January 26, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ ( 26 ਜਨਵਰੀ, 2015): ਅੱਜ ਜਦ ਭਾਰਤ 26 ਜਨਵਰੀ ਦੇ ਦਿਨ ਆਪਣਾ ਗਣਤਮਤਰ ਦਿਵਸ ਮਨਾ ਰਿਹਾ ਹੈ ਤਾਂ ਸਿੱਖ ਜੱਥੇਬੰਦੀਆਂ ਇਸ ਦਿਨ ਨੂੰ ਕਾਲੇ ਦਿਨ ਅਤੇ ਵਿਸਾਹਘਾਤ ਦਿਵਸ ਵਜੋਂ ਮਨਾਉਣ ਜਾ ਰਹੀਆਂ ਹਨ।
ਦਲ ਖਾਲਸਾ ਨੇ 26 ਜਨਵਰੀ ਵਾਲੇ ਦਿਨ ਪੰਜਾਬ ਦੇ ਚਾਰ ਪ੍ਰਮੁੱਖ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਰਣਬੀਰ ਸਿੰਘ ਨੇ ਪਿੱਛਲੇ ਦਿਨੀ ਦੱਸਿਆ ਸੀ ਕਿ ਭਾਈ ਹਰਚਰਨਜੀਤ ਸਿੰਘ ਧਾਮੀ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਜਥੇਦਾਰ ਕੁਲਬੀਰ ਸਿੰਘ ਬੜਾਪਿੰਡ ਦੀ ਅਗਵਾਈ ਹੇਠ ਇਹ ਰੋਸ ਪ੍ਰਦਰਸ਼ਨ ਕੀਤੇ ਜਾਣਗੇ ।
ਦਲ ਖਾਲਸਾ ਵਲੋਂ ਸੰਵਿਧਾਨਕ ਗ਼ੁਲਾਮੀ ਅਤੇ ਵਿਤਕਰਿਆਂ ਵਿਰੁੱਧ ਭਾਰਤੀ ਗਣਤੰਤਰ ਦਿਵਸ ਦੀ 66 ਵੀਂ ਵਰੇਗੰਢ ਮੌਕੇ 26 ਜਨਵਰੀ ਨੂੰ ਅੰਮਿ੍ਤਸਰ, ਜਲੰਧਰ, ਲੁਧਿਆਣਾ ਅਤੇ ਕੋਟ ਈਸੇ ਖਾਂ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ।
Read in English: Indians mark “Republic Day”, Sikhs to observe 26 January as “Betrayal Day”
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ 64 ਸਾਲਾਂ ਦੇ ਸੰਵਿਧਾਨਕ ਗ਼ੁਲਾਮੀ ਅਤੇ ਧੱਕੇਸ਼ਾਹੀਆਂ, ਸੰਵਿਧਾਨ ਨੂੰ ਛਿੱਕੇ-ਟੰਗ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ, ਸੰਵਿਧਾਨ ਦੀ ਧਾਰਾ 25 (ਬੀ) (2), ਹਿੰਦੂ ਕਾਨੂੰਨਾਂ ਨੂੰ ਸਿੱਖਾਂ ਉਤੇ ਥੋਪਣ, ਸਿੱਖ ਰਾਜਨੀਤਕ ਨਜ਼ਰਬੰਦਾਂ ਪ੍ਰਤੀ ਭਾਰਤੀ ਕਾਨੂੰਨ ਦੇ ਦੋਹਰੇ ਮਾਪਦੰਡ ਅਤੇ ਸੰਵਿਧਾਨ ਵਲੋਂ ਮਿਲੇ ਹੱਕਾਂ ਦੇ ਬੁਰਕੇ ਹੇਠ ਪਨਪ ਰਹੇ ਦੇਹਧਾਰੀ ਦੰਭ ਵਿਰੁੱਧ 26 ਜਨਵਰੀ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਗਾ ਵਿਖੇ ਇਕੋ-ਦਿਨ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਸਬੰਧਤ ਕਾਰਜਕਰਤਾ ਕਾਲੇ ਝੰਡੇ ਲੈ ਕੇ ਉਸ ਦਿਨ ਸ਼ਾਂਤਮਈ ਅਤੇ ਜ਼ਾਬਤੇ ਵਿਚ ਰਹਿੰਦਿਆਂ ਆਪਣਾ ਰੋਸ ਜਿਤਾਉਣਗੇ।ਉਨ੍ਹਾਂ ਹਮ-ਖਿਆਲੀ ਜਥੇਬੰਦੀਆਂ ਖਾਸ ਕਰਕੇ ਅਕਾਲੀ ਦਲ ਪੰਚ ਪ੍ਰਧਾਨੀ ਨੂੰ ਵੀ ਇਨ੍ਹਾਂ ਰੋਸ ਮੁਜ਼ਾਹਰਿਆਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਸਮੂਹ ਸਿੱਖਾਂ ਨੂੰ 26 ਜਨਵਰੀ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਿੱਖ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਦੂਰ ਰਹਿਣ।
ਕੰਵਰਪਾਲ ਸਿੰਘ ਨੇ ਰੋਸ ਜਤਾਉਦਿਆਂ ਕਿਹਾ ਕਿ ਸੰਵਿਧਾਨ ਦੀ ਧਾਰਾ 25 (ਬੀ) (2) ਵਿਚ ਸਿੱਖਾਂ ਨੂੰ ਹਿੰਦੂ ਦੱਸਿਆ ਗਿਆ ਹੈ ਜਿਸ ਕਾਰਨ ਸਿੱਖਾਂ ਨੂੰ ਵਿਆਹ-ਸ਼ਾਦੀ, ਜੰਮਣ-ਮਰਨ, ਬੱਚਿਆਂ ਨੂੰ ਗੋਦ ਲੈਣ ਆਦਿ ਸਾਰੇ ਕਾਰ-ਵਿਹਾਰ ਹਿੰਦੂ ਕਾਨੂੰਨ ਅਨੁਸਾਰ ਕਰਨੇ ਪੈਂਦੇ ਹਨ ਜੋ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਨਿਰਮਲ ਪੰਥ ਦੀ ਅੱਡਰੀ ਹੋਂਦ ਦੀ ਤੌਹੀਨ ਹੈ।
ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਸਮੁੱਚੀ ਸਿੱਖ ਕੌਮ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਧਾਰਾ 25 ਬੀ ਨੂੰ ਖਤਮ ਨਹੀਂ ਕੀਤਾ ਅਤੇ ਨਾ ਹੀ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਹੈ ਇਸ ਵਾਸਤੇ ਸੰਮੂਹ ਸਿੱਖ 26 ਜਨਵਰੀ ਨੂੰ ਕਾਲਾ ਦਿਨ ਮਨਾਉਣ ਅਤੇ ਆਪਣੇ ਘਰਾਂ ਅਤੇ ਗੱਡੀਆਂ ਉੱਪਰ ਕਾਲੇ ਝੰਡੇ ਲਾਉਣ, ਸਿੱਖ ਆਪਣੀ ਦਸਤਾਰ ਤੇ ਕਾਲੀਆਂ ਪੱਟੀਆਂ ਬੰਨਣ ਬੀਬੀਆਂ ਵੀ ਸਿਰਾਂ ਤੇ ਕਾਲੀਆਂ ਚੁੰਨੀਆਂ ਲੈ ਕੇ ਰੋਸ ਦਾ ਪ੍ਰਗਟਾਵਾ ਕਰਨ।
Related Topics: Dal Khalsa International, Indian Satae, January 26 Republic Day, Sikhs in India