January 28, 2020 | By ਸਿੱਖ ਸਿਆਸਤ ਬਿਊਰੋ
ਅੰਮਿਤਸਰ: ਹਾਲ ਹੀ ਵਿੱਚ ਛਪੀ ਅੰਗਰੇਜ਼ੀ ਦੀ ਕਿਤਾਬ, “ਯੂਨੀਲੈਟਰਲ ਡਿਸੀਜਨਸ, ਬਾਈਲੈਟਰਲ ਲੌਸਿਸ” (ਇੱਕ ਪਾਸੜ ਫ਼ੈਸਲੇ ਤੇ ਦੁਵੱਲੇ ਘਾਟੇ) ਭਾਰਤ ਪਾਕਿ ਦੇ ਤਿੜਕੇ ਰਿਸ਼ਤੇ ਦੇ ਸਰਹਦੀ ਆਰਥਿਕਤਾ ਉਤੇ ਪੈਂਦੇ ਅਸਰ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਘੱਟੋ-ਘੱਟ 9000 ਪਰਿਵਾਰ, ਤੇ ਜੰਮੂ ਕਸ਼ਮੀਰ ਦੇ 600 ਵਪਾਰੀ ਤੇ 300 ਮਜ਼ਦੂਰ, ਇਨ੍ਹਾਂ ਦੋ ਪਰਮਾਣੂ ਮੁਲਕਾਂ ਦੇ ਸਿਆਸੀ ਰੱਫੜ ਕਰਕੇ ਬੁਰੀ ਤਰ੍ਹਾਂ ਝੰਬੇ ਗਏ ਹਨ ਅਤੇ ਬੇਰੁਜਗਾਰੀ ਤੇ ਬੇਕਾਰੀ ਦੀ ਮਾਰ ਝੱਲ ਰਹੇ ਹਨ।
ਭਾਰਤ ਪਾਕਿਸਤਾਨ ਦਰਮਿਆਨ ਪਿਛਲੇ ਇੱਕ ਸਾਲ ਤੋਂ ਵਧੀ ਸਿਆਸੀ ਤਲਖੀ ਨੇ ਸਰਹੱਦੀ ਖਿਤੇ ਦੀ ਆਰਥਿਕਤਾ ‘ਤੇ ਮਾਰੂ ਅਸਰ ਪਾਏ ਹਨ ਅਤੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵਪਾਰੀ ਇਸ ਦੇ ਨਤੀਜੇ ਵਜੋਂ ਵਧ ਰਹੇ ਵਪਾਰਕ ਘਾਟੇ ਕਰਕੇ ਡੂੰਘੀ ਚਿੰਤਾ ਵਿੱਚ ਹਨ।
ਸਰਹਦੀ ਵਪਾਰ ਤੇ ਆਰਥਿਕਤਾ ਕਿਵੇਂ ਨਾ ਕਿਵੇਂ ਕਾਰਗਿਲ ਲੜਾਈ, ਦਿੱਲੀ ਸਲਤਨਤ ਦੀ ਸੰਸਦ ਉੱਤੇ ਹੋਏ ਹਮਲੇ ਅਤੇ ਫਿਰ ਮੁੰਬਈ ਵਿਚ ਹੋਏ ਹਮਲੇ ਵਰਗੇ ਝੱਖੜਾਂ ਨੂੰ ਤਾਂ ਝੱਲ ਗਏ ਸਨ ਪਰ ਪੁਲਵਾਮਾ ਹਮਲਾ, ਜਿਸ ਵਿੱਚ ਕਿ 40 ਸੀ.ਆਰ.ਪੀ.ਐੱਫ. ਵਾਲੇ ਮਾਰੇ ਗਏ ਸੀ, ਤੋਂ ਬਾਅਦ ਭਾਰਤ-ਪਾਕਿ ਸੰਬੰਧਾਂ ਵਿਚ ਉਪਜੀ ਅਰਾਜਕਤਾ ਦੀ ਮਾਰ ਨਾਲ ਇਹ ਬੁਰੀ ਤਰ੍ਹਾਂ ਚਰਮਰਾ ਗਏ ਹਨ। ਬਾਲਾਕੋਟ (ਪਾਕਿਸਤਾਨ) ‘ਚ ਦਿੱਲੀ ਸਲਤਨਤ ਵੱਲੋਂ ਕੀਤੇ ਹਮਲੇ ਮਗਰੋਂ 2019 ਵਿਚ ਭਾਰਤ-ਪਾਕਿ ਵੱਲੋਂ ਆਪਸੀ ਵਪਾਰਕ ਸਮਝੌਤੇ ਰੱਦ ਕਰਨ ਨੇ ਸਰਹੱਦੀ ਵਪਾਰ ਅਤੇ ਸਰਹੱਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ।
ਕਿਤਾਬ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਰਹੱਦੀ ਵਪਾਰ 2018-19 ਵਿੱਚ 2.6 ਅਰਬ ਡਾਲਰ ਦਾ ਸੀ ਜਿਸ ਵਿੱਚ ਕਿ ਭਾਰਤ ਵੱਲੋਂ ਨਿਰਯਾਤ 2.6 ਅਰਬ ਡਾਲਰ ਸੀ ਤੇ ਪਾਕਿਸਤਾਨ ਤੋਂ ਆਯਾਤ ਸਿਰਫ 49.5 ਕਰੋੜ ਡਾਲਰ ਸੀ। ਭਾਰਤ ਵੱਲੋਂ ਪਾਕਿਸਤਾਨ ਨੂੰ ਦਿੱਤੇ ਸਭ ਤੋਂ ‘ਵੱਧ ਤਰਜੀਹੀ ਮੁਲਕ’ (ਮੋਸਟ ਫੇਵਰਡ ਨੇਸ਼ਨ) ਦੇ ਦਰਜੇ ਨੂੰ ਵਾਪਸ ਲੈਣ ਦੇ ਫੈਸਲੇ ਨਾਲ ਅਤੇ ਪਾਕਿਸਤਾਨ ਤੋਂ ਆਯਾਤ ‘ਤੇ 200% ਕਰ (ਟੈਕਸ) ਲਾਉਣ ਦੇ ਫੈਸਲੇ ਨਾਲ ਇਹ ਆਯਾਤ, ਜੋ ਕਿ ਮਾਰਚ 2018 ਵਿੱਚ 4.5 ਕਰੋੜ ਡਾਲਰ ਦਾ ਸੀ, ਮਾਰਚ 2019 ਵਿੱਚ ਸੁੰਗੜ ਕੇ 25 ਲੱਖ ਡਾਲਰ ਹੀ ਰਹਿ ਗਿਆ ਅਤੇ ਮਗਰੋਂ ਇਹ ਦੁਵੱਲਾ ਵਪਾਰ ਪੂਰੀ ਤਰ੍ਹਾਂ ਹੀ ਬੰਦ ਕਰ ਦਿੱਤਾ ਗਿਆ।
ਫੌਜੀ ਕਬਜੇ ਦੀ ਸਰਹੱਦ (ਲਾਈਨ ਆਫ ਕੰਟਰੋਲ) ਤੋਂ ਇਸ ਵਪਾਰ ਦੇ ਦੋ ਰਾਹ ਸੀ। ਇੱਕ ਊਰ -ਮੁਜੱਫਰਾਬਾਦ ਅਤੇ ਦੂਜਾ ਪੁਣਛ-ਰਾਵਲਕੋਟ। ਇੱਥੋਂ 21 ਵਪਾਰਯੋਗ ਚੀਜ਼ਾਂ ਦਾ ਵਪਾਰ ਹੁੰਦਾ ਸੀ। ਇਹ ਕਰ ਰਹਿਤ ਵਪਾਰਕ ਰਾਹ ਸਨ ਜਿਥੇ ਕਿ ਕੋਈ ਵੀ ਮਾਇਕ ਲੈਣ ਦੇਣ ਨਹੀਂ ਸੀ ਹੁੰਦਾ ਸਗੋਂ ਵਪਾਰਯੋਗ ਚੀਜ਼ਾਂ ਦਾ ਹੀ ਵਟਾਂਦਰਾ (ਲੈਣ-ਦੇਣ) ਹੁੰਦਾ ਸੀ। ਸਾਰੀ ਵਪਾਰਕ ਵਾਧ-ਘਾਟ ਹਰ ਤਿਮਾਹੀ ਸੂਤ ਕਰ ਲਈ ਜਾਂਦੀ ਸੀ।
ਵਪਾਰਕ ਜਥੇਬੰਦੀ ਜੁਆਇੰਟ ਚੈਬਰ ਆਫ ਕਾਮਰਸ ਦੇ ਪ੍ਰਧਾਨ ਤੇ ਉੱਘੇ ਵਪਾਰੀ ਰਾਕੇਸ਼ ਗੁਪਤਾ ਨੇ ਕਿਹਾ ਕਿ ਇਸ ‘ਲਾਈਨ ਆਫ ਕੰਟਰੋਲ’ ਰਾਹੀਂ ਹੁੰਦੇ ਵਪਾਰ ਤੇ ਕਈ ਦੋਸ਼ ਮੜ੍ਹੇ ਜਾਂਦੇ ਰਹੇ ਹਨ ਅਤੇ ਹੁਣ ਇਸ ਦੇ ਬੰਦ ਹੋਣ ਦੀ ਮਾਰ ਵਪਾਰੀਆਂ ਨੂੰ ਪਈ ਹੈ। ਉਨ੍ਹਾਂ ਹੋਰ ਕਿਹਾ ਕਿ ਅਸੀਂ ਵਾਰ-ਵਾਰ ਇਹ ਮੰਗ ਕਰਦੇ ਰਹੇ ਹਾਂ ਕਿ ਇਸ ਵਪਾਰ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜ ਕੇ ਨੇਮਬੱਧ ਕਰ ਦਿੱਤਾ ਜਾਵੇ ਤੇ ਰਸਮੀ ਤੌਰ ਤੇ ਚਾਲੂ ਕੀਤਾ ਜਾਵੇ ਪਰ ਹਾਲ ਦੀ ਘੜੀ, ਮੌਜੂਦਾ ਹਾਲਤਾਂ ਦੇ ਮੱਦੇਨਜ਼ਰ, ਪਾਕਿਸਤਾਨ ਇਸ ਗੱਲ ਲਈ ਸ਼ਾਇਦ ਸਹਿਮਤ ਨਾ ਹੋਵੇ। ਅੱਗੇ ਉਨ੍ਹਾਂ ਕਿਹਾ ਕਿ ਕਿਸੇ ਢੁੱਕਵੇਂ ਸਮੇਂ ‘ਤੇ ਅਸੀਂ ਕੇਂਦਰ ਸਰਕਾਰ ਨੂੰ ਸਾਡੀਆਂ ਮੁਸੀਬਤਾਂ ਦੇ ਸਥਾਈ ਹੱਲ ਲਈ ਬੇਨਤੀ ਕਰਾਂਗੇ।
ਅੰਮ੍ਰਿਤਸਰ ਵਿਖੇ ਵਪਾਰੀਆਂ ਤੇ ਕਾਰਖਾਨੇਦਾਰਾਂ ਦੀ ਜਥੇਬੰਦੀ ‘ਕਨਫੈਡਰੇਸ਼ਨ ਆਫ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼’ ਦੇ ਨਿਰਦੇਸ਼ਕ ਅਸ਼ੋਕ ਸੇਠੀ ਨੇ ਕਿਹਾ ਕਿ ਵਾਹਗਾ ਅਟਾਰੀ ਵਪਾਰਕ ਮਾਰਗ ਬਹੁਤ ਅਹਿਮੀਅਤ ਵਾਲਾ ਸੀ ਕਿਉਂਕਿ ਪਾਕਿਸਤਾਨ ਤੋਂ 82% ਆਯਾਤ ਇਸੇ ਰਸਤੇ ਰਾਹੀਂ ਹੁੰਦਾ ਸੀ ਅਤੇ ਫਰਵਰੀ 2019 ਤੋਂ ਇਸ ਰਸਤੇ ਰਾਹੀਂ ਹੁੰਦੇ ਵਪਾਰ ਉੱਤੇ ਸਭ ਤੋਂ ਵੱਧ ਮਾਰ ਪਈ ਹੈ ਜਿਸ ਨੇ ਕਿ ਇਸ ਖਿੱਤੇ ਦੀ ਆਰਥਿਕਤਾ ਨੂੰ ਬਹੁਤ ਭੈੜੀ ਸੱਟ ਮਾਰੀ ਹੈ।
ਉਨ੍ਹਾਂ ਹੋਰ ਕਿਹਾ ਕਿ 9000 ਪਰਿਵਾਰਾਂ ਤੋਂ ਜ਼ਿਆਦਾ, ਜਿਸ ਵਿੱਚ ਕਿ ਵਪਾਰੀ, ਵਿਚੋਲੇ, ਢੋਆਈ ਦੇ ਕਾਰੋਬਾਰੀ, ਮਜ਼ਦੂਰ, ਟਰੱਕਾਂ ਵਾਲੇ ਤੇ ਹੋਰ ਸੇਵਾਵਾਂ ਦੇਣ ਵਾਲੇ ਸੀ, ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਵਪਾਰ ਠੱਪ ਹੋਣ ਕਰਕੇ ਦੁਕਾਨਾਂ ਬੰਦ ਕਰਕੇ ਜਾ ਰਹੇ ਹਨ।
ਅੰਮ੍ਰਿਤਸਰ ਵਿਚਲੇ ਸੁੱਕੇ ਮੇਵਿਆਂ ਤੇ ਫਲ-ਸਬਜ਼ੀਆਂ ਦੇ ਵਪਾਰੀ ਰਾਜਦੀਪ ਉਪਲ ਨੇ ਕਿਹਾ ਕਿ ਪੰਜਾਬ ਵਾਲੇ ਰਾਹ ਤੋਂ, ਜਿੱਥੇ ਅੱਗੇ ਦਿਹਾੜੀ ਦੇ 200 ਟਰੱਕ ਲੰਘਦੇ ਸੀ ਹੁਣ ਇਸ ਬੰਦੀ ਤੋਂ ਬਾਅਦ 5-7 ਟਰੱਕ ਹੀ ਮਸਾਂ ਲੰਘਦੇ ਹਨ ਅਤੇ ਉਹ ਵੀ ਜਿਨ੍ਹਾਂ ਵਿਚ ਕਿ ਜੜੀਆਂ ਬੂਟੀਆਂ ਅਤੇ ਸੁੱਕੇ ਮੇਵੇ ਹੁੰਦੇ ਹਨ ਜੋ ਕਿ ਅੱਗੋਂ ਅਫਗਾਨਿਸਤਾਨ ਤੋਂ ਆਉਂਦੇ ਹਨ।
ਕਿਤਾਬ ਦੇ ਲੇਖਕ ਅਫਾਕ ਹੁਸੈਨ ਤੇ ਨਿਕਿਤਾ ਸਿੰਗਲਾ, ਜੋ ਕਿ ਨਵੀਂ ਦਿੱਲੀ ਸਥਿਤ ਖੋਜ ਤੇ ਨੀਤੀ ਘੜਣ ਵਾਲੀ ਸੰਸਥਾ, ਕਾਰਖਾਨਿਆਂ ਤੇ ਵਪਾਰ ਦੇ ਨਿਯਮਾਂ ਬਾਰੇ ਖੋਜ ਸੰਸਥਾ (ਬਿਊਰੋ ਆਫ ਰਿਸਰਚ ਆਨ ਇੰਸਟਰੀ ਐਂਡ ਇਕਨਾਮਿਕ ਫੰਡਾਮੈਂਟਲਸ) ਨਾਲ ਜੁੜੇ ਹੋਏ ਹਨ, ਨੇ ਕਿਹਾ ਕਿ ਫਰਵਰੀ 2019 ਤੋਂ ਬਾਅਦ ਭਾਰਤ-ਪਾਕਿ ਸੰਬੰਧਾਂ ਵਿਚ ਆਈ ਕੁੜੱਤਣ ਕਰਕੇ ਸਰਹੱਦੀ ਵਪਾਰੀਆਂ ਹੱਥੋਂ ਵਪਾਰ ਖੁੱਸ ਗਿਆ ਹੈ। ਸੁੱਕੇ ਮੇਵੇ ਹੋਰ ਮਹਿੰਗੇ ਹੋ ਗਏ ਹਨ ਤੇ ਸੀਮਿੰਟ ਬਜਰੀ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਅਸਥਿਰ ਹੋ ਗਈਆਂ ਹਨ।
ਹੁਸੈਨ ਨੇ ਕਿਹਾ ਕਿ ਲਹਿੰਦੇ ਪੰਜਾਬ ਦਾ ਫੈਸਲਾਬਾਦ (ਪਹਿਲਾ ਨਾਂ ਲਾਇਲਪੁਰ) ਚੜ੍ਹਦੇ ਪੰਜਾਬ ਦੇ ਲੁਧਿਆਣੇ ਤੋਂ ਸਿਰਫ ਤਿੰਨ ਸੌ ਕਿਲੋਮੀਟਰ ਦੀ ਦੂਰੀ ਉੱਤੇ ਹੈ ਅਤੇ ਲੁਧਿਆਣੇ ਦੇ ਕੱਪੜਾ ਕਾਰਖਾਨਿਆਂ ਵਿੱਚ ਹੁੰਦੀ ਪੈਦਾਵਾਰ ਦੀ ਸਭ ਤੋਂ ਵੱਡੀ ਮੰਡੀ ਹੈ, ਦਾ ਸੰਪਰਕ ਟੁੱਟ ਗਿਆ ਹੈ।
ਉਨ੍ਹਾਂ ਹੋਰ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਵੀ ਇਹੋ ਹਾਲ ਹੈ। ਸਿੰਧੀ ਲੂਣ, ਜੋ ਕਿ ਪਾਕਿਸਤਾਨ ਤੋਂ ਆਯਾਤ ਦੀ ਪ੍ਰਮੁੱਖ ਚੀਜ਼ ਹੈ, ਸਣੇ ਹੋਰ ਚੀਜ਼ਾਂ ਦੇ ਵਪਾਰੀਆਂ ਲਈ ਇਥੋਂ ਦੀ ਮੰਡੀ ਦੇ ਬੂਹੇ ਬੰਦ ਹੋ ਚੁੱਕੇ ਹਨ।