November 9, 2017 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸ਼ਿੰਘ): ਦਸਮ ਪਾਤਸ਼ਾਹ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਦੀ ਤਰੀਕ ਨੂੰ ਲੈਕੇ ਤਖਤ ਪਟਨਾ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਹੋ-ਸਾਹਮਣੇ ਹੋਣ ‘ਤੇ ਅਕਾਲ ਤਖਤ ਸਾਹਿਬ ਵਿਖੇ ਪੰਜ ਜਥੇਦਾਰਾਂ ਦੀ ਇੱਕਤਰਤਾ ਬੁਲਾ ਲਈ ਗਈ ਹੈ। ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਹੋਣ ਵਾਲੀ 13 ਨਵੰਬਰ ਦੀ ਇੱਕਤਰਤਾ ਇਹ ਫੈਸਲਾ ਕਰੇਗੀ ਕਿ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਮਨਾਇਆ ਜਾਣਾ ਹੈ ਜਾਂ 5 ਜਨਵਰੀ 2018 ਨੂੰ। ਸਾਲ 2003 ਵਿੱਚ ਤਖਤ ਦਮਦਮਾ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਵਲੋਂ ਕੌਮ ਨੂੰ ਸਮਰਪਿਤ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਸਮ ਪਿਤਾ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ 5 ਜਨਵਰੀ ਨਿਸ਼ਚਿਤ ਕੀਤੀ ਗਈ ਸੀ। ਤਕਰੀਬਨ 7 ਸਾਲ ਲਾਗੂ ਰਹੇ ਇਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਾਲ 2010 ਵਿੱਚ ਇਹ ਕਹਿ ਕੇ “ਸੋਧ” ਦਿੱਤਾ ਗਿਆ ਸੀ ਕਿ ਮੂਲ ਨਨਾਕਸ਼ਾਹੀ ਕੈਲੰਡਰ, ਸਿੱਖ ਧਰਮ ਇਤਿਹਾਸ ਤੇ ਗੁਰਇਤਿਹਾਸ ਦੀਆਂ ਸਥਾਪਿਤ ਤੇ ਪ੍ਰਚਲਤ ਪ੍ਰੰਪਰਾਵਾਂ ਦੀ ਉਲੰਘਣਾ ਕਰਦਾ ਹੈ।
ਸ਼੍ਰੋਮਣੀ ਕਮੇਟੀ ਦੁਆਰਾ ਇਸੇ ਸਾਲ ਮਾਰਚ ਵਿੱਚ ਰਲੀਜ ਕੀਤੇ ਗਏ “ਸੋਧੇ ਹੋਏ ਨਾਨਕਸ਼ਾਹੀ ਕੈਲੰਡਰ” ਸੰਮਤ 549 ਅਨੁਸਾਰ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਹੈ। ਕਮੇਟੀ ਪ੍ਰਧਾਨ ਕਿਰਪਾਲ ਸਿਂਘ ਬਡੂੰਗਰ ਨੇ ਖੁਦ ਇਹ ਬਿਆਨ ਦੇਕੇ ਕਿ ‘25 ਦਸੰਬਰ ਦਾ ਦਿਨ ਤਾਂ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਹਫਤੇ ‘ਚ ਆਉਂਦਾ ਹੈ’। ਕਿਰਪਾਲ ਸਿੰਘ ਬਡੂੰਗਰ ਦੇ ਇਸ ਬਿਆਨ ਦੇ ਜਵਾਬ ‘ਚ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਜੋ ਮੂਲ ਨਨਾਕਸ਼ਾਹੀ ਕੈਲੰਡਰ (2003) ਦੇ ਵਿਰੋਧੀ ਰਹੇ ਹਨ, ਨੇ ਕਿਹਾ ਕਿ ਪ੍ਰਕਾਸ਼ ਦਿਹਾੜਾ ਤਾਂ 25 ਦਸੰਬਰ ਨੂੰ ਹੀ ਮਨਾਇਆ ਜਾਵੇਗਾ। ਮਸਲੇ ਦੇ ਹੱਲ ਲਈ ਗਿਆਨੀ ਗੁਰਬਚਨ ਸਿੰਘ ਨੇ 13 ਨਵੰਬਰ ਨੂੰ ਪੰਜ ਜਥੇਦਾਰਾਂ ਦੀ ਇੱਕਤਰਤਾ ਦਾ ਵਾਸਤਾ ਪਾ ਦਿੱਤਾ ਹੈ। ਪਰ ਇਹ ਮਾਮਲਾ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਲਈ ਮੁਸ਼ਕਲ ਬਣਦਾ ਜਾ ਰਿਹਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ (2003) ਨੂੰ ਰੱਦ ਕਰਨ ਵਾਲੇ ਲੋਕ ਹੁਣ ਮੁੜ ਉਸੇ ਕੈਲੰਡਰ ਨੂੰ ਕਿਵੇਂ ਪ੍ਰਵਾਨ ਕਰਨਗੇ ਤੇ ਆਪਣੇ ਹੀ ਤਿਆਰ ਕੀਤੇ ਕੈਲੰਡਰ ਦੀ ਉਲੰਘਣਾ ਕਿਵੇਂ ਕਰਨਗੇ?
ਇਹ ਮਾਮਲਾ ਇਸ ਕਰਕੇ ਹੋਰ ਵੀ ਅਹਿਮੀਅਤ ਰੱਖਦਾ ਹੈ ਕਿ ਜਿਸ ਅਵਤਾਰ ਸਿੰਘ ਮੱਕੜ ਦੀ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਦੌਰਾਨ, ਸਾਲ 2010 ਵਿੱਚ ਨਵਾਂ “ਸੋਧਿਆ ਹੋਇਆ” ਕੈਲੰਡਰ ਬਣਾਉਂਦਿਆਂ ਦਾਅਵਾ ਕੀਤਾ ਗਿਆ ਸੀ ਕਿ ਇਹ ਕੈਲੰਡਰ ਕੌਮ ਵਿੱਚ ਪਈ “ਦੁਵਿਧਾ” ਦੂਰ ਕਰੇਗਾ, ਹੁਣ ਉਹੀ ਮੱਕੜ ਇਸ ਵੇਲੇ ਤਖਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦਾ ਦੁਬਾਰਾ ਪ੍ਰਧਾਨ ਬਣ ਗਿਆ ਹੈ, ਤੇ ਸਾਲ 2003 ਵਿੱਚ ਮੂਲ ਰੂਪ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਦੇ ਪ੍ਰਤੀਕ ਵਜੋਂ ਲਾਗੂ ਕਰਾਉਣ ਵਾਲੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਇਸੇ ਵੇਲੇ ਕਮੇਟੀ ਪ੍ਰਧਾਨ ਦੇ ਅਹੁਦੇ ‘ਤੇ ਬੈਠੇ ਹਨ। ਪਰ ਪ੍ਰੋ: ਬਡੂੰਗਰ ਸਾਹਮਣੇ ਇਹ ਸਵਾਲ ਬਹੁਤ ਅਹਿਮ ਹੈ ਕਿ ਨਾਨਕਸ਼ਾਹੀ ਸੰਮਤ 549 (ਈਸਵੀ ਸੰਨ 2017-2018) ਦਾ ਕੈਲੰਡਰ ਤੇ ਜੰਤਰੀ ਛਪਵਾਏ ਜਾਣ ਵੇਲੇ ਪ੍ਰੋ. ਬਡੂੰਗਰ ਨੂੰ ਇਹ ਖਿਆਲ ਪਹਿਲਾਂ ਕਿਉਂ ਨਹੀਂ ਆਇਆ ਕਿ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਹੈ।
ਜਿਨ੍ਹਾਂ ਹਾਲਾਤਾਂ ਵਿੱਚ ਕੌਮ ਲਈ ਅਤੀ ਜ਼ਰੂਰੀ ਸਮਝੇ ਗਏ ਤੇ ਵਿੱਲ਼ਖਣ ਹੋਂਦ ਹਸਤੀ ਦਾ ਪ੍ਰਤੀਕ ਮੰਨੇ ਗਏ ਨਾਨਕਸ਼ਾਹੀ ਕੈਲੰਡਰ ਦੀ ਜ਼ਰੂਰਤ ਅਤੇ ਤਿਆਰੀ ਹੋਈ ਉਸਦੀ ਇੱਕ ਉਦਾਹਰਣ ਸਭਦੇ ਸਾਹਮਣੇ ਹੈ ਕਿ ਸ. ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਗਿਆ ਕੈਲੰਡਰ ਰਸਮੀ ਤੌਰ ‘ਤੇ ਸ਼੍ਰੋਮਣੀ ਕਮੇਟੀ ਦੁਆਰਾ ਅਪ੍ਰੈਲ 2003 ਵਿੱਚ ਜਾਰੀ ਕੀਤਾ ਗਿਆ ਸੀ ਪਰ ਇਸ ਅਨੁਸਾਰ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 1999 ਵਿੱਚ 5 ਜਨਵਰੀ ਨੂੰ ਮਨਾਇਆ ਗਿਆ ਸੀ ਕਿਉਂਕਿ ਉਸ ਸਾਲ ਵਿੱਚ, ਪ੍ਰਚਲਤ ਬਿਕਰਮੀ ਕੈਲੰਡਰ ਅਨੁਸਾਰ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ ਆ ਹੀ ਨਹੀਂ ਸੀ ਰਿਹਾ।
ਸਬੰਧਤ ਖ਼ਬਰ:
ਮੂਲ ਨਾਨਕਸ਼ਾਹੀ ਕੈਲੰਡਰ (2003) ਮੁਤਾਬਕ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ …
ਪਰ ਸਾਲ 2000 ਵਿੱਚ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਅਤੇ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਰਮਿਆਨ ਪੈਦਾ ਹੋਏ ਮੱਤਭੇਦਾਂ ਦਾ ਮੁੱਖ ਕਾਰਨ ਜਾਂ ਸ਼ੁਰੂਆਤੀ ਕਾਰਣ ਵੀ ਜਨਵਰੀ ਮਹੀਨੇ ਵਿੱਚ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ ਮਨਾਏ ਜਾਣ ਨੂੰ ਲੈਕੇ ਸੀ। ਪਰ ਇਹ ਸਪੱਸ਼ਟ ਸੀ ਕਿ ਇਸ ਕੈਲੰਡਰ ਬਾਰੇ ਪਾਏ ਜਾਣ ਵਾਲੇ ਕਿਸੇ ਇਤਰਾਜ਼ ‘ਤੇ ਉਸਦੇ ਹੱਲ ਲਈ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਹੈਸੀਅਤ ਵਿੱਚ 4 ਸਾਲ ਇੰਤਜ਼ਾਰ ਜ਼ਰੂਰ ਕੀਤਾ। ਪਰ 7 ਸਾਲ ਬਾਅਦ ਇਸ ਕੈਲੰਡਰ ਨੂੰ “ਸੋਧਾਂ” ਦੇ ਨਾਮ ਹੇਠ ਤਬਦੀਲ ਕਰ ਦਿੱਤਾ ਗਿਆ। ਪਿਛਲੇ ਸੱਤ ਸਾਲ ਤੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਏ ਜਾਣ ਨੂੰ ਲੈਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵਿਚਕਾਰ ਵਿਵਾਦ ਹੁੰਦਾ ਆ ਰਿਹਾ ਹੈ।
ਸਬੰਧਤ ਖ਼ਬਰ:
ਕੈਲੰਡਰ: ਸ਼੍ਰੋਮਣੀ ਕਮੇਟੀ ਨਹੀਂ ਭੇਜੇਗੀ ਜੱਥਾ, ਪਾਕਿਸਤਾਨ ‘ਚ 16 ਜੂਨ ਨੂੰ ਮਨਾਇਆ ਜਾਏਗਾ ਸ਼ਹੀਦੀ ਦਿਹਾੜਾ …
ਵੇਖਿਆ ਇਹੀ ਗਿਆ ਕਿ ਸ਼੍ਰੋਮਣੀ ਕਮੇਟੀ ਦੀ ‘ਜ਼ਿੱਦ’ ਕਾਰਨ ਚੜ੍ਹਦੇ ਪੰਜਾਬ ਤੋਂ ਕੋਈ ਸਿੱਖ ਜਥਾ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਖੇ ਸ਼ਹੀਦੀ ਦਿਹਾੜਾ ਮਨਾਉਣ ਨਹੀਂ ਜਾ ਸਕਿਆ। ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਲੈਕੇ ਨਾਨਕਸ਼ਾਹੀ ਕੈਲੰਡਰ ਦੀ ਹਮਾਇਤੀ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵਲੋਂ “ਸੋਧ” ਦੇ ਨਾਂ ਹੇਠ ਕੀਤੇ ਬਿਕਰਮੀ ਕੈਲੰਡਰ ਦੀ ਹਮਾਇਤੀ ਜਥੇਬੰਦੀਆਂ ‘ਚ ਲਗਾਤਾਰ ਕਸ਼ਮਕਸ਼ ਜਾਰੀ ਰਹਿੰਦੀ ਹੈ।
ਸਾਲ 2010 ਵਿੱਚ ਮੂਲ ਰੂਪ ਨਾਨਕਸ਼ਾਹੀ ਕੈਲੰਡਰ (2003) ਨੂੰ ਸੋਧਣ ਦੇ ਨਾਮ ਹੇਠ ਤਰਕ ਦਿੱਤਾ ਗਿਆ ਸੀ ਕਿ ਸੋਧਿਆ ਹੋਇਆ ਕੈਲੰਡਰ ਸਥਾਪਿਤ ਅਤੇ ਪ੍ਰਚਲਤ ਸਿੱਖ ਪ੍ਰੰਪਰਾਵਾਂ ਦੀ ਉਲੰਘਣਾ ਨਹੀਂ ਕਰਦਾ। ਹੁਣ ਕਿਉਂਕਿ ਇਕ ਵਾਰ ਫਿਰ ਸਾਲ 2017 ਵਿੱਚ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ ਸਾਲ ਵਿੱਚ ਦੋ ਵਾਰ ਆ ਗਿਆ ਹੈ। ਸਾਲ 2015 ਵਿੱਚ ਵੀ ਅਜਿਹਾ ਹੀ ਹੋਇਆ ਸੀ ਤੇ ਫਿਰ ਸਾਲ 2013 ਵਿੱਚ ਵੀ ਕਿ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ ਸਾਲ ਵਿੱਚ ਦੋ ਵਾਰ ਤੇ ਬਾਕੀ ਸਾਲਾਂ ਵਿੱਚ ਬਿਲਕੁਲ ਨਹੀਂ। ਖੁਦ ਸ਼੍ਰੋਮਣੀ ਕਮੇਟੀ ਵਲੋਂ ਛਾਪੇ ਗਏ ਇਸ ਨਵੇਂ “ਸੋਧੇ ਹੋਏ ਨਾਨਕਸ਼ਾਹੀ (ਬਿਕਰਮੀ) ਕੈਲੰਡਰ” ਅਨੁਸਾਰ ਜੂਨ 84 ਦੇ ਫੌਜੀ ਹਮਲੇ ਦੀਆਂ ਤਾਰੀਕਾਂ 4-6 ਜੂਨ ਹਨ ਜੋ ਕਿ ਈਸਵੀ ਕੈਲੰਡਰ ਅਨੁਸਾਰ ਹਨ। ਭਾਈ ਜਿੰਦਾ ਸੁਖਾ ਦੀ ਸ਼ਹਾਦਤ ਤਰੀਕ 9 ਅਕਤੂਬਰ, ਭਾਈ ਸਤਵੰਤ ਸਿੰਘ ਕੇਹਰ ਸਿੰਘ ਦੀ ਸ਼ਹਾਦਤ ਦੀ ਤਰੀਕ 6 ਜਨਵਰੀ, ਈਸਵੀ ਕੈਲੰਡਰ ਅਨੁਸਾਰ ਹੈ। ਜ਼ਿਕਰਯੋਗ ਹੈ ਕਿ ਜੂਨ 1984 ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ 3 ਜੂਨ ਨੂੰ ਸੀ ਜਿਸਦਾ ਲਾਹਾ ਲੈਂਦਿਆਂ ਹਿੰਦੁਸਤਾਨ ਸਰਕਾਰ ਨੇ 4 ਜੂਨ ਨੂੰ ਫੌਜੀ ਹਮਲਾ ਅੰਜ਼ਾਮ ਦਿੱਤਾ।
ਸਬੰਧਤ ਖ਼ਬਰ:
ਦਲ ਖ਼ਾਲਸਾ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਸੰਮਤ 549 ਦਾ ਮੂਲ਼ ਨਾਨਕਸ਼ਾਹੀ ਕਲੰਡਰ (2003) ਜਾਰੀ …
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਾਲ 2003 ਵਿੱਚ ਲਾਗੂ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਸਭ ਤੋਂ ਪਹਿਲਾਂ ਵਿਰੋਧ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਹੀ ਜਤਾਇਆ ਸੀ ਜੋ ਕਿ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਸਵੀਕਾਰ ਨਹੀਂ ਕਰਦੀ। ਉਸ ਸੰਸਥਾ ਨੇ ਪਹਿਲਾਂ ਸਿੱਧੇ ਤੌਰ ‘ਤੇ ਜ਼ੋਰ ਲਾਇਆ ਸੀ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਾਉਣ ਲਈ। ਉਸ ਵੇਲੇ ਵਾਸਤਾ ਸਥਾਪਿਤ ਪ੍ਰੰਪਰਾਵਾਂ ਦਾ ਦਿੱਤਾ ਗਿਆ ਸੀ। ਹੁਣ ਕਿਉਂਕਿ ਸੋਧੇ ਹੋਏ ਕੈਲੰਡਰ (ਬਿਕਰਮੀ) ਦੇ ਹਮਾਇਤੀ ਮੱਕੜ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਜਾਰੀ ਕਰਤਾ ਪ੍ਰੋ: ਬਡੂੰਗਰ ਹੀ ਆਹਮੋ ਸਾਹਮਣੇ ਹਨ ਤਾਂ ਸ਼ਰਮਨਾਕ ਵਰਤਾਰਾ ਤਾਂ ਇਹ ਹੈ ਕਿ ਇੱਕ (ਸਾਬਕਾ) ਪ੍ਰਧਾਨ ਦੇ ਪ੍ਰਬੰਧ ਹੇਠਲਾ ਤਖਤ ਦਾ ਜਥੇਦਾਰ ਦੂਸਰੇ ਪ੍ਰਧਾਨ (ਪ੍ਰੋ. ਬਡੂੰਗਰ) ਨੂੰ ਚਣੌਤੀ ਦੇ ਰਿਹਾ ਹੈ, ਪਹਿਲਾ ਪ੍ਰਧਾਨ ਤੇ ਦੂਸਰਾ ਪ੍ਰਧਾਨ, ਦੋਨੋਂ ਹੀ ਇੱਕ ਪ੍ਰਧਾਨ (ਸੁਖਬੀਰ ਬਾਦਲ) ਦੇ ਗੁਲਾਮ ਹਨ ਤੇ ਅਜਿਹੀ ਸੰਸਥਾ ਦੇ ਪ੍ਰਬੰਧ ਹੇਠਲਾ ਇੱਕ ਹੋਰ ਜਥੇਦਾਰ ਮਸਲੇ ਦੇ ਹੱਲ ਲਈ 13 ਨਵੰਬਰ ਦੀ ਇਕਤਰਤਾ ਦਾ ਵਾਸਤਾ ਦੇ ਰਿਹੈ।
ਜ਼ਿਕਰਯੋਗ ਹੈ ਜਨਵਰੀ 2010 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸੋਧਣ ਲਈ (ਬਿਕਰਮੀ ਕਰਨ ਲਈ) ਕਾਰਜਕਾਰਣੀ ਮੈਂਬਰਾਨ ਨੂੰ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਏ ਹੁਕਮਾਂ ਦਾ ਡਰਾਵਾ ਦੇ ਕੇ ਸਹਿਮਤੀ ਲਈ ਸੀ ਤੇ ਗਿਆਨੀ ਗੁਰਬਚਨ ਸਿੰਘ ਹੁਰਾਂ ਨੇ 18 ਘੰਟਿਆਂ ਦੇ ਰਿਕਾਰਡ ਸਮੇਂ ਵਿੱਚ ਇਸ “ਨਵੀਂ ਸੋਧ” ‘ਤੇ ਮੋਹਰ ਲਵਾਈ ਸੀ। ਕੀ 13 ਨਵੰਬਰ ਦੀ ਇੱਕਤਰਤਾ ਸਿਰਫ ਗੁਰਪੁਰਬ ਮਨਾਏ ਜਾਣ ਦੀ ਤਰੀਕ ਆਪਸੀ ਸਹਿਮਤੀ ਨਾਲ ਬਦਲਣ ਤੀਕ ਹੀ ਸੀਮਤ ਰਹੇਗੀ ਜਾਂ ਉਹ ਕੌਮ ਨੂੰ ਇਸ ਆਪ ਸਹੇੜੀ ਦੁਵਿਧਾ ‘ਚੋਂ ਬਾਹਰ ਵੀ ਕੱਢੇਗੀ?
Related Topics: Avtar Singh Makkar, Giani Iqbal Singh, Hindu Groups, Narinderpal Singh Pattarkar, Original Nanakshahi Calender, Prof. Kirpal Singh Badunger, RSS, Shiromani Gurdwara Parbandhak Committee (SGPC)