July 25, 2015 | By ਸਿੱਖ ਸਿਆਸਤ ਬਿਊਰੋ
ਨਵੀ ਦਿੱਲੀ (24 ਜੁਲਾਈ, 2015): ਭਾਰਤੀ ਸੁਪਰੀਮ ਕੋਰਟ ਵੱਲੋਂ 1993 ਵਿਚ ਮੁੰਬਈ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਦੀ ਪਟੀਸ਼ਨ ‘ਤੇ ਸੁਣਵਾਈ ਸੋਮਵਾਰ ਨੂੰ ਕੀਤੀ ਜਾਵੇਗੀ, ਜਿਸ ਵਿਚ ਉਸ ਨੇ ਆਪਣੀ ਮੌਤ ਦੀ ਸਜ਼ਾ ‘ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ।
ਮਾਮਲੇ ਦੀ ਸੁਣਵਾਈ ਲਈ ਤਿੰਨ ਜੱਜਾਂ ਦਾ ਸੰਵਿਧਾਨਕ ਬੈਂਚ ਕਾਇਮ ਕੀਤਾ ਹੈ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਟੀ. ਆਰ. ਅੰਧਿਯਾਰਜਿਨਾ ਨੇ ਅੱਜ ਅਦਾਲਤ ਦੇ ਸਾਹਮਣੇ ਮਾਮਲਾ ਪੇਸ਼ ਕੀਤਾ। ਜਿਸ ‘ਤੇ ਮੁੱਖ ਜਸਟਿਸ ਸ੍ਰੀ ਐਚ. ਐਲ. ਦੱਤੂ ਨੇ ਕਿਹਾ, ‘ਮੈਂ ਇਹ ਮਾਮਲਾ ਇਕ ਬੈਂਚ ਨੂੰ ਸੌਾਪ ਦਿੱਤਾ ਹੈ। ਇਸ ‘ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ।’
ਜਸਟਿਸ ਅਰੁਣ ਮਿਸ਼ਰਾ ਤੇ ਅਮਿਤਾਵਾ ਰਾਏ ‘ਤੇ ਆਧਾਰਿਤ ਸੰਵਿਧਾਨਕ ਬੈਂਚ ਨੇ ਕਿਹਾ, ‘ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ।’ ਇਸ ਮਾਮਲੇ ਦੀ ਸੁਣਵਾਈ ਜਸਟਿਸ ਏ.ਆਰ. ਦਵੇ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਵੱਲੋਂ ਸੋਮਵਾਰ 27 ਜੁਲਾਈ ਨੂੰ ਕੀਤੀ ਜਾਵੇਗੀ।
ਯਾਕੂਬ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਟਾਡਾ ਅਦਾਲਤ ਦਾ ਮੌਤ ਦਾ ਵਾਰੰਟ ਗੈਰ-ਕਾਨੂੰਨੀ ਹੈ। ਜ਼ਿਕਰਯੋਗ ਹੈ ਕਿ ਯਾਕੂਬ ਮੈਮਨ ਨੂੰ ਆਉਂਦੇ ਵੀਰਵਾਰ,30 ਜੁਲਾਈ ਨੂੰ ਸਵੇਰੇ 7 ਵਜੇ ਫ਼ਾਂਸੀ ਦਿੱਤੀ ਜਾਣੀ ਹੈ।
ਯਾਕੂਬ ਮੇਮਨ ਨੂੰ ਇੱਕ ਟਾਡਾ ਅਦਾਲਤ ਨੇ 2007 ਵਿੱਚ 1993 ਨੂੰ ਬੰਬਈ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ।
ਭਾਰਤ ਵਿੱਚ ਇਸਤੋਂ ਪਹਿਲਾਂ ਅਫ਼ਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦਿੱਤੀ ਗਈ ਸੀ।
Related Topics: Death Penality, Indian Satae, Supreme Court of India