Site icon Sikh Siyasat News

ਕਿਸਾਨਾਂ ਦੇ ਸਿਰਫ ਖੇਤੀ ਕਰਜ਼ੇ ਹੀ ਹੋਣਗੇ ਮਾਫ, ਹੋਰ ਕੰਮਾਂ ਲਈ ਕਰਜ਼ੇ ਨਹੀਂ ਹੋਣਗੇ ਮਾਫ: ਕੈਪਟਨ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਮਾਲੀ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਜਿਸ ਕਰਕੇ ਕਿਸਾਨਾਂ ਦੇ ਕੇਵਲ ਖੇਤੀ ਕਰਜ਼ੇ ਹੀ ਮੁਆਫ਼ ਹੋਣਗੇ। ਕਿਸਾਨਾਂ ਵੱਲੋਂ ਮਕਾਨਾਂ ਜਾਂ ਹੋਰ ਕੰਮਾਂ ਲਈ ਆੜ੍ਹਤੀਆਂ ਕੋਲੋਂ ਲਏ ਕਰਜ਼ੇ ਮੁਆਫ ਨਹੀਂ ਹੋਣਗੇ।

ਇਥੇ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਪੰਜਾਬ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਫ਼ਖਰੇ ਕੌਮ ਦੇ ਐਵਾਰਡ ਨਾਲ ਸਨਮਾਨਤ ਕਰਨ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਤਾਂ ਪੂਰਾ ਕਰਜ਼ਾ ਮੁਆਫ ਕਰਨਾ ਚਾਹੁੰਦੇ ਸਨ, ਪਰ ਪਿਛਲੀ ਬਾਦਲ ਸਰਕਾਰ ਵੱਲੋਂ ਅਨਾਜ ਦੀ ਖਰੀਦ ਲਿਮਟ ਨੂੰ ਕਰਜ਼ੇ ਵਿੱਚ ਤਬਦੀਲ ਕਰਾਏ ਜਾਣ ਕਰਕੇ ਅਜਿਹਾ ਨਹੀਂ ਹੋ ਸਕਦਾ।

ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰ ਕੈਪਟਨ ਅਮਰਿੰਦਰ ਸਿੰਘ ਨੂੰ ਫ਼ਖਰੇ ਕੌਮ ਐਵਾਰਡ ਨਾਲ ਸਨਮਾਨਤ ਕਰਦੇ ਹੋਏ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੀਆਂ ਨਿੱਤ ਹੁੰਦੀਆਂ ਖੁਦਕੁਸ਼ੀਆਂ ਤੋਂ ਦੁਖ ਹੁੰਦਾ ਹੈ। ਉਨ੍ਹਾਂ ਦੇ ਸੱਤਾ ਸੰਭਾਲਣ ਤੋਂ ਬਾਅਦ 80 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਇਸ ਲਈ ਉਹ ਆੜਤੀਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਕਿਸਾਨਾਂ ਕੋਲੋਂ 18 ਫੀਸਦੀ ਤੋਂ ਘੱਟ ਵਿਆਜ ਲਿਆ ਜਾਵੇ। ਕਿਉਂਕਿ ਜੇ ਕਿਸਾਨਾਂ ਦੀ ਹਾਲਤ ਠੀਕ ਹੋਵੇਗੀ ਤਾਂ ਆੜਤੀਆਂ ਦੀ ਖੁਦ ਬ਼ਖੁਦ ਠੀਕ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਆੜਤੀਆਂ ਦਾ ਸ਼ੈੱਲਰ ਵਾਲਿਆਂ ਨਾਲ ਝਗੜਾ ਹੈ ਤੇ ਉਨ੍ਹਾਂ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਹਦਾਇਤ ਕੀਤੀ ਹੈ ਕਿ ਉਹ ਦੋਵਾਂ ਧਿਰਾਂ ਦੀ ਮੀਟਿੰਗ ਕਰਵਾ ਕੇ ਇਸ ਨੂੰ ਹੱਲ ਕਰਨ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਉਹ ਖ਼ੁਦ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ।

ਉਨ੍ਹਾਂ ਕਿਹਾ ਕਿ ਮੁੰਬਈ ਦੇ ਸਨਅਤਕਾਰਾਂ ਦੀਆਂ ਬਿਜਲੀ ਦੀਆਂ ਦਰਾਂ ਪੰਜ ਰੁਪਏ ਯੂਨਿਟ ਕਰਨ ਅਤੇ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਟਰੱਕ ਯੂਨੀਅਨਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਕਿਸੇ ਨੂੰ ਵੀ ਬਾਂਹ ਮਰੋੜਨ ਦੀ ਆਗਿਆ ਨਹੀਂ ਦੇਣਗੇ। ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਆੜਤੀਆਂ ਨੂੰ ਕਿਹਾ ਕਿ ਉਨ੍ਹਾਂ ਵਿੱਚ ਤਿੰਨ ਚਾਰ ਫੀਸਦੀ ਅਜਿਹੇ ਹਨ ਜਿਹੜੇ 18 ਫੀਸਦੀ ਤੋਂ ਵੱਧ ਵਿਆਜ ਲੈਂਦੇ ਹਨ ਤੇ ਭਾਈਚਾਰੇ ਨੂੰ ਬਦਨਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਭਾਈਚਾਰੇ ਵਿੱਚ ਕੱਢ ਦੇਣ ਤੇ ਸਰਕਾਰ ਉਨ੍ਹਾਂ ਦੀ ਆੜਤ ਦੇ ਲਾਇਸੈਂਸ ਰੱਦ ਕਰ ਦੇਵੇਗੀ।

ਪੰਜਾਬ ਭਵਨ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਅਤੇ ਸਾਬਕਾ ਪ੍ਰਧਾਲ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਅਤੇ ਚੰਗਾ ਰਾਜ ਪ੍ਰਬੰਧ ਕਾਇਮ ਕਰਨ ਲਈ ਮੁੱਖ ਮੰਤਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ‘ਫਖਰੇ ਕੌਮ ‘ਦੇ ਐਵਾਰਡ ਨਾਲ ਸਨਮਾਨਤ ਕੀਤਾ। ਇਸ ਮੌਕੇ ਐਸੋਸੀਏਸ਼ਨ ਨੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਨੂੰ ਵੀ ਸਨਮਾਨਤ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਰਜ਼ਾ ਮੁਆਫ਼ੀ ਬਾਰੇ ਡਾ. ਹੱਕ ਕਮੇਟੀ ਦੀ ਰਿਪੋਰਟ ਅਗਲੇ ਮਹੀਨੇ ਅਗਸਤ ਵਿੱਚ ਆ ਜਾਵੇਗੀ, ਜਿਸ ਤੋਂ ਬਾਅਦ ਕਿਸਾਨੀ ਕਰਜ਼ਿਆਂ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ ਅਤੇ ਛੋਟੇ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਫੈਸਲਾ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਕੇ ਕੀਤਾ ਗਿਆ।

ਇਸ ਹਫ਼ਤੇ ਵਜ਼ਾਰਤ ਵਿੱਚ ਵਾਧੇ ਦੀ ਖ਼ਬਰ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਲਈ ਉਹ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version