀ ਹੋ ਗਿਆ ਸੀ, ਪਰ ਅਫਸੋਸ ਇਹ ਹੈ ਕਿ ਸਾਡੇ ਸਿੱਖ ਅਤੇ ਪੰਜਾਬੀ ਅੱਜ ਇਸ ਗੱਲ ਦੇ ਅਸਰ/ ਮਤਲਬ ਨੂੰ ਅੱਜ ਤੱਕ ਮਹਿਸੂਸ ਨੀ ਕਰ ਪਾਏ ਕਿ ਅੱਜ ਦਾ ਹਿੰਦੂਸਤਾਨ ਸਾਡੇ ਕੁਦਰਤੀ ਸਰੋਤ ਪਾਣੀ ਤੋਂ ਹੀ , ਜੇਕਰ ਪਾਣੀ ਨੂੰ ਇੱਕ ਹੀ ਪੈਸਾ ਪ੍ਰਤਿ ਲੀਟਰ ਵੇਚੀਏ ਤਾਂ ਵੀ, ਹਰ ਸਾਲ ਪੰਜਾਬ ਦੇ ਖਜ਼ਾਨੇ ਦਾ 3.9 ਬਿਲੀਅਨ ਡਾਲਰ (1$=45 ਰੁਪਏ ਦੇ ਹਿਸਾਬ ਨਾਲ) ਲੁੱਟ ਲੈਂਦਾ ਹੈ।ਪਾਠਕਾਂ ਦੀ ਜਾਣਕਾਰੀ ਹਿਤ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਅਖੌਤੀ ਆਜ਼ਾਦੀ ਤੋਂ ਪਹਿਲਾਂ ਬੀਕਾਨੇਰ ਦੀ ਰਿਆਸਤ ਪੰਜਾਬ ਨੂੰ ਪਾਣੀ ਦੇ ਪ੍ਰਤੀ ਏਕੜ ਫੀਟ ਲਈ 12917 ਰੁ. ਤਾਰਦੀ ਹੁੰਦੀ ਸੀ ਜੋ ਕਿ ਪਿਛਲੇ ਛੇ ਦਹਾਕਿਆਂ ਤੋਂ ਪੰਜਾਬ ਦੇ ਪਾਣੀਆਂ ਦੀਆਂ ਨੌਨ ਰਾਇਪੇਰੀਅਨ ਸਟੇਟਸ ਪੰਜਾਬ ਨੂੰ ਨਹੀਂ ਤਾਰ ਰਹੀਆਂ।
ਇੱਕ ਅੰਦਾਜ਼ੇ ਮੁਤਾਬਿਕ ਜੇ ਇਹ ਗੁਣਾਂ-ਤਕਸੀਮ ਅਸੀਂ ਪੰਜਾਬ ਦੇ ਹੋਂਦ ਚ ਆਉਣ ਤੋਂ ਬਾਅਦ 1966 ਨੂੰ ਆਧਾਰ ਮੰਨ ਕੇ ਵੀ ਕਰੀਏ ਤਾਂ ਵੀ ਇਹ ਰਕਮ ਕੋਈ $187.7ਬਿਲੀਅਨ, ਯਾਨਿ ਕਿ 8424,000,000,000 ਰੁਪੈ ਆਮ ਭਾਸ਼ਾ ਚ 8ਲੱਖ 42 ਹਜ਼ਾਰ 4ਸੌ ਕਰੋੜ ਰੁਪੈ।ਜੇ ਇਸ ਰਕਮ ਨੂੰ ਹੋਰ ਵੀ ਸਮਝਣਯੋਗ ਬਣਾਉਣਾ ਹੋਵੇ ਤਾਂ ਇਹ ਰਕਮ ਉੱਨੀ ਹੈ ਕਿ ਪੰਜਾਬ ਸਿਰ ਚੜ੍ਹਿਆ ਹੋਇਆ 1ਲੱਖ ਕਰੋੜ ਦਾ ਕਰਜ਼ਾ ਲਾਹ ਕੇ ਵੀ ਪੰਜਾਬ ਦੇ ਖਜ਼ਾਨੇ ਚ ਅੱਜ 7ਲੱਖ 42ਹਜ਼ਾਰ 400 ਕਰੋੜ ਰੁਪਇਆ ਜਮਾਂ ਹੋਣਾ ਸੀ ਜਿਸ ਨਾਲ ਕਿ ਸੁਖਬੀਰ ਵਰਗਾ ਗਪੌੜਸ਼ੰਖ ਸਚਮੁੱਚ ਹੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਸਕਦਾ ਸੀ ।
ਪਾਠਕੋ ਇਹ ਉਹ ਰਕਮ ਹੈ ਜੋ ਪੰਜਾਬ ਦੀ ਆਰਥਿਕਤਾ ਦੇ ਸਿਰਫ ਪਾਣੀ ਵਾਲੇ ਪਹਿਲੂ ਨੂੰ ਹੀ ਆਧਾਰ ਮੰਨ ਕੇ ਅਨੁਮਾਨੀ ਗਈ ਹੈ ਜੋ ਕਿ ਬਿਲਕੁਲ ਸਿੱਧੇ ਰੂਪ ਚ ਪੰਜਾਬ ਦੇ ਖਜ਼ਾਨੇ ਨੂੰ ਸਾਈਫਨ ਕਰਕੇ ਲੁੱਟੀ ਹੋਈ ਰਕਮ ਹੈ, ਤੇ ਅਸਿੱਧੇ ਰੂਪ ਚ ਜੋ ਪੈਸਾ ਪੰਜਾਬ ਨੇ ਉਸ ਕੰਗਾਲ ਮੁਲਖ ਦੀ ਰਿਆਇਆ ਨੂੰ ਰਜਾਉਣ ਲਈ ਆਪਣੀ ਹੀ ਮਾਂ ਵਰਗੀ ਧਰਤੀ ਦੀਆਂ ਰਗਾਂ ਚੋਂ ਖੂਨ ਵਰਗਾ ਪਾਣੀ ਨਿਚੋੜ ਨਿਚੋੜ ਝੋਨਾ ਉਗੌਣ ਨੂੰ ਖਰਚ ਕੀਤਾ ਉਸਦਾ ਕੋਈ ਹਿਸਾਬ ਹੀ ਨਹੀਂ।
ਜੋ ਪੈਸਾ ਅੰਨ ਉਗੌਣ ਲਈ ਡੀਜ਼ਲ ਬਿਜਲੀ ਤੇ ਉਜਾੜਿਆ ਉਹ ਸਾਰਾ ਰੂੰਘੇ ਚ।ਮਿੱਤਰ ਪਿਆਰਿਓ ! ਸ਼ੋਸ਼ਣ ਦੀ ਦਾਸਤਾਂ ਅਜੇ ਖਤਮ ਨੀ ਹੋਈ।ਇਹ ਦਾਸਤਾਂ ਆਪਣੀ ਅਗਲੀ ਪੀੜ੍ਹੀ ਦੇ ਭਵਿੱਖ ਨੂੰ ਸਵਾਰਨ ਲਈ ਅਸੀਂ ਸੁਣਨੀ ਤੇ ਪਰਚਾਰਨੀ ਪਸੰਦ ਕਰਾਂਗੇ ਜਾਂ ਮੂਲੋਂ ਵਿਸਾਰ ਉਸ ਭਵਿੱਖ ਨੂੰ ਤਬਾਹ ਕਰਨਾ ਪਸੰਦ ਕਰਾਂਗੇ….ਸਮਾਂ ਹੀ ਦੱਸੇਗਾ।
ਦੋਸਤੋ ! ਸਾਨੂੰ ਇਹ ਅਹਿਸਾਸ ਕਰਨਾ ਹੀ ਪਵੇਗਾ ਕਾ ਅੱਜ ਵੀ ਸਾਡੇ ਕੋਲ ਤਾਕਤ ਬਣ ਸਕਦੀ ਹੈ ਕਿਉਂਕਿ ਅੱਜ ਵੀ ਸਾਡੇ ਕੋਲ 3 ਮਿਲੀਅਨ ਮਿਹਨਤੀ ਅਤੇ ਗੰਭੀਰ ਪਰਵਾਸੀਆਂ ਦਾ ਇੱਕ ਵੱਡਾ ਪੂਰ ਭਾਰਤੀ ਗ਼ੁਲਾਮੀ ਦੀ ਜ਼ੱਦ ਤੋਂ ਬਾਹਰ ਬੈਠਾ ਹੋਇਆ ਪੰਜਾਬ ਦੇ ਹਾਲਾਤਾਂ ਤੋਂ ਚਿੰਤਿਤ ਹੈ।
ਇੱਕ ਕਲਪਿਤ ਜਿਹੇ ਅਨੁਮਾਨ ਮੁਤਾਬਿਕ ਪਿਛਲੇ ਸਾਲ ਭਾਰਤ ਨੂੰ ਪਰਵਾਸੀਆਂ ਵਲੋਂ ਗਈ 71 ਬਿਲੀਅਨ ਡਾਲਰ ਦੀ ਮਾਇਕ ਸਹਾਇਤਾ ਚੋਂ , IIM Bangalore ਦੀ ਖੋਜ ਦੇ ਆਧਾਰ ਤੇ, ਸਮੂਹ ਪੰਜਾਬੀਆਂ ਨੇ(ਜਿਸ ਦਾ ਵੱਡਾ ਹਿੱਸਾ ਸਿੱਖ ਨੇ) ਕੋਈ 10(9.94) ਬਿਲੀਅਨ ਡਾਲਰ ਭੇਜੇ ਨੇ।ਇਹ ਪੈਸਾ ਕੋਈ 600 ਅਰਬ ਰੂਪੈ ਬਣਦਾ ਹੈ , ਇਹ ਪੈਸਾ ਇੰਨਾ ਹੈ ਕਿ ਪੰਜਾਬ ਦਾ ਸਲਾਨਾ ਬਜਟ (ਕੋਈ 583 ਅਰਬ ਰੂਪੈ) ਜੇਕਰ ਬਿਨਾਂ ਕੋਈ ਨਵਾਂ ਟੈਕਸ ਲਾਇਆਂ ਵੀ ਪੂਰਾ ਕਰਨਾ ਹੋਵੇ ਤਾਂ ਵੀ ਬਜਟ ਪੂਰਾ ਹੋਣ ਤੋਂ ਬਾਅਦ ਵੀ 17 ਅਰਬ ਰੂਪੈ ਬਾਦਲਾਂ ਵਰਗੇ ਬਘਿਆੜਾਂ ਦੀ ਮਾਇਆ ਤਰਿਸ਼ਨਾ ਨੂੰ ਸ਼ਾਤ ਕਰਨ ਲਈ ਸਪੇਅਰ ਰੱਖਿਆ ਜਾ ਸਕਦਾ ਸੀ।ਪਰ ਇਸ ਖੇਤਰ ਚ ਵੀ ਬੈਂਕਾਂ ਦਾ ਰਾਸ਼ਟਰੀਕਰਣ ਹੋਣ ਕਰਕੇ ਜਿਣਸਾਂ ਤਾਂ ਪੰਜਾਬ ਚ ਵੇਚੀਆਂ ਜਾ ਰਹੀਆਂ ਨੇ ਪਰ ਉਦਯੋਗ ਅਤੇ ਪੈਸੇ ਦਾ ਨਿਵੇਸ਼/ਇੰਨਵੈਸਟਮੈਂਟ ਗਵਾਂਢੀ ਸੂਬਿਆਂ ਚ ਹੋ ਰਹੀ ਹੈ।
ਉਦਾਹਰਣ ਦੇ ਤੌਰ ਤੇ 20% ਦੇ ਕਰੀਬ ਕਾਰਾਂ ਵੇਚੋ ਪੰਜਾਬ ਚ ਪਰ ਹੈਨਕੂਕ ਦੀਆਂ ਟਾਇਰਾਂ ਦੀਆਂ 10-10 ਹਜ਼ਾਰ ਕਰੋੜ ਦੀਆਂ ਫੈਕਟਰੀਆਂ ਜਾਂ ਮਾਰੂਤੀ ਜਾਂ ਐਗਕੌਰਟ ਦੇ ਕਾਰਖਾਨੇ ਲਾਓ ਹਰਿਆਣੇ ‘ਚ।
ਅਜੇ ਵੀ ਸਮਾਂ ਹੈ ਕੁਝ ਸਮਝ ਕੇ ਸੰਭਲਣ ਦਾ ਨਹੀਂ ਤੇ ਫਿਰ ਸਮਾਂ ਨੀ ਮਿਲਣਾ।ਅਸੀਂ ਆਪਣੇ ਨਾਜ਼ੁਕ ਅਤੇ ਫੋਸੜ ਲੀਡਰਾਂ ਤੇ ਆਸਾਂ ਲਾ ਆਪਣਾ ਬਹੁਤ ਕੁਝ ਗਵਾ ਲਿਆ ਹੈ।ਭਗਤ ਸਿੰਘ ਸਟਾਇਲ ਪੱਗਾਂ ਬੰਨ੍ਹ ਬੰਨ੍ਹ ਭਾਰਤ ਮਾਤਾ ਦੀ ਜੈ ਜੈਕਾਰ ਕਰ ਕਰ ਬਥੇਰਾ ਬਰਮਾ ਲਿਐ ਆਪਣੇ ਆਪ ਨੂੰ ਹੁਣ ਸਮੇਂ ਦੇ ਹਾਣੀ ਹੋਣ ਦਾ ਸਮਾਂ ਹੈ।ਉਹ ਲੋਕ ਜੋ ਅੱਜ ਵੀ ਆਜ਼ਾਦੀ ਦੇ ਅਹਿਸਾਸ ਨੂੰ ਹੱਦਾਂ ਨਾਲ ਲੱਗਣ ਵਾਲੀ ਬੰਦਰਗਾਹ ਦੇ ਮੁੱਲ ਦੇ ਤੌਰ ਤੇ ਆਂਕਦੇ ਹਨ ਉਨਾਂ ਨੂੰ ਇਸ ਅਦਨੇ ਜਿਹੇ ਪੰਜਾਬੀ ਸਿੱਖ ਦੀ ਬੇਨਤੀ ਹੈ ਕਿ ਹੁਣ ਸੰਭਲਣ ਦਾ ਵੇਲਾ ਹੈ ਸੰਭਲ ਜਾਓ ਨਹੀਂ ਤੇ ਜੋ ਅਸੀਂ ਅੱਜ ਬੰਦਰਗਾਹ ਦਾ ਸਵਾਲ ਉੱਠਾਉਂਦੇ ਹਾਂ ਕੱਲ ਨੂੰ ਪੀਣ ਨੂੰ ਪਾਣੀ ਵੀ ਨਸੀਬ ਨੀ ਹੋਣਾ।
ਆਪਣੇ ਆਪ ਚੋਂ ਨਾਇਕ ਦੀ ਪਛਾਣ ਕਰੋ ਗੀਦੀ ਸਿਆਸਤਦਾਨਾਂ ਨੇ ਲਾਰਿਆਂ ਤੇ ਨਾਹਰਿਆਂ ਤੋਂ ਬਗੈਰ ਹੋਰ ਕੁਝ ਨੀ ਦੇਣਾ।ਇਹ ਹਰ ਥਾਂ ਵਿਕਣੇ ਨੇ ਹਰ ਥਾਂ ਇਨਾਂ ਸਾਡੇ ਹਿੱਤਾਂ ਦੀਆਂ ਦਲਾਲੀਆਂ ਕਰਨੀਆਂ ਨੇ , ਇਨਾਂ ਲੋਕਾਂ ਦੇ ਇਸ ਫੋਸੜਪੁਣੇ ਤੋਂ ਮਿਰਜ਼ਾ ਗ਼ਾਲਿਬ ਦਾ ਇੱਕ ਸ਼ੇਅਰ ਯਾਦ ਆਉਂਦੈ ਜੋ ਕਿ ਉਸਨੇ ਇੱਕ ਕਮਜ਼ੋਰ ਮਹਿਬੂਬ/ਮਹਿਬੂਬਾ ਨੂੰ ਜ਼ਹਿਨ ਚ ਰੱਖ ਕੇ ਲਿਖਿਆ ਸੀ :-
ਤਿਰੀ ਨਾਜ਼ੁਕੀ ਸੇ ਜਾਨਾ ਕਿ ਬੰਧਹਾ(ਬੱਝਾ) ਥਾ ਅਹਿਦ (ਵਾਅਦਾ) ਬੋਦਾ(ਫੋਸੜ)।
ਕਭੀ ਤੂੰ ਨ ਤੋੜ ਸਕਤਾ ਗ਼ਰ ਉਸਤਵਾਰ (ਸਖਤ/ਤਾਕਤਵਾਰ/ਪੱਕਾ) ਹੋਤਾ।
ਕੀ ਸਾਡੀ ਸਿੱਖ ਕੌਮ ਲਾਰਿਆਂ ਦੇ ਇਸ ਚੱਕਰਵਿਊ ਨੂੰ ਕਦੀ ਤੋੜ ਪਾਵੇਗੀ ਜਾਂ ਸਾਰੀ ਉਮਰ ਫਰੇਬਾਂ ਦੀ ਇਸ ਘੁੰਮਣਘੇਰੀ ਚ ਹੀ ਫਸੀ ਰਹੇਗੀ….ਸਮਾਂ ਹੀ ਦੱਸੇਗਾ।
Related Topics: Aam Aadmi Party, Delhi Assembly By-election, Sikh Politics