ਦਸਤਾਵੇਜ਼ » ਲੇਖ » ਸਿੱਖ ਖਬਰਾਂ

ਭਾਰਤੀ ਰਾਸ਼ਟਰਵਾਦ – ਸਨਾਤਨ ਧਰਮ ਦਾ ਕੌਮੀਕਰਨ (ਲੇਖਕ: ਅਜਮੇਰ ਸਿੰਘ)

April 23, 2016 | By

9 ਅਪ੍ਰੈਲ, 2016 ਨੂੰ “ਸੰਵਾਦ” ਵੱਲੋਂ ਲੁਧਿਆਣਾ ਵਿਖੇ “ਨੈਸ਼ਨਲਇਜ਼ਮ: ਮੌਜੂਦਾ ਸੰਧਰਭ ਵਿਚ” ਵਿਸ਼ੇ ਉੱਤੇ ਕਰਵਾਏ ਗਏ ਸੈਮੀਨਾਰ ਦੌਰਾਨ ਸ. ਅਜਮੇਰ ਸਿੰਘ ਨੇ ਆਪਣੇ ਵਖਿਆਨ ਦੌਰਾਨ ਭਾਰਤੀ ਰਾਸ਼ਟਰਵਾਦ ਦੇ ਮੁਢ ਦੀ ਨਿਸ਼ਾਨ ਦੇਹੀ ਕੀਤੀ ਸੀ। ਇਸੇ ਵੀ ਵਿਸ਼ੇ ਬਾਰੇ ਇਕ ਲਿਖਤ (ਜੋ ਕਿ ਸ. ਅਜਮੇਰ ਸਿੰਘ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲਿਖੀ ਜਾ ਰਹੀ ਪੁਸਤਕ ਦਾ ਹਿੱਸਾ ਹੈ) ਸਿੱਖ ਸਿਆਸਤ ਦੇ ਪਾਠਕਾਂ ਲਈ ਹੇਠਾਂ ਛਾਪੀ ਜਾ ਰਹੀ ਹੈ: ਸੰਪਾਦਕ।

ਸਿਰਦਾਰ ਅਜਮੇਰ ਸਿੰਘ

ਸਿਰਦਾਰ ਅਜਮੇਰ ਸਿੰਘ

ਭਾਰਤ ਅੰਦਰ ਰਾਸ਼ਟਰਵਾਦ ਦੇ ਵਰਤਾਰੇ ਨੂੰ ਗਹਿਰਾਈ ਵਿਚ ਜਾ ਕੇ ਸਮਝਣ ਲਈ ਇਸ ਨੂੰ ਇਤਿਹਾਸਬੱਧ (hisroricise) ਕਰਨ ਦੀ ਲੋੜ ਹੈ। ਅਜਿਹਾ ਕਰਨ ਲਈ ਇਸ ਦੇ ਮੁੱਢ-ਮੂਲ, ਰਾਸ਼ਟਰਵਾਦ ਦੀ ਧਾਰਾ ਦੀ ‘ਗੰਗੋਤਰੀ’ ਦੀ ਨਿਸ਼ਾਨਦੇਹੀ ਕਰਨੀ ਪਵੇਗੀ। ਇਥੇ ਅਸੀਂ ਭਾਰਤ ਅੰਦਰ ਰਾਸ਼ਟਰਵਾਦ ਦੇ ਜਨਮ ਤੇ ਵਿਕਾਸ ਦੀ ਕਿਿਰਆ, ਇਸ ਦੀ ਸਿਧਾਂਤਕ ਧਾਰ (edge), ਅਤੇ ਇਸ ਦੀਆਂ ਅਗਵਾਨੂੰ ਤਾਕਤਾਂ ਦੇ ਪੁਸ਼ਤੈਨੀ ਚਰਿਤਰ ਨੂੰ ਸਮਝਣ ਲਈ, ਇਸ ਵਰਤਾਰੇ ਉਤੇ ਉਡਦੀ ਨਜ਼ਰ ਮਾਰਦੇ ਹਾਂ।

ਬਸਤੀਵਾਦੀ ਰਾਜ-ਮੁਸਲਮਾਨਾਂ ਲਈ ਆਫ਼ਤ, ਹਿੰਦੂਆਂ ਲਈ ਰਾਹਤ

ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਨੇ 1757 ਈ: ਵਿਚ ਪਲਾਸੀ ਦੇ ਸਥਾਨ ਤੇ ਨਵਾਬ ਸਿਰਾਜ-ਉਦ-ਦੌਲਾ ਦੀਆਂ ਫੌ਼ਜਾਂ ਨੂੰ ਹਰਾ ਕੇ ਬੰਗਾਲ ਉਤੇ ਪੂਰਨ ਕਬਜ਼ਾ ਕਰ ਲਿਆ ਸੀ। ਇਸ ਦੇ ਨਾਲ ਹੀ ਭਾਰਤ ਅੰਦਰ ਬਸਤੀਵਾਦੀ ਰਾਜ ਦੀ ਨੀਂਹ ਟਿਕ ਗਈ ਸੀ। ਥੋੜ੍ਹੇ ਹੀ ਸਮੇਂ ਅੰਦਰ ਭਾਰਤ ਦਾ ਸਮੁੱਚਾ ਤਟਵਰਤੀ ਖੇਤਰ (ਬੰਗਾਲ, ਉੜੀਸਾ, ਮਹਾਂਰਾਸ਼ਟਰ, ਮਦਰਾਸ ਤੇ ਕੇਰਲਾ ਆਦਿ) ਬਸਤੀਵਾਦੀ ਗ਼ਲਬੇ ਹੇਠ ਆ ਗਿਆ ਸੀ। ਇਸ ਉਪਰੰਤ ਈਸਟ ਇੰਡੀਆ ਕੰਪਨੀ ਨੇ ਆਪਣੀ ਪੇਕੀ ਬਰਤਾਨਵੀ ਹਕੂਮਤ ਤੇ ਭਾਰਤ ਅੰਦਰਲੇ ਸਥਾਨਕ ਸਹਿਯੋਗੀਆਂ ਦੀ ਮੱਦਦ ਨਾਲ, ਇਕ ਪਾਸੇ ਬਸਤੀਵਾਦੀ ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਕਰਨ ਤੇ ਦੂਜੇ ਪਾਸੇ ਰਾਜ ਦਾ ਲਗਾਤਾਰ ਵਿਸਥਾਰ ਕਰਨ ਦੀ ਯੁੱਧਨੀਤਕ ਮਾਰਗ-ਸੇਧ ਅਪਣਾ ਲਈ। ‘ਜੇਤੂ ਧਿਰ’ ਤੋਂ ‘ਹੁਕਮਰਾਨ ਧਿਰ’ ਵਿਚ ਤਬਦੀਲ ਹੋ ਜਾਣ ਉਪਰੰਤ, ਬਸਤੀਵਾਦੀ ਹਾਕਮਾਂ ਸਾਹਮਣੇ ਦੋ ਤਤਕਾਲੀ ਲੋੜਾਂ ਖੜੀਆਂ ਹੋ ਗਈਆਂ ਸਨ। ਇੱਕ, ਸਥਾਨਕ ਸਮਾਜ (ਸਥਾਨਕ ਸਮਾਜੀ ਤਾਣਾ-ਬਾਣਾ, ਆਰਥਕ ਪ੍ਰਣਾਲੀਆਂ, ਧਾਰਮਿਕ ਪ੍ਰੰਪਰਾਵਾਂ, ਸਭਿਆਚਾਰਕ ਰਵਾਇਤਾਂ ਤੇ ਰਸਮੋ-ਰਿਵਾਜਾਂ ਆਦਿ) ਨੂੰ ਜਾਣਨਾ/ਸਮਝਣਾ; ਦੂਜਾ, ਰਾਜ-ਪ੍ਰਬੰਧ ਨੂੰ ਬਿਹਤਰ ਤੇ ਅਸਰਦਾਰ ਤਰੀਕੇ ਨਾਲ ਚਲਾਉਣ ਲਈ ਸੁਦੇਸੀ ਅਮਲਾ-ਫੈਲਾ ਤਿਆਰ ਕਰਨਾ। ਇਨ੍ਹਾਂ ਦੋਨੋਂਂ ਲੋੜਾਂ ਦੀ ਪੂਰਤੀ ਵਾਸਤੇ ਭਾਰਤ ਅੰਦਰ ਵਿਿਦਅਕ ਅਦਾਰੇ ਸਥਾਪਤ ਕਰਨੇ ਜ਼ਰੂਰੀ ਲੋੜ ਬਣ ਗਈ ਸੀ। ਬਸਤੀਆਨਾ ਵਪਾਰਕ ਤੇ ਰਾਜਸੀ ਸਰਗਰਮੀਆਂ ਮੁੱਖ ਤੌਰ `ਤੇ ਵੱਡੇ ਤਟਵਰਤੀ ਸ਼ਹਿਰਾਂ (ਕਲਕੱਤਾ, ਮਦਰਾਸ, ਬੰਬਈ ਆਦਿ) ਵਿਚ ਕੇਂਦਰਿਤ ਹੋਣ ਦੀ ਵਜ੍ਹਾ ਕਰਕੇ, ਇਹ ਸ਼ਹਿਰ ਹੀ ਬੌਧਿਕ ਤੇ ਸਾਹਿਤਕ ਸਰਗਰਮੀਆਂ ਦੇ ਮੁਢਲੇ ਕੇਂਦਰ ਬਣੇ। 1784 ਈ: ਵਿਚ ਹੀ ਕਲਕੱਤਾ ਵਿਖੇ, ਪੂਰਬੀ ਖੋਜ (Oriental research) ਦੇ ਮਨੋਰਥ ਨੂੰ ਮੁੱਖ ਰਖਦੇ ਹੋਏ ‘ਏਸ਼ੀਐਟਕ ਸੋਸਾਇਟੀ’ ਨਾਂ ਦੀ ਬੌਧਿਕ-ਸਾਹਿਤਕ ਸੰਸਥਾ ਹੋਂਦ ਵਿਚ ਆ ਗਈ ਸੀ। ਇਸ ਤੋਂ 20 ਸਾਲਾਂ ਬਾਅਦ, 1804 ਈ: ਵਿਚ ‘ਲਿਟਰੇਰੀ ਸੋਸਾਇਟੀ ਆੱਵ ਬੰਬੇ’ ਦੇ ਨਾਂ ਹੇਠ ਬੰਬਈ ਵਿਚ ਵੀ ਅਜਿਹੀ ਹੀ ਸੰਸਥਾ ਸਥਾਪਤ ਕੀਤੀ ਗਈ। ਇਨ੍ਹਾਂ ਸੰਸਥਾਵਾਂ ਦੀਆਂ ਤੰਦਾਂ ਯੂਰਪ ਨਾਲ ਜੁੜੀਆਂ ਹੋਈਆਂ ਸਨ, ਜਿਥੇ ‘ਪੂਰਬੀ ਖੋਜ ਤੇ ਅਧਿਐਨ’ ਦਾ ਸ਼ੌਕ ਪੂਰੇ ਜੋਬਨ ਉਤੇ ਸੀ। ਭਾਰਤ ਅੰਦਰ ਬਸਤੀਵਾਦੀ ਰਾਜ ਦੀ ਸਥਾਪਨਾ ਨੇ ਪੱਛਮੀ ਯੂਰਪ ਦੇ ਬੌਧਿਕ ਹਲਕਿਆਂ ਅੰਦਰ ਪੂਰਬੀ ਅਧਿਐਨ ਦੀ ਜਗਿਆਸਾ ਵਧਾ ਦਿਤੀ ਸੀ ਅਤੇ ਇਸ ਮਕਸਦ ਲਈ ਪੱਛਮੀ ਦੇਸਾਂ ਅੰਦਰ ਕਈ ਉਚੇਚੀਆਂ ਸਭਾਵਾਂ/ਸੋਸਾਇਟੀਆਂ ਹੋਂਦ ਵਿਚ ਆ ਗਈਆਂ ਸਨ। ਕਲਕੱਤਾ ਤੇ ਬੰਬਈ ਦੀਆਂ ਉਪਰ ਬਿਆਨੀਆਂ ‘ਸੋਸਾਇਟੀਆਂ’ ਯੂਰਪੀ ਸੰਸਥਾਵਾਂ ਦੀਆਂ ਹੀ ਸ਼ਾਖਾਵਾਂ ਸਨ।

ਅੰਗਰੇਜ਼ਾਂ ਦੀ ਆਮਦ ਤੋਂ ਪਹਿਲਾਂ ਭਾਰਤੀ ਉਪ-ਮਹਾਂਦੀਪ ਦੀ ਰਾਜਸੀ ਤੇ ਪ੍ਰਬੰਧਕੀ ਦਸ਼ਾ ਬਹੁਤ ਅਲੱਗ ਕਿਸਮ ਦੀ ਸੀ। ਸਮੁੱਚਾ ਉਪ-ਮਹਾਂਦੀਪ ਅਨੇਕਾਂ ਛੋਟੀਆਂ ਵੱਡੀਆਂ ਸੁਤੰਤਰ, ਅਤੇ ਆਪਸੀ ਝਗੜਿਆਂ-ਕਲੇਸ਼ਾਂ ਵਿਚ ਉਲਝੀਆਂ, ਜਾਗੀਰੂ ਰਿਆਸਤਾਂ ਵਿਚ ਵੰਡਿਆ ਹੋਇਆ ਸੀ। ਬੰਗਾਲ ਤੋਂ ਸ਼ੁਰੂ ਕਰਕੇ ਸਮੁੱਚੇ ਭਾਰਤੀ ਉਪ-ਮਹਾਂਦੀਪ ਨੂੰ ਬਰਤਾਨਵੀ ਸਲਤਨਤ ਦਾ ਅੰਗ ਬਣਾਉਣ ਵਿਚ ਅੰਗਰੇਜ਼ਾਂ ਨੂੰ ਸੌ ਸਾਲ ਲੱਗ ਗਏ ਸਨ। ਪਰ ਅਹਿਮ ਗੱਲ ਇਹ ਹੈ ਕਿ ਉਨ੍ਹਾਂ ਨੇ ਭਾਰਤ ਅੰਦਰ ਪ੍ਰਚਲਤ ਜਾਗੀਰੂ ਕੁਲੀਨਤੰਤਰ (ਰਜਬਾੜੇ, ਨਵਾਬ, ਰਈਸ ਆਦਿ) ਦੀ ਥਾਵੇਂ, ਨਵੀਂ ਕਿਸਮ ਦਾ ਰਾਜਸੀ-ਪ੍ਰਬੰਧਕੀ ਢਾਂਚਾ ਹੋਂਦ ਵਿਚ ਲਿਆਂਦਾ। ਖਿੰਡੀਆਂ-ਬਿਖਰੀਆਂ ਖਰਚਖ਼ਾਹ ਜਾਗੀਰੂ ਰਿਆਸਤਾਂ ਦੀ ਥਾਵੇਂ, ਬਸਤੀਵਾਦੀ ਕਬਜ਼ੇ ਹੇਠਲੇ ਸਮੁੱਚੇ ਖੇਤਰ ਅੰਦਰ ਇਕ-ਜੁੱਟ ਤੇ ਇਕ-ਰੂਪ ਰਾਜਸੀ-ਪ੍ਰਬੰਧਕੀ ਢਾਂਚਾ ਕਾਇਮ ਕੀਤਾ ਗਿਆ, ਜਿਸ ਵਿਚ ਨਵਾਬਸ਼ਾਹੀ ਦੀ ਬਜਾਇ ਨੌਕਰਸ਼ਾਹੀ ਨੇ ਪ੍ਰਧਾਨ ਹੈਸੀਅਤ ਹਾਸਲ ਕਰ ਲਈ ਸੀ। ਇਸ ਨਾਲ ਸੱਤਾ ਦੇ ਖ਼ਾਸੇ, ਤੇ ਹੁਕਮਰਾਨੀ ਦੇ ਢੰਗਾਂ ਵਿਚ ਅਹਿਮ ਤਬਦੀਲੀ ਆ ਗਈ ਸੀ। ਰਾਜ ਕਰਨ ਤੋਂ ਭਾਵ ਹੁਣ ਰਾਜ-ਪ੍ਰਬੰਧ ਚਲਾਉਣਾ (to administer) ਸੀ। ਨਵੇਂ ਰਾਜ-ਪ੍ਰਬੰਧ ਅੰਦਰ ਲੜਾਕੂ ਸੂਰਮਿਆਂ ਨਾਲੋਂ ਵੱਖਰੇ ਗੁਣਾਂ/ਹੁਨਰਾਂ ਵਾਲੇ ਵਿਅਕਤੀਆਂ ਦੀ ਲੋੜ ਬਣ ਗਈ ਸੀ। ਇਹ ਲੋੜ ਆਧੁਨਿਕ ਵਿਿਦਆ ਦੇ ਜ਼ਰੀਏ ਹੀ ਪੂਰੀ ਕੀਤੀ ਜਾ ਸਕਦੀ ਸੀ। ਸੋ ਇਸ ਤਰ੍ਹਾਂ, ਬਸਤੀਵਾਦੀ ਰਾਜ ਹੇਠਾਂ ਆਧੁਨਿਕ ਵਿਿਦਆ, ਸੱਤਾ ਦੀ ਨਵੀਂ ਦੁਨੀਆਂ ਤਕ ਰਸਾਈ ਕਰਨ ਦਾ ਸਾਧਨ ਬਣ ਗਿਆ ਸੀ। ਨਵੇਂ ਪ੍ਰਬੰਧਕੀ ਢਾਂਚੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਵੇਂ ਪੇਸ਼ਾਵਰ ਵਰਗ- ਅਫ਼ਸਰਸ਼ਾਹ, ਜੱਜ, ਵਕੀਲ, ਇੰਜਨੀਅਰ, ਡਾਕਟਰ, ਵਿਦਵਾਨ, ਅਧਿਆਪਕ, ਸੰਪਾਦਕ/ਪੱਤਰਕਾਰ, ਲੇਖਾਕਾਰ, ਕਲਰਕ, ਆਦਿ ਆਦਿ-ਪੈਦਾ ਹੋ ਗਏ। ਇਹ ਵਰਗ ਪੈਦਾ ਕਰਨ ਲਈ ਭਾਰਤ ਅੰਦਰ ਸਿਿਖਆ ਢਾਂਚੇ ਦਾ ਪਸਾਰ ਕੀਤਾ ਗਿਆ। ਕਲਕੱਤਾ ਵਿਖੇ 1800 ਈ: ਵਿਚ ‘ਫੋਰਟ ਵਿਿਲਅਮ ਕਾਲਜ’ ਦੀ ਸਥਾਪਨਾ ਨਾਲ ਭਾਰਤ ਅੰਦਰ ਉਚੇਰੀ (ਆਧੁਨਿਕ) ਵਿਿਦਆ ਦਾ ਮਹੂਰਤ ਹੋ ਗਿਆ ਸੀ। ਇਸ ਤੋਂ ਛੇਤੀ ਬਾਅਦ 1817 ਈ: ਵਿਚ ਕਲਕੱਤੇ ਵਿਚ ਹੀ ਇਕ ਹੋਰ ਕਾਲਜ,‘ਹਿੰਦੂ ਕਾਲਜ’ ਜਿਹੜਾ ਬਾਅਦ ਵਿਚ ਜਾ ਕੇ ‘ਪਰੈਜੀਡੈਂਸੀ ਕਾਲਜ’ ਦੇ ਨਾਂ ਨਾਲ ਮਸ਼ਹੂਰ ਹੋਇਆ, ਖੁਲ੍ਹ ਗਿਆ ਸੀ। ਮਦਰਾਸ ਤੇ ਬੰਬਈ ਵਿਚ ਵੀ ਇਸ ਨਾਲ ਮਿਲਦਾ-ਜੁਲਦਾ ਅਮਲ ਚੱੱਲਿਆ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ਾਂ ਦੁਆਰਾ ਭਾਰਤ ਅੰਦਰ ਵਿਿਦਆ ਦੇ ਸੰਚਾਰ-ਪਸਾਰ ਦਾ ਇਹ ਉਦਮ, ਬਰਤਾਨਵੀ ਸਾਮਰਾਜਵਾਦ ਦੀਆਂ ਲੋੜਾਂ ਨੂੰ ਪ੍ਰਮੁੱਖ ਰੱਖ ਕੇ ਹੀ ਆਰੰਭਿਆ ਗਿਆ ਸੀ। ਇਸ ਨਾਲ ਨਵੀਂ ਕਿਸਮ ਦਾ ਦੇਸੀ ਕੁਲੀਨ ਤਬਕਾ (ਇਲੀਟ) ਪੈਦਾ ਹੋਇਆ, ਜੀਹਦੀ ਨਫ਼ਰੀ ਤਾਂ ਭਾਵੇਂ ਥੋੜ੍ਹੀ ਹੀ ਸੀ ਪਰ ਉਸ ਦੀ ਤਾਕਤ ਤੇ ਅਸਰ ਰਸੂਖ਼ ਦਾ ਘੇਰਾ ਬਹੁਤ ਵਿਸ਼ਾਲ ਸੀ। ਆਧੁਨਿਕ (ਅੰਗਰੇਜ਼ੀ) ਵਿਿਦਆ ਦਾ ਆਰੰਭ ਕਿਉਂਕਿ ਬੰਗਾਲ ਤੋਂ ਹੀ ਹੋਇਆ ਸੀ, ਅਤੇ ਕਲਕੱਤਾ ਭਾਰਤ ਅੰਦਰ ਬਰਤਾਨਵੀ ਸੱਤਾ ਦੀ ਧੁੰਨੀ (ਰਾਜਧਾਨੀ) ਵਜੋਂ ਵਿਕਸਤ ਹੋ ਗਿਆ ਸੀ, ਇਸ ਕਰਕੇ ਬੰਗਾਲੀ ਕੁਲੀਨ ਵਰਗ (ਜਿਸ ਨੂੰ ‘ਭਦਰਲੋਕ’ ਕਿਹਾ ਜਾਂਦਾ ਹੈ) ਨੇ ਨਵੇਂ ਰਾਜ-ਪ੍ਰਬੰਧ ਅੰਦਰ ਬੇਜੋੜ ਤਾਕਤ ਤੇ ਪੈਂਠ ਬਣਾ ਲਈ ਸੀ। ਬਸਤੀਵਾਦੀ ਪ੍ਰਸ਼ਾਸਨ ਦੇ ਅੰਗ ਵਜੋਂ ਇਹ ਵਰਗ ਸਾਰੇ ਦੇਸ ਅੰਦਰ ਫੈਲ ਗਿਆ ਸੀ। ਇਹ ਵਰਗ ਹੀ, ਸਮਾਂ ਪਾ ਕੇ, ਭਾਰਤੀ ਰਾਸ਼ਟਰਵਾਦ ਦਾ ਜਨਮਦਾਤਾ, ਧੁਰਾ ਤੇ ਰਹਿਬਰ ਬਣਿਆ। ਇਸ ਕਰਕੇ ਹਿੰਦੂ-ਪ੍ਰਧਾਨੀ ਭਾਰਤੀ ਰਾਸ਼ਟਰਵਾਦ ਦੇ ਮੂਲ ਖ਼ਾਸੇ ਨੂੰ ਸਮਝਣ ਲਈ ਇਸ ਵਰਗ ਦੀ ਸਮਾਜੀ ਅੰਗ-ਬਣਤਰ, ਆਰਥਕ-ਜਮਾਤੀ ਕਿਰਦਾਰ, ਸਭਿਆਚਾਰਕ ਖ਼ਸਲਤ ਤੇ ਮਨੋਵਿਿਗਆਨਕ ਵਿਸ਼ੇਸ਼ਤਾਵਾਂ ਨੂੰ ਸਮਝਣਾ ਜ਼ਰੂਰੀ ਹੈ।

ਬੰਗਾਲੀ ‘ਭਦਰਲੋਕ’ ਦੀ ਕੁਲ-ਪੱਤਰੀ

ਅੰਗਰੇਜ਼ਾਂ ਵੱਲੋਂ ਬੰਗਾਲ ਨੂੰ ਫ਼ਤਿਹ ਕਰਨ ਮੌਕੇ ਬੰਗਾਲੀ ਸਮਾਜ ਅੰਦਰ ਗੁੰਝਲਦਾਰ ਸਮਾਜੀ ਵਰਗੀਕਰਨ ਮੌਜੂਦ ਸਨ। ਇਕ ਇਤਿਹਾਸਕ ਮੱਤ ਮੁਤਾਬਿਕ, ਪੰਜਵੀਂ ਸਦੀ ਅੰਦਰ ਗੁਪਤ ਸਾਮਰਾਜ ਦੇ ਬੰਗਾਲ ਅੰਦਰ ਪਸਾਰ ਕਰ ਜਾਣ ਤੇ ਪੈਰ ਜਮਾ ਲੈਣ ਤੋਂ ਪਹਿਲਾਂ ਬੰਗਾਲੀ ਸਮਾਜ ਬ੍ਰਾਹਮਣਵਾਦ (ਜਾਤ-ਪਾਤੀ ਵਿਚਾਰਧਾਰਾ ਤੇ ਸਮਾਜੀ ਪ੍ਰਣਾਲੀ) ਦੀ ਲਾਗ਼ ਤੋਂ ਸੁਰਖ਼ੁਰੂ ਸੀ। ਗੁਪਤ ਸਾਮਰਾਜ ਦੇ ਪਸਾਰੇ ਦੌਰਾਨ ਬ੍ਰਾਹਮਣ, ਵੈਦਯ ਤੇ ਕਯਾਸਥ ਨਾਵਾਂ ਦੀਆਂ ਅਖੌਤੀ ਉਚ ਜਾਤੀਆਂ ਨੇ ਬੰਗਾਲ ਅੰਦਰ ਆ ਕੇ ਪੱਕਾ ਵਸੇਬਾ ਕਰ ਲਿਆ। ਇਨ੍ਹਾਂ ਵਿਜਈ ਜਾਤੀਆਂ ਨੇ ਬੰਗਾਲ ਦੇ ਮੂਲ ਬਸਿ਼ੰਦਿਆਂ ਨੂੰ ਸੰਸਕਾਰਕ ਤੌਰ `ਤੇ ‘ਨੀਚ’ ਤੇ ‘ਨੀਵੀਂ ਜਾਤ’ ਦਾ ਅਪਮਾਨਜਨਕ ਦਰਜਾ ਦੇ ਦਿਤਾ। ਇਸ ਦੇ ਜੁਆਬ ਵਿਚ, ਇਨ੍ਹਾਂ ਮੂਲ ਬੰਗਾਲੀਆਂ ਨੇ ਸਮੁੱਚੇ ਇਤਿਹਾਸ ਦੌਰਾਨ ਬੰਗਾਲ ਅੰਦਰ ਬ੍ਰਾਹਮਣਵਾਦ ਦੇ ਵਿਰੁੱਧ ਉਠੀ ਹਰੇਕ ਵੱਡੀ ਲਹਿਰ (ਜਿਵੇਂ ਕਿ ਬੁੱਧ ਧਰਮ, ਇਸਲਾਮ ਆਦਿ) ਨੂੰ ਜਨਤਕ ਹਮਾਇਤ ਮੁਹੱਈਆ ਕੀਤੀ।

ਤੇਰ੍ਹਵੀਂ ਸਦੀ ਅੰਦਰ ਤੁਰਕੀ-ਅਫ਼ਗਾਨੀ ਹਮਲਿਆਂ ਨਾਲ ਬੰਗਾਲ ਅੰਦਰ ਇਸਲਾਮ ਦਾ ਦਾਖਲਾ ਅਰੰਭ ਹੋ ਗਿਆ ਸੀ। ਮੁਸਲਮਾਨਾਂ ਦੀ ਰਾਜਸੀ ਸੱਤਾ ਸਥਾਪਤ ਹੋ ਜਾਣ ਨਾਲ ਬੰਗਾਲੀ ਸਮਾਜ ਅੰਦਰ ਵੱਡੀ ਸਮਾਜੀ ਰੱਦੋ-ਬਦਲ ਵਾਪਰ ਗਈ। ਇਹ ਰੱਦੋ-ਬਦਲ ਸਾਰੇ ਖੇਤਰ ਅੰਦਰ ਇਕਸਾਰ ਨਹੀਂ ਹੋਈ। ਪੂਰਬੀ ਬੰਗਾਲ ਦੇ ਵੱਡੇ ਖੇਤਰ ਅੰਦਰ ਵਸੋਂ ਦੀ ਬਹੁਗਿਣਤੀ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ ਸੀ, ਜਦੋਂ ਕਿ ਪੱਛਮੀ ਬੰਗਾਲ ਦੇ ਛੋਟੇ ਖੇਤਰ ਦੀ ਵਸੋਂ ਹਿੰਦੂ ਧਰਮ ਦੀ ਪੈਰੋਕਾਰ ਬਣੀ ਰਹੀ। ਕੁੱਲ ਮਿਲਾਕੇ, ਬੰਗਾਲ ਦੀ ਅੱਧਿਓਂ ਬਹੁਤੀ ਵਸੋਂ ਨੇ ਇਸਲਾਮ ਕਬੂਲ ਕਰ ਲਿਆ ਸੀ। ਮੁਸਲਮਾਨ ਹਾਕਮਾਂ ਨੇ, ਸਥਾਨਕ ਵਸੋਂ ਨਾਲ ਰਾਬਤਾ ਕਾਇਮ ਕਰਨ ਲਈ, ਵਿਚੋਲਿਆਂ ਵਜੋਂ ਹਿੰਦੂ ਸਮਾਜ ਦੀਆਂ ਉਪਰਲੀਆਂ, ਗਿਆਨਵਾਨ ਤੇ ਜਿ਼ਮੀਦਾਰ ਪਰਤਾਂ ਨੂੰ ਆਪਣੇ ਨਾਲ ਗੰਢ ਲਿਆ ਸੀ। ਇਨ੍ਹਾਂ ਹਿੰਦੂ ਉਚ ਵਰਗਾਂ ਨੇ ਰਾਜ-ਭਾਗ ਚਲਾਉਣ ਤੋਂ ਲੈ ਕੇ ਤਿਜਾਰਤ ਦੇ ਖੇਤਰ ਤਕ, ਮੁਗਲ ਹਾਕਮਾਂ ਦੀ ਸੇਵਾ-ਪੂਰਤੀ ਕੀਤੀ। ਉਤਰੀ ਭਾਰਤ ਦੇ ਇਕ ਪ੍ਰਸਿੱਧ ਬਾਣੀਆ ਘਰਾਣੇ (ਜਗਤ ਸੇਠ) ਨੇ ਮੁਸਲਿਮ ਰਾਜ ਦੌਰਾਨ ਬੰਗਾਲ ਅੰਦਰ ਐਸ਼ੋ-ਇਸ਼ਰਤ ਦੀਆਂ ਵਸਤਾਂ ਦੀ ਸਿ਼ਲਪ ਸਨਅਤ ਤੇ ਵਪਾਰ ਨੂੰ ਪ੍ਰਫੁਲਤ ਕਰਨ ਵਿਚ ਅਹਿਮ ਰੋਲ ਅਦਾ ਕੀਤਾ। ਇਸ ਤਰ੍ਹਾਂ, ਬੰਗਾਲ ਦੀ ਵਸੋਂ ਦੇ ਵੱਡੇ ਹਿਸੇ ਵੱਲੋਂ ਇਸਲਾਮ ਧਰਮ ਅਪਣਾ ਲੈਣ ਦੇ ਬਾਵਜੂਦ, ਬੰਗਾਲੀ ਹਿੰਦੂ ਉਚ ਜਾਤੀਆਂ ਦਾ ਸਮਾਜੀ ਮਹੱਤਵ ਜਿਉਂ ਦਾ ਤਿਉਂ ਬਣਿਆ ਰਿਹਾ। ਇਨ੍ਹਾਂ ਹਿੰਦੂ ਵਰਗਾਂ ਦਾ ਇਹ ਵਿਸ਼ੇਸ਼ ਲੱਛਣ, ਅੱਗੇ ਜਾ ਕੇ, ਬਸਤੀਵਾਦੀ ਰਾਜ ਦੌਰਾਨ ਉਨ੍ਹਾਂ ਲਈ ਨਿਆਮਤ ਬਣਿਆ। ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਆਸਾਨੀ ਤੇ ਨਿਪੁੰਨਤਾ ਨਾਲ ਨਵੇਂ ਰਾਜ ਦੇ ਅਨੁਕੂਲ ਢਾਲ ਲਿਆ। ਅਸਲ ਵਿਚ ਪਲਾਸੀ ਦੀ ਲੜਾਈ ਤੋਂ ਪਹਿਲਾਂ ਹੀ ਬੰਗਾਲੀ ਹਿੰਦੂ ਵਪਾਰੀ ਵਰਗ ਨੇ ਬਰਤਾਨਵੀ ਤਾਕਤ ਨਾਲ ਚੋਰ-ਸਾਂਝ ਗੰਢ ਲਈ ਸੀ। ਇਸ ਕਰਕੇ, ਇਕ ਹਿੰਦੂ ਵਿਦਵਾਨ ਦਾ ਤਾਂ ਇਹ ਕਹਿਣਾ ਹੈ ਕਿ ਈਸਟ ਇੰਡੀਆ ਕੰਪਨੀ ਨੇ ਪਲਾਸੀ ਵਿਖੇ ਆਪਣੀ ਜਿੱਤ ਦਾ ਇਸ ਤਰੀਕੇ ਨਾਲ ਇੰਤਜ਼ਾਮ ਕਰ ਲਿਆ ਸੀ, ਕਿ ‘ਇਹ ਲੜਾਈ ਨਹੀਂ, ਇਕ ਸੌਦਾ ਸੀ, ਅਜਿਹਾ ਸੌਦਾ ਜਿਸ ਰਾਹੀਂ ਜਗਤ ਸੇਠ ਦੀ ਅਗਵਾਈ ਹੇਠ ਬੰਗਾਲ ਦੇ ਦਲਾਲਾਂ ਨੇ ਨਵਾਬ ਨੂੰ ਈਸਟ ਇੰਡੀਆ ਕੰਪਨੀ ਕੋਲ ਵੇਚ ਦਿਤਾ ਸੀ’।

ਬਸਤੀਵਾਦੀਆਂ ਵੱਲੋਂ, ਆਰੰਭਕ ਦੌਰ ਵਿਚ, ਆਰਥਕ ਖੇਤਰ ਵਿਚ ਲਿਆਂਦੀਆਂ ਤਬਦੀਲੀਆਂ ਦਾ ਮੂਲ ਉਦੇਸ਼ ਆਪਣਾ ਮੁਨਾਫ਼ਾ ਵਧਾਉਣਾ ਸੀ। ਪਰ ਅਜਿਹਾ ਕਰਦਿਆਂ, ਨਾਲੋ-ਨਾਲ, ਰਾਜ ਦੀ ਮਜ਼ਬੂਤੀ ਲਈ ਭਾਰਤੀ ਵਰਗਾਂ ਵਿਚੋਂ ਆਪਣੇ ਪੱਕੇ ਤੇ ਭਰੋਸੇਯੋਗ ਭਾਈਵਾਲ ਪੈਦਾ ਕਰਨ ਦੀ ਪੂਰਕ ਰਾਜਸੀ ਲੋੜ ਨੂੰ ਵੀ ਬਰਾਬਰ ਧਿਆਨ ਵਿਚ ਰੱਖਿਆ ਗਿਆ ਸੀ। ਆਰਥਕ ਤਬਦੀਲੀਆਂ ਦਾ ਸਬੰਧ ਜ਼ਮੀਨੀ ਰਿਸ਼ਤਿਆਂ ਅਤੇ ਵਪਾਰ ਤੇ ਸਨਅਤ ਵਿਚ ਵਾਧੇ ਨਾਲ ਜੁੜਿਆ ਹੋਇਆ ਸੀ। ਮੁਢਲੇ ਦੌਰ ਅੰਦਰ ਬਰਤਾਨਵੀਆਂ ਦੀ ਸਭ ਨਾਲੋਂ ਵੱਧ ਰੁਚੀ ਜ਼ਮੀਨੀ ਲਗਾਨ ਵਧਾਉਣ ਤੇ ਵਸੂਲਣ ਵਿਚ ਸੀ। ਇਸ ਮੰਤਵ ਲਈ ਰਵਾਇਤੀ ਜ਼ਮੀਨੀ ਰਿਸ਼ਤਿਆਂ ਵਿਚ ਭਾਰੀ ਰੱਦੋਬਦਲ ਕੀਤੀ ਗਈ। ਅਲੱਗ ਅਲੱਗ ਖੇਤਰਾਂ ਅੰਦਰ, ਠੋਸ ਹਾਲਤਾਂ ਅਤੇ ਲੋੜਾਂ ਅਨੁਸਾਰ, ਅਲੱਗ ਅਲੱਗ ਤਰ੍ਹਾਂ ਦੇ ਜ਼ਮੀਨੀ ਬੰਦੋਬਸਤ (ਜਿਵੇਂ ਕਿ ਜਿ਼ਮੀਦਾਰੀ, ਰਾਇਤਵਾੜੀ, ਮਾਹਲਵਾੜੀ ਆਦਿ) ਕੀਤੇ ਗਏ। ਬੰਗਾਲ ਅੰਦਰ ਮੁਗਲ ਰਾਜ ਦੀ ਪ੍ਰਚਲਤ ਰੀਤ ਨਾਲੋਂ ਹਟਕੇ, ‘ਸਥਾਈ ਬੰਦੋਬਸਤ’ (The Permanent Settlement) ਦੇ ਜ਼ਰੀਏ ਨਵਾਂ ਜਿ਼ਮੀਦਾਰੀ ਪ੍ਰਬੰਧ ਚਾਲੂ ਕੀਤਾ ਗਿਆ।

ਬਸਤੀਵਾਦੀ ਪ੍ਰਸ਼ਾਸਨ ਨੇ, ਜ਼ਮੀਨੀ ਲਗਾਨ ਦੀ ਦਰ ਤੈਅ ਕਰਨ ਤੇ ਵਸੂਲਣ ਦਾ ਰਵਾਇਤੀ ਦਸਤੂਰ ਤਿਆਗ ਦਿਤਾ ਅਤੇ ‘ਜਿ਼ਮੀਦਾਰਾਂ’ ਦੀ ਵਿਚੋਲਗਿਰੀ ਦੇ ਜ਼ਰੀਏ ਨਿਸ਼ਚਤ ਜ਼ਮੀਨ ਦੇ ਲਗਾਨ ਦੀ ਦਰ ਬੋਲੀ ਰਾਹੀਂ ਤੈਅ ਕਰਨ ਦੀ ਨਵੀਂ ਰੀਤ ਲਾਗੂ ਕੀਤੀ ਗਈ। ਸਭ ਤੋਂ ਉਚੀ ਬੋਲੀ ਦੇਣ ਵਾਲਾ ਜਿ਼ਮੀਦਾਰ ਸਬੰਧਤ ਜ਼ਮੀਨ ਦਾ ਮਾਲਕ ਬਣ ਜਾਂਦਾ ਸੀ ਅਤੇ ਜ਼ਮੀਨ ਦੇ ਜੱਦੀ ਪੁਸ਼ਤੀ ਮਾਲਕ ਕਿਸਾਨਾਂ ਕੋਲੋਂ ਮਾਲਕੀ ਦਾ ਹੱਕ ਖੁਸ ਜਾਂਦਾ ਸੀ। ਉਹ ਜਿ਼ਮੀਦਾਰ ਲਈ ਪੱਟੇਦਾਰਾਂ ਜਾਂ ਮੁਜ਼ਾਰਿਆਂ ਦੇ ਰੂਪ ਵਿਚ ਕੰਮ ਕਰਨ ਲਈ ਮਜ਼ਬੂਰ ਹੋ ਜਾਂਦੇ ਸਨ। ਲਗਾਨ ਦੀ ਦਰ ਕਿਉਂਕਿ ਸਥਾਈ ਤੌਰ `ਤੇ ਮਿਥੀ ਜਾਣ ਲੱਗ ਪਈ ਸੀ, ਇਸ ਕਰਕੇ ਬਰਤਾਨਵੀ ਪ੍ਰਸ਼ਾਸਨ ਨੇ ਮੁਨਾਫ਼ੇ ਦੀ ਹਵਸ ਵਿਚੋਂ ਇਹ ਦਰ ਏਨੀ ਵਧਾ ਦਿਤੀ ਕਿ ਜਿ਼ਆਦਾਤਰ ਜਿ਼ਮੀਦਾਰਾਂ ਲਈ ਲਗਾਨ ਦੀ ਰਕਮ (ਜੋ ਹੁਣ ਜਿਨਸ ਦੀ ਥਾਵੇਂ ਨਕਦੀ ਰੂਪ ਵਿਚ ਵਸੂਲੀ ਜਾਂਦੀ ਸੀ) ਅਦਾ ਕਰਨੀ ਔਖੀ ਹੋ ਗਈ ਅਤੇ ਉਨ੍ਹਾਂ ਨੂੰ ਇਸ ਦੇ ਵਾਸਤੇ ਆਪਣੀਆਂ ਜਾਇਦਾਦਾਂ ਨੀਲਾਮ ਕਰਨੀਆਂ ਪੈ ਗਈਆਂ। ਨਤੀਜੇ ਵਜੋਂ ਸਥਾਈ ਬੰਦੋਬਸਤ ਦੇ ਤੁਰੰਤ ਪਿੱਛੋਂ ਮੁਗਲ ਰਾਠਾਂ ਦੀਆਂ ਵੱਡੀਆਂ ਜਗੀਰਾਂ ਟੁੱਟਣ ਤੇ ਵਿਕਣ ਲੱਗ ਪਈਆਂ। ਉਧਰ ਦੂਜੇ ਬੰਨੇ, ਬੰਗਾਲ ਦੀਆਂ ਧਨਵਾਨ ਤੇ ਗਿਆਨਵਾਨ ਹਿੰਦੂ ਉਚ ਜਾਤੀਆਂ ਦੇ ਨਵੇਂ ਪ੍ਰਬੰਧ ਅੰਦਰ ਭਾਗ ਹੋਰ ਚਮਕ ਉਠੇ ਸਨ। ਯੂਰਪ ਦੇ ਵਪਾਰੀ ਘਰਾਣਿਆਂ ਨੂੰ ਭਾਰਤ ਅੰਦਰ ਕਾਰੋਬਾਰ ਕਰਨ ਲਈ ਅਜਿਹੇ ਸਮਰੱਥਾਵਾਨ ਸਥਾਨਕ ਭਾਈਵਾਲਾਂ ਦੀ ਜ਼ਰੂਰਤ ਸੀ ਜਿਹੜੇ ਉਨ੍ਹਾਂ ਨੂੰ, ਇਕ ਤਾਂ ਕਰਜ਼ੇ ਦੇ ਰੂਪ ਵਿਚ ਲੁੜੀਂਦੀ ਪੂੰਜੀ ਤੇ ਦੂਜਾ ਸਥਾਨਕ ਹਾਲਤਾਂ ਬਾਰੇ ਲੁੜੀਂਦਾ ਗਿਆਨ ਮੁਹਈਆ ਕਰ ਸਕਦੇ। ਬੰਗਾਲ ਦੀਆਂ ਪਿੱਛੇ ਦਰਸਾਈਆਂ ਹਿੰਦੂ ਉਚ ਜਾਤੀਆਂ ਅੰਦਰ ਇਹ ਗੁਣ ਸਮਰੱਥਾ ਵਾਧੂ ਸੀ। ਇਸ ਕਰਕੇ ਉਨ੍ਹਾਂ ਨੇ ਇਸ ਦਲਾਲੀ ਦੇ ਧੰਦੇ ਵਿਚੋਂ ਅੰਨ੍ਹਾ ਪੈਸਾ ਕਮਾਇਆ। ਇਸ ਪੈਸੇ ਨਾਲ ਉਨ੍ਹਾਂ ਨੇ ਕੰਗਾਲ ਹੋ ਰਹੇ ਮੁਸਲਿਮ ਜਗੀਰਦਾਰਾਂ ਦੀਆਂ ਨੀਲਾਮ ਹੋ ਰਹੀਆਂ ਜਗੀਰਾਂ ਧੜਾਧੜ ਖਰੀਦਣੀਆਂ ਸ਼ੁਰੂ ਕਰ ਦਿਤੀਆਂ। ਇਸ ਤਰ੍ਹਾਂ, ਛੇਤੀ ਹੀ ਮੁਸਲਿਮ ਜਗੀਰਦਾਰਾਂ ਦੀਆਂ ਜਗੀਰਾਂ ਵਿਆਪਕ ਪੈਮਾਨੇ `ਤੇ ਹਿੰਦੂ ਧਨਾਢਾਂ ਦੇ ਹੱਥਾਂ ਵਿਚ ਚਲੀਆਂ ਗਈਆਂ। ਨਿਜੀ ਜਾਇਦਾਦ ਦੇ ਬਰਤਾਨਵੀ ਸੰਕਲਪ ਨੇ ਸ਼ਹਿਰਾਂ ਵਿਚ ਬੈਠੇ ਲਗਾਨਦਾਰਾਂ ਲਈ ਪੇਂਡੂ ਖੇਤਰ ਵਿਚੋਂ ਪੂੰਜੀ ਦਾ ਨਿਕਾਸ ਕਰਨ, ਤੇ ਇਸ ਤਰ੍ਹਾਂ ਕਿਸਾਨੀ ਨੂੰ ਨਿਰਧਨ ਤੇ ਸ਼ਕਤੀਹੀਣ ਕਰ ਦੇਣ ਲਈ ਰਸਤਾ ਖੋਲ੍ਹ ਦਿਤਾ ਸੀ। ਇਸ ਤਰੀਕੇ ਨਾਲ, ‘ਸਥਾਈ ਬੰਦੋਬਸਤ’ ਸਦਕਾ ਬੰਗਾਲੀ ਸਮਾਜ ਅੰਦਰ ਨਵੀਂ ਜਮਾਤੀ ਸਫ਼ਬੰਦੀ ਹੋ ਗਈ ਸੀ। ਜਿਥੇ ਇਕ ਪਾਸੇ ਕਾਸ਼ਤਕਾਰਾਂ ਨੂੰ ਪੂਰੀ ਤਰ੍ਹਾਂ ਸਾਧਨਹੀਣ ਤੇ ਬਲਹੀਣ ਕਰਕੇ ਤਬਾਹੀ ਦੇ ਮੂੰਹ ਵਿਚ ਧੱਕ ਦਿਤਾ ਗਿਆ ਸੀ, ਉਥੇ ਨਾਲੋ-ਨਾਲ ਕੁਲੀਨ ਵਰਗ ਦੀ ਦਰਜਾਬੰਦੀ ਅੰਦਰ ਵੀ ਅਹਿਮ ਉਲਟ-ਫੇਰ ਹੋ ਗਿਆ ਸੀ। ਮੁਸਲਿਮ ਕੁਲੀਨ ਵਰਗ ਦੀ ਪ੍ਰਧਾਨ ਹੈਸੀਅਤ ਹਿੰਦੂ ਕੁਲੀਨ ਵਰਗ ਨੇ ਹਥਿਆ ਲਈ ਸੀ। ਰਵਾਇਤੀ ਹਿੰਦੂ ਭੋਇੰ-ਸਵਾਮੀਆਂ ਨੇ, ਸ਼ਹਿਰੀ ਤੇ ਦਲਾਲ ਸੰਪਰਕਾਂ ਦੇ ਜ਼ਰੀਏ, ਆਪਣਾ ਜਕੜ-ਪੰਜਾ ਬੰਗਾਲ ਦੇ ਸਮੁੱਚੇ ਪੇਂਡੂ ਢਾਂਚੇ ਅੰਦਰ ਫੈਲਾ ਲਿਆ ਸੀ।

ਬਰਤਾਨਵੀ ਬਸਤੀਵਾਦੀ ਹਾਕਮਾਂ ਦੇ ਨਵੇਂ ਆਰਥਕ ਸਿਲਸਿਲੇ ਨੇ ਬੰਗਾਲ ਨੂੰ, ਉਭਰ-ਵਿਗਸ ਰਹੇ ਸੰਸਾਰ ਪੂੰਜੀਵਾਦੀ ਪ੍ਰਬੰਧ ਨਾਲ ਜੋੜ ਦਿਤਾ ਸੀ। ਇਹ ਰਿਸ਼ਤਾ ਸਾਵਾਂ ਤੇ ਸੁਲੱਖਣਾ ਨਹੀਂ ਸੀ। ਇਸ ਨਾਲ ਬੰਗਾਲ ਦੀ ਵਧ ਫੁਲ ਰਹੀ ਰਵਾਇਤੀ ਕੱਪੜਾ ਸਨਅਤ ਦਾ ਉਜਾੜਾ ਅਟੱਲ ਹੋ ਗਿਆ ਸੀ। ਬਸਤੀਵਾਦੀ ਪ੍ਰਸ਼ਾਸਨ ਦੀਆਂ ਗਿਣੀਆਂ ਮਿਥੀਆਂ ਨੀਤੀਆਂ ਅਥਵਾ ਚਾਲਾਂ ਨੇ ਉਜਾੜੇ ਦਾ ਇਹ ਅਮਲ ਤੇਜ਼ ਕਰ ਦਿਤਾ। ਜਿਥੇ ਇਕ ਪਾਸੇ ਬਰਤਾਨਵੀ ਫਰਮਾਂ ਨੂੰ ਭਾਰਤੀ ਮੰਡੀ ਉਤੇ ਕਾਬਜ਼ ਹੋਣ ਲਈ ਉਤਸ਼ਾਹਤ ਕੀਤਾ ਗਿਆ, ਉਥੇ ਬਰਤਾਨਵੀ ਮੰਡੀ ਅੰਦਰ ਭਾਰਤੀ ਕੱਪੜੇ ਦੀ ਦਰਾਮਦ ਤੇ ਵਿਕਰੀ ਦੇ ਰਾਹ ਬੰਦ ਕਰ ਦਿਤੇ ਗਏ। ਮਾਨਚੈਸਟਰ ਦੇ ਮਸ਼ੀਨਾਂ ਦੁਆਰਾ ਬੁਣੇ ਸਸਤੇ ਕੱਪੜੇ ਨੇ ਤਾਣੀ ਦੇ ਬੁਣੇ ਕੱਪੜੇ ਨੂੰ ਮੈਦਾਨ ਵਿਚੋਂ ਬੁਰੀ ਤਰ੍ਹਾਂ ਖਦੇੜ ਦਿਤਾ। ਸਿੱਟਾ ਇਹ ਨਿਕਲਿਆ ਕਿ ਪੁਸ਼ਤਾਂ ਤੋਂ ਹੱਥ-ਖੱਡੀਆਂ ਨਾਲ ਕੱਪੜਾ ਬੁਣਦੇ ਆ ਰਹੇ ਬੰਗਾਲ ਦੇ ਹੁਨਰੀ ਜੁਲਾਹੇ, ਜਿਹੜੇ ਕਿ ਲੱਗਭਗ ਸਾਰੇ ਦੇ ਸਾਰੇ ਮੁਸਲਮਾਨ ਸਨ, ਵੱਡੇ ਪੱਧਰ `ਤੇ ਉਜਾੜੇ ਦਾ ਸਿ਼ਕਾਰ ਹੋ ਗਏ। ਢਾਕਾ, ਜਿਹੜਾ ਕਿ ਵਧ ਫੁਲ ਰਹੀ ਕੱਪੜਾ ਸਨਅਤ ਦਾ ਗੜ੍ਹ ਸੀ, ਤੇਜ਼ੀ ਨਾਲ ਉਜੜਨਾ ਸ਼ੁਰੂ ਹੋ ਗਿਆ। 1765 ਈ: ਵਿਚ ਢਾਕੇ ਦੀ ਵਸੋਂ ਸਾਢੇ ਚਾਰ ਲੱਖ ਸੀ ਜਿਹੜੀ 35 ਸਾਲਾਂ ਬਾਅਦ (1800 ਈ: ਵਿਚ) ਘਟਕੇ ਕੇਵਲ ਵੀਹ ਹਜ਼ਾਰ ਰਹਿ ਗਈ ਸੀ। ਬੰਗਾਲ ਦੀ ਪੁਰਾਣੀ ਰਾਜਧਾਨੀ ਮੁਰਸ਼ਦਾਬਾਦ ਦਾ ਵੀ ਇਹੀ ਹਸ਼ਰ ਹੋਇਆ। ਇਸ ਦੀ ਤੁਲਨਾ ਵਿਚ, ਕਲਕੱਤਾ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰਦਾ ਚਲਾ ਗਿਆ।* (*1881 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਕਲਕੱਤੇ ਦੀ ਵਸੋਂ ਅੱਠ ਲੱਖ ਦੇ ਨੇੜੇ ਸੀ, ਜਿਨ੍ਹਾਂ ਵਿਚੋਂ ਦੋ ਤਿਹਾਹੀ ਦੇ ਕਰੀਬ ਹਿੰਦੂ ਸਨ। ਮਹਾਂਨਗਰ ਦੇ ਦਫ਼ਤਰਾਂ, ਬੈਂਕਾਂ, ਅਦਾਲਤਾਂ, ਸਕੂਲਾਂ ਤੇ ਕਾਲਜਾਂ ਅੰਦਰ ਭਦਰਲੋਕ ਦਾ ਬੋਲਬਲਾ ਸੀ।) ਇਸ ਦੇ ਕਾਰਨ ਪ੍ਰਤੱਖ ਸਨ। ਅੰਗਰੇਜ਼ਾਂ ਨੇ ਕਿਉਂਕਿ ਮੁਸਲਮਾਨਾਂ ਕੋਲੋਂ ਸੱਤਾ ਖੋਹੀ ਸੀ, ਇਸ ਕਰਕੇ ਮੁਸਲਿਮ ਰਈਸਾਂ ਨੂੰ ਬਸਤੀਵਾਦੀ ਤਾਕਤ ਦੀ ਕਰੋਪੀ ਦਾ ਸਿ਼ਕਾਰ ਹੋਣਾ ਪਿਆ ਸੀ। ਬਰਤਾਨਵੀ ਹਾਕਮਾਂ ਵੱਲੋਂ ਭਾਰਤ ਅੰਦਰ ਚਾਲੂ ਕੀਤੇ ਗਏ ਨਵੇਂ ਆਰਥਕ ਸਿਲਸਿਲੇ ਨੇ ਜਿਥੇ ਇਕ ਪਾਸੇ ਪੂਰਬੀ ਬੰਗਾਲ ਦੇ ਰਵਾਇਤੀ ਮੁਸਲਿਮ ਕਾਰੀਗਰਾਂ (ਸਿ਼ਲਪਕਾਰਾਂ) ਨੂੰ ਉਜਾੜੇ ਦੇ ਮੂੰਹ ਵਿਚ ਧੱਕ ਦਿਤਾ ਸੀ, ਉਥੇ ਦੂਜੇ ਪਾਸੇ, ਇਸ ਨੇ ਹਿੰਦੂ ਉਚ ਜਾਤੀਆਂ ਦੀ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਖੋਲ੍ਹ ਦਿਤੇ ਸਨ। ਢਾਕੇ ਦਾ ਪਤਨ ਤੇ ਕਲਕੱਤੇ ਦੀ ਚੜ੍ਹਤਲ ਬੰਗਾਲੀ ਸਮਾਜ ਅੰਦਰ ਵਾਪਰੀ ਇਸ ਅਹਿਮ ਸਮਾਜੀ ਤਬਦੀਲੀ ਦੀ ਸੂਚਕ ਸੀ, ਜਿਸਨੇ ਪੂਰੇ ਹਿੰਦੁਸਤਾਨ ਦੀ ਹੋਣੀ ਉਤੇ ਫੈਸਲਾਕੁਨ ਤੇ ਚਿਰ-ਸਥਾਈ ਅਸਰ ਪਾਏ।

ਅਠਾਰਵੀਂ ਸਦੀ ਅੰਦਰ ਬਰਤਾਨਵੀਆਂ ਦੀ ਹਮਦਰਦੀ ਮੁਸਲਮਾਨਾਂ ਦੀ ਤੁਲਨਾ ਵਿਚ ਹਿੰਦੂਆਂ ਦੇ ਪੱਖ ਵਿਚ ਜਿ਼ਆਦਾ ਸੀ। ਇਸ ਦੇ ਪ੍ਰਤੱਖ ਰਾਜਸੀ ਕਾਰਨ ਸਨ। ਇਕ ਤਾਂ, ਆਮ ਰੂਪ ਵਿਚ ਹੀ, ਬਰਤਾਨਵੀ ਮਾਨਸਿਕਤਾ ਉਤੇ ਈਸਾਈਆਂ ਤੇ ਮੁਸਲਮਾਨਾਂ ਵਿਚਕਾਰ ਲੜੀਆਂ ਗਈਆਂ ਜਹਾਦੀ ਜੰਗਾਂ ਦਾ ਡਾਢਾ ਅਸਰ ਸੀ। ਗੋਰਿਆਂ ਨੂੰ ਸਪੇਨ ਦੀ ਜੰਗ ਅਜੇ ਤਕ ਨਹੀਂ ਸੀ ਭੁੱਲੀ। ਦੂਜਾ, ਭਾਰਤ ਅੰਦਰ ਅੰਗਰੇਜ਼ਾਂ ਨੇ ਮੁਸਲਮਾਨਾਂ ਕੋਲੋਂ ਸੱਤਾ ਖੋਹੀ ਸੀ ਅਤੇ ਇਸ ਅਮਲ ਦੌਰਾਨ ਬਰਤਾਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਸਿਰਾਜ-ਉਦ-ਦੌਲਾ ਤੇ ਟੀਪੂ ਸੁਲਤਾਨ ਖਲਨਾਇਕਾਂ ਦਾ ਦਰਜਾ ਅਖਤਿਆਰ ਕਰ ਗਏ ਸਨ। ਟੀਪੂ ਸੁਲਤਾਨ ਦੀ ਹਾਰ ਉਪਰੰਤ ਬਰਤਾਨੀਆ ਅੰਦਰ ਵੱਡੇ ਪੈਮਾਨੇ ਉਤੇ ਜਨਤਕ ਜਸ਼ਨ ਮਨਾਏ ਗਏ ਸਨ। ਇਸ ਕਰਕੇ “ਇਹ ਕੁਦਰਤੀ ਸੀ ਕਿ ਬਰਤਾਨਵੀ ਹਾਕਮ ਹਿੰਦੂਆਂ ਨੂੰ ਆਪਣੇ ਨਾਲ ਗੰਢਣ ਦੇ ਯਤਨ ਕਰਦੇ, ਖ਼ਾਸ ਕਰਕੇ ਇਸ ਲਈ ਕਿ ਹਿੰਦੂ ਬਹੁਗਿਣਤੀ ਵਿਚ ਸਨ। ਅੰਗਰੇਜ਼ ਇਕ ਵਿਸ਼ਾਲ ਤੇ ਸਵਾਲੀ ਬਹੁਗਿਣਤੀ, ਜਿਸਨੂੰ ਮੁਸਲਿਮ ਜਰਵਾਣਿਆਂ ਨੇ ਦਬਾ ਰੱਖਿਆ ਸੀ, ਦੇ ਰਖਵਾਲੇ ਬਣ ਕੇ ਪੇਸ਼ ਹੋਏ”। ਨਥੇਨੀਅਲ ਬਰਾਸੀ ਹਾਲਹੇਡ, ਜਿਸ ਨੂੰ ਵਾਰਨ ਹੇਸਟਿੰਗਜ਼ ਨੇ, ਹਿੰਦੂਆਂ ਦੇ ਕਾਨੂੰਨ ਦੇ ਗ੍ਰੰਥ ਦਾ ਤਰਜਮਾ ਕਰਨ ਲਈ ਮੁਕਰਰ ਕੀਤਾ ਸੀ, ਨੇ ਹੇਸਟਿੰਗਜ਼ ਦਾ ਉਸਤਤ-ਗਾਇਣ ਕਰਦਿਆਂ ਉਸ ਨੂੰ ‘ਹਿੰਦੂਆਂ ਦਾ ਮੁਕਤੀਦਾਤਾ’ ਕਹਿਕੇ ਨਿਵਾਜਿਆ ਸੀ, ਜਿਸ ਨੇ ਹਿੰਦੂਆਂ ਨੂੰ ਕੋਰਾਨ ਦੇ ‘ਭਰਿਸ਼ਟ ਫ਼ਰਮਾਨਾਂ’ ਤੇ ‘ਜ਼ਰ-ਖਰੀਦ ਕਾਨੂੰਨਾਂ’ ਤੋਂ ਨਿਜਾਤ ਦਿਵਾ ਦਿਤੀ ਸੀ, ਅਤੇ ਉਨ੍ਹਾਂ ਦੇ ‘ਦੇਸ ਦੇ ਕਾਨੂੰਨਾਂ’ ਅਤੇ ‘(ਮੁਸਲਿਮ ਹਾਕਮਾਂ ਵਲੋਂ) ਦੁਰਕਾਰੇ ਗਏ ਵੇਦਾਂ ਦੇ ਸਦਾਚਾਰਕ ਪ੍ਰਬੰਧ ਨੂੰ ਬਹਾਲ ਕਰ ਦਿਤਾ’ ਸੀ। ਜਿਹੜੇ ਪੰਡਤਾਂ ਨੇ ਤਰਜਮੇ ਲਈ ਹਿੰਦੂ ਕਾਨੂੰਨਾਂ ਦਾ ਉਪਰੋਕਤ ਗ੍ਰੰਥ ਤਿਆਰ ਕੀਤਾ ਸੀ, ਉਹ ਵੀ ਹੇਸਟਿੰਗਜ਼ ਦੇ ਲੱਖ ਲੱਖ ਸ਼ੁਕਰਗੁਜ਼ਾਰ ਹੋਏ ਸਨ ਜਿਸਨੇ ਉਨ੍ਹਾਂ ਦੀ ‘ਮੁਸਲਮਾਨਾਂ ਦੇ ਜ਼ੁਲਮਾਂ ਤੋਂ ਬੰਦਖਲਾਸੀ’ ਕਰ ਦਿਤੀ ਸੀ। ਅੰਗਰੇਜ਼ਾਂ ਪ੍ਰਤਿ ਸ਼ੁਕਰਾਨੇ ਦਾ ਇਹ ਭਾਵ ਸਿਰਫ ਰਵਾਇਤੀ ਹਿੰਦੂ ਵਰਗਾਂ ਤਕ ਸੀਮਤ ਨਹੀਂ ਸੀ। ਬਾਅਦ ਵਿਚ ਆਧੁਨਿਕ ਵਿਿਦਆ ਦੇ ਜ਼ਰੀਏ ਪੈਦਾ ਹੋਏ ਨਵੇਂ, ਪੜ੍ਹੇ ਲਿਖੇ ਹਿੰਦੂ ਵਰਗਾਂ ਅੰਦਰ ਵੀ ਇਸ ਦਾ ਵਿਆਪਕ ਅਸਰ ਪ੍ਰਗਟ ਹੋਇਆ। ਹਿੰਦੂ ਰਾਸ਼ਟਰਵਾਦੀਆਂ ਅੰਦਰ ਬੇਹੱਦ ਮਕਬੂਲ ਹੋਏ ਸ਼ਰਤ ਚੰਦਰ ਦੇ ਪ੍ਰਸਿੱਧ ਨਾਵਲ ‘ਅਨੰਦ ਮੱਠ’ ਅਤੇ ਲਾਲਾ ਲਾਜਪਤ ਰਾਏ ਦੀ ਸਵੈ-ਜੀਵਨੀ (ਮਾਈ ਸਟੋਰੀ) ਤੋਂ ਇਸ ਤੱਥ ਦੀ ਗੂੜ੍ਹੀ ਪੁਸ਼ਟੀ ਹੁੰਦੀ ਹੈ।

ਵਿਲੀਅਮ ਬੈਂਟਿਕ (ਗਵਰਨਰ ਜਨਰਲ) ਨੇ ਬੰਗਾਲ, ਬਿਹਾਰ ਤੇ ਉੜੀਸਾ ਦੇ ਲੋਕਾਂ ਉਤੇ ਸਥਾਈ ਬੰਦੋਬਸਤ ਠੋਸਣ ਪਿੱਛੇ ਬਰਤਾਨਵੀ ਹਕੂਮਤ ਦੇ ਰਾਜਸੀ ਮਨੋਰਥ ਦੀ ਵਿਆਖਿਆ ਕਰਦਿਆਂ ਕੋਈ Eਹਲਾ ਨਹੀਂ ਰਹਿਣ ਦਿਤਾ ਸੀ। ਉਸ ਨੇ, 1928 ਵਿਚ, ਬਰਤਾਨੀਆ ਅੰਦਰ ਕੁੱਝ ਵਰਗਾਂ ਵਲੋਂ ਸਥਾਈ ਬੰਦੋਬਸਤ ਦੀ ਕੀਤੀ ਜਾ ਰਹੀ ਨੁਕਤਾਚੀਨੀ ਦਾ ਜੁਆਬ ਦਿੰਦਿਆਂ ਕਿਹਾ ਸੀ ਕਿ “ਸਥਾਈ ਬੰਦੋਬਸਤ ਕਈ ਹੋਰਨਾਂ ਪੱਖਾਂ ਤੋਂ ਭਲੇ ਹੀ ਨਾਕਾਮ ਰਿਹਾ ਹੈ, ਪ੍ਰੰਤੂ ਇਸ ਦਾ ਘੱਟੋ-ਘੱਟ ਇਹ ਵੱਡਾ ਲਾਭ ਜ਼ਰੂਰ ਹੋਇਆ ਹੈ ਕਿ ਇਸ ਨੇ ਧਨਾਢ ਭੋਇੰ-ਸੁਆਮੀਆਂ ਦਾ ਇਕ ਵਿਸ਼ਾਲ ਵਰਗ ਪੈਦਾ ਕਰ ਦਿਤਾ ਹੈ ਜਿਹੜਾ ਬਰਤਾਨਵੀ ਰਾਜ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਅਤੇ ਜਿਸਦੀ ਲੋਕਾਂ ਦੇ ਸਮੂਹ ਉਤੇ ਮੁਕੰਮਲ ਕਮਾਂਡ ਹੈ”। 1857 ਦੇ ਗਦਰ ਮੌਕੇ ਬੰਗਾਲੀ ਜਿ਼ੰਮੀਦਾਰ, ਜੋ ਜਿ਼ਆਦਾਤਰ ਹਿੰਦੂ ਸਨ, ਪੂਰੀ ਤਰ੍ਹਾਂ ਬਰਤਾਨਵੀ ਹਕੂਮਤ ਦੇ ਪੱਖ ਵਿਚ ਭੁਗਤੇ ਸਨ। ਲੱਗਭੱਗ ਇਕ ਸਦੀ ਤਕ ਹਿੰਦੂ ਕੁਲੀਨ ਵਰਗ ਤੇ ਬਸਤੀਵਾਦੀ ਰਾਜ ਵਿਚਕਾਰ ਸੰਮਤੀ ਤੇ ਸਾਂਝ-ਭਿਆਲੀ ਦਾ ਮਾਹੌਲ ਬਣਿਆ ਰਿਹਾ। 1857 ਦੇ ਘਟਨਾ-ਕ੍ਰਮ ਨਾਲ ਦੋਵਾਂ ਧਿਰਾਂ ਵਿਚਕਾਰ ‘ਹਨੀਮੂਨ’ ਦਾ ਇਹ ਦੌਰ ਖ਼ਤਮ ਹੋ ਗਿਆ; ਅਤੇ ਇਸ ਦੇ ਨਾਲ ਹੀ ਭਾਰਤ ਅੰਦਰ ਰਾਸ਼ਟਰਵਾਦ ਦੇ ਰਾਜਸੀ ਵਰਤਾਰੇ ਦਾ ਜਨਮ ਹੋਇਆ।
ਨਵਾਂ ਹਿੰਦੂ ਕੁਲੀਨ ਤਬਕਾ

1774 ਈ: ਵਿਚ ਕਲਕੱਤੇ ਵਿਖੇ ਸੁਪਰੀਮ ਕੋਰਟ ਸਥਾਪਤ ਹੋ ਗਈ ਸੀ। ਮਈ 1816 ਵਿਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਡਵਰਡ ਹਾਈਡ ਈਸਟ ਨੇ ਆਪਣੇ ਘਰੇ ‘ਯੂਰਪੀ ਤੇ ਹਿੰਦੂ ਭੱਦਰਪੁਰਸ਼ਾਂ’ ਦੀ ਇਕ ਸਭਾ ਬੁਲਾਈ, ਜਿਸ ਵਿਚ ‘ਹਿੰਦੂ ਭਾਈਚਾਰੇ ਦੇ ਬੱਚਿਆਂ ਨੂੰ ਪੱਛਮੀ ਵਿਿਦਆ ਦੇਣ ਲਈ ਸੰਸਥਾ ਸਥਾਪਤ ਕਰਨ’ ਦੀ ਤਜਵੀਜ਼ ਉਤੇ ਵਿਚਾਰਾਂ ਹੋਈਆਂ। ਇਸ ਮੀਟਿੰਗ ਵਿਚ ਰਾਜਾ ਰਾਮਮੋਹਨ ਰਾਇ ਸਮੇਤ ਕਲਕੱਤੇ ਦੇ ਹੋਰ ਕਈ ਸਾਰੇ ਪਤਵੰਤੇ ਹਿੰਦੂ ਸੱਜਣ ਸ਼ਾਮਲ ਹੋਏ ਸਨ। ਇਸ ਵਿਚਾਰ ਚਰਚਾ ਦਾ ਠੋਸ ਅਮਲੀ ਸਿੱਟਾ ਇਹ ਨਿਕਲਿਆ ਕਿ ਅਗਲੇ ਹੀ ਸਾਲ, 1817 ਈ: ਵਿਚ, ਹਿੰਦੂ ਕਾਲਜ ਚਾਲੂ ਕੀਤਾ ਗਿਆ। ਜਿਥੇ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਮੁੱਖ ਤੌਰ `ਤੇ ਅੰਗਰੇਜ਼ ਅਫਸਰਸਾਹੀ ਦੀਆਂ ਲੋੜਾਂ (ਉਨ੍ਹਾਂ ਨੂੰ ਸਥਾਨਕ ਬੋਲੀਆਂ ਤੇ ਰਹਿਤਲ ਤੋਂ ਜਾਣੂੰ ਕਰਾਉਣਾ) ਨੂੰ ਮੁੱਖ ਰੱਖ ਕੇ ਕੀਤੀ ਗਈ ਸੀ, ਉਥੇ ਹਿੰਦੂ ਕਾਲਜ ਕਾਇਮ ਕਰਨ ਦਾ ਮਨੋਰਥ ਨਵੇਂ ਪ੍ਰਬੰਧਕੀ ਢਾਂਚੇ ਲਈ ਹਿੰਦੂ ਸਮਾਜ ਵਿਚੋਂ ਨਵਾਂ ਕੁਲੀਨ ਤਬਕਾ ਪੈਦਾ ਕਰਨਾ ਸੀ। ਇਸ ਕਾਲਜ ਵਿਚ ਆਂਧਰਾ, ਉੜੀਸਾ ਤੇ ਬਿਹਾਰ ਤਕ, ਦੂਰ ਦੂਰ ਤੋਂ ‘ਹਿੰਦੂ ਜਾਤੀ ਦੇ ਬੱਚੇ’ ਦਾਖਲ ਹੋਣ ਲੱਗੇ। 1843 ਈ: ਵਿਚ ਇਸ ਕਾਲਜ ਅੰਦਰ ਇੰਜਨੀਰਿੰਗ ਦੀ ਪੜ੍ਹਾਈ ਤੇ ਸਿਖਲਾਈ ਆਰੰਭ ਕੀਤੀ ਗਈ। 1856 ਈ: ਵਿਚ ਕਲਕੱਤੇ ਵਿਚ ਹੀ ਇਕ ਵੱਖਰਾ ‘ਬੰਗਾਲ ਇੰਜਨੀਰਿੰਗ ਕਾਲਜ’ ਸਥਾਪਤ ਹੋ ਗਿਆ ਸੀ। ਇਸ ਤੋਂ ਪਹਿਲਾਂ 1847 ਈ: ਵਿਚ ਰੁੜਕੀ ਵਿਖੇ ਭਾਰਤ ਅੰਦਰ ਪਹਿਲਾ ਇੰਜਨੀਰਿੰਗ ਕਾਲਜ ਖੁਲ੍ਹ ਚੁੱਕਾ ਸੀ। 1854 ਵਿਚ ਪੂਨੇ ਵਿਖੇ ਦੂਜਾ ਇੰਜਨੀਰਿੰਗ ਕਾਲਜ ਚਾਲੂ ਹੋ ਗਿਆ ਸੀ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਸੰਸਥਾਵਾਂ ਦੇ ਦਰ ਸਾਰੇ ਵਰਗਾਂ ਲਈ ਖੁਲ੍ਹੇ ਨਹੀਂ ਸਨ। ਇਨ੍ਹਾਂ ਵਿਚ ਕੇਵਲ ‘ਹਿੰਦੂ ਉਚ ਜਾਤੀਆਂ ਦੇ ਬੱਚੇ’ ਹੀ ਦਾਖਲਾ ਲੈ ਸਕਦੇ ਸਨ। ਪ੍ਰੈਜੀਡੈਂਸੀ ਕਾਲਜ ਦੀ ਸਥਾਪਨਾ ਤੋਂ 37 ਸਾਲਾਂ ਬਾਅਦ, 1855 ਈ: ਵਿਚ, ਪਹਿਲੀ ਵਾਰ ਸਮਾਜ ਦੇ ਸਾਰੇ ਵਰਗਾਂ ਲਈ ਦਾਖਲਾ ਖੋਲ੍ਹਿਆ ਗਿਆ। ਉਦੋਂ ਤਕ ਹਿੰਦੂ ਉਚ ਜਾਤੀਆਂ ਦੀਆਂ ਦੋ ਪੁਸ਼ਤਾਂ ਪੜ੍ਹ ਲਿਖ ਗਈਆਂ ਸਨ। ਉਸ ਸਾਲ 101 ਨਵੇਂ ਵਿਿਦਆਰਥੀ ਦਾਖਲ ਹੋਏ ਜਿਨ੍ਹਾਂ `ਚੋਂ ਕੇਵਲ ਦੋ ਮੁਸਲਮਾਨ ਸਨ। ਬਾਕੀ ਦੇ 99 ਵਿਿਦਆਰਥੀ ਫਿਰ ‘ਉਚੀਆਂ’ ਹਿੰਦੂ ਜਾਤੀਆਂ `ਚੋਂ ਹੀ ਸਨ। ਕਾਲਜ ਦੀ ਸਥਾਪਨਾ ਤੋਂ 80 ਸਾਲਾਂ ਬਾਅਦ ਜਾ ਕੇ, 1897 ਈ: ਵਿਚ, ਇਸ ਸੰਸਥਾ ਅੰਦਰ ਪਹਿਲੀ ਵਾਰ ਕਿਸੇ ਕੁੜੀ ਨੂੰ ਦਾਖਲ ਹੋਣ ਦਾ ਹੱਕ ਤੇ ਸੁਭਾਗ ਨਸੀਬ ਹੋਇਆ ਸੀ।*

1901 ਦੀ ਮਰਦਮ ਸ਼ੁਮਾਰੀ ਦੇ ਅੰਕੜਿਆਂ ਮੁਤਾਬਿਕ, ਬਸਤੀਵਾਦੀ ਪ੍ਰਸ਼ਾਸਨ ਅਧੀਨ ਬੰਗਾਲੀ ਸਮਾਜ ਅੰਦਰ ਹਿੰਦੂ ਉਚ ਜਾਤੀਆਂ (ਬ੍ਰਾਹਮਣ, ਵੈਦਿਆ, ਕਯਾਸਥ ਆਦਿ) ਨੇ, ਕੁੱਲ ਵਸੋਂ ਅੰਦਰ ਆਪਣੇ ਨਿਗੂਣੇ ਹਿੱਸੇ (5.2%) ਦੀ ਤੁਲਨਾ ਵਿਚ, 80% ਤੋਂ ਵਧੇਰੇ ਉਚੀਆਂ ਪਦਵੀਆਂ ਉਤੇ ਹੱਕ ਜਮਾ ਰੱਖਿਆ ਸੀ। ਨੀਵੀਆਂ ਸਮਝੀਆਂ ਜਾਂਦੀਆਂ ਹਿੰਦੂ ਜਾਤੀਆਂ ਦੇ ਹਿੱਸੇ ਸਿਰਫ਼ 9.5% ਨੌਕਰੀਆਂ ਹੀ ਆਈਆਂ, ਜਦੋਂ ਕਿ ਕੁੱਲ ਵਸੋਂ ਅੰਦਰ ਉਨ੍ਹਾਂ ਦਾ ਹਿੱਸਾ 41.8% ਸੀ। ਬੰਗਾਲ ਅੰਦਰ ਮੁਸਲਮਾਨਾਂ ਦੀ ਗਿਣਤੀ ਅੱਧ ਨਾਲੋਂ ਵੱਧ (51.2%) ਸੀ, ਪਰ ਉਚੀਆਂ ਪਦਵੀਆਂ ਅੰਦਰ ਉਨ੍ਹਾਂ ਦਾ ਹਿੱਸਾ ਨਿਗੂਣਾ, ਕੇਵਲ 10.3% ਸੀ। ਮਦਰਾਸ ਪ੍ਰੈਜੀਡੈਂਸੀ (ਭਾਵ ਅਜੋਕਾ ਸਮੁੱਚਾ ਤਾਮਲਨਾਡੂ, ਕਰਨਾਟਕਾ, ਆਂਧਰਾ ਪ੍ਰਦੇਸ਼ ਤੇ ਮਾਲਾਬਰ ਕੇਰਲਾ) ਦੀ ਕੁੱਲ ਵਸੋਂ ਅੰਦਰ ਬ੍ਰਾਹਮਣ ਸਿਰਫ਼ 3% ਸਨ, ਪਰ 1897 ਤੋਂ 1904 ਵਿਚਕਾਰ ਪ੍ਰੈਜੀਡੈਂਸੀ ਸਿਵਲ ਸਰਵਿਸ ਦੀਆਂ 94% ਆਸਾਮੀਆਂ ਇਕੱਲੇ ਬ੍ਰਾਹਮਣਾਂ ਨੇ ਹਥਿਆ ਲਈਆਂ ਸਨ। ਮਦਰਾਸ ਪ੍ਰੈਜੀਡੈਂਸੀ ਅੰਦਰ ਬ੍ਰਾਹਮਣ ਵਰਗ ਅੰਦਰ ਪੜ੍ਹਾਈ ਦੀ ਦਰ 80% ਸੀ, ਜਦ ਕਿ ਗੈਰ-ਬ੍ਰਾਹਮਣ ਵਰਗਾਂ ਵਿਚੋਂ ਕੇਵਲ 4% ਲੋਕ ਮੁਢਲੀ ਵਿਿਦਆ ਦਾ ਲਾਭ ਉਠਾ ਸਕੇ ਸਨ। ਉਚੀ ਵਿਿਦਆ ਗ੍ਰਹਿਣ ਕਰਨ ਵਾਲਾ ਤਾਂ ਕੋਈ ਵਿਰਲਾ ਹੀ ਸੀ। 1914 ਵਿਚ ਮਦਰਾਸ ਯੂਨੀਵਰਸਿਟੀ ਦੇ ਕੁੱਲ 650 ਰਜਿਸਟਰਡ ਗਰੈਜੂਏਟਾਂ ਵਿਚੋਂ 450 (70% ਦੇ ਕਰੀਬ) ਬ੍ਰਾਹਮਣ ਸਨ। ਉਸੇ ਹੀ ਸਾਲ ਸਮੁੱਚੇ ਖੇਤਰ ਵਿਚੋਂ ਕਾਂਗਰਸ ਪਾਰਟੀ ਦੇ ਕੁੱਲ ਚੁਣੇ ਗਏ 16 ਡੈਲੀਗੇਟਾਂ ਵਿਚੋਂ 14 ਬ੍ਰਾਹਮਣ ਸਨ। 1901 ਈ: ਤਕ ਮਦਰਾਸ ਵਿਧਾਨ ਕੌਂਸਲ ਅੰਦਰ ਇਕ ਵੀ ਗੈਰ-ਬ੍ਰਾਹਮਣ ਨੁਮਾਇੰਦਾ ਨਹੀਂ ਸੀ।

ਕੇਰਲਾ ਅੰਦਰ ਏੜਵਾ (Ezhavas) ਜਾਤੀ ਦੀ ਸੰਖਿਆ ਸਭ ਨਾਲੋਂ ਜਿ਼ਆਦਾ ਹੈ। ਪਰ ਇਸ ਜਾਤੀ ਦੇ ਪਹਿਲੇ ਵਿਅਕਤੀ (ਡਾ: ਪਲਪੂ) ਨੇ 1885 ਈ: ਵਿਚ ਜਾ ਕੇ ਬੀ. ਏ. ਕੀਤੀ ਸੀ (ਉਦੋਂ ਤਕ ਉਚ ਜਾਤੀਆਂ ਦੀਆਂ ਤਿੰਨ ਪੁਸ਼ਤਾਂ ਪੜ੍ਹ ਲਿਖ ਗਈਆਂ ਸਨ) ਪਰ ਫਿਰ ਵੀ ‘ਪਛੜੀ ਜਾਤ’ ਦਾ ਹੋਣ ਕਰਕੇ ਉਹ ਸਰਕਾਰੀ ਨੌਕਰੀ ਹਾਸਲ ਨਹੀਂ ਸੀ ਕਰ ਸਕਿਆ। 1903 ਈ: ਵਿਚ ਜਦੋਂ ਟਰਾਵਨਕੋਰ ਰਿਆਸਤ ਦੇ ਦੀਵਾਨ ਨੇ ਹਰੀਪਟ ਨਾਂ ਦੇ ਪਿੰਡ ਵਿਚ ਏੜਵਾ ਜਾਤੀ ਦੇ ਬੱਚਿਆਂ ਨੂੰ ਸਕੂਲ ਵਿਚ ਦਾਖਲਾ ਲੈਣ ਦੀ ਖੁਲ੍ਹ ਦੇ ਦਿਤੀ, ਤਾਂ ਨਈਅਰ ਬ੍ਰਾਹਮਣਾਂ ਨੇ ਉਧ ਮੂਲ ਚੁੱਕ ਲਿਆ ਸੀ। ਉਨ੍ਹਾ ਨੇ ਏੜਵਾ ਲੋਕਾਂ ਦੇ ਘਰ-ਬਾਰ ਭੰਨ ਸੁੱਟੇ ਸਨ ਅਤੇ ਸਕੂਲ ਜਾਣ ਦੀ ਗੁਸਤਾਖ਼ੀ ਕਰਨ ਵਾਲੇ ਏੜਵਾ ਬੱਚਿਆਂ ਦੀ ਕੁੱਟ ਮਾਰ ਕੀਤੀ ਗਈ ਸੀ। ਪਛੜੀਆਂ ਤੇ ਦਲਿਤ ਜਾਤੀਆਂ ਦੀ ਕਰੜੀ ਜੱਦੋਜਹਿਦ ਉਪਰੰਤ ਹੀ ਉਨ੍ਹਾਂ ਨੂੰ, ਬਹੁਤ ਪਛੜ ਕੇ, ਵਿਿਦਆ ਹਾਸਲ ਕਰਨ ਦਾ ਅਧਿਕਾਰ ਨਸੀਬ ਹੋ ਸਕਿਆ ਸੀ। ਪਰ ਉਦੋਂ ਤਕ ਉਚ ਜਾਤੀਆਂ ਨੇ ਭਾਰਤ ਦੇ ਨਵੇਂ ਰਾਜਸੀ ਢਾਂਚੇ ਅੰਦਰ ਆਪਣੀ ਪੂਰਨ ਅਜਾਰੇਦਾਰੀ ਸਥਾਪਤ ਕਰ ਲਈ ਸੀ। ਸੋ ਭਾਰਤੀ ਸਮਾਜ ਦੇ ਜਿਹੜੇ ਵਰਗ ਪੁਰਾਣੇ ਢਾਂਚੇ ਅੰਦਰ, ਸਦੀਆਂ ਤੋਂ ਵਿਸ਼ੇਸ਼ ਹੱਕ-ਸਹੂਲਤਾਂ ਮਾਣਦੇ ਆ ਰਹੇ ਸਨ, ਉਨ੍ਹਾਂ ਹੀ ਵਰਗਾਂ ਨੇ, ਬਸਤੀਵਾਦੀ ਰਾਜ ਹੇਠਾਂ, ਨਵੇਂ ਕੁਲੀਨ ਤਬਕੇ ਦਾ ਜਾਮਾ ਧਾਰਨ ਕਰ ਲਿਆ ਸੀ।

ਉਪਰ ਨਮੂਨੇ ਵਜੋਂ ਦਿਤੇ ਟਾਵੇਂ ਟਾਵੇਂ ਅੰਕੜੇ ਸਮਾਜੀ-ਰਾਜਸੀ ਸੱਤਾ ਦੀ ਕਾਣੀ ਵੰਡ ਦੀ ਨਿਖਰਵੀਂ ਤਸਵੀਰ ਪੇਸ਼ ਕਰਦੇ ਹਨ। ਇਹ ਕਾਣੀ ਵੰਡ ਸਵਰਨ ਜਾਤੀਆਂ ਦੇ ਕੇਵਲ ਮਾਨਸਿਕ ਝੁਕਾਅ ਦੀ ਬਦੌਲਤ ਨਹੀਂ ਸੀ। ਦੱਬੇ ਕੁਚਲੇ ਵਰਗਾਂ ਨੂੰ ਵਿਿਦਆ ਤੋਂ ਦੂਰ ਰੱਖਣ ਪਿੱਛੇ ਸਵਰਨ ਜਾਤੀਆਂ ਦੇ ਮਾਦੀ (ਸਮਾਜੀ-ਰਾਜਸੀ) ਹਿਤ ਕੰਮ ਕਰਦੇ ਸਨ। ਉਹ ਉਹਨਾਂ ਨੂੰ ਰਾਜਸੀ ਸੱਤਾ ਤੋਂ ਦੂਰ ਰੱਖਣਾ ਚਾਹੁੰਦੇ ਸਨ। ਪੁਰਾਣੇ ਢਾਂਚੇ ਅੰਦਰ, ਜਿਥੇ ਰਾਜਸੀ ਸੱਤਾ ਮੁਸਲਮਾਨਾਂ ਦੇ ਹੱਥਾਂ ਵਿਚ ਹੋਣ ਕਰਕੇ ਹਿੰਦੂ ਸਵਰਨ ਜਾਤੀਆਂ ਦਾ ਰਾਜਸੀ ਸੱਤਾ ਉਤੇ ਸਿੱਧਾ ਕੰਟਰੋਲ ਨਹੀਂ ਸੀ, ਉਥੇ ਨੀਵੀਆਂ ਸਮਝੀਆਂ ਜਾਂਦੀਆਂ ਜਾਤੀਆਂ ਉਤੇ ਹਿੰਦੂ ਸਵਰਨ ਜਾਤੀਆਂ ਦਾ ਸਮਾਜੀ ਦਬ-ਦਬਾ ਜਿਉਂ-ਦੀ-ਤਿਉਂ ਸੀ। ਨਵੇਂ ਢਾਂਚੇ ਅੰਦਰ ਜਦੋਂ ਰਵਾਇਤੀ ਹਿੰਦੂ ਕੁਲੀਨ ਵਰਗਾਂ ਨੇ, ਆਧੁਨਿਕ ਵਿਿਦਆ ਦੇ ਜ਼ਰੀਏ, ਪ੍ਰਬੰਧਕੀ ਢਾਂਚੇ ਅੰਦਰ ਭਾਰੂ ਹੈਸੀਅਤ ਮੱਲ ਲਈ, ਤਾਂ ਹਿੰਦੂ ਉਚ ਜਾਤੀਆਂ ਦਾ ਰਵਾਇਤੀ ਸਮਾਜੀ ਦਬ-ਦਬਾ ਰਾਜਸੀ ਦਬ-ਦਬੇ ਵਿਚ ਤਬਦੀਲ ਹੋ ਗਿਆ। ਸਵਰਨ ਜਾਤੀਆਂ ਦੀ ਸਥਾਨਕ ਪੱਧਰ `ਤੇ ਖਿੰਡੀ ਬਿਖਰੀ ਤਾਕਤ, ਨੌਕਰਸ਼ਾਹੀਕਰਨ ਦੇ ਅਮਲ ਰਾਹੀਂ, ਕੁੱਲ ਹਿੰਦ ਪੈਮਾਨੇ `ਤੇ ਇਕਜੁੱਟ ਹੋ ਗਈ। ਇਸ ਤਰੀਕੇ ਨਾਲ, ਹਿੰਦੂ ਉਚ ਜਾਤੀਆਂ ਲਈ ਬਸਤੀਵਾਦ ਵਰਦਾਨ ਸਾਬਤ ਹੋਇਆ। ਇਸ ਨੇ ਜਾਤ-ਪਾਤੀ ਪ੍ਰਥਾ ਨੂੰ ਕਮਜ਼ੋਰ ਕਰਨ ਦੀ ਥਾਵੇਂ, ਹੋਰ ਮਜ਼ਬੂਤ ਕਰ ਦਿਤਾ। ਹਿੰਦੂ ਉਚ ਜਾਤੀਆਂ ਦੀ ਤਾਕਤ ਤੇ ਗੌਰਵ ਵਿਚ ਹੋਰ ਵਾਧਾ ਹੋ ਗਿਆ। ਬ੍ਰਾਹਮਣ ਵਰਗ ਨੇ ਜਿਸ ਤਰੀਕੇ ਨਾਲ ਰਵਾਇਤੀ ਸਮਾਜ ਅੰਦਰ, ਸੰਸਕ੍ਰਿਤ ਉਤੇ ਆਪਣੀ ਅਜਾਰੇਦਾਰੀ ਦੇ ਜ਼ਰੀਏ ਗਿਆਨ ਉਤੇ ਅਜਾਰੇਦਾਰੀ ਹਾਸਲ ਕਰ ਲਈ ਸੀ, ਉਵੇਂ ਹੀ ਨਵੇਂ ਸਮਾਜ ਅੰਦਰ, ਬ੍ਰਾਹਮਣ ਵਰਗ ਤੇ ਉਸ ਦੀਆਂ ਸਹਿਯੋਗੀ ਉਚ ਜਾਤੀਆਂ ਨੇ ਨਵੀਂ ਵਿਿਦਆ ਉਤੇ ਆਪਣੀ ਅਜਾਰੇਦਾਰੀ ਦੇ ਜ਼ਰੀਏ ਨਵੇਂ (ਆਧੁਨਿਕ) ਗਿਆਨ ਉਤੇ ਆਪਣਾ ਵਿਸ਼ੇਸ਼ ਹੱਕ ਜਮਾ ਲਿਆ ਸੀ।

ਕਲਕੱਤਾ ਯੂਨੀਵਰਸਿਟੀ ਕਮਿਸ਼ਨ (1917-19) ਦੀ ਰਿਪੋਰਟ ਵਿਚ ਭਦਰਲੋਕ ਦੀ ਸਮਾਜੀ ਅੰਗ-ਬਣਤਰ ਅਤੇ ਰਾਜਸੀ ਪ੍ਰਵਿਰਤੀ ਬਾਰੇ ਕੀਤੀ ਟਿੱਪਣੀ ਬਸਤੀਵਾਦ ਅਧੀਨ ਹਿੰਦੂ ਕੁਲੀਨ ਵਰਗ ਦੀ ਰਾਜਸੀ ਭੂਮਿਕਾ ਨੂੰ ਸਮਝਣ ਵਿਚ ਬੇਹੱਦ ਸਹਾਈ ਹੁੰਦੀ ਹੈ। ਰਿਪੋਰਟ ਮੁਤਾਬਿਕ ਬੰਗਾਲੀ ਭਦਰਲੋਕ ਵਿਚ “ਵੱਡੀ ਭਾਰੀ ਗਿਣਤੀ ਤਿੰਨ ਪ੍ਰਮੁੱਖ ਹਿੰਦੂ ਉਚ ਜਾਤੀਆਂ-ਬ੍ਰਾਹਮਣ, ਵੈਦਿਯਾ (ਡਾਕਟਰ) ਤੇ ਕਯਾਸਥ (ਲਿਖਾਰੀ)-ਦੀ ਹੈ। ਇਹ ਲੋਕ ਅਨੇਕਾਂ ਸਦੀਆਂ ਤੋਂ ਭਾਈਚਾਰੇ ਦੇ ਪ੍ਰਸ਼ਾਸਕ, ਪੁਜਾਰੀ, ਉਸਤਾਦ (ਅਧਿਆਪਕ), ਵਕੀਲ, ਡਾਕਟਰ, ਲਿਖਾਰੀ, ਤੇ ਕਲਰਕ ਰਹੇ ਹਨ। ਬੰਗਾਲ ਅੰਦਰ ਕ੍ਰਮਵਾਰ ਜੋ ਵੀ ਸਰਕਾਰ ਆਈ, ਉਸ ਨੇ ਇਨ੍ਹਾਂ ਵਰਗਾਂ ਵਿਚੋਂ ਹੀ ਆਪਣੇ ਹੇਠਲੇ ਕਰਮਚਾਰੀ ਭਰਤੀ ਕੀਤੇ। ਆਪਣੇ ਤੋਂ ਪਹਿਲੇ ਮੁਸਲਿਮ ਹਾਕਮਾਂ ਵਾਂਗ ਹੀ ਬਰਤਾਨਵੀਆਂ ਨੇ ਵੀ ਅਜਿਹਾ ਹੀ ਕੀਤਾ। ਇਸ ਕਰਕੇ ਇਹ ਵਰਗ ਪੜ੍ਹਾਈ ਲਿਖਾਈ ਵਿਚ ਹਮੇਸ਼ਾ ਮੋਹਰੀ ਰਹੇ, ਅਤੇ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਹੋਰ ਕਿਸੇ ਦੇਸ ਅੰਦਰ, ਮਾਤਰਾ ਤੇ ਮਹੱਤਵ ਦੇ ਲਿਹਾਜ਼ ਨਾਲ, ਇਸ ਦੇ ਮੁਕਾਬਲੇ ਦੀ ਕੋਈ ਜਮਾਤ ਨਹੀਂ ਹੈ ਜਿਸ ਕੋਲ ਇਸ ਵਾਂਗੂੰ ਸਦੀਆਂ ਤਕ ਫੈਲੀ ਹੋਈ ਅੱਖਰ-ਗਿਆਨ ਦੀ ਨਿਰੰਤਰ ਵਿਰਾਸਤ ਹੋਵੇ”।* [*ਜਨਵਰੀ 2012 ਵਿਚ ਆਸ਼ੀਸ਼ ਨੰਦੀ ਨੇ ਇਕ ਸਭਾ ਅੰਦਰ ਬੋਲਦਿਆਂ ਇਸ ਸਨਸਨੀਖੇਜ਼ ਤੱਥ ਦਾ ਖੁਲਾਸਾ ਕੀਤਾ ਕਿ ਪੱਛਮੀ ਬੰਗਾਲ ਦੇ ਅੰਦਰ ਪਿਛਲੇ 100 ਸਾਲਾਂ ਤੋਂ ‘ਪਛੜੀਆਂ ਜਾਤਾਂ, ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਵਿਚੋਂ ਕੋਈ ਜਣਾ ਵੀ ਸੱਤਾ ਦੇ ਕਰੀਬ ਨਹੀਂ ਪਹੁੰਚਿਆ’। ਟਾਈਮਜ਼ ਔਫ ਇੰਡੀਆ ਅਖਬਾਰ ਦੀ ਇਕ ਰਿਪੋਰਟ ਅਨੁਸਾਰ, ਪੱਛਮੀ ਬੰਗਾਲ ਅੰਦਰ ਜਿੰਨੇ ਵੀ ਮੁੱਖ ਮੰਤਰੀ ਹੁਣ ਤਕ ਬਣੇ ਹਨ, ਉਹ ਬਿਨਾਂ ਛੋਟ, ਸਾਰੇ ਬ੍ਰਾਹਮਣ ਵਰਗ ਵਿਚੋਂ ਸਨ/ਹਨ। ਸਿਰਫ ਮੁੱਖ ਮੰਤਰੀ ਹੀ ਨਹੀਂ, ਮੰਤਰੀ ਮੰਡਲ ਵਿਚ ਵੀ ਬ੍ਰਾਹਮਣ ਵਰਗ ਤੇ ਉਸ ਦੀਆਂ ਸਹਿਯੋਗੀ ਸਵਰਨ ਜਾਤੀਆਂ ਦਾ ਪੂਰਨ ਬੋਲਬਾਲਾ ਰਿਹਾ ਹੈ। ਪਛੜੇ ਵਰਗਾਂ, ਜਾਤਾਂ ਤੇ ਕਬੀਲਿਆਂ ਨੂੰ ਕਦੇ ਵੀ ਯੋਗ ਨੁਮਾਇੰਦਗੀ ਨਹੀਂ ਮਿਲੀ। ਨਾ ਬਸਤੀਵਾਦੀ ਰਾਜ ਅੰਦਰ, ਨਾ ਆਜ਼ਾਦੀ ਤੋਂ ਬਾਅਦ, ਨਾ ਕਾਂਗਰਸ ਦੇ ਰਾਜ ਹੇਠ, ਨਾ ਕਿਸੇ ਗੈਰ- ਕਾਂਗਰਸੀ ਰਾਜ-ਕਾਲ ਦੌਰਾਨ (ਵੰਨ-ਸੁਵੰਨੀਆਂ ਰਾਜਸੀ ਧਿਰਾਂ ਦਾ ਗੱਠਜੋੜ ਹੋਵੇ, ਨਿਰੋਲ ਖੱਬੇ ਪੱਖੀ ਪਾਰਟੀਆਂ ਦਾ ਸਾਂਝਾ ਮੋਰਚਾ ਹੋਵੇ ਜਾਂ ਨਿਰੋਲ ਇਕੋ ਪਾਰਟੀ, ਜਿਵੇਂ ਤ੍ਰਿਣਮੂਲ ਕਾਂਗਰਸ, ਦੀ ਸਰਕਾਰ ਹੋਵੇ)। ਸਰਕਾਰ ਕੋਈ ਵੀ ਹੋਵੇ, ਪਛੜੇ ਵਰਗਾਂ ਜਾਂ ਕਬੀਲਿਆਂ ਦੇ ਕਿਸੇ ਮੈਂਬਰ ਨੂੰ ਕਦੇ ਵੀ ਮੰਤਰੀ ਮੰਡਲ ਅੰਦਰ ਮਹੱਤਵਪੂਰਨ ਮਹਿਕਮਾ ਜਾਂ ਅਹੁਦਾ ਨਸੀਬ ਨਹੀਂ ਹੋਇਆ, ਜਦੋਂ ਕਿ ਇਸ ਪ੍ਰਾਂਤ ਅੰਦਰ ਇਨ੍ਹਾਂ ਪਛੜੇ ਦਰਜਾਂ ਦੀ ਵਸੋਂ 68% ਦੇ ਲਗਭਗ ਹੈ। ਸੂਬੇ ਅੰਦਰ ਬ੍ਰਾਹਮਣਾਂ ਦੀ ਵਸੋਂ ਭਾਵੇਂ ਮਸੀਂ 2% ਹੈ, ਪਰ ਇਕ ਤੋਂ ਬਾਅਦ ਦੂਜੀ ਸਰਕਾਰ ਅੰਦਰ ਮਹੱਤਵਪੂਰਨ ਮਹਿਕਮਿਆਂ ਦਾ ਵੱਡਾ ਹਿਸਾ ਉਨ੍ਹਾਂ ਕੋਲ ਹੀ ਰਿਹਾ। ਖੱਬੇ ਪੱਖੀ ਪਾਰਟੀਆਂ ਨੇ ਬੰਗਾਲ ਅੰਦਰ ਕੁੱਲ ਮਿਲਾ ਕੇ 34 ਸਾਲਾਂ ਤਕ ਰਾਜ ਕੀਤਾ ਹੈ, ਪਰ ਉਨ੍ਹਾਂ ਦੇ ਰਾਜ ਦੌਰਾਨ ਵੀ ਸੱਤਾ ਉਤੇ ਸਵਰਨ ਜਾਤੀਆਂ ਦਾ ਗਲਬਾ ਜਿਉਂ ਦੀ ਤਿਉਂ ਬਣਿਆ ਰਿਹਾ। ਬੰਗਾਲ ਦੇ ਇਕ ਪ੍ਰਸਿੱਧ ਸਮਾਜ ਸ਼ਾਸਤਰੀ ਮਧੂਸੂਦਨ ਘੋਸ਼ ਮੁਤਾਬਿਕ ‘ਇਹ ਗੱਲ ਬੜੀ ਹੀ ਵਿਰੋਧਾਭਾਸੀ ਤੇ ਸ਼ਰਮਨਾਕ ਹੈ ਕਿ ਜਿਸ ਪ੍ਰਾਂਤ ਨੇ ਰਾਜਾ ਰਾਮ ਮੋਹਨ ਰੌਇ, ਸਵਾਮੀ ਵਿਵੇਕਾਨੰਦ ਤੇ ਈਸ਼ਵਰ ਚਮਦਰ ਵਿਿਦਆਸਾਗਰ ਵਰਗੇ ਮਹਾਨ ਸਮਾਜ ਸੁਧਾਰਕ ਪੈਦਾ ਕੀਤੇ ਹੋਣ, ਉਹ ਪ੍ਰਾਂਤ ਅਨੁਸੂਚਿਤ ਜਾਤਾਂ, ਕਬੀਲਿਆਂ ਤੇ ਦੂਸਰੇ ਪਛੜੇ ਵਰਗਾਂ ਨੂੰ ਸੱਤਾ ਤੋਂ ਦੂਰ ਰੱਖ ਰਿਹਾ ਹੈ’। ਉਸ ਦਾ ਕਹਿਣਾ ਹੈ ਕਿ ਰਾਜ ਦੀ ਅਫਸਰਸ਼ਾਹੀ ਦੇ ਉਤਲੇ ਤੇ ਦਰਮਿਆਨੇ ਦਰਜਿਆਂ, ਪੁਲੀਸ ਫੋਰਸ, ਅਲੱਗ ਅਲੱਗ ਕਿੱਤਿਆਂ ਅਤੇ ਇਥੋਂ ਤਕ ਕਿ ਵਿਿਦਅਕ ਭਾਈਚਾਰੇ ਵਿਚ ਵੀ ਅਨੁਸੂਚਿਤ ਜਾਤਾਂ, ਕਬੀਲਿਆਂ ਤੇ ਦੂਸਰੇ ਪਛੜੇ ਵਰਗਾਂ ਦੇ ਮੁਕਾਬਲੇ ਸਵਰਨ ਜਾਤੀਆਂ ਦੀ ਪੂਰੀ ਚੜ੍ਹਤਲ ਹੈ। (The Cast Club, Times of India, 3 February 2012 )].

ਸੋ ਬੰਗਾਲੀ ਭਦਰਲੋਕ ਦੇ ਦੋ ਅਹਿਮ ਗੁਣ/ਲੱਛਣ-ਇੱਕ, ਅੱਖਰ ਗਿਆਨ ਦੀ ਲੰਮੀ ਵਿਰਾਸਤ, ਤੇ ਦੂਜਾ, ਆਪਣੇ ਆਪ ਨੂੰ ਵੇਲੇ ਦੀ ਰਾਜ-ਸ਼ਕਤੀ ਦੇ ਅਨੁਕੂਲ ਢਾਲ ਲੈਣ ਦੀ ਗੁਣ ਯੋਗਤਾ-ਇਸ ਨੂੰ ਬਸਤੀਵਾਦ ਅਧੀਨ ਬੇਹੱਦ ਰਾਸ ਆਏ। ਇਨ੍ਹਾਂ ਗੁਣਾਂ-ਲੱਛਣਾਂ ਦੀ ਬਦੌਲਤ ਭਦਰਲੋਕ ਨੇ ਬਰਤਾਨਵੀ ਰਾਜ ਦੇ ਭਾਈਵਾਲ ਵਜੋਂ ਵੱਡਾ ਮਹੱਤਵ ਹਾਸਲ ਕਰ ਲਿਆ ਸੀ। ਇਸ ਨਾਲ ਇਸ ਅੰਦਰ ਰਾਜਸੀ ਅਸਰ-ਰਸੂਖ਼ ਤੇ ਸੱਤਾ ਦੀ ਤੀਬਰ ਤਲਬ ਪੈਦਾ ਹੋ ਗਈ ਸੀ।
ਭਾਰਤ ਬਾਰੇ ਬਸਤੀਵਾਦੀ ਗਿਆਨ ਦੀ ਰਚਨਾ

ਜਦੋਂ ਅਜੇ ਭਾਰਤ ਅੰਦਰ ਬਸਤੀਵਾਦ ਦੀ ਸਥਾਪਨਾ ਨਹੀਂ ਸੀ ਹੋਈ, ਉਦੋਂ ਵੀ ਭਾਰਤ ਬਾਰੇ ਕੁੱਝ ਯੂਰਪੀ ਮਿਸ਼ਨਰੀਆਂ ਤੇ ਯਾਤਰੂਆਂ ਦੀਆਂ ਟਿੱਪਣੀਆਂ ਯੂਰਪ ਦੇ ਬੁੱਧੀਮਾਨ ਹਲਕਿਆਂ ਅੰਦਰ ਭਾਰਤ ਬਾਰੇ ਜਾਨਣ ਦੀ ਜਗਿਆਸਾ ਉਪਜਾਉਂਦੀਆਂ ਰਹੀਆਂ ਸਨ। ਭਾਰਤ ਅੰਦਰ ਬਸਤੀਵਾਦ ਦੀ ਸਥਾਪਨਾ ਨੇ ਇਹ ਬੌਧਿਕ ਜਗਿਆਸਾ ਹੋਰ ਵਧਾ ਦਿਤੀ ਸੀ। ਵੈਸੇ ਵੀ, ਜਿਵੇਂ ਕਿ ਉਪਰ ਜਿ਼ਕਰ ਹੋ ਚੁੱਕਾ ਹੈ, ਬਰਤਾਨਵੀ ਹਾਕਮਾਂ ਸਾਹਮਣੇ, ਭਾਰਤ ਦੇ ਲੋਕਾਂ ਉਤੇ ਰਾਜ ਕਰਨ ਲਈ ਉਨ੍ਹਾਂ ਬਾਰੇ ਪ੍ਰਮਾਣਿਕ ਗਿਆਨ ਹਾਸਲ ਕਰਨ ਦੀ ਅਮਲੀ ਲੋੜ ਪੈਦਾ ਹੋ ਗਈ ਸੀ। ਇਸ ਤਰ੍ਹਾਂ, ਭਾਰਤ ਅੰਦਰ ਈਸਟ ਇੰਡੀਆ ਕੰਪਨੀ ਦੇ ਰਾਜ ਦੀ ਸਥਾਪਨਾ ਦੇ ਨਾਲ ਹੀ ਯੂਰਪੀ ਵਿਦਵਾਨਾਂ ਵੱਲੋਂ ਭਾਰਤ ਬਾਰੇ ਗਿਆਨ ਹਾਸਲ ਕਰਨ ਦੇ ਵਧੇਰੇ ਸੁਚੇਤ ਤੇ ਸਿਲਸਿਲੇਬੱਧ ਯਤਨ ਸ਼ੁਰੂ ਹੋ ਗਏ ਸਨ। ਕੰਪਨੀ ਦੇ, ਬੌਧਿਕ ਝੁਕਾਅ ਰਖਦੇ ਕੁੱਝ ਰਾਜ-ਅਧਿਕਾਰੀਆਂ ਨੇ ਇਸ ਦਿਸ਼ਾ ਵਿਚ ਪਹਿਲੇ ਠੋਸ ਤੇ ਯੋਜਨਾਬੱਧ ਕਦਮ ਪੁੱਟੇ।

ਭਾਰਤ ਅੰਦਰ ਬਸਤੀਵਾਦ ਦੀ ਸੇਵਾ ਨਿਭਾ ਰਹੇ ਜਿ਼ਆਦਾਤਰ ਅੰਗਰੇਜ਼ ਵਿਦਵਾਨ ਤੇ ਪ੍ਰਸ਼ਾਸਕ ਅਪਣੀ ਟਰੇਨਿੰਗ ਸਦਕਾ ਸਾਹਿਤਕ ਰੁਝਾਣ ਰਖਦੇ ਸਨ। ਇਸ ਕਰਕੇ ਉਨ੍ਹਾਂ ਨੇ ਭਾਰਤੀ ਸਭਿਆਚਾਰ ਨੂੰ ਜਾਨਣ/ਸਮਝਣ ਲਈ ਭਾਰਤੀ ਸਾਹਿਤਕ ਗ੍ਰੰਥਾਂ ਨੂੰ ਕੁੰਜੀਵਤ ਸ੍ਰੋਤ ਮੰਨ ਲੈਣ ਦੀ ਪਹੁੰਚ ਅਪਣਾ ਲਈ। ਉਨ੍ਹਾਂ ਨੇ ਇਨ੍ਹਾਂ ਗ੍ਰੰਥਾਂ ਦਾ ਤਰਜਮਾ ਕਰਦਿਆਂ ਇਨ੍ਹਾਂ ਨੂੰ ਪੱਛਮੀ ਪਾਹ ਚਾੜ੍ਹ ਦਿਤੀ। ਉਨ੍ਹਾਂ ਨੇ ਪੱਛਮੀ ਭਾਸ਼ਾ-ਵਿਿਗਆਨ ਦੇ ਮਿਆਰਾਂ ਤੇ ਮਨੌਤਾਂ ਨੂੰ ਇਨ੍ਹਾਂ ਗ੍ਰੰਥਾਂ ਉਤੇ ਥੋਪ ਦਿਤਾ। ਵੱਖੋ ਵੱਖਰੀ ਤਰ੍ਹਾਂ ਦੇ ਭਾਰਤੀ ਸਾਹਿਤ ਨੂੰ ਸਮਕਾਲੀ ਯੂਰਪੀ ਸਾਹਿਤਕ ਮਿਆਰਾਂ ਅਨੁਸਾਰ ਪੜ੍ਹਿਆ ਗਿਆ। ਸਿੱਟਾ ਇਹ ਨਿਕਲਿਆ ਕਿ ਉਨ੍ਹਾਂ ਨੇ ਇੱਕ-ਰੂਪ ਗ੍ਰੰਥ ਅਤੇ ਇਕਸਾਰ ਲਿਖਤੀ ਧਰਮ ਸੂਤਰ ਘੜ ਦਿਤੇ। ਭਾਰਤੀ ਧਾਰਮਿਕ ਪ੍ਰੰਪਰਾ ਦੇ ਮੌਖਿਕ ਤੇ ਮਕਬੂਲ ਪੱਖਾਂ ਨੂੰ ਮਹੱਤਵਹੀਣ ਬਣਾ ਦਿਤਾ ਗਿਆ। ਇਸ ਤਰੀਕੇ ਨਾਲ ਪੱਛਮੀ ਵਿਦਵਾਨਾਂ ਨੇ ਹਿੰਦੂ ਧਰਮ ਨੂੰ ਪਾਠਗਤ (textualize) ਕਰ ਦਿਤਾ। ਸੰਸਕ੍ਰਿਤ-ਪ੍ਰਧਾਨੀ ਧਰਮ ਸ਼ਾਸਤਰਾਂ ਨੂੰ ਹਿੰਦੂ ਧਰਮ ਦਾ ਪ੍ਰਮਾਣਿਕ ਸੋਮਾ ਤੇ ਅਧਾਰ ਮੰਨ ਲਿਆ ਗਿਆ। ਵੈਦਿਕ ਤੇ ਬ੍ਰਾਹਮਣਵਾਦੀ ਗ੍ਰੰਥਾਂ ਤੇ ਅਮਲਾਂ ਨੂੰ ਹਿੰਦੂ ਧਰਮ ਦਾ ‘ਕੇਂਦਰੀ ਤੱਤ’ ਤਸੱਵਰ ਕਰ ਲਿਆ। ਬਸਤੀਵਾਦੀ ਹਾਕਮਾਂ ਤੇ ਪੱਛਮੀ ਵਿਦਵਾਨਾਂ ਨੇ ਇਹ ਗਲਤ ਮਨੌਤ ਬਣਾ ਲਈ ਕਿ ਭਾਰਤ ਦੇ ਸਾਰੇ ਮੂਲ ਬਾਸਿ਼ੰਦੇ- ਬ੍ਰਾਹਮਣ ਹੋਣ ਜਾਂ ਅਛੂਤ; ਬੋਧੀ, ਜੈਨੀ, ਪਾਰਸੀ ਹੋਣ ਜਾਂ ਸਿੱਖ, ਤੇ ਜਾਂ ਆਦੀਵਾਸੀ ਕਬੀਲੇ- ਸਾਰੇ ਬ੍ਰਾਹਮਣਵਾਦੀ ਧਰਮ-ਗ੍ਰੰਥਾਂ ਵਿਚ ਬਰਾਬਰ ਨਿਸ਼ਠਾ ਰਖਦੇ ਸਨ। ਇਹ ਮਨੌਤ ਭਾਰਤ ਬਾਰੇ ਬਸਤੀਵਾਦੀ ਇਲਮ ਦੀ ਬੁਨਿਆਦ ਬਣੀ। ਜ਼ਾਹਰਾ ਤੌਰ `ਤੇ, ਹਿੰਦੂਵਾਦ ਦੀ ਇਹ ਬਸਤੀਵਾਦੀ ਘਾੜਤ ਬਹੁਵਾਦੀ (pluralistic) ਨਹੀਂ ਸੀ, ਇਹ ਇਕਵਾਦੀ (unitarian) ਸੀ। ਇਸ ਕਰਕੇ ਇਹ ਭਾਰਤ ਦੀ ਸਭਿਆਚਾਰਕ ਵੰਨ-ਸੁਵੰਨਤਾ ਨੂੰ ਸੰਭਾਲਣ ਤੇ ਪ੍ਰਫੁਲਤ ਕਰਨ ਦੀ ਥਾਵੇਂ, ਇਸ ਨੂੰ ਘਾਤ ਪੁਚਾਉਣ ਵੱਲ ਸੇਧਿਤ ਸੀ। ਬਸਤੀਵਾਦੀ ਪ੍ਰਵਚਨ ਅੰਦਰ ‘ਇੰਡੀਆ’ ਤੇ ‘ਹਿੰਦੂ’ ਸਮਅਰਥੀ ਬਣ ਗਏ। ‘ਭਾਰਤੀ ਸੱਭਿਅਤਾ’, ‘ਭਾਰਤੀ ਸੰਸਕ੍ਰਿਤੀ’, ‘ਭਾਰਤੀ ਧਾਰਮਿਕ ਪ੍ਰੰਪਰਾਵਾਂ’- ਆਦਿ ਆਦਿ ਇਸਤਲਾਹਾਂ (terms) ਹਿੰਦੂ ਰੰਗਤ ਗ੍ਰਹਿਣ ਕਰ ਗਈਆਂ। ਮਿਸਾਲ ਵਜੋਂ, 1792 ਈ: ਵਿਚ ਬਨਾਰਸ ਵਿਖੇ ਤੈਨਾਤ ਜੋਨਾਥਨ ਡੰਕਨ ਨਾਂ ਦੇ ਬ੍ਰਿਿਟਸ਼ ਰੈਜ਼ੀਡੈਂਟ ਨੇ, ਬਨਾਰਸ ਵਿਖੇ ਹਿੰਦੂ ਕਾਲਜ ਜਾਂ ਅਕੈਡਮੀ ਸਥਾਪਤ ਕੀਤੇ ਜਾਣ ਦੀ ਸਿਫ਼ਾਰਸ਼ ਇਹ ਕਹਿੰਦਿਆਂ ਕੀਤੀ ਸੀ ਕਿ ਇਸ ਨਾਲ ‘ਇਸ ਰਾਸ਼ਟਰ (ਨੇਸ਼ਨ) ਦੇ ਕਾਨੂੰਨਾਂ, ਸਾਹਿਤ ਤੇ ਧਰਮ ਦੀ, ਇਸ ਦੇ ਆਪਣੇ ਹੀ ਧਰਮ ਦੇ ਇਸ ਕੇਂਦਰ ਅਤੇ ਇਨ੍ਹਾਂ ਦੇ ਸਭਨਾਂ ਫਿ਼ਰਕਿਆਂ/ਕਬੀਲਿਆਂ ਦੀ ਇਸ ਸਾਂਝੀ ਤਫ਼ਰੀਹਗਾਹ (resort) ਵਿਚ ਸੇਵਾ-ਸੰਭਾਲ ਤੇ ਪਾਲਣਾ ਹੋ ਸਕੇਗੀ’। ਇਸ `ਚੋਂ ਦੋ ਗੱਲਾਂ ਭਲੀਭਾਤ ਸਪਸ਼ਟ ਹੋ ਜਾਂਦੀਆਂ ਹਨ। ਇੱਕ, ਇਹ ਕਿ ਬਰਤਾਨਵੀ ਅਧਿਕਾਰੀ ਹਿੰਦੂ ਧਰਮ ਨੂੰ ਭਾਰਤ ਦੇ ਇੱਕ ਜਾਂ ਬਹੁਗਿਣਤੀ ਵਰਗ ਦਾ ਧਰਮ ਨਹੀਂ, ਸਗੋਂ ਸਮੁੱਚੇ ‘ਰਾਸ਼ਟਰ’ (ਨੇਸ਼ਨ) ਦਾ ਸਰਬ-ਸਾਂਝਾ ਧਰਮ ਮੰਨ ਕੇ ਚੱਲ ਰਹੇ ਸਨ। ਇਸੇ ਹੀ ਤਰ੍ਹਾਂ, ਉਹ ਬਨਾਰਸ ਨੂੰ ਹਿੰਦੂ ਵਰਗ ਦੇ ਧਰਮ ਦਾ ਕੇਂਦਰ ਨਹੀਂ, ਸਗੋਂ ਸਾਰੇ ਰਾਸ਼ਟਰ ਦੇ ਸਾਂਝੇ ਧਰਮ ਦਾ ਕੇਂਦਰ ਅਤੇ ਭਾਰਤ ਦੇ ਸਭਨਾਂ ਫਿ਼ਰਕਿਆਂ/ਕਬੀਲਿਆਂ ਦੀ ਸਾਂਝੀ ਤਫ਼ਰੀਹਗਾਹ ਮੰਨ ਕੇ ਚੱਲ ਰਹੇ ਸਨ। ਬਸਤੀਵਾਦੀ ਹਾਕਮਾਂ ਤੇ ਪੱਛਮੀ ਵਿਦਵਾਨਾਂ ਦੀ ਭਾਰਤ ਬਾਰੇ ਬਣੀ ਇਹ ਧਾਰਨਾ ਹੀ ਬਾਅਦ ਵਿਚ ਜਾ ਕੇ ‘ਸਰਬ-ਸਾਂਝੀ ਭਾਰਤੀ ਕੌਮ’ ਦੇ ਸੰਕਲਪ ਦੀ ਸਿਧਾਂਤਕ ਬੁਨਿਆਦ ਬਣੀ। ਰਾਸ਼ਟਰਵਾਦੀ ਬ੍ਰਿਤਾਂਤ ਅੰਦਰ ਇਸ ਧਾਰਨਾ ਨੂੰ ਲਗਾਤਾਰ ਦੁਹਰਾਇਆ ਤੇ ਦ੍ਰਿੜ੍ਹਾਇਆ ਗਿਆ। ਲੱਗਭੱਗ ਪੂਰੀ ਇਕ ਸਦੀ ਰਾਸ਼ਟਰਵਾਦ ਦਾ ਇਹ ਪ੍ਰਵਚਨ ਨਿਰਵਿਘਨ ਚੱਲਿਆ ਅਤੇ ਇਹ ਕੋਈ ਇਤਫ਼ਾਕੀਆ ਗੱਲ ਨਹੀਂ ਕਿ ਸਾਰੇ ਪ੍ਰਵਚਨ-ਕਰਤਾ ਹਿੰਦੂ ਸਵਰਨ ਜਾਤੀਆਂ ਨਾਲ ਸਬੰਧਤ ਸਨ। (ਸਮਾਜਵਾਦੀ ਧਾਰਾ 1920 ਦੇ ਲੱਗਭੱਗ ਪ੍ਰਗਟ ਹੋਈ। ਉਦੋਂ ਤਕ ਸਭਿਆਚਾਰਕ ਰਾਸ਼ਟਰਵਾਦ ਪੈਰ ਜਮਾ ਚੁੱਕਾ ਸੀ, ਅਤੇ ਸਮਾਜਵਾਦੀ ਵਿਆਖਿਆਕਾਰ ਵੀ ਹਿੰਦੂ ਉਚ ਜਾਤੀਆਂ ਚੋਂ ਹੀ ਸਨ।) ਆਜ਼ਾਦੀ ਤੋਂ ਬਾਅਦ, ਭਾਰਤ ਦੀ ਏਕਤਾ ਦੀ ਇਸ ਧਾਰਨਾ ਨੂੰ, ਭਾਰਤੀ ਸੰਵਿਧਾਨ ਦੀ ਧਾਰਾ 25-2 (ਬ) ਦੇ ਰੂਪ ਵਿਚ ਕਾਨੂੰਨੀ ਰੁਤਬਾ ਪ੍ਰਦਾਨ ਕਰ ਦਿਤਾ, ਜਿਸ ਅਨੁਸਾਰ ਬੋਧੀਆਂ, ਜ਼ੈਨੀਆਂ, ਤੇ ਸਿੱਖਾਂ ਨੂੰ ਵਿਸ਼ਾਲ ਹਿੰਦੂ ਧਰਮ ਦੇ ਹੀ ਲਘੂ ਅੰਗ ਕਰਾਰ ਦੇ ਕੇ, ਉਨ੍ਹਾਂ ਦੀ ਸੁਤੰਤਰ ਹਸਤੀ ਨਕਾਰ ਦਿਤੀ ਗਈ।

ਸਥਾਨਕ ਗਿਆਨ, ਧਰਮ-ਸ਼ਾਸਤਰਾਂ ਤੇ ਮੌਖਿਕ ਗਾਥਾਵਾਂ (folklore), ਦੋਵਾਂ ਹੀ ਰੂਪਾਂ ਵਿਚ ਕਿਉਂਕਿ ਸਥਾਨਕ ਬੋਲੀਆਂ ਵਿਚ ਸੀ। ਇਸ ਕਰਕੇ ਇਹ ਗਿਆਨ ਹਾਸਲ ਕਰਨ ਲਈ ਸਥਾਨਕ ਭਾਸ਼ਾਵਾਂ ਦੇ ਮਾਹਰਾਂ ਦੀ ਮੱਦਦ ਲੈਣੀ ਜ਼ਰੂਰੀ ਹੋ ਗਈ ਸੀ। ਹਿੰਦੂ ਧਰਮ-ਸ਼ਾਸਤਰ ਸੰਸਕ੍ਰਿਤ ਵਿਚ ਲਿਖੇ ਹੋਏ ਸਨ। ਬਸਤੀਵਾਦੀ ਹਾਕਮਾਂ ਨੇ ਮੌਖਿਕ ਗਾਥਾਵਾਂ ਨਾਲੋਂ ਧਰਮ ਸ਼ਾਸਤਰਾਂ ਨੂੰ ਪ੍ਰਮੱੁਖਤਾ ਦੇਣ, ਅਤੇ ਹੋਰਨਾਂ ਸਥਾਨਕ ਬੋਲੀਆਂ ਦੀ ਤੁਲਨਾ ਵਿਚ ਸੰਸਕ੍ਰਿਤ ਨੂੰ ਵਧਵਾਂ ਮਹੱਤਵ ਦੇਣ ਦਾ ਨਿਸਚਤ ਝੁਕਾਅ ਪ੍ਰਗਟਾਇਆ। ਉਨ੍ਹਾਂ ਨੇ ਪੰਡਤਾਂ ਦੀ ਮੱਦਦ ਨਾਲ ਧਰਮ ਗ੍ਰੰਥਾਂ ਨੂੰ ਅੰਗਰੇਜ਼ੀ ਵਿਚ ਉਲਥਾਉਣ ਦਾ ਮਹਾਂ-ਕਾਰਜ ਵਿੱਢਿਆ। ਇਹ ਦੱਸਣ ਦੀ ਲੋੜ ਨਹੀਂ ਕਿ ਸੰਸਕ੍ਰਿਤ ਵਿਚ ਰਚੇ ਧਰਮ-ਗ੍ਰੰਥ ਬ੍ਰਾਹਮਣ ਵਰਗ ਦੇ ਸੰਸਾਰ ਨਜ਼ਰੀਏ ਦੀ ਤਰਜਮਾਨੀ ਕਰਦੇ ਹਨ। ਇਨ੍ਹਾਂ ਗ੍ਰੰਥਾਂ ਵਿਚ ਦਰਜ ਗਿਆਨ ਦੇ ਅਧਾਰ `ਤੇ, ਯੂਰਪੀ ਵਿਦਵਾਨਾਂ ਨੇ ਭਾਰਤ ਬਾਰੇ ਬੁਨਿਆਦ-ਰੂਪੀ (foundational) ਧਾਰਨਾਵਾਂ ਸਿਰਜੀਆਂ, ਜਿਹੜੀਆਂ ਭਾਰਤ ਬਾਰੇ ਸਿਰਜੇ ਗਏ ਬਸਤੀਵਾਦੀ ਇਲਮ ਦੀ ਬੁਨਿਆਦ ਬਣੀਆਂ।

ਪੱਛਮੀ ਵਿਦਵਾਨਾਂ ਨੇ ਭਾਰਤ ਦਾ ਰੋਮਾਂਚਕਾਰੀ ਅਕਸ ਸਿਰਜਿਆ-ਉਦਾਤ ਰੂਹਾਨੀਅਤ ਤੇ ਵੇਦਾਂ-ਉਪਨਿਸ਼ਦਾਂ ਦੇ ਪਰਤਾਪ ਵਾਲਾ ਭਾਰਤ, ਅਤੇ ਨਾਇਕਾਂ ਦੀਆਂ ਵੀਰ-ਗਾਥਾਵਾਂ ਦੀ ਭੂਮੀ। ਵੈਦਿਕ ਕਾਲ ਨੂੰ ਭਾਰਤ ਦਾ ‘ਸੁਨਹਿਰੀ ਯੁਗ’ ਕਹਿਕੇ ਵਡਿਆਇਆ ਗਿਆ। ਯੂਰਪੀ ਵਿਦਵਾਨਾਂ ਵਲੋਂ ਹਿੰਦੂ ਧਰਮ ਬਾਰੇ ਸਿਰਜੇ ਗਏ ਇਨ੍ਹਾਂ ਮਿੱਥਾਂ (ਭਰਮਾਂ) ਨੇ ਹਿੰਦੂਆਂ ਦੀ ਸਵੈ-ਚੇਤਨਾ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਪਣਾ ਕਲਪਿਤ ਅਕਸ ਸਿਰਜ ਲਿਆ ਅਤੇ ਫਿਰ ਆਪਣੇ ਆਪ ਨੂੰ ਇਸੇ ਅਨੁਸਾਰ ਦੇਖਣਾ/ਮਹਿਸੂਸਣਾ ਸ਼ੁਰੂ ਕਰ ਦਿਤਾ। ਹੌਲੀ ਹੌਲੀ ਉਨ੍ਹਾਂ ਦੀ ਇਹ ਭਰਮ-ਚੇਤਨਾ ਗੂੜ੍ਹੇ ਵਿਸ਼ਵਾਸਾਂ ਵਿਚ ਬਦਲ ਗਈ। ਸਮਾਂ ਪੈਣ ਨਾਲ ਇਨ੍ਹਾਂ ਵਿਸ਼ਵਾਸਾਂ ਵਿਚ ਕੱਟੜਤਾ ਆ ਗਈ। ਸਿੱਟੇ ਵਜੋਂ, ਹਿੰਦੂ ਸਮਾਜ ਦੀਆਂ ‘ਸਵਰਨ’ ਪਰਤਾਂ ਦੀ ਹੰਕਾਰੀ ਬਿਰਤੀ ਹੋਰ ਮਜ਼ਬੂਤ ਹੋ ਗਈ।

ਬਰਤਾਨਵੀ ਹਾਕਮਾਂ ਤੇ ਯੂਰਪੀ ਵਿਦਵਾਨਾਂ ਦੁਆਰਾ ਭਾਰਤ ਬਾਰੇ ਸਿਰਜੀਆਂ ਗਈਆਂ ਇਹ ਧਾਰਨਾਵਾਂ ਦੋਨਾਂ, ਯੂਰਪੀ ਤੇ ਭਾਰਤੀ ਕੁਲੀਨ ਵਰਗਾਂ, ਦੇ ਹਿਤਾਂ ਦੇ ਅਨੁਕੂਲ ਸਨ। ਇਨ੍ਹਾਂ ਪੂਰਬਵਾਦੀ ਘਾੜਤਾਂ (Orientalist constructions) ਨਾਲ ਬ੍ਰਾਹਮਣਵਾਦ ਨੂੰ ਨਵਾਂ ਜੀਵਨ ਮਿਿਲਆ। ਇਸ ਨਾਲ ਬ੍ਰਾਹਮਣ ਵਰਗ ਦੇ ਗੌਰਵ ਵਿਚ ਹੋਰ ਵਾਧਾ ਹੋਇਆ। ਉਸ ਅੰਦਰ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਸ੍ਰੇਸ਼ਟ ਸਮਝਣ ਦੀ ਘੁਮੰਡੀ ਬਿਰਤੀ ਹੋਰ ਪ੍ਰਚੰਡ ਹੋ ਗਈ। ਬ੍ਰਾਹਮਣ ਤੇ ਉਸ ਦੀਆਂ ਸਹਿਯੋਗੀ ਸਵਰਨ ਜਾਤੀਆਂ ਅੰਦਰ, ਆਪਣੇ ਆਪ ਨੂੰ ਭਾਰਤੀ ਸਮਾਜ ਦੇ ‘ਕੁਦਰਤੀ’ ਆਗੂ ਸਮਝਣ ਦੀ ਭਾਵਨਾ ਨੂੰ ਨਵਾਂ ਬਲ ਮਿਿਲਆ। ਇਸ ਨਾਲ, ਕੁਦਰਤੀ ਤੌਰ `ਤੇ, ਉਨ੍ਹਾਂ ਅੰਦਰ ਰਾਜਸੀ ਆਕਾਂਖਿਆਵਾਂ ਜਾਗ ਉਠੀਆਂ। ਪਰ ਕੌਟੱਲਿਆ ਦੇ ਸੁਜਾਣ ਪੈਰੋਕਾਰ ਹੋਣ ਦੇ ਨਾਤੇ ਉਨ੍ਹਾਂ ਨੇ ਆਪਣੀਆਂ ਰਾਜਸੀ ਆਕਾਂਖਿਆਵਾਂ ਦਾ ਫ਼ੌਰੀ ਤੇ ਸਿੱਧੇ-ਨੰਗੇ ਰੂਪ ਵਿਚ ਉਚਾਰਨ (articulate) ਕਰਨ ਦੀ ਜਗ੍ਹਾ (ਜਿਸ ਨਾਲ ਉਨ੍ਹਾਂ ਦਾ ਬਸਤੀਵਾਦੀ ਰਾਜ ਨਾਲ ਅਟੱਲ ਰੂਪ ਵਿਚ ਟਕਰਾ ਪੈਦਾ ਹੋਣਾ ਸੀ), ਹਮਲੇ ਦਾ ਰੁਖ ਮੁਸਲਮਾਨਾਂ ਦੇ ਖਿ਼ਲਾਫ਼ ਸੇਧਤ ਕਰਨ ਦੀ ਰਣਨੀਤੀ ਅਪਣਾਈ।

ਜੇਕਰ ਹਿੰਦੂ ਧਰਮ ਨੂੰ ਸਰਬੋਤਮ ਦਰਸਾਉਣਾ ਸੀ, ਜੇਕਰ ਬ੍ਰਾਹਮਣੀ ਸਭਿਆਚਾਰ ਦੀ ਠੁੱਕ ਬੰਨ੍ਹਣੀ ਸੀ, ਤਾਂ ਹਿੰਦੂ ਵਿਸ਼ਵਾਸਾਂ ਤੇ ਰਹੁ-ਰੀਤਾਂ ਚੋਂ ਕਰੂਪਤਾ ਦੇ ਅੰਸ਼ ਦੂਰ ਕਰਨੇ ਜ਼ਰੂਰੀ ਹੋ ਗਏ ਸਨ। ਇਸ ਚੋਂ ਸੁਧਾਰਾਂ ਦੀ ਲੋੜ ਤੇ ਦਿਸ਼ਾ ਨਿਰਧਾਰਤ ਹੋਈ। ਹਿੰਦੂ ਧਰਮ ਦੇ ਕਰੂਪ ਯਥਾਰਥ ਦੀ ਵਿਆਖਿਆ ਇਹ ਕੀਤੀ ਗਈ, ਕਿ ਆਪਣੇ ਮੌਲਿਕ ਰੂਪ ਵਿਚ ਹਿੰਦੂ ਧਰਮ ਸਰਬੋਤਮ ਸੀ। ਹਿੰਦੂ ਧਰਮ ਦਾ ਇਹ ਮੌਲਿਕ ਤੇ ਸ਼ੁੱਧ ਰੂਪ ਵੇਦਾਂ, ਉਪਨਿਸ਼ਦਾਂ ਤੇ ਭਗਵਤ ਗੀਤਾ ਵਿਚ ਸਾਂਭਿਆ ਪਿਆ ਹੈ। ਪਰ ਬਾਅਦ ਵਿਚ ਇਸ ਵਿਚ ਨਿਘਾਰ ਆ ਗਿਆ। ਇਸ ਨਿਘਾਰ ਲਈ ਮੁਸਲਮਾਨਾਂ ਨੂੰ, ਅਤੇ ਬ੍ਰਾਹਮਣਵਾਦ ਨਾਲੋਂ ਵੱਖਰੇ ਜਾਂ ਇਸ ਨਾਲ ਟਕਰਾਵੇਂ ਹਿਤਾਂ ਵਾਲੇ ਮੱਤਾਂ/ਫਿ਼ਰਕਿਆਂ ਨੂੰ ਦੋਸ਼ੀ ਗਰਦਾਨਿਆ ਗਿਆ। ਸੋ ਹਿੰਦੂ ਧਰਮ ਦੀ ਆਦਿ-ਕਾਲੀ ਸ਼ੁੱਧਤਾ, ਪਵਿਤਰਤਾ ਤੇ ਚੜ੍ਹਤਲ ਬਹਾਲ ਕਰਨ ਦਾ ਟੀਚਾ ਤੇ ਕਾਰਜ ਮਿਿਥਆ ਗਿਆ। ਇਹ ਵੈਦਿਕ ਸ਼ਾਵਨਵਾਦ ਹੀ ਦੂਸਰੇ ਧਰਮਾਂ ਤੇ ਮੱਤਾਂ ਨਾਲ ਝਗੜੇ-ਕਲੇਸ਼ਾਂ ਦਾ ਕਾਰਨ ਬਣ ਗਿਆ। ਇਸ ਤਰ੍ਹਾਂ, ਸੁਧਾਰਵਾਦ ਦਾ ਇਹ ਪ੍ਰੋਜੈਕਟ ਅਪਣੇ ਮੂਲ ਖਾਸੇ ਪੱਖੋਂ ਮੁਸਲਿਮ ਵਿਰੋਧੀ ਸੀ। ਹਿੰਦੂ ਸਮਾਜ ਅੰਦਰ ਸੁਧਾਰਾਂ ਦੀ ਇਸ ਲਹਿਰ, ਜਿਹੜੀ ਰਾਜਾ ਰਾਮਮੋਹਨ ਰਾਇ ਨਾਲ ਆਰੰਭ ਹੋਈ ਤੇ ਰਾਬਿੰਦਰਨਾਥ ਟੈਗੋਰ ਤੇ ਜਾ ਕੇ ਖ਼ਤਮ ਹੋਈ, ਬਾਰੇ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ: ਹਰਿੰਦਰ ਸਿੰਘ ਮਹਿਬੂਬ ਦਾ ਇਹ ਸਿਧਾਂਤਕ ਨਿਰਣਾ ਭਾਰੀ ਅਹਿਮੀਅਤ ਰਖਦਾ ਹੈ, ਕਿ “ਹਿੰਦੂ ਸੁਧਾਰਕਾਂ ਨੇ ਹਉਮੈਂ ਵਿਚੋਂ ਉਪਜੀ ਵਰਣ-ਵੰਡ ਦੀ ਚਿੰਤਨ-ਜਕੜ ਤੋਂ ਪੂਰਨ-ਭਾਂਤ ਨਜਾਤ ਨਾ ਪਾਈ। ਉਨ੍ਹਾਂ ਨੇ ਵਰਣ-ਵੰਡ ਦੇ ਸਾਰੇ ਸੰਸਕਾਰਾਂ ਦਾ ਤਿਆਗ ਨਾ ਕੀਤਾ। ਉਨ੍ਹਾਂ ਨੇ ਇਤਿਹਾਸ ਦੇ ਇਕ ਮੋੜ ਤੇ ਸੁਧਾਰਵਾਦੀ ਦ੍ਰਿਸ਼ਟੀਕੋਣ ਤੋਂ ਹਿੰਦੂ ਅਮਲ ਦੇ ਕੁੱਝ ਹੱਦੋਂ ਵੱਧ ਕਰੂਪ ਤੱਤਾਂ ਨੂੰ ਖ਼ਤਮ ਕਰਕੇ ਇਸ ਨੂੰ ਨਰੋਆ ਜੀਵਨ ਦੇਣ ਦੇ ਯਤਨ ਅਵੱਸ਼ ਕੀਤੇ, ਪਰ ਯੁਗਾਂ ਯੁਗਾਂ ਤੋਂ ਪ੍ਰਫੁਲਤ ਹੋ ਰਹੇ ਬਿਪਰ-ਸੰਸਕਾਰ ਦੀ ਵਰਣ-ਵੰਡ ਵਿਚ ਪਰਗਟ ਹੋਈ ਮੂਲ ਸ਼ਕਤੀ ਨਾਲੋਂ ਅਪਣਾ ਮੋਹ ਨਹੀਂ ਤੋੜਿਆ। ਉਨ੍ਹਾਂ ਦੇ ਸਮੁੱਚੇ ਵਿਹਾਰ ਵਿਚੋਂ ਵਰਣ-ਵੰਡ ਦਾ ਸਿਮ੍ਰਤੀ-ਨਿਯਮ ਦੂਰ ਨਾ ਹੋਇਆ।”

ਸੰਖੇਪ ਵਿਚ, ਭਾਰਤ ਬਾਰੇ ਸਿਰਜੇ ਗਏ ਬਸਤੀਵਾਦੀ ਇਲਮ ਦਾ ਬੁਨਿਆਦੀ ਲੱਛਣ ਇਹ ਸੀ ਕਿ ਇਹ, ਮੂਲ ਰੂਪ ਵਿਚ, ਬ੍ਰਾਹਮਣ ਵਰਗ ਦੇ ਸੰਸਾਰ ਨਜ਼ਰੀਏ ਦੀ ਤਰਜਮਾਨੀ ਕਰਦਾ ਸੀ। ਇਹ ਬ੍ਰਾਹਮਣਵਾਦੀ ਪੱਖ-ਪਾਤ ਦੀ ਵਿਰਾਸਤ ਦੀ ਹੀ ਨਿਰੰਤਰਤਾ ਸੀ। ਇਸ ਕਰਕੇ ਬਸਤੀਵਾਦੀ ਰਾਜ ਦੇ ਅਧੀਨ ਆਧੁਨਿਕ (ਅੰਗਰੇਜ਼ੀ) ਵਿਿਦਆ ਦੀ ਰੀਤ ਆਰੰਭ ਹੋ ਜਾਣ ਦੇ ਬਾਵਜੂਦ, ਭਾਰਤ ਅੰਦਰ ਪ੍ਰੰਪਰਾ ਤੋਂ ਆਧੁਨਿਕਤਾ ਵਿਚ ਤਬਦੀਲੀ ਉਸ ਤਰੀਕੇ ਨਾਲ ਨਹੀਂ ਹੋਈ, ਜਿਵੇਂ ਕਿ ਯੂਰਪ ਵਿਚ ਹੋਈ ਸੀ। ਅਮਲੀ ਰੂਪ ਵਿਚ ਪ੍ਰੰਪਰਾ ਤੇ ਆਧੁਨਿਕਤਾ ਦਾ ਸੰਯੋਗ ਹੋ ਗਿਆ। ਇਹ ਸੰਯੋਗ ਹਾਂਦਰੂ ਗੁਣਾਂ (positive value) ਵਾਲਾ ਨਹੀਂ ਸੀ। ਇਸ ਨੇ ਜਨਮ-ਜਾਤ ਵਿਤਕਰੇ ਤੇ ਦਾਬੇ ਨੂੰ ਖ਼ਤਮ ਨਹੀਂ ਕੀਤਾ, ਸਗੋਂ ਇਸ ਨੂੰ ਤਾਕਤ ਬਖ਼ਸ਼ੀ। ਇਸ ਦਾ ਖ਼ਾਸਾ ਅਗਾਂਹ-ਵਧੂ ਨਹੀਂ, ਪਿਛਲ-ਮੁਖੀ ਸੀ। ਇਸ ਵਿਚੋਂ ਜਨਮੀ ਰਾਜਨੀਤੀ, ਮੂਲ ਤੱਤ ਪੱਖੋਂ, ਪੱਖ-ਪਾਤੀ ਤੇ ਗਲਬਾ-ਪਾਊ (hegemonic) ਸੀ।

ਰਾਸ਼ਟਰਵਾਦੀ ਧਾਰਾ ਦਾ ਮੁੱਢ ਤੇ ਵਿਕਾਸ

ਪੱਛਮੀ ਵਿਿਦਆ ਦੇ ਅਸਰ ਹੇਠ ਪੜ੍ਹੇ ਲਿਖੇ ਹਿੰਦੂ ਉਚ ਵਰਗਾਂ ਦੇ ਮਨਾਂ ਅੰਦਰ, ਭਾਰਤ ਵਿਚ ਪੱਛਮੀ ਨਮੂਨੇ ਦਾ ਸਮਾਜੀ-ਰਾਜਸੀ ਪ੍ਰਬੰਧ ਤੇ ਨਿਜ਼ਾਮ ਕਾਇਮ ਕਰਨ ਦੀ ਵੱਡ-ਖ਼ਾਹਸ਼ ਪੈਦਾ ਹੋ ਗਈ। ਉਨ੍ਹਾਂ ਨੇ ਪੱਛਮੀ ਰਾਜਾਂ ਦੀ ਰੀਸੇ ਭਾਰਤ ਨੂੰ ‘ਸਰਬ-ਸਾਂਝੇ ਰਾਸ਼ਟਰ’ (a single nation ) ਵਜੋਂ ਚਿਤਵਨਾ ਸ਼ੁਰੂ ਕਰ ਦਿਤਾ, ਅਤੇ ਇਸ ਆਦਰਸ਼ ਨੂੰ ਹਕੀਕਤ ਵਿਚ ਬਦਲਣ ਲਈ, ਉਨ੍ਹਾਂ ਦੇ ਮਨਾਂ ਅੰਦਰ ਭਾਰਤ ਨੂੰ ਬਸਤੀਵਾਦੀ ਗ਼ਲਬੇ ਤੋਂ ਮੁਕਤ ਕਰਾਉਣ ਦੀ ਰਾਸ਼ਟਰਵਾਦੀ ਭਾਵਨਾ ਅਤੇ ਤਾਂਘ ਪੈਦਾ ਹੋ ਗਈ। ਨਤੀਜੇ ਵਜੋਂ ਉਨ੍ਹੀਵੀਂ ਸਦੀ ਦੇ ਅੰਤਲੇ ਦਹਾਕਿਆਂ ਅੰਦਰ ਭਾਰਤੀ ਰਾਸ਼ਟਰਵਾਦੀ ਲਹਿਰ ਦਾ ਸਰੂਪ ਉਘੜਨਾ ਸ਼ੁਰੂ ਹੋ ਗਿਆ ਸੀ। ਆਪਣੀਆਂ ਰਾਜਸੀ ਆਕਾਂਖਿਆਵਾਂ ਦੀ ਪੂਰਤੀ ਲਈ ਹਿੰਦੂ ਉਚ ਜਾਤੀ ਵਰਗਾਂ ਦੇ ਬੁੱਧੀਸ਼ੀਲ ਆਗੂਆਂ ਨੇ ‘ਸਰਬ-ਸਾਂਝੀ ਭਾਰਤੀ ਕੌਮ’ ਦੀ ਸੰਕਲਪਾਤਮਿਕ ਰਚਨਾ ਕੀਤੀ, ਅਤੇ ਇਸ ਅਧਾਰ `ਤੇ, ਭਾਰਤ ਦੇ ਲੋਕਾਂ ਸਾਹਮਣੇ ਸਵੈ-ਸੁਤੰਤਰ ਅਤੇ ‘ਇਕ-ਜੁੱਟ ਭਾਰਤੀ ਰਾਸ਼ਟਰ’ ਦੀ ਸਿਰਜਣਾ ਕਰਨ ਦਾ ਮਨ-ਲੁਭਾਉਣਾ ਰਾਜਸੀ ਟੀਚਾ ਤੇ ਪ੍ਰੋਗਰਾਮ ਪੇਸ਼ ਕੀਤਾ। ਇਸ ਸਿਧਾਂਤਕ ਹਥਿਆਰ ਦੇ ਜ਼ਰੀਏ ਭਾਰਤ ਅੰਦਰਲੇ ਗੈਰ-ਹਿੰਦੂ ਧਾਰਮਿਕ ਭਾਈਚਾਰਿਆਂ, ਖਾਸ ਕਰਕੇ ਮੁਸਲਮਾਨਾਂ ਤੇ ਸਿੱਖਾਂ; ਅਤੇ ਇਸ ਦੇ ਨਾਲ ਹੀ ਹਿੰਦੂ ਸਮਾਜ ਦੇ ਹੇਠਲੇ, ਦਬੇ ਕੁਚਲੇ ਵਰਗਾਂ ਨੂੰ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਹਾਸ਼ੀਆ-ਗ੍ਰਸਤ ਕਰ ਦਿਤਾ ਗਿਆ।
ਸੁਭਾਵਿਕ ਹੀ, ਭਾਰਤੀ ਰਾਸ਼ਟਰਵਾਦੀ ਲਹਿਰ ਦਾ ਮਹੂਰਤ ਬੰਗਾਲ ਤੋਂ ਹੋਇਆ ਅਤੇ ਬੰਗਾਲ ਹੀ ਇਸ ਦਾ ਮੋਢੀ ਤੇ ਅਗਵਾਨੂੰ ਬਣਿਆ। ਰਾਜਾ ਰਾਮਮੋਹਨ ਰਾਇ ਤੋਂ ਲੈ ਕੇ ਰਾਬਿੰਦਰਨਾਥ ਟੈਗੋਰ ਤਕ, ਬੰਗਾਲੀ ਦਾਨਸ਼ਵਰਾਂ ਤੇ ਸੁਧਾਰਕਾਂ ਨੇ ਭਾਰਤੀ ਰਾਸ਼ਟਰਵਾਦੀ ਲਹਿਰ ਦੀ ਉਠਾਣ ਲਈ ਸਿਧਾਂਤਕ ਅਧਾਰ ਤੇ ਅਨੁਕੂਲ ਵਾਤਾਵਰਣ ਸਿਰਜ ਦਿਤਾ ਸੀ। ਇਸ ਵਿਚੋਂ ਜਿਹੜੇ ਵੀ ਰਾਜਸੀ ਰੁਝਾਣ ਅਥਵਾ ਧਾਰਾਵਾਂ ਪ੍ਰਗਟ ਹੋਈਆਂ, ਨਰਮ ਖਿ਼ਆਲੀ ਸਨ ਜਾਂ ਗਰਮ ਖਿ਼ਆਲੀ, ਅਹਿੰਸਕ ਸਨ ਜਾਂ ਹਿੰਸਕ, ਸਾਰਿਆਂ ਦਾ ਮੂਲ ਸਿਧਾਂਤਕ ਤੱਤ ਸਾਂਝਾ ਸੀ। ਇਹ ਸਾਰੀਆਂ ਧਾਰਾਵਾਂ ਹਿੰਦੂ ਪੁਨਰਵਾਦ ਦੇ ਵਰਤਾਰੇ ਦਾ ਇਜ਼ਹਾਰ ਤੇ ਅੰਗ ਸਨ। ਉਨ੍ਹਾਂ ਦਾ ਸੁਪਨਾ ਤੇ ਮਨੋ-ਕਾਮਨਾਵਾਂ ਸਾਂਝੀਆਂ ਸਨ। ਉਹ ਹਿੰਦੂ ਧਰਮ ਦੀ ‘ਖੁੱਸੀ ਹੋਈ ਸ਼ਾਨ ਬਹਾਲ ਕਰਨਾ’, ਇਸ ਦੀ ਮੁੜ ਚੜ੍ਹਤਲ ਕਾਇਮ ਕਰਨਾ ਚਾਹੁੰਦੇ ਸਨ। ਉਹ ਸਾਰੇ ‘ਉਚੀਆਂ’ ਜਾਤੀਆਂ `ਚੋਂ ਸਨ ਜਿੰਨ੍ਹਾਂ ਦੀ ਵਰਣ-ਆਸ਼ਰਮ ਧਰਮ ਵਿਚ ਪੂਰਨ ਨਿਸ਼ਠਾ ਸੀ।

ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਜੇਲ੍ਹ `ਚੋਂ ਆਪਣੀ ਧੀ ਇੰਦਰਾ ਗਾਂਧੀ ਨੂੰ ਲਿਖੀਆਂ ਚਿੱਠੀਆਂ ਤੋਂ ਉਪਰੋਕਤ ਨਿਰਣਿਆਂ ਦੀ ਪੂਰਨ ਪੁਸ਼ਟੀ ਹੁੰਦੀ ਹੈ। ਚਿੱਠੀਆਂ ਦੇ ਕੁੱਝ ਕੁ ਅੰਸ਼ ਇਸ ਪਰਕਾਰ ਹਨ:

“(ਪਰ) ਅੰਗਰੇਜ਼ਾਂ ਨੇ ਭਾਰਤ ਦਾ ਇਕ ਵੱਡਾ ਭਲਾ ਇਹ ਕਰ ਦਿਤਾ, ਕਿ ਉਨ੍ਹਾਂ ਦੀ ਨਵੀਨ ਤੇ ਧੜੱਲੇਦਾਰ ਜੀਵਨ ਪ੍ਰਣਾਲੀ ਦੇ ਪ੍ਰਭਾਵ ਨੇ ਭਾਰਤ ਨੂੰ ਝੰਜੋੜਿਆ ਅਤੇ ਭਾਰਤ ਦੇ ਲੋਕਾਂ ਅੰਦਰ ਰਾਜਸੀ ਏਕਤਾ ਤੇ ਕੌਮੀਅਤ (ਰਾਸ਼ਟਰੀਅਤਾ) ਦਾ ਭਾਵ ਪੈਦਾ ਕਰ ਦਿਤਾ। ਇਹ ਝਟਕਾ ਦੁਖਦਾਈ ਤਾਂ ਸੀ, ਪ੍ਰੰਤੂ ਸਾਡੇ ਪੁਰਾਤਨ ਦੇਸ਼ ਤੇ ਲੋਕਾਂ ਨੂੰ ਨਵਾਂ ਜੋਬਨ ਬਖ਼ਸ਼ਣ ਲਈ ਇਹ ਸ਼ਾਇਦ ਜ਼ਰੂਰੀ ਸੀ। ਅੰਗਰੇਜ਼ੀ ਵਿਿਦਆ ਦਾ ਮਕਸਦ ਭਾਵੇਂ (ਅੰਗਰੇਜ਼ੀ ਰਾਜ ਲਈ) ਕਲਰਕ ਪੈਦਾ ਕਰਨਾ ਸੀ, ਪਰ ਇਸ ਨੇ ਭਾਰਤੀਆਂ ਨੂੰ ਵਰਤਮਾਨ ਪੱਛਮੀ ਵਿਚਾਰਾਂ ਤੋਂ ਜਾਣੂ ਕਰਵਾ ਦਿਤਾ। (ਜਿਸ ਨਾਲ) ਇਕ ਨਵਾਂ ਤਬਕਾ, ਅੰਗਰੇਜ਼ੀ-ਪੜ੍ਹਿਆ ਵਰਗ, ਪੈਦਾ ਹੋਣ ਲੱਗਾ। ਇਹ ਵਰਗ ਗਿਣਤੀ ਵਿਚ ਛੋਟਾ ਸੀ ਤੇ ਲੋਕਾਂ ਨਾਲੋਂ ਕੱਟਿਆ ਹੋਇਆ ਸੀ, ਪਰ ਫਿਰ ਵੀ ਇਸ ਵਰਗ ਦੇ ਭਾਗਾਂ ਵਿਚ ਨਵੀਂ ਰਾਸ਼ਟਰਵਾਦੀ ਲਹਿਰ ਦੀ ਅਗਵਾਈ ਕਰਨਾ ਲਿਿਖਆ ਹੋਇਆ ਸੀ। ਪਹਿਲਾਂ ਪਹਿਲਾਂ ਇਹ ਤਬਕਾ ਅੰਗਰੇਜ਼ਾਂ ਦੀ ਵਡਿਆਈ ਕਰਦਾ ਸੀ।”

“ਭਾਰਤ ਉਤੇ ਪੱਛਮੀ ਵਿਚਾਰਾਂ ਦੇ ਪ੍ਰਭਾਵ ਨੇ ਹਿੰਦੂ ਧਰਮ ਉਤੇ ਵੀ ਕੁੱਝ ਹੱਦ ਤਕ ਅਸਰ ਪਾਇਆ…ਉਨ੍ਹੀਵੀਂ ਸਦੀ ਦੇ ਮੁਢਲੇ ਦੌਰ ਵਿਚ ਬੰਗਾਲ ਅੰਦਰ ਹਿੰਦੂਵਾਦ ਨੂੰ ਪੱਛਮੀ ਲੀਹਾਂ ਉਤੇ ਸੁਧਾਰਨ ਦਾ ਯਤਨ ਹੋਇਆ…ਇਹ ਯਤਨ ਨਿਸਚਤ ਤੌਰ `ਤੇ ਈਸਾਈਅਤ ਤੇ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਇਸ ਨੂੰ ਚਾਲੂ ਕਰਨ ਵਾਲਾ ਰਾਜਾ ਰਾਮ ਮੋਹਨ ਰਾਇ ਸੀ….ਸਦੀ ਦੇ ਅਖੀਰ ਵਿਚ ਇਕ ਹੋਰ ਧਰਮ ਸੁਧਾਰ ਲਹਿਰ ਚੱਲੀ। ਇਹ ਪੰਜਾਬ ਅੰਦਰ ਚੱਲੀ ਤੇ ਇਸ ਦਾ ਬਾਨੀ ਸਵਾਮੀ ਦਯਾਨੰਦ ਸਰਸਵਤੀ ਸੀ। (ਬ੍ਰਹਮੋ ਸਮਾਜ ਤੋਂ ਬਾਅਦ) ਇਕ ਹੋਰ ਸਭਾ ਸਥਾਪਤ ਹੋਈ ਜਿਸ ਦਾ ਨਾਂ ਆਰੀਆ ਸਮਾਜ ਸੀ…. ਭਾਵੇਂ ਇਹ ਇਕ ਸੁਧਾਰਮੁਖੀ ਲਹਿਰ ਸੀ, ਜਿਹੜੀ ਬਿਨਾ ਸ਼ੱਕ ਮੁਸਲਿਮ ਤੇ ਈਸਾਈ ਵਿਚਾਰਾਂ ਤੋਂ ਪ੍ਰਭਾਵਿਤ ਸੀ, ਪਰ ਤੱਤ ਵਿਚ ਇਹ ਇਕ ਹਮਲਾਵਰ ਲੜਾਕੂ ਲਹਿਰ (aggressive militant movement) ਸੀ…ਇਹ ਰਖਿਆਤਮਕ ਤੇ ਗਤੀਹੀਣ ਹਿੰਦੂਵਾਦ ਨੂੰ ਇਕ ਹਮਲਾਵਰ ਮਿਸ਼ਨਰੀ ਧਰਮ ਵਿਚ ਤਬਦੀਲ ਕਰਨ ਦਾ ਯਤਨ ਸੀ। ਇਸ ਦਾ ਮਨੋਰਥ ਹਿੰਦੂਵਾਦ ਨੂੰ ਸੁਰਜੀਤ ਕਰਨਾ ਸੀ। ਇਸ ਨੂੰ ਰਾਸ਼ਟਰਵਾਦੀ ਰੰਗਤ ਦੇਣ ਕਰਕੇ ਇਹ ਲਹਿਰ ਤਾਕਤ ਗ੍ਰਹਿਣ ਕਰ ਗਈ। ਅਸਲ ਵਿਚ ਇਹ, ਹਿੰਦੂ ਰਾਸ਼ਟਰਵਾਦ ਸਿਰੀ ਚੁੱਕ ਰਿਹਾ ਸੀ……ਵਿਵੇਕਾਨੰਦ ਦਾ ਰਾਸ਼ਟਰਵਾਦ ਵੀ ਹਿੰਦੂ ਰਾਸ਼ਟਰਵਾਦ ਹੀ ਸੀ, ਅਤੇ ਇਸ ਦੀਆਂ ਜੜ੍ਹਾਂ ਹਿੰਦੂ ਧਰਮ ਤੇ ਸਭਿਆਚਾਰ ਵਿਚ ਲੱਗੀਆਂ ਹੋਈਆਂ ਸਨ। ਇਸ ਤਰ੍ਹਾਂ, ਇਹ ਨੋਟ ਕਰਨਾ ਦਿਲਚਸਪ ਹੈ ਕਿ ਭਾਰਤ ਅੰਦਰ ਉਨ੍ਹੀਵੀਂ ਸਦੀ ਵਿਚ ਰਾਸ਼ਟਰਵਾਦ ਦੀਆਂ ਮੁਢਲੀਆਂ ਤਰੰਗਾਂ ਧਾਰਮਿਕ ਤੇ ਹਿੰਦੂ ਸਨ। ਮੁਸਲਮਾਨ ਕੁਦਰਤੀ ਤੌਰ `ਤੇ ਇਸ ਹਿੰਦੂ ਰਾਸ਼ਟਰਵਾਦ ਵਿਚ ਸ਼ਾਮਲ ਨਹੀਂ ਸੀ ਹੋ ਸਕਦੇ।”

“ਕਾਂਗਰਸ ਪਾਰਟੀ, ਮੁਢਲੇ ਦਿਨਾਂ ਦੇ ਹਿੰਦੂ ਰਾਸ਼ਟਰਵਾਦ ਵਾਂਗੂੰ ਤੰਗਨਜ਼ਰ ਨਹੀਂ ਸੀ। ਪਰ ਤਾਂ ਵੀ, ਇਹ ਮੁੱਖ ਤੌਰ `ਤੇ ਹਿੰਦੂ ਹੀ ਸੀ। ਕੁੱਝ ਮੋਹਰੀ ਮੁਸਲਮਾਨ ਇਸ ਵਿਚ ਸ਼ਾਮਲ ਜ਼ਰੂਰ ਹੋਏ, ਅਤੇ ਇਸ ਦੀ ਪ੍ਰਧਾਨਗੀ ਵੀ ਕੀਤੀ, ਪਰ ਕੁੱਲ ਮਿਲਾ ਕੇ ਮੁਸਲਮਾਨ ਇਸ ਤੋਂ ਦੂਰ ਹੀ ਰਹੇ।”

“ਸਵਦੇਸ਼ੀ ਲਹਿਰ…. ਨੇ ਅੱਧ ਪਚੱਧ ਪ੍ਰੇਰਣਾ ਹਿੰਦੂਵਾਦ ਤੋਂ ਲਈ….ਪੱਛਮੀ ਭਾਰਤ ਅੰਦਰ ਵੀ ਇਸ ਸਮੇਂ ਦੌਰਾਨ ਭਾਰੀ ਜਾਗ ਲੱਗੀ ਅਤੇ ਹਿੰਦੂਵਾਦੀ ਰੰਗਤ ਵਾਲਾ ਹਮਲਾਵਰ ਰਾਸ਼ਟਰਵਾਦ ਮੁੜ ਜੀਵਤ ਹੋਇਆ (ਜਿਸ ਵਿਚੋਂ) ਬਾਲ ਗੰਗਾਧਰ ਤਿਲਕ ਇਕ ਮਹਾਨ ਆਗੂ ਬਣ ਕੇ ਉਭਰਿਆ।”

ਨਹਿਰੂ ਵੱਲੋਂ ਇਸ ਸੱਚ ਦਾ ਖੁਲ੍ਹੇਆਮ ਇਕਬਾਲ ਕਰ ਲੈਣਾ ਕਿ “ਭਾਰਤ ਅੰਦਰ ਉਨ੍ਹੀਵੀਂ ਸਦੀ ਵਿਚ ਰਾਸ਼ਟਰਵਾਦ ਦੀਆਂ ਮੁਢਲੀਆਂ ਤਰੰਗਾਂ ਧਾਰਮਿਕ ਤੇ ਹਿੰਦੂ ਸਨ”, ਬੇਹੱਦ ਅਹਿਮੀਅਤ ਰਖਦਾ ਹੈ। ਕਿਉਂਕਿ ਰਾਸ਼ਟਰਵਾਦੀ ਬ੍ਰਿਤਾਂਤ ਅੰਦਰ ਇਸ ਸਚਾਈ ਉਤੇ ਪੜਦਾ ਪਾਉਣ ਦੇ ਯਤਨ ਕੀਤੇ ਗਏ ਹਨ। ਬੰਗਾਲ ਤੇ ਮਹਾਰਾਸ਼ਟਰ ਦੇ, ਹਥਿਆਰਬੰਦ ਕਾਰਨਾਮਿਆਂ ਵਿਚ ਵਿਸ਼ਵਾਸ ਰੱਖਣ ਵਾਲੇ ਹਿੰਦੂ ਰਾਸ਼ਟਰਵਾਦੀਆਂ ਨੂੰ ਪ੍ਰਸੰਸਾ ਭਾਵ ਨਾਲ ‘ਇਨਕਲਾਬੀ’ ਜਾਂ ‘ਕਰਾਂਤੀਕਾਰੀ’ ਕਹਿ ਕੇ, ਉਨ੍ਹਾਂ ਦਾ ਹਿੰਦੂਵਾਦੀ ਲੱਛਣ ਲੁਕੋਇਆ ਗਿਆ ਹੈ। ਰਾਸ਼ਟਰਵਾਦੀ ਦ੍ਰਿਸ਼ਟੀਕੋਣ ਤੋਂ ਲਿਖੇ ਗਏ ਇਤਿਹਾਸ ਅੰਦਰ ਉਨ੍ਹਾਂ ਨੂੰ ‘ਕੌਮੀ ਨਾਇਕਾਂ’ ਦਾ ਮਾਣਯੋਗ ਰੁਤਬਾ ਦਿਤਾ ਗਿਆ ਹੈ। ਉਤਰੀ ਅਮਰੀਕਾ ਅੰਦਰ ਲਾਲਾ ਹਰਦਿਆਲ ਤੇ ਹੋਰਨਾਂ ਹਿੰਦੂ (ਬੰਗਾਲੀ) ਵਿਿਦਆਰਥੀਆਂ ਨੇ, ਇਸ ਜੁਝਾਰੂ ਹਿੰਦੂ ਰਾਸ਼ਟਰਵਾਦੀ ਧਾਰਾ ਨੂੰ ਗ਼ਦਰ ਪਾਰਟੀ ਦੀਆਂ ਸਫ਼ਾਂ ਅੰਦਰ ਮਕਬੂਲ ਬਣਾਉਣ ਵਿਚ ਨੁਮਾਇਆ ਰੋਲ ਅਦਾ ਕੀਤਾ। ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਅੰਦਰ ਖੱਬੇ ਪੱਖੀ ਤਾਕਤਾਂ ਨੇ, ਆਜ਼ਾਦੀ ਦੇ ਸੰਗਰਾਮ ਬਾਰੇ ਇਹ ਸਿੱਧੜ ਨਿਰਣਾ ਅਪਣਾ ਲਿਆ ਕਿ ਜਿਥੇ ਕਾਂਗਰਸ ਪਾਰਟੀ, ਆਪਣੇ ਜਮਾਤੀ ਖ਼ਾਸੇ ਅਨੁਸਾਰ, ਬਸਤੀਵਾਦੀ ਹਾਕਮਾਂ ਵੱਲ ਸਮਝੌਤੇ ਦਾ ਰੁਖ ਅਪਣਾ ਕੇ ਚੱਲੀ, ਉਥੇ ਜੁਝਾਰੂ ਰਾਸ਼ਟਰਵਾਦੀ ਧਾਰਾ ਦਾ ਨਿਸ਼ਾਨਾ ਬਸਤੀਵਾਦ ਰਾਜ ਦਾ ਮੁਕੰਮਲ ਰੂਪ ਵਿਚ ਖ਼ਾਤਮਾ ਕਰਨਾ ਸੀ। ਇਸ ਸਿੱਧੜ ਨਿਰਣੇ ਦੇ ਅਧਾਰ `ਤੇ, ਖੱਬੇ ਪੱਖੀਆਂ ਨੇ ਜੁਝਾਰੂ ਰਾਸ਼ਟਰਵਾਦੀ ਧਾਰਾ ਦੀ, ਬਿਨਾ ਨਿਰਖ ਪਰਖ ਕੀਤੇ, ਜੈ ਜੈਕਾਰ ਕਰਨੀ ਸ਼ੁਰੂ ਕਰ ਦਿਤੀ। ਇਸ ਰਾਸ਼ਟਰਵਾਦੀ ਸ਼ਰਧਾ-ਭਾਵ ਅਧੀਨ ਉਨ੍ਹਾਂ ਨੇ ਬੰਗਾਲ ਦੇ ਜੁਝਾਰੂ ਰਾਸ਼ਟਰਵਾਦੀਆਂ ਦਾ ਹਿੰਦੂਵਾਦੀ ਲੱਛਣ ਨਜ਼ਰਅੰਦਾਜ਼ ਕਰ ਦਿਤਾ। ਜਿਸ ਨਾਲ ਨਾ ਸਿਰਫ਼ ਉਨ੍ਹਾਂ ਦੀ ਆਪਣੀ ਰਾਜਸੀ ਚੇਤਨਾ ਨੂੰ ਹਿੰਦੂਵਾਦ ਦਾ ਲੁਕਵਾਂ ਗ੍ਰਹਿਣ ਲੱਗ ਗਿਆ, ਸਗੋਂ ਇਸ ਨੁਕਸਦਾਰ ਨਜ਼ਰੀਏ ਦੀ ਬਦੌਲਤ ਉਨ੍ਹਾਂ ਨੇ ਗ਼ਦਰ ਲਹਿਰ ਦੇ ਖਰੇ ਤੇ ਨਿਵੇਕਲੇ ਇਨਕਲਾਬੀ ਤੱਤ ਨੂੰ ਸਮਝਣ ਵਿਚ ਖ਼ਤਾ ਖਾਧੀ। ਉਹ ਇਸ ਦਾ ਜੁਝਾਰੂ ਹਿੰਦੂ ਰਾਸ਼ਟਰਵਾਦੀ ਧਾਰਾ ਨਾਲੋਂ ਨਿਖੇੜਾ ਨਾ ਕਰ ਸਕੇ। ਇਸ ਤਰੀਕੇ ਨਾਲ, ਉਨ੍ਹਾਂ ਨੇ, ਅਣਚਾਹੇ ਤੇ ਅਨਜਾਣੇ ਰੂਪ ਵਿਚ, ਗ਼ਦਰ ਲਹਿਰ ਦੇ ਇਤਿਹਾਸ ਤੇ ਵਿਰਸੇ ਨੂੰ ਹਿੰਦੂ ਰਾਸ਼ਟਰਵਾਦ ਦੀ ਸੇਵਾ ਵਿਚ ਭੁਗਤਾਉਣ ਦਾ ਨਾ-ਖਿ਼ਮਾਕਰਨਯੋਗ ਅਪਰਾਧ ਕੀਤਾ। ਇਸ ਗੱਲ ਨੂੰ ਧਿਆਨ ਵਿਚ ਰਖਦੇ ਹੋਏ, ਬੰਗਾਲੀ ਜੁਝਾਰੂ ਹਿੰਦੂ ਰਾਸ਼ਟਰਵਾਦੀ ਧਾਰਾ ਦੇ ਵਿਚਾਰਧਾਰਕ ਤੇ ਸਭਿਆਚਾਰਕ ਖ਼ਾਸੇ ਬਾਰੇ ਸੰਖੇਪ ਵਿਚ ਚਰਚਾ ਕਰਨੀ ਜ਼ਰੂਰੀ ਹੈ।

ਮੂਲ ਹਿੰਦੂ ਧਾਰਨਾਵਾਂ

ਉਨ੍ਹੀਵੀਂ ਸਦੀ ਦੇ ਹਿੰਦੂ ਪੁਨਰਵਾਦੀਆਂ ਦਾ ਇਹ ਨਿਸਚਤ ਵਿਚਾਰ ਬਣ ਗਿਆ ਸੀ, ਕਿ ਸਦੀਆਂ ਤਕ ਮੁਸਲਮਾਨਾਂ ਦੇ ਗ਼ੁਲਾਮ ਰਹਿਣ ਕਰਕੇ ਹਿੰਦੂਆਂ ਅੰਦਰ ਕਾਇਰਤਾ ਤੇ ਹੀਣਤਾ ਦਾ ਭਾਵ ਪੈਦਾ ਹੋ ਗਿਆ ਹੈ; ਅਤੇ ਹਿੰਦੂ ਧਰਮ ਨੂੰ ਸੁਰਜੀਤ ਕਰਨ ਲਈ ਹਿੰਦੂਆਂ ਦੇ ਦਿਲਾਂ ਵਿਚੋਂ ਇਹ ਭਾਵ ਦੂਰ ਕਰਨਾ ਪਹਿਲੀ ਲੋੜ ਬਣ ਗਈ ਸੀ। ਇਸ ਲੋੜ ਵਿਚੋਂ ਜੁਝਾਰੂ ਹਿੰਦੂ ਰਾਸ਼ਟਰਵਾਦੀਆਂ ਨੇ ਭਗਵਤ ਗੀਤਾ ਦੇ ਕਰਮਯੋਗ ਦੇ ਸਿਧਾਂਤ ਦੀ ਮੁੜ ਵਿਆਖਿਆ ਕਰਦਿਆਂ, ਇਸ ਨੂੰ ਤਤਕਾਲੀ ਰਾਜਸੀ ਹਾਲਤਾਂ ਤੇ ਲੋੜਾਂ ਦੇ ਅਨੁਕੂਲ ਢਾਲਿਆ। ਬੰਕਿਮ ਚੰਦਰ ਚੱਟੋਪਾਧਿਆ ਉਨ੍ਹੀਵੀਂ ਸਦੀ ਅੰਦਰ ਆਧੁਨਿਕ ਯੁਗ ਦਾ ਸਭ ਤੋਂ ਪਹਿਲਾ ਚਿੰਤਕ ਸੀ ਜਿਸ ਨੇ ਗੀਤਾ ਦੀ ਪੁਨਰ ਵਿਆਖਿਆ ਕੀਤੀ ਅਤੇ ਇਸ ਕੋਲੋਂ ਸਿੱਧੀ ਰਾਜਸੀ ਪ੍ਰੇਰਣਾ ਹਾਸਲ ਕੀਤੀ। ਉਸ ਤੋਂ ਬਾਅਦ ਕ੍ਰਮਵਾਰ ਅਰਬਿੰਦੋ ਘੋਸ਼, ਬਾਲ ਗੰਗਾਧਰ ਤਿਲਕ ਤੇ ‘ਮਹਾਤਮਾ’ ਗਾਂਧੀ ਨੇ ਇਸ ਰੀਤ ਨੂੰ ਅੱਗੇ ਤੋਰਿਆ। (Dilip Bose, Bhagwad-Gita and Our National Movement, in ‘Marxism and the Bhagwat Gita’ by S.G. Sardesai and Dilip Bose, p41)

ਬੰਕਿਮ ਚੰਦਰ ਤੇ ਉਸ ਦੇ ਪੈਰੋਕਾਰਾਂ ਨੇ, ਗੀਤਾ ਦੇ ਕਰਮਯੋਗ ਦੇ ਸਿਧਾਂਤ ਦੀ ਮੁੜ ਵਿਆਖਿਆ ਕਰਦਿਆਂ ਹਿੰਸਾ ਨੂੰ ਉਚਿਤ ਠਹਿਰਾਉਣਾ ਤੇ ਹਿੰਦੂਆਂ ਅੰਦਰ ਸੈਨਿਕਵਾਦ ਦਾ ਜਜ਼ਬਾ ਪੈਦਾ ਕਰਨ ਦਾ ਕਾਰਜ ਛੋਹਿਆ। ਇਸ ਮੰਤਵ ਲਈ ਗਲਪ (ਫਿਕਸ਼ਨ) ਦੇ ਮਾਧਿਅਮ ਦੀ ਕਾਰਗਰ ਵਰਤੋਂ ਕੀਤੀ ਗਈ। ਬੰਕਿਮ ਚੰਦਰ ਚੱਟੋਪਾਧਿਆ ਨੇ 1882 ਈ:ਵਿਚ ਆਪਣਾ ਪ੍ਰਸਿੱਧ ਨਾਵਲ ‘ਆਨੰਦ ਮੱਠ’ ਲਿਿਖਆ। ਇਹ ਨਾਵਲ ਅਠਾਰਵੀਂ ਸਦੀ ਵਿਚ ਹਿੰਦੂ ਸਨਿਆਸੀਆਂ ਵੱਲੋਂ ਮੁਸਲਮਾਨਾਂ ਦੀ ਸੱਤਾ (ਨਵਾਬ) ਵਿਰੁੱਧ ਲੜੇ ਗਏ ਕਾਲਪਨਿਕ ਸੰਘਰਸ਼ ਦੀ ਗਾਥਾ ਬਿਆਨ ਕਰਦਾ ਹੈ। ਨਾਵਲ ਵਿਚ ਹਿੰਦੂ ਸੰਨਿਆਸੀਆਂ ਦੀ ਮੁਸਲਮਾਨਾਂ ਉਤੇ ਕਾਲਪਨਿਕ ਜਿੱਤ ਦਿਖਾਈ ਗਈ ਹੈ। ਮੁਸਲਮਾਨਾਂ ਉਤੇ ਹਿੰਦੂਆਂ ਦੀ ਇਹ ਕਾਲਪਨਿਕ ਜਿੱਤ, ਹਿੰਦੂ ਮਾਨਸਿਕਤਾ ਨੂੰ ਉਸ ਕੁੰਠਾ ਤੋਂ ਮੁਕਤ ਕਰਦੀ ਸੀ ਜਿਸ ਦੀ ਉਹ ਸਦੀਆਂ ਤੋਂ ਸ਼ਿਕਾਰ ਤੁਰੀ ਆ ਰਹੀ ਸੀ। ਨਾਵਲ ਵਿਚ ਅੰਗਰੇਜ਼ਾਂ ਦੇ ਰਾਜ ਨੂੰ ਹਿੰਦੂਆਂ ਦੀ ਭਲਾਈ ਦਾ ਜ਼ਾਮਨ ਦਿਖਾਇਆ ਗਿਆ ਹੈ ਅਤੇ ਹਿੰਦੂਆਂ ਨੂੰ ਅੰਗਰੇਜ਼ੀ ਰਾਜ ਦੀ ਮੱਦਦ ਕਰਨ ਦੀ ਸੇਧ ਸੁਝਾਈ ਗਈ ਹੈ। ਨਾਵਲ ਦੇ ਹੇਠਾਂ ਦਿਤੇ ਇਕ ਵਾਰਤਾਲਾਪ `ਚੋਂ ਨਾਵਲ ਦਾ ਕੇਂਦਰੀ ਭਾਵ ਪ੍ਰਗਟ ਹੋ ਜਾਂਦਾ ਹੈ। ਹਿੰਦੂ ਸਨਿਆਸੀਆਂ ਦਾ ਆਗੂ ਸੱਤਿਆਨੰਦ ਮੁਸਲਮਾਨਾਂ ਉਤੇ ਜਿੱਤ ਹਾਸਲ ਕਰ ਲੈਣ ਤੋਂ ਬਾਅਦ ਜਦੋਂ ਆਪਣੇ ਧਾਰਮਿਕ ਗੁਰੂ ਵੈਦ ਰਾਜ ਜੀ ਕੋਲ ਇਹ ਸੁਆਲ ਤੇ ਸ਼ੰਕਾ ਪ੍ਰਗਟ ਕਰਦਾ ਹੈ ਕਿ “ਮੁਸਲਮਾਨਾਂ ਦਾ ਰਾਜ ਤਾਂ ਜ਼ਰੂਰ ਖ਼ਤਮ ਹੋ ਗਿਆ ਪਰ ਹਿੰਦੂਆਂ ਦਾ ਰਾਜ ਤਾਂ ਸਥਾਪਤ ਨਹੀਂ ਹੋਇਆ? ਹੁਣ ਰਾਜਾ ਕੌਣ ਬਣੇਗਾ? ਕੀ ਦੁਬਾਰਾ ਮੁਸਲਮਾਨ ਹੀ ਹਕੂਮਤ ਬਣਾਉਣਗੇ?”, ਤਾਂ ਵੈਦ ਰਾਜ ਜੀ ਦਾ ਸਪਸ਼ਟ ਤੇ ਦ੍ਰਿੜ੍ਹ ਉਤਰ ਸੀ ਕਿ “ਨਹੀਂ, ਹੁਣ ਅੰਗਰੇਜ਼ ਰਾਜ ਕਰਨਗੇ”। ਵੈਦ ਰਾਜ ਜੀ ਸਤਿਆਨੰਦ ਦੇ ਮਨ ਦੀ ਉਲਝਣ ਤੇ ਵੇਦਨਾ ਦੂਰ ਕਰਨ ਲਈ ਕਹਿੰਦਾ ਹੈ: “ਸੱਤਿਆਨੰਦ ਦੁਖੀ ਨਾ ਹੋ।… ਅੰਗਰੇਜ਼ਾਂ ਦੇ ਰਾਜ ਵਗੈਰ ਸਨਾਤਨ ਧਰਮ ਦੇ ਪੁਨਰ ਜੀਵਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਮੈਂ ਮਹਾਂਪੁਰਖਾਂ ਦਾ ਗਿਆਨ ਤੈਨੂੰ ਸਮਝਾਈ ਜਾਂਦਾ ਹਾਂ।… ਅੰਗਰੇਜ਼ ਪਦਾਰਥਵਾਦੀ ਗਿਆਨ ਦੇ ਪੰਡਤ ਹਨ ਤੇ ਲੋਕ ਸਿਿਖਆ ਦੇ ਵੀ ਮਾਹਰ ਹਨ। ਇਸ ਲਈ ਪਦਾਰਥਵਾਦੀ ਗਿਆਨ ਦੂਜੇ ਦੇਸ਼ ਤੋਂ ਲੈਣਾ ਪਵੇਗਾ। ਇਸ ਲਈ ਅੰਗਰੇਜ਼ਾਂ ਨੂੰ ਸੱਤਾ ਸੌਂਪਣੀ ਜ਼ਰੂਰੀ ਹੈ। ਅੰਗਰੇਜ਼ੀ ਸਿਿਖਆ ਨਾਲ ਹੀ ਦੇਸ਼ ਦੇ ਲੋਕ ਆਪਣੀ ਅੰਤਰ ਆਤਮਾ ਨੂੰ ਖੰਘਾਲਣ ਦੇ ਸਮਰੱਥ ਹੋ ਸਕਣਗੇ। ਫਿਰ ਸਨਾਤਨ ਧਰਮ ਦੇ ਪ੍ਰਚਾਰ ਵਿਚ ਕੋਈ ਵਿਘਨ ਨਹੀਂ ਪਵੇਗਾ। ਅਸਲੀ ਧਰਮ ਆਪਣੇ ਆਪ ਪ੍ਰਕਾਸ਼ਮਾਨ ਹੋ ਉਠੇਗਾ। ਜਿਨਾਂ ਚਿਰ ਅਜਿਹਾ ਨਹੀਂ ਹੁੰਦਾ, ਜਿੰਨਾ ਚਿਰ ਹਿੰਦੂ ਮੁੜ ਤੋਂ ਗੁਣੀ ਗਿਆਨੀ ਤੇ ਤਾਕਤਵਰ ਨਹੀਂ ਹੋ ਜਾਂਦੇ, Eਨਾ ਚਿਰ ਅੰਗਰੇਜ਼ਾਂ ਦਾ ਰਾਜ ਕਾਇਮ ਰਹੇਗਾ। ਅੰਗਰੇਜ਼ੀ ਰਾਜ ਵਿਚ ਪਰਜਾ ਸੁਖੀ ਹੋਵੇਗੀ ਤੇ ਸੁੱਖ-ਸ਼ਾਂਤੀ ਨਾਲ ਆਪਣੇ ਧਰਮ ਦਾ ਪਾਲਣ ਕਰੇਗੀ। ਹੇ ਬੁੱਧੀਮਾਨ! ਅੰਗਰੇਜ਼ਾਂ ਨਾਲ ਯੁੱਧ ਕਰਨ ਦੀ ਥਾਂ ਮੇਰੇ ਪਿੱਛੇ ਪਿੱਛੇ ਚਲਿਆ ਆ। … ਤੁਹਾਡਾ ਵਰਤ ਸਫਲ ਹੋਇਆ ਹੈ, ਮਾਤਾ ਦੀ ਜੈ ਜੈ ਕਾਰ ਨਾਲ ਅੰਗਰੇਜ਼ਾਂ ਦਾ ਰਾਜ ਸਥਾਪਤ ਹੋਇਆ ਹੈ। ਹੁਣ ਯੁੱਧ ਦਾ ਵਿਚਾਰ ਤਿਆਗ, ਲੋਕ ਖੇਤੀਬਾੜੀ ਵਿਚ ਲੱਗਣ! ਧਰਤੀ ਖੁਸ਼ਹਾਲ ਹੋਵੇ ਤੇ ਲੋਕਾਂ ਦੇ ਚਿਹਰਿਆਂ `ਤੇ ਰੌਣਕ ਵਧੇ।”
ਵੈਦ ਰਾਜ ਜੀ ਦਾ ਉਪਦੇਸ਼ ਮੰਨ ਕੇ ਸਨਿਆਸੀਆਂ ਦਾ ਆਗੂ ਸੱਤਿਆਨੰਦ, ਸਭ ਕੁਝ ਤਿਆਗ ਕੇ ਹਿਮਾਲਾ ਪਰਬਤ ਲਈ ਚੱਲ ਪੈਂਦਾ ਹੈ ਤਾਂ ਕਿ ਅੰਗਰੇਜ਼ਾਂ ਦਾ ਰਾਜ ਨਿਰਵਿਘਨ ਸਥਾਪਤ ਹੋ ਜਾਵੇ ਤੇ ਹਿੰਦੂ ਧਰਮ ਦੀ ਜੈ ਜੈਕਾਰ ਚਹੁੰ ਕੂਟਾਂ ਵਿਚ ਫੈਲ ਜਾਵੇ।

ਇਸ ਤਰੀਕੇ ਨਾਲ, ‘ਅਨੰਦ ਮੱਠ` ਨਾਵਲ ਦਾ ਕਾਲਪਨਿਕ ਬ੍ਰਿਤਾਂਤ ਹਿੰਦੂ ਵਰਗ ਅੰਦਰੋਂ ਹੀਣਤਾ ਦਾ ਭਾਵ ਦੂਰ ਕਰਨ ਦਾ ਵਾਹਕ ਬਣਿਆ। ਬੰਕਿਮ ਚੰਦਰ ਚੱਟੋਪਾਧਿਆ ਵੱਲੋਂ 1870 ਈ: ਵਿਚ ਲਿਿਖਆ ਗਿਆ ‘ਵੰਦੇ ਮਾਤਰਮ’ ਨਾਂ ਦਾ ਗੀਤ ਨਾਵਲ ਵਿਚ ਪਾਤਰਾਂ ਦੇ ਮੁੱਖ ਗੀਤ ਵਜੋਂ ਫਿੱਟ ਕੀਤਾ ਗਿਆ ਸੀ। ਨਾਵਲ ਵਿਚ ਹਿੰਦੂਆਂ ਨੂੰ ‘ਵੰਦੇ ਮਾਤਰਮ’ ਦੇ ਨਾਹਰੇ ਗੁੰਜਾਉਂਦਿਆਂ ਮੁਸਲਮਾਨਾਂ ਉਤੇ ਹਮਲੇ ਕਰਦੇ ਤੇ ਉਨ੍ਹਾਂ ਦੇ ਘਰ ਬਾਰ ਸਾੜਦੇ ਦਰਸਾਇਆ ਗਿਆ ਹੈ। ਮੁਸਲਮਾਨ ਵਿਰੋਧੀ ਤੱਤ ਨਾਲ ਛਲਕਦੇ ਇਸ ਨਾਵਲ ਨੂੰ, ਬੰਗਾਲੀ ‘ਭਦਰਲੋਕ` ਨੇ, ਅਮਲੀ ਰੂਪ ਵਿਚ ਬਸਤੀਵਾਦ ਵਿਰੋਧੀ ਸੰਘਰਸ਼ ਅੰਦਰ ਸਿਆਸੀ ਦਸਤਾਵੇਜ਼ ਦੇ ਰੂਪ ਵਿਚ ਅਪਣਾ ਲਿਆ। ‘ਵੰਦੇ ਮਾਤਰਮ’ ਨੂੰ ਰਾਸ਼ਟਰਵਾਦੀ ਨਾਹਰੇ ਦਾ ਸਨਮਾਣਯੋਗ ਰੁਤਬਾ ਪ੍ਰਦਾਨ ਕਰ ਦਿਤਾ ਗਿਆ। ਇਸ ਨੂੰ ਨਾ ਕੇਵਲ ਹਿੰਦੂਆਂ ਅੰਦਰ, ਸਗੋਂ ਚੁਸਤੀ ਤੇ ਮਕਾਰੀ ਨਾਲ, ਗੈਰ-ਹਿੰਦੂ ਵਰਗਾਂ ਅੰਦਰ ਵੀ ਮਕਬੂਲ ਕਰ ਦਿਤਾ ਗਿਆ।

ਬੰਕਿਮ ਚੰਦਰ ਚੱਟੋਪਾਧਿਆ ਨੇ ‘ਦੇਸ਼ ਭਗਤੀ’ ਨੂੰ ਨਾ ਸਿਰਫ਼ ਧਰਮ ਦੇ ਬਰਾਬਰ ਖੜਾ ਕਰ ਦਿਤਾ, ਸਗੋਂ ਇਸ ਤੋਂ ਵੀ ਅੱਗੇ ਵਧ ਕੇ, ਉਸ ਨੇ ਇਸ ਨੂੰ ‘ਸਭ ਤੋਂ ਉਚੇਰੇ ਧਰਮ’ ਦਾ ਪਵਿਤਰ ਦਰਜਾ ਬਖ਼ਸ਼ ਦਿਤਾ। (The Hindu Phenomenon, 43) ਇਹ ਸੂਤਰੀਕਰਨ (formulation), ਸਿੱਧੇ ਤੇ ਪ੍ਰਤੱਖ ਰੂਪ ਵਿਚ, ਹਿੰਦੂ ਵਰਗ ਦਾ ਪੱਖ ਪੂਰਦਾ ਹੈ। ਕਿਉਂਕਿ ਜਿਵੇਂ ਪਿੱਛੇ ਦਰਸਾਇਆ ਗਿਆ ਹੈ, ਭਾਰਤ ਅੰਦਰ ਰਾਸ਼ਟਰਵਾਦ ਦਾ ਸੰਕਲਪੀਕਰਨ ਜਿਸ ਤਰੀਕੇ ਨਾਲ ਕੀਤਾ ਗਿਆ ਹੈ, ਉਸ ਅਨੁਸਾਰ ਦੇਸ਼ ਭਗਤੀ ਤੇ ਹਿੰਦੂ ਰਾਸ਼ਰਟਰਵਾਦ ਵਿਚਕਾਰ ਨਿਖੇੜਾ ਕਰ ਸਕਣਾ ਮੁਸ਼ਕਲ ਹੈ। ਦੋਵੇਂ ਇਕ ਦੂਜੇ ਵਿਚ ਗੁੰਦੇ ਹੋਏ (ਨਿਟੲਰਟੱਨਿੲਦ) ਹਨ। ‘ਹਿੰਦੂ’ ਤੇ ‘ਭਾਰਤੀ’ ਪਦ, ਅਮਲੀ ਰੂਪ ਵਿਚ ਸਮਅਰਥੀ ਹੋਣ ਕਰਕੇ, ‘ਹਿੰਦੂ ਪਛਾਣ’ ਤੇ ‘ਭਾਰਤੀ ਪਛਾਣ’ ਵਿਚਕਾਰ ਕੋਈ ਟਕਰਾਅ ਪੈਦਾ ਨਹੀਂ ਹੁੰਦਾ। ਇਸ ਦੇ ਉਲਟ, ‘ਸਰਬ-ਸਾਂਝੀ ਭਾਰਤੀ ਪਛਾਣ’ ਵਿਕਸਤ ਕਰਨ ਦਾ ਅਮਲੀ ਨਤੀਜਾ, ਘੱਟਗਿਣਤੀ ਧਾਰਮਿਕ ਭਾਈਚਾਰਿਆਂ ਦੀਆਂ ਆਪੋ ਆਪਣੀਆਂ ਨਿਵੇਕਲੀਆਂ ਪਛਾਣਾਂ ਨੂੰ ਖ਼ਤਮ ਕਰਨਾ ਜਾਂ ਇਨ੍ਹਾਂ ਨੂੰ ‘ਸਰਬ-ਸਾਂਝੀ ਭਾਰਤੀ ਪਛਾਣ’ ਦੇ ਮਤੈਹਤ ਬਣਾਉਣਾ ਹੈ। ਜਦੋਂ ਦੇਸ਼ ਭਗਤੀ ਨੂੰ ‘ਸਭ ਨਾਲੋਂ ਉਚੇਰੇ ਧਰਮ’ ਦਾ ਰੁਤਬਾ ਦਿਤਾ ਜਾਂਦਾ ਹੈ, ਤਾਂ ਇਸ ਨਾਲ ਸਵੈ-ਸਿੱਧ ਹੀ ਘੱਟਗਿਣਤੀ ਧਰਮਾਂ ਦਾ ਦਰਜਾ ਨੀਵਾਂ ਹੋ ਜਾਂਦਾ ਹੈ। ਉਨ੍ਹਾਂ ਕੋਲੋਂ ਆਪਣੇ ਧਾਰਮਿਕ ਸਰੋਕਾਰਾਂ ਨੂੰ ਦੇਸ਼ਭਗਤੀ ਦੇ ‘ਉਚੇਰੇ ਧਰਮ’ ਲਈ ਕੁਰਬਾਨ ਕਰਨ ਦੀ ਮੰਗ ਕੀਤੀ ਜਾਂਦੀ ਹੈ। ਇਸ ਤਰ੍ਹਾਂ ਘੱਟਗਿਣਤੀ ਧਰਮ ਨਿਰੰਤਰ ਦਬਾਅ ਹੇਠ, ਅਤੇ ਬਹੁਗਿਣਤੀ ਦੇ ਮੁਕਾਬਲੇ, ਘਾਟੇਬੰਦੀ ਹਾਲਤ ਵਿਚ ਆ ਜਾਂਦੇ ਹਨ। ਇਸੇ ਕਰਕੇ ਹੀ, ‘ਟਾਈਮਜ ਆੱਵ ਇੰਡੀਆ’ ਅਖ਼ਬਾਰ ਦੇ ਕੱਟੜ ਹਿੰਦੂਤਵੀ ਸੰਪਾਦਕ (ਮਰਹੂਮ) ਗਿਰੀ ਲਾਲ ਜੈਨ ਨੇ, ਆਪਣੇ ਪ੍ਰਸਿੱਧ ਸਿਧਾਂਤਕ ਕਿਤਾਬਚੇ ਅੰਦਰ, ਬੰਕਿਮ ਚੰਦਰ ਚੱਟੋਪਾਧਿਆ ਦੇ ਇਸ ਸੂਤਰੀਕਰਨ ਨੂੰ ‘ਉਸ ਦੀਆਂ ਲਿਖਤਾਂ ਦਾ ਮੀਰੀ ਖਿ਼ਆਲ’ (master idea) ਕਹਿਕੇ ਨਿਵਾਜਿਆ ਹੈ।

ਇਸ ਦੇ ਨਾਲ ਹੀ, ਬੰਕਿਮ ਚੰਦਰ ਨੇ ਦੇਸ਼ ਦੀ ਉਪਮਾ ‘ਦੇਵੀ ਮਾਂ’ (Mother Godess) ਨਾਲ ਕੀਤੀ। ਇਸ ਨਾਲ, ਸੁਭਾਵਿਕ ਤੇ ਅਟੱਲ ਰੂਪ ਵਿਚ, ਦੇਸ਼ ਭਗਤੀ ਦੇ ਸੰਕਲਪ ਦਾ ਹਿੰਦੂਕਰਨ ਹੋ ਗਿਆ। ਇਸ ਤਰੀਕੇ ਨਾਲ, ਦੇਸ਼ ਭਗਤੀ ਦੇ ਨਾਂ ਉਤੇ, ਘੱਟਗਿਣਤੀ ਧਾਰਮਿਕ ਭਾਈਚਾਰਿਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ ਤੇ ਸਿੱਖਾਂ ਨੂੰ, ਉਨ੍ਹਾਂ ਦੇ ਮੂਲ ਧਾਰਮਿਕ ਅਕੀਦਿਆਂ ਨਾਲ ਟਕਰਾਉਂਦੀਆਂ ਹਿੰਦੂ ਮਨੌਤਾਂ ਪਰਵਾਨ ਕਰਨ ਲਈ ਪ੍ਰੇਰਿਤ ਤੇ ਮਜ਼ਬੂਰ ਕਰਨ, ਅਰਥਾਤ ਅਛੋਪਲੇ ਢੰਗ ਨਾਲ ਉਨ੍ਹਾਂ ਨੂੰ ਹਿੰਦੂ ਰੀਤੇ ਤੋਰਨ ਦੀ ਕਵਾਇਦ ਸ਼ੁਰੂ ਹੋ ਗਈ।

ਹਿੰਦੂ ਕ੍ਰਾਂਤੀਕਾਰੀ ਦਲ

ਅਰਬਿੰਦੋ ਘੋਸ਼ ਨੇ ਬੰਕਿਮ ਚੰਦਰ ਕੋਲੋਂ ਪ੍ਰੇਰਿਤ ਤੇ ਉਤਸ਼ਾਹਤ ਹੋ ਕੇ, ਹਿੰਦੂ ਉਚ ਜਾਤੀਆਂ ਅੰਦਰ ਲੜਾਕੂ ਜਜ਼ਬਾ ਪੈਦਾ ਕਰਨ ਲਈ ਸਿਧਾਂਤਕ ਤੇ ਅਮਲੀ ਖੇਤਰ ਅੰਦਰ ਪੁਰਜੋਸ਼ ਸਰਗਰਮੀ ਆਰੰਭ ਦਿਤੀ। ਉਸ ਨੇ 1909 ਈ: ਵਿਚ ‘ਅਨੰਦ ਮੱਠ’ ਦਾ ਅੰਗਰੇਜ਼ੀ ਅਨੁਵਾਦ ਕਰਕੇ, ਇਸ ਨੂੰ ਆਪਣੇ ਪਰਚੇ ‘ਕਰਮ ਯੋਗਣੀ’ ਵਿਚ ਲੜੀਵਾਰ ਛਾਪਿਆ। ਬੰਕਿਮ ਚੰਦਰ ਚੱਟੋਪਾਧਿਆ ਦੇ ਵਿਚਾਰਾਂ, ਖ਼ਾਸ ਕਰਕੇ ‘ਅਨੰਦ ਮੱਠ’ ਨਾਵਲ ਤੋਂ ਪ੍ਰੇਰਿਤ ਤੇ ਉਤਸ਼ਾਹਤ ਹੋ ਕੇ, ਬੰਗਾਲ ਅੰਦਰ ਜੁਝਾਰੂ ਹਿੰਦੂ ਰਾਸ਼ਟਰਵਾਦੀਆਂ ਨੇ ਗੁਪਤ ਜਥੇਬੰਦੀਆਂ ਬਣਾ ਕੇ ਅੰਗਰੇਜ਼ੀ ਰਾਜ ਵਿਰੁੱਧ ਹਥਿਆਰਬੰਦ ਕਾਰਨਾਮੇ ਕਰਨੇ ਸ਼ੁਰੂ ਕਰ ਦਿਤੇ। ਵੀਹਵੀਂ ਸਦੀ ਦੇ ਮੁਢਲੇ ਸਾਲਾਂ ਅੰਦਰ ਬੰਗਾਲ ਵਿਚ ਜੁਝਾਰੂ ਹਿੰਦੂ ਰਾਸ਼ਟਰਵਾਦੀਆਂ ਦੇ ਦੋ ਗਰੁੱਪ ਸਨ, ਇਕ ‘ਅਨੁਸ਼ੀਲਨ ਸਮਿਤੀ` ਤੇ ਦੂਜਾ ‘ਵਿਪਲਵੀ’ ਅਥਵਾ ‘ਯੁਗਾਂਤਰ` ਗਰੁੱਪ। ‘ਅਨੁਸ਼ੀਲਨ’ ਦਾ ਸੰਕਲਪ ਬੰਕਿਮ ਚੰਦਰ ਚੈਟਰਜੀ ਨੇ ਘੜਿਆ ਤੇ ਪ੍ਰਚਲਤ ਕੀਤਾ ਸੀ। ਇਸ ਦਾ ਅਰਥ ਤਨ ਤੇ ਮਨ ਨੂੰ ਸਾਧਣਾ ਸੀ। ਮਨ ਦੇ ਨਾਲ ਤਨ ਨੂੰ ਸਾਧਨ ਦੀ ਲੋੜ ਇਸ ਕਰਕੇ ਦਰਸਾਈ ਗਈ ਸੀ, ਕਿ ਹਿੰਦੂਆਂ ਅੰਦਰੋਂ, ਆਪਣੇ ਆਪ ਨੂੰ ਜਿਸਮਾਨੀ ਪੱਖੋਂ ਮੁਸਲਮਾਨਾਂ ਤੋਂ ਕਮਜ਼ੋਰ ਸਮਝਣ ਦੀ ਹੀਣ ਭਾਵਨਾ ਦੂਰ ਕੀਤੀ ਜਾ ਸਕੇ, ਅਤੇ ਉਹ ਤਨ ਦੀ ਸਾਧਨਾ ਜ਼ਰੀਏ ਮੁਸਲਮਾਨਾਂ ਦੇ ਜਿਸਮਾਨੀ ਬਲ ਦਾ ਟਾਕਰਾ ਕਰਨ ਦੇ ਸਮਰੱਥ ਹੋ ਸਕਣ। 1908 ਈ: ਵਿਚ ਬੰਗਾਲੀ ਹਿੰਦੂ ਰਾਸ਼ਟਰਵਾਦੀਆਂ ਨੇ ਬਨਾਰਸ ਵਿਖੇ ‘ਅਨੁਸ਼ੀਲਨ ਸਮਿਤੀ’ ਨਾਂ ਹੇਠ ਪਹਿਲਾ ਕ੍ਰਾਤੀਕਾਰੀ ਦਲ ਕਾਇਮ ਕੀਤਾ। ਬਾਅਦ ਵਿਚ, ਸਰਕਾਰ ਨੂੰ ਚਕਮਾ ਦੇਣ ਲਈ, ਇਸ ਦਾ ਨਾਂ ਬਦਲ ਕੇ ‘ਯੰਗ ਮੈਨਜ ਐਸੋਸੀਏਸ਼ਨ’ ਕਰ ਦਿਤਾ ਗਿਆ ਸੀ। (Dilip Bose, Bhagwad-Gita and Our National Movement, in ‘Marxism and the Bhagwat Gita’ by S.G. Sardesai and Dilip Bose, pp44, 47 and 56-57)

‘ਯੁਗਾਂਤਰ’ ਦਾ ਸ਼ਬਦੀ ਅਰਥ ਹੈ ਯੁਗ ਦਾ ਅੰਤਰ। ਭਾਵ ਇਹ ਕਿ ਹਿੰਦੂ ਰਾਸ਼ਟਰਵਾਦੀ ਨਵਾਂ ਯੁਗ ਲਿਆਉਣਾ ਚਾਹੁੰਦੇ ਸਨ ਜਿਥੇ ਵੈਦਿਕ ਹਿੰਦੂ ਧਰਮ ਦੀ ਜੈ ਜੈਕਾਰ ਹੋਣੀ ਸੀ। 1906 ਈ: ਵਿਚ ‘ਯੁਗਾਂਤਰ’ ਦੇ ਨਾਂ ਹੇਠ ਪਹਿਲਾ ਬੰਗਾਲੀ ਰਾਸ਼ਟਰਵਾਦੀ ਸਪਤਾਹਕ ਪਰਚਾ ਛਪਣਾ ਆਰੰਭ ਹੋਇਆ। ਇਸ ਦਾ ਸੰਪਾਦਕ ਸਵਾਮੀ ਵਿਵੇਕਾਨੰਦ ਦਾ ਛੋਟਾ ਭਰਾ ਭੂਪੇਂਦਰਨਾਥ ਦੱਤ ਸੀ, ਪਰ ਅਮਲੀ ਰੂਪ ਵਿਚ ਸੰਪਾਦਕੀ ਲੇਖ ਅਰਬਿੰਦੋ ਘੋਸ਼ ਹੀ ਲਿਖਦਾ ਸੀ। ‘ਯੁਗਾਂਤਰ’ ਤੋਂ ਇਲਾਵਾ, ਅਰਬਿੰਦੋ ਘੋਸ਼ ਨੇ 1906 ਵਿਚ ‘ਵੰਦੇ ਮਾਤਰਮ’ ਦੇ ਨਾਂ ਹੇਠ ਇਕ ਹੋਰ ਪਰਚਾ ਛਾਪਣਾ ਸ਼ੁਰੂ ਕਰ ਦਿਤਾ ਸੀ।

ਇਹ ਦੋਵੇਂ ਹੀ ਗਰੁੱਪ ਬੰਗਾਲ ਮਾਤਰ-ਭੂਮੀ ਨੁੰ ਬਰਤਾਨਵੀ ਸਾਮਰਾਜ ਤੋਂ ਮੁਕਤ ਕਰਵਾਉਣ ਲਈ ਟੁੱਟਵੀਆਂ ਖਿੰਡਵੀਆਂ ਹਥਿਆਰਬੰਦ ਕਾਰਵਾਈਆਂ ਕਰਦੇ ਸਨ। ਦੋਵਾਂ ਹੀ ਗਰੁੱਪਾਂ ਦਾ ਮਕਸਦ ਮਾਤਰ ਭੂਮੀ ਨੂੰ ਆਜ਼ਾਦ ਕਰਵਾ ਕੇ, ਹਿੰਦੂਆਂ ਦੀ ਖੁੱਸੀ ਹੋਈ ਸ਼ਾਨ ਬਹਾਲ ਕਰਨਾ ਸੀ। ਦੋਵੇਂ ਹੀ ਗਰੁੱਪ ਮੁਸਲਮਾਨਾਂ ਨੂੰ ਤਿੱਖੀ ਨਫ਼ਰਤ ਕਰਦੇ ਸਨ। ਇਹਨਾ ਗਰੁੱਪਾਂ ਵਿਚ ਸ਼ਾਮਲ ਹੋਣ ਲਈ ਮੈਂਬਰਾਂ ਨੂੰ ਉਸੇ ਹੀ ਤਰ੍ਹਾਂ ਦੇਵੀ ਦੀ ਸਹੁੰ ਚੁੱਕਣੀ ਪੈਂਦੀ ਸੀ, ਜਿਸ ਤਰ੍ਹਾਂ ‘ਅਨੰਦ ਮੱਠ` ਨਾਵਲ ਵਿਚ ਦਿਖਾਇਆ ਗਿਆ ਹੈ। ‘ਅਨੁਸ਼ੀਲਨ ਸਮਿਤੀ’ ਦਾ ਮੈਂਬਰ ਬਣਨ ਵੇਲੇ ਕਾਲੀ ਮਾਤਾ ਮੂਹਰੇ ਖੜ ਕੇ, ਸਿਰ ਉਤੇ ਗੀਤਾ ਰੱਖ ਕੇ ਤੇ ਹੱਥ ਵਿਚ ਤਲਵਾਰ ਜਾਂ ਪਿਸਤੌਲ ਫੜ ਕੇ ਸਹੁੰ ਚੁੱਕਣੀ ਪੈਂਦੀ ਸੀ। ਇਸ ਦੇ ਮੈਂਬਰਾਂ ਅੰਦਰ ਜੰਗਜੂ ਸਪਿਰਟ ਭਰਨ ਲਈ ਉਨ੍ਹਾਂ ਨੂੰ ਲਾਠੀ ਤੇ ਤਲਵਾਰ ਆਦਿ ਚਲਾਉਣ ਦੀ ਉਚੇਚੀ ਸਿਿਖਆ ਤੇ ਟਰੇਨਿੰਗ ਦਿਤੀ ਜਾਂਦੀ ਸੀ। (Christophe Jaffrelot, The Hindu Nationalist Movement and Indian Politics, pp35-36 )ਅਨੁਸ਼ੀਲਨ ਸਮਿਤੀ ਦੇ ਪ੍ਰਸਿੱਧ ਆਗੂ ਤ੍ਰਿਲੋਕਯ ਨਾਥ ਚੱਕਰਵਰਤੀ, ਜਿਸ ਨੇ ਲਗਭਗ ਤੀਹ ਸਾਲ ਜੇਲ੍ਹਾਂ ਅੰਦਰ ਕਠੋਰ ਜੀਵਨ ਬਤੀਤ ਕੀਤਾ ਸੀ, ਨੇ ਆਪਣੀ ਜੀਵਨ ਵਿਿਥਆ ਬਿਆਨ ਕਰਦਿਆਂ ਲਿਿਖਆ ਹੈ ਕਿ ਅਨੁਸ਼ੀਲਨ ਸੰਮਤੀ ਦੇ ਬਾਨੀ ਆਗੂ “ਪੁਲਿਨ ਬਾਬੂ ਨੇ ਇਕ ਮਰਾਠਾ ਸੱਜਣ ਤੋਂ ਤਲਵਾਰ ਅਤੇ ਛੁਰਾ ਚਲਾਉਣਾ ਸਿੱਖਿਆ ਅਤੇ ਲੋਕਲ ਲਠੈਤਾਂ ਤੋਂ ਲਾਠੀ ਚਲਾਉਣੀ ਸਿੱਖੀ। ਪੁਲਿਨ ਬਾਬੂ ਨੇ ਭਾਰਤ ਨੂੰ ਆਜ਼ਾਦ ਕਰਾਉਣਾ ਚਾਹਿਆ ਸੀ, ਇਸ ਲਈ ਉਨ੍ਹਾਂ ਨੇ ਦੇਸ਼ ਵਿਚ ਯੁਵਾ-ਸ਼ਕਤੀ ਜਗਾਉਣ ਦੀ ਕਸਿ਼ਸ਼ ਕੀਤੀ ਅਤੇ ਸਮਿਤੀ ਵਿਚ ਤਲਵਾਰ, ਲਾਠੀ, ਛੁਰਾ ਚਲਾਉਣਾ ਅਤੇ ਸਿਖਾਉਣਾ ਸ਼ੁਰੂ ਕੀਤਾ।”

ਤ੍ਰਿਲੋਕਯ ਨਾਥ ਚੱਕਰਵਰਤੀ ਦੇ ਹੇਠ ਦਿਤੇ ਹਵਾਲੇ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਮੁਢਲੇ ਬੰਗਾਲੀ ਹਿੰਦੂ ਰਾਸ਼ਟਰਵਾਦੀਆਂ ਅੰਦਰ, ਹਿੰਦੂਆਂ ਨੂੰ ਮੁਸਲਮਾਨਾਂ ਦੇ ਮੁਕਾਬਲੇ ਵਿਚ ਕਮਜ਼ੋਰ ਤੇ ਕਾਇਰ ਸਮਝਣ ਦੀ ਹੀਣ ਭਾਵਨਾ ਤੋਂ ਮੁਕਤ ਕਰਨ ਦੀ ਕਿੰਨੀ ਪ੍ਰਬਲ ਤਾਂਘ ਮਚਲ ਰਹੀ ਸੀ। ਚੱਕਰਵਰਤੀ ਨੇ ਹਿੰਦੂ ਰਾਸ਼ਟਰਵਾਦੀਆਂ ਵਲੋਂ ਪੂਰਬੀ ਬੰਗਾਲ ਅੰਦਰ ਕੀਤੀ ਗਈ ਇਕ ਡਕੈਤੀ ਦਾ ‘ਬੀਰ ਰਸੀ’ ਵਰਣਨ ਇਸ ਤਰ੍ਹਾਂ ਕੀਤਾ ਹੈ: “1908 ਵਿਚ ਬਾਹਨਾ ਡਕੈਤੀ ਹੋਈ। ਪੁਲੀਸ ਨੇ ਸਮਝਿਆ ਇਹ ਅਨੁਸ਼ੀਲਨ ਸਮਿਤੀ ਦਾ ਕੰਮ ਹੈ। ਇਸ ਡਕੈਤੀ ਵਿਚ ਨੌਜਵਾਨਾਂ ਨੇ ਵਿਲੱਖਣ ਬਹਾਦਰੀ ਦਿਖਾਈ ਸੀ। ਇਨ੍ਹਾਂ ਡਾਕੂਆਂ ਨੇ ਸਾਬਤ ਕਰ ਦਿਤਾ ਸੀ ਕਿ ਬੰਗਾਲੀ ਕਾਇਰ ਨਹੀਂ ਹਨ। ਬੰਗਾਲੀ ਲੜਨਾ ਅਤੇ ਮਰਨਾ ਜਾਣਦੇ ਹਨ।” (ਸਫ਼ਾ 13)

ਅਤੇ ਹੋਰ, “ਬੰਗਾਲ ਦੇ ਕ੍ਰਾਂਤੀਕਾਰੀਆਂ ਨੇ ਬੜੀਆਂ ‘ਡਕੈਤੀਆਂ’ ਕੀਤੀਆਂ ਹਨ। ਦਿਨ ਦਿਹਾੜੇ ਕਲਕੱਤਾ ਸ਼ਹਿਰ ਵਿਚ ਹੌਂਸਲੇਮੰਦ ‘ਡਕੈਤੀਆਂ’ ਹੋਈਆਂ ਹਨ। ‘ਡਾਕੂਆਂ’ ਨੇ ਡਕੈਤੀ ਦੇ ਵਕਤ ਬਹੁਤ ਸਾਰੇ ਮੌਕਿਆਂ `ਤੇ ਅਦਭੁੱਤ ਬਹਾਦਰੀ ਤੇ ਹਿੰਮਤ ਦਿਖਾਈ ਹੈ।” (ਸਫ਼ਾ 25)

1908 ਵਿਚ ਅਲੀਪੁਰ ਵਿਖੇ ਹੋਏ ਬੰਬ ਕਾਂਡ ਤੋਂ ਬਾਅਦ ਪੁਲੀਸ ਨੇ ‘ਯੁਗਾਂਤਰ’ ਗਰੁੱਪ ਦੇ ਬਹੁਤ ਸਾਰੇ ਮੈਂਬਰ ਫੜ ਲਏ। ਇਸ ਦੇ ਨਾਲ ਹੀ ਇਸ ਗਰੁੱਪ ਦਾ ਭੋਗ ਪੈ ਗਿਆ ਤੇ ਪਰਚਾ ਵੀ ਛਪਣਾ ਬੰਦ ਹੋ ਗਿਆ। ਪਰ ‘ਅਨੁਸ਼ੀਲਨ ਸਮਿਤੀ’ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਰਹੀਆਂ ਅਤੇ ਇਸ ਗਰੁੱਪ ਦਾ ਘੇਰਾ ਚੌੜਾ ਹੁੰਦਾ ਗਿਆ। ਕੇਸ਼ਵ ਬਲੀਰਾਮ ਹੈਡਗੇਵਾਰ, ਜਿਸਨੇ ਪਿੱਛੋਂ ਜਾ ਕੇ ਰਾਸ਼ਟਰੀਯ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੀ ਨੀਂਹ ਰੱਖੀ, ਨੇ 1910-11 ਵਿਚ ਕਲਕੱਤਾ ਵਿਖੇ ਡਾਕਟਰੀ ਦੀ ਪੜ੍ਹਾਈ ਕਰਦਿਆਂ ਅਨੁਸ਼ੀਲਨ ਸਮਿਤੀ ਤੋਂ ਹੀ ਦੀਖਿਆ ਲਈ ਸੀ। ਰਾਸ ਬਿਹਾਰੀ ਬੋਸ ਤੇ ਸਚਿੰਦਰ ਨਾਥ ਸਾਨਿਆਲ, ਜਿਨ੍ਹਾਂ ਨੇ 1915 ਵਿਚ ਪੰਜਾਬ ਆ ਕੇ ਗ਼ਦਰ ਪਾਰਟੀ ਨਾਲ ਰਾਬਤਾ ਬਣਾਇਆ ਸੀ, ਵੀ ਅਨੁਸ਼ੀਲਨ ਸਮਿਤੀ ਨਾਲ ਹੀ ਜੁੜੇ ਹੋਏ ਸਨ।

ਇਹਨਾਂ ਹਿੰਦੂ ਰਾਸ਼ਟਰਵਾਦੀਆਂ ਦੇ ਮਨਾਂ ਅੰਦਰ ਮੁਸਲਮਾਨਾਂ ਪ੍ਰਤੀ ਕਿੰਨੀ ਨਫ਼ਰਤ ਤੇ ਦਵੈਸ਼ ਭਰੀ ਪਈ ਸੀ, ਇਸ ਦਾ ਪਤਾ ‘ਬੰਦੀ ਜੀਵਨ` ਪੁਸਤਕ ਦੇ ਲੇਖਕ ਸਚਿੰਦਰ ਨਾਥ ਸਨਿਆਲ ਦੇ ਹੇਠ ਲਿਖੇ ਵਿਚਾਰਾਂ ਤੋਂ ਬਾਖੂਬੀ ਲੱਗ ਜਾਂਦਾ ਹੈ:

“ਸਾਡੇ ਬੁਲਾਵਣ `ਤੇ ਵੀ ਜੇ ਮੁਸਲਮਾਨ ਨਹੀਂ ਸਨ ਆਉਂਦੇ ਤਾਂ ਵਾਹਦ ਕਾਰਨ ਇਹ ਸੀ ਕਿ ਉਹ ਭਾਰਤ ਨਾਲ ਹਿੰਦੂਆਂ ਵਾਂਗ ਪ੍ਰੇਮ ਨਹੀਂ ਸਨ ਕਰਦੇ। ਮੁਸਲਮਾਨਾਂ ਨਾਲ ਮਿਲਣ ਜੁਲਣ `ਤੇ ਸਾਡੀ ਇਹ ਧਾਰਨਾ ਬਣੀ ਕਿ ਸਾਡੇ ਦੇਸ਼ ਦੇ ਮੁਸਲਮਾਨ ਲੋਕਾਂ ਦੀ ਤੁਰਕੀ, ਮਿਸਰ, ਫਾਰਸ ਜਾਂ ਕਾਬੁਲ ਵੱਲ ਜਿੰਨੀ ਖਿੱਚ ਏ, ਓਨੀ ਭਾਰਤ ਵੱਲ ਨਹੀਂ ਏ। ਉਹ ਤੁਰਕੀ ਦੇ ਗੌਰਵ ਵਿਚ ਖ਼ੁਦ ਨੂੰ ਜਿੰਨਾ ਗੌਰਵਸ਼ਾਲੀ ਅਨੁਭਵ ਕਰਦੇ ਹਨ, ਭਾਰਤ ਵਾਸੀਆਂ ਦੇ ਹਿੰਦੂਆਂ ਦੇ ਗੌਰਵ ਵਿਚ

ਖ਼ੁਦ ਨੂੰ ਓਨਾ ਗੌਰਵਸ਼ਾਲੀ ਨਹੀਂ ਮੰਨਦੇ।” (ਸਚਿੰਦਰ ਨਾਥ ਸਨਿਆਲ, ‘ਬੰਦੀ ਜੀਵਨ’, ਪੰਨਾ 95)
ਤ੍ਰਿਲੋਕਯ ਨਾਥ ਚੱਕਰਵਰਤੀ ਨੇ ਆਪਣੀ ਸਵੈ-ਜੀਵਨੀ ਵਿਚ ਬਹੁਤ ਫ਼ਖ਼ਰ ਨਾਲ ਕਿਹਾ ਹੈ ਕਿ ਜਿਥੇ ਕਿਤੇ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਦੰਗੇ ਹੋਏ, ਅਨੁਸ਼ੀਲਨ ਸਮਿਤੀ ਦੇ ਮੈਂਬਰਾਂ ਨੇ ਬਹਾਦਰੀ ਨਾਲ ਮੁਸਲਮਾਨਾਂ ਦਾ ਮੁਕਾਬਲਾ ਕੀਤਾ। (ਸਫ਼ਾ 9)

ਸ: ਜਗਜੀਤ ਸਿੰਘ ਨੇ ਗ਼ਦਰ ਲਹਿਰ ਦਾ ਗੂੜ੍ਹ ਵਿਸ਼ਲੇਸ਼ਣ ਕਰਦਿਆਂ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਦੇ ਵਿਚਾਰਧਾਰਕ ਤੇ ਰਾਜਸੀ ਖ਼ਾਸੇ ਬਾਰੇ ਦੋ ਅਹਿਮ ਨਿਰਣੇ ਪੇਸ਼ ਕੀਤੇ ਸਨ। ਇਕ, ਇਹ ਕਿ ਉਨ੍ਹਾਂ ਵੱਲੋਂ ਅਪਣਾਏ ਢੰਗ ਤਰੀਕੇ ‘ਤ੍ਰਾਸਵਾਦੀ’ ਅਥਵਾ ‘ਦਹਿਸ਼ਤਗ਼ਰਦ’ (terrorist) ਸਨ। ਦੂਜਾ, ਉਹ ਮੁਸਲਮਾਨਾਂ ਪ੍ਰਤਿ ਵਿਰੋਧ ਤੇ ਦੁਸ਼ਮਣੀ ਦੇ ਭਾਵ ਰਖਦੇ ਸਨ। ਉਨ੍ਹਾਂ ਲਿਿਖਆ ਹੈ: “ਹਿੰਦੀ ਇਨਕਲਾਬੀਆਂ ਵਿਚੋਂ ਬੰਗਾਲ ਦੇ ਤ੍ਰਾਸਵਾਦੀ (terrorist) ਦੇਸ਼-ਭਗਤ ਫਿ਼ਰਕੂ ਜ਼ਹਿਨੀਅਤ ਤੋਂ ਮੁਕਾਬਲਤਨ ਕਾਫੀ ਬੇਲਾਗ਼ ਸਮਝੇ ਜਾਂਦੇ ਸਨ ਪਰ ਉਨ੍ਹਾਂ ਨੇ ਵੀ ਇਕ ਤੈਅ ਕੀਤੀ ਹੋਈ ਨੀਤੀ ਅਨੁਸਾਰ ਮੁਸਲਮਾਨ ਭਰਾਵਾਂ ਨੂੰ ਆਪਣੀਆਂ ਜਥੇਬੰਦੀਆਂ ਵਿਚ ਸ਼ਾਮਲ ਕਰਨੋਂ ਸੰਕੋਚ ਕਰੀ ਰੱਖੀ।”

ਸ: ਖੁਸ਼ਵੰਤ ਸਿੰਘ ਨੇ ਵੀ ਲਿਿਖਆ ਹੈੇ ਕਿ ਮਹਾਰਾਸ਼ਟਰ ਤੇ ਬੰਗਾਲ, ਦੋਹਵਾਂ ਥਾਵਾਂ `ਤੇ ਵੀਹਵੀਂ ਸਦੀ ਦੇ ਆਰੰਭ ਵਿਚ ਹਿੰਦੂ ਵਰਗਾਂ ਅੰਦਰ ਰਾਸ਼ਟਰਵਾਦ ਦੀ ਜਿਹੜੀ ਗਰਮ-ਖਿਆਲੀ ਧਾਰਾ (ਜੀਹਨੂੰ ਉਹ ‘ਰਾਜਸੀ ਆਤੰਕਵਾਦ’ ਕਹਿੰਦਾ ਹੈ) ਦਾ ਰੁਝਾਣ ਪੈਦਾ ਹੋਇਆ ਸੀ, ਮਹਾਰਾਸ਼ਟਰ ਵਿਚ ਸਿ਼ਵਾ ਜੀ ਤੇ ਬੰਗਾਲ ਅੰਦਰ ਕਾਲੀ ਦੇਵੀ ਦੀ ਧਰਮ-ਪੂਜਾ (ਚੁਲਟ) ਦੀ ਜਿਹੜੀ ਰੀਤ ਆਰੰਭ ਹੋਈ, ਉਹ ਵਰਤਾਰਾ ਹਿੰਦੂਵਾਦ ਦੇ ਪੁਨਰ-ਉਭਾਰ ਨਾਲ ਜੁੜਿਆ ਹੋਇਆ ਸੀ; ਦੋਹਵਾਂ ਹੀ ਥਾਵਾਂ `ਤੇ ਮੁਸਲਮਾਨਾਂ ਨੂੰ ਬਾਹਰ ਧੱਕ ਦਿਤਾ ਗਿਆ ਸੀ।

ਸਚਿੰਦਰ ਨਾਥ ਸਾਨਿਆਲ ਨੇ ਆਪਣੇ ਮੂੰਹੋਂ ਇਹ ਤੱਥ ਤਸਲੀਮ ਕੀਤਾ ਹੈ ਕਿ, “ਕਰਾਂਤੀਕਾਰੀਆਂ ਵਿਚੋਂ ਬਹੁਤੇ ਹਿੰਦੂ ਅਜਿਹੇ ਸਨ… (ਜਿੰਨ੍ਹਾਂ) ਦੇ ਦਿਲ ਵਿਚ ਇਹ ਇਛਾ ਗੁਪਤ ਰੂਪ ਵਿਚ ਸੀ ਕਿ ਭਾਰਤ ਦੇ ਆਜ਼ਾਦ ਹੋਣ ਦਾ ਮਤਲਬ ਹਿੰਦੂ ਰਾਜ ਦੀ ਪੁਨਰ ਸਥਾਪਨਾ ਹੋਵੇਗੀ।” ਪਰ ਇਸ ਦੇ ਝੱਟ ਪਿੱਛੋਂ ਉਸ ਨੇ ਇਸ ਅਣਸੁਖਾਵੇਂ ਸੱਚ ਉਤੇ ਲਿਪਾ-ਪੋਚੀ ਕਰਦਿਆਂ ਕਿਹਾ: “ਪਰ ਹੌਲੀ-ਹੌਲੀ ਇਹ ਭਾਵ ਬਿਲਕੁਲ ਅਲੋਪ ਹੋ ਜਾਂਦਾ ਏ ਅਤੇ ਅੰਤ ਵਿਚ ਹਾਲਾਂਕਿ ਉਹ (ਕਰਾਂਤੀਕਾਰੀ) ਮੁੱਖ ਰੂਪ ਵਿਚ ਹਿੰਦੂਆਂ ਦੇ ਉਪਰ ਹੀ ਭਰੋਸਾ ਕਰਕੇ ਅੱਗੇ ਵਧਦੇ ਸਨ, ਫਿਰ ਵੀ ਭਾਰਤ ਦੀ ਆਜ਼ਾਦੀ ਦੀ ਕਲਪਨਾ ਵਿਚ ਭਾਰਤ ਦੀ ਕਿਸੇ ਵੀ ਜਾਤੀ (ਕੌਮ) ਨੂੰ ਦੂਸਰੀ ਜਾਤੀ ਦੇ ਅਧੀਨ ਰੱਖਣ ਦਾ ਸੰਕਲਪ ਨਹੀਂ ਰੱਖਿਆ।” (ਬੰਦੀ ਜੀਵਨ, ਸਫ਼ਾ 64)

ਪ੍ਰਬੁੱਧ ਨੈਸ਼ਨਲਿਸਟ ਹਿੰਦੂ ਆਗੂ ਇਸ ਗੱਲੋਂ ਪੂਰੇ ਸੁਚੇਤ ਸਨ ਕਿ ਹਿੰਦੂ ਰਾਸ਼ਟਰ ਦੀ ਸਥਾਪਨਾ ਦੇ ਇਰਾਦੇ ਦਾ ਖੁਲ੍ਹਮ-ਖੁਲ੍ਹਾ ਐਲਾਨ ਕਰਨ ਨਾਲ ਆਜ਼ਾਦੀ ਦੀ ਲੜਾਈ ਲਈ ਅੰਦਰੂਨੀ ਉਲਝਣਾਂ ਪੈਦਾ ਹੋ ਸਕਦੀਆਂ ਸਨ। ਇਸ ਕਰਕੇ ਉਨ੍ਹਾਂ ਨੇ ਹਿੰਦੂ ਰਾਸ਼ਟਰਵਾਦ ਦੀ ਭਾਸ਼ਾ ਵਿਚ ਗੱਲ ਕਰਨ ਦੀ ਬਜਾਇ, ਭਾਰਤੀ ਰਾਸ਼ਟਰਵਾਦ ਦੀ ਭਾਸ਼ਾ ਵਿਚ ਗੱਲ ਕਰਨ ਦਾ ਚੁਸਤ ਪੈਂਤੜਾ ਵਰਤਿਆ। ਇਸ ਨਾਲ ਮੁਸਲਮਾਨਾਂ ਦਾ ਤਾਂ ਮਾਮੂਲੀ ਜਿਹਾ ਹਿੱਸਾ ਹੀ ਗੁਮਰਾਹ ਕੀਤਾ ਜਾ ਸਕਿਆ, ਪਰ ਸ਼ਾਤਰ ਦਿਮਾਗ਼ ਹਿੰਦੂ ਆਗੂਆਂ ਨੇ ਸਿੱਖਾਂ ਦੇ ਵੱਡੇ ਹਿੱਸੇ ਨੂੰ ਆਸਾਨੀ ਨਾਲ ਵਰਗਲਾ ਲਿਆ। ਭਾਰਤੀ ਕਮਿਊਨਿਸਟ ਤਾਂ, ਆਪਣੇ ਆਧੁਨਿਕਵਾਦੀ ਤੱਤ ਤੇ ਹਿੰਦੂ ਉਚ ਜਾਤੀ ਸਭਿਆਚਾਰ ਕਰਕੇ, ਸਵੈ-ਇੱਛਾ ਨਾਲ ਹੀ ਛਲੇ ਗਏ। ਇਸ ਤਰ੍ਹਾਂ ਭਾਰਤੀ ਰਾਸ਼ਟਰਵਾਦ ਦੇ ਜਾਮੇ ਵਿਚ ਹਿੰਦੂ ਰਾਸ਼ਟਰਵਾਦੀ ਧਾਰਾ ਦਾ ਜ਼ੋਰ ਚੜ੍ਹ ਗਿਆ।

ਰਾਸ਼ਟਰਵਾਦੀ ਆਗੂਆਂ ਤੇ ਵਿਦਵਾਨਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਜਿਹੜਾ ਬ੍ਰਿਤਾਂਤ ਸਿਰਜਿਆ, ਉਸ ਵਿਚ ਸੁਚੇਤ ਰੂਪ `ਚ ਸਰਬ-ਲੌਕਿਕਤਾ (ਯੂਨੀਵਰਸਲਿਜ਼ਮ) ਦੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਭਾਵ ਧਰਮ ਜਾਂ ਜਾਤੀ ਸੂਚਕ ਪਦਾਂ (‘ਹਿੰਦੂ’, ‘ਮੁਸਲਮਾਨ’, ‘ਸਿੱਖ’ ਜਾਂ ‘ਦਲਿਤ’ ਆਦਿ) ਦੀ ਬਜਾਇ, ਸਰਬ ਸਾਂਝਾ ‘ਧਰਮ-ਨਿਰਲੇਪ’ ਅਤੇ ‘ਵਰਗ-ਨਿਰਲੇਪ’ ਪਦ ‘ਭਾਰਤੀ’ ਇਸਤੇਮਾਲ ਕੀਤਾ ਗਿਆ ਹੈ। ਭਾਰਤ ਦੇ ਅਲੱਗ ਅਲੱਗ ਵਰਗਾਂ ਅੰਦਰ ਆਈ ਰਾਜਸੀ ਜਾਗ੍ਰਤੀ ਦਾ, ਵਰਗਾਂ ਦੇ ਅਧਾਰ `ਤੇ ਨਿਖੇੜਾ ਕਰਕੇ, ਹਰ ਇਕ ਦੀ ਆਪੋ ਆਪਣੀ ਵਿਸ਼ੇਸ਼ਤਾ ਦਰਸਾਉਣ ਦੀ ਥਾਂ, ਆਧੁਨਿਕਵਾਦੀ ਦਸਤੂਰ ਅਨੁਸਾਰ, ਸਾਰੇ ਵਰਗਾਂ ਨੂੰ ‘ਭਾਰਤੀ’ ਪਦ ਵਿਚ ਸਮਿਲਤ ਕਰਕੇ, ‘ਭਾਰਤੀ ਲੋਕਾਂ ਅੰਦਰ ਆਈ ਰਾਜਸੀ ਜਾਗ੍ਰਤੀ’, ‘ਭਾਰਤੀ ਲੋਕਾਂ ਦਾ ਸੰਗਰਾਮ’, ‘ਭਾਰਤੀਆਂ ਦੀ ਬਹਾਦਰੀ’, ‘ਭਾਰਤੀ ਲੋਕਾਂ ਦੀਆਂ ਕੁਰਬਾਨੀਆਂ’, ‘ਭਾਰਤੀ ਲੋਕਾਂ ਦੀਆਂ ਸ਼ਾਨਦਾਰ ਰਵਾਇਤਾਂ’, ਆਦਿ ਆਦਿ ਸਰਬ-ਲੌਕਿਕ ਵਾਂਕੰਸ਼ ਪ੍ਰਚਲਤ ਕਰ ਦਿਤੇ ਗਏ। ਇਸ ਚਤੁਰਾਈ ਨਾਲ ਹਿੰਦੂ ਵਰਗ ਅੰਦਰ ਆਈ ਰਾਜਸੀ ਜਾਗ੍ਰਤੀ ਦਾ ਹਿੰਦੂਤਵੀ ਅੰਸ਼ ਢਕ ਲਿਆ ਗਿਆ। ਇਸ ਬ੍ਰਿਤਾਂਤ ਨੂੰ ਵਾਰ ਵਾਰ ਦੁਹਰਾਉਣ ਨਾਲ ਇਸਦਾ ਅਸਰ ਸਾਰੇ ਵਰਗਾਂ ਨੇ ਕਬੂਲ ਕਰ ਲਿਆ। ਇਸ ਨਾਲ ਆਜ਼ਾਦੀ ਦੀ ਲੜਾਈ ਅੰਦਰ ਪ੍ਰਗਟ ਤੇ ਕ੍ਰਿਆਸ਼ੀਲ ਹੋਏ ਵੱਖ ਵੱਖ ਰੁਝਾਣਾਂ ਤੇ ਰਾਜਸੀ ਧਾਰਾਵਾਂ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਰੁਲ ਗਈ। ਇਸ ਦਾ ਸਭ ਨਾਲੋਂ ਵੱਧ ਨੁਕਸਾਨ ਸਿੱਖਾਂ ਨੂੰ ਹੋਇਆ, ਤੇ ਸਭ ਨਾਲੋਂ ਵੱਧ ਲਾਭ ਹਿੰਦੂ ਉਚ ਵਰਗਾਂ ਤੇ ਉਚ ਜਾਤੀਆਂ ਨੂੰ ਹੋਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,