July 23, 2017 | By ਸਿੱਖ ਸਿਆਸਤ ਬਿਊਰੋ
20 ਜੁਲਾਈ ਨੂੰ ਸੁਖਪਾਲ ਸਿੰਘ ਖਹਿਰਾ ਦੇ ਵਿਰੋਧੀ ਧਿਰ ਦਾ ਆਗੂ ਚੁਣੇ ਜਾਣ ‘ਤੇ ਪਾਰਟੀ ਕਾਰਜਕਰਤਾਵਾਂ ਅਤੇ ਆਮ ਲੋਕਾਂ ‘ਚ ਜਿਹੋ ਜਿਹੀ ਖੁਸ਼ੀ ਦਾ ਇਜ਼ਹਾਰ ਦੇਖਣ ਨੂੰ ਮਿਲ ਰਿਹਾ ਹੈ, ਇਹੋ ਜਿਹੀ ਖੁਸ਼ੀ ਕਾਂਗਰਸੀ ਕਾਰਜਕਰਤਾਵਾਂ ਅਤੇ ਆਮ ਲੋਕਾਂ ਵਿੱਚ ਉਦੋਂ ਦੇਖਣ ਨੂੰ ਮਿਲੀ ਸੀ ਜਦੋਂ 25 ਦਸੰਬਰ 2015 ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਿਆ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਹਾਈ ਕਮਾਂਡ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਮੂਡ ‘ਚ ਨਹੀਂ ਸੀ ਤੇ ਇਹੋ ਜਿਹੇ ਵਿਚਾਰ ਹੀ ਆਮ ਆਦਮੀ ਪਾਰਟੀ ਹਾਈ ਕਮਾਂਡ ਦੇ ਸੁਖਪਾਲ ਸਿੰਘ ਖਹਿਰਾ ਬਾਬਤ ਸੁਣਨ ਨੂੰ ਮਿਲ ਰਹੇ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਪ੍ਰਧਾਨ ਨਾ ਬਣਨ ਦੀ ਸੂਰਤ ‘ਚ ਪਾਰਟੀ ਤੋਂ ਬਾਗੀ ਹੋਣ ਦੇ ਮਨਸੂਬੇ ਜੱਗ ਜਾਹਿਰ ਕਰ ਦਿੱਤੇ ਸੀ ਅਤੇ ਖਹਿਰਾ ਨੇ ਵੀ ਉਹਨਾਂ ਨੂੰ ਪਾਰਟੀ ਦਾ ਸੂਬਾਈ ਪ੍ਰਧਾਨ ਨਾ ਬਣਾਏ ਜਾਣ ਤੋਂ ਬਾਅਦ ਪਾਰਟੀ ਦੇ ਚੀਫ ਵ੍ਹਿਪ ਦਾ ਅਹੁਦਾ ਤਿਆਗ ਕੇ ਹਾਈ ਕਮਾਂਡ ਨੂੰ ਅੱਖਾਂ ਦਿਖਾ ਦਿੱਤੀਆਂ ਸੀ। ਜੇ ਦੋਵਾਂ ਪਾਰਟੀਆ ਨੇ ਇਨ੍ਹਾਂ ਨੂੰ ਆਪਦੀਆਂ ਪਾਰਟੀਆਂ ਦੇ ਮੋਹਰੀ ਮਿਥਿਆ ਹੈ ਤਾਂ ਉਹਦੇ ਪਿੱਛੇ ਸਿਰਫ ਬਾਗੀ ਹੋਣ ਦੇ ਸੰਕੇਤ ਨਹੀਂ ਹਨ ਕਿਉਂਕਿ ਕਾਂਗਰਸ ਨੇ ਜਿਵੇਂ ਪਾਰਟੀ ਦੇ ਖਿਲਾਫ ਚੂੰ ਕਰਨ ਵੱਲੇ ਕੱਦਾਵਾਰ ਆਗੂ ਜਗਮੀਤ ਸਿੰਘ ਬਰਾੜ ਨੂੰ ਪਾਰਟੀ ‘ਚੋਂ ਮੁਅੱਤਲ ਕੀਤਾ ਉਵੇਂ ਹੀ ਆਮ ਆਦਮੀ ਵਾਲਿਆਂ ਨੇ ਪਾਰਟੀ ਦੋ ਐਮ. ਪੀਜ਼ ਨੂੰ ਮੁਅਤੱਲ ਕੀਤਾ ਅਤੇ ਅੱਜ ਥਾਈਂ ਬਹਾਲੀ ਨਹੀਂ ਕੀਤੀ। ਕਾਂਗਰਸ ਨੇ ਜਗਮੀਤ ਬਰਾੜ ਨੂੰ ਬੜੇ ਤਰਲਿਆਂ ਤੋਂ ਬਾਅਦ ਕੇਰਾਂ ਤਾਂ ਬਹਾਲ ਕਰ ਦਿੱਤਾ ਪਰ ਦੁਬਾਰਾ ਮਾੜੀ ਜਹੀ ਚੂੰ ਕਰਨ ‘ਤੇ ਫੇਰ ਪਾਰਟੀ ‘ਚੋਂ ਕੱਢ ਦਿੱਤਾ। ਕੈਪਟਨ ਅਤੇ ਖਹਿਰਾ ਦੋਵਾਂ ਨੂੰ ਹੀ ਪ੍ਰਧਾਨਗੀਆ ਸਿਰਫ ਅੱਖਾਂ ਦਿਖਾਉਣ ਪਿਛੇ ਹੀ ਨਹੀਂ ਮਿਲੀਆਂ। ਕਿਉਂ ਮਿਲੀਆ ਇਹ ਜਾਨਣ ਲਈ ਸਾਨੂੰ ਪੰਜਾਬ ਦੀਆਂ ਹੱਟੀਆਂ ਭੱਠੀਆਂ ‘ਤੇ ਬਹਿਣਾ ਪਊਗਾ ਤੇ ਨਵੀਂ ਸੱਥ ਫੇਸ ਬੁੱਕ ‘ਚ ਅੱਖਾਂ ਗੱਡਣੀਆਂ ਪੈਣਗੀਆਂ। ਫੇਸਬੁੱਕ ਇੱਕ ਅਜਿਹੀ ਸੱਥ ਹੈ ਜਿਥੇ ਤੁਸੀਂ ਲੋਕਾਂ ਦੇ ਚੇਹਰੇ ਦੇਖਣ ਤੋਂ ਇਲਾਵਾ ਉਹਨਾਂ ਦੇ ਮਨ ਵੀ ਪੜ੍ਹ ਸਕਦੇ ਓਂ।
ਖਹਿਰਾ ਦੀ ਚੋਣ ਦਾ ਬਕਾਇਦਾ ਐਲਾਨ 20 ਜੁਲਾਈ ਸ਼ਾਮ 5 ਵਜੇ ਹੋਇਆ ਪਰ ਇਸ ਗੱਲ ਦੇ ਸੰਕੇਤ ਦੁਪਹਿਰ ਨੂੰ ਹੀ ਮਿਲ ਗਏ ਸੀ ਤੇ ਸੰਕੇਤ ਦੀ ਇਹ ਖਬਰ ਫੇਸ ਬੁੱਕ ‘ਤੇ ਇਓਂ ਫੈਲੀ ਜਿਵੇਂ ਕਿਸੇ ਅਹਿਮ ਹਲਕੇ ‘ਚ ਵੋਟਾਂ ਦੀ ਗਿਣਤੀ ‘ਚ ਕਿਸੇ ਉਮੀਦਵਾਰ ਦੀ ਵੋਟਾਂ ਵਿੱਚ ਲੀਡ ਕਰਨ ਦੀ ਖਬਰ ਫੈਲਦੀ ਹੈ। ਪੰਜਾਬ ‘ਚ ਅੱਜ ਥਾਈਂ ਕਿਸੇ ਬੰਦੇ ਦੇ ਵਿਰੋਧੀ ਧਿਰ ਦੇ ਆਗੂ ਚੁਣੇ ਜਾਣ ਦੀ ਖਬਰ ਨੂੰ ਇਸ ਕਿਸਮ ਦੀ ਅਹਿਮੀਅਤ ਨਹੀਂ ਮਿਲੀ। ਫੇਸ ਬੁੱਕ ਦੇ ਨਾਲ-ਨਾਲ ਪਿੰਡਾਂ ਦੇ ਖੁੰਡਾਂ ‘ਤੇ ਆਮ ਪਾਰਟੀ ਨੂੰ ਵਿਧਾਨ ਸਭਾ ‘ਚ ਵੋਟ ਦੇਣ ਵਾਲਿਆ ਦੀਆਂ ਇਓਂ ਵਾਛਾਂ ਖਿੜੀਆਂ ਜਿਵੇਂ ਚਿਰਾਂ ਦੀ ਔੜ ਤੋਂ ਬਾਅਦ ਠੋਕਵਾਂ ਮੀਂਹ ਵਰ੍ਹਿਆ ਹੋਵੇ। ਇਹਦੇ ਨਾਲ ਮਿਲਦਾ ਜੁਲਦਾ ਨਜ਼ਾਰਾ ਕੈਪਟਨ ਦੇ ਪ੍ਰਧਾਨ ਬਣਨ ਵੇਲੇ ਦੇਖਣ ਨੂੰ ਮਿਲਿਆ ਸੀ।
ਕਾਂਗਰਸ ਹਾਈ ਕਮਾਂਡ ਜਦੋਂ ਪ੍ਰਧਾਨਗੀ ਬਾਰੇ ਸੂਬਾਈ ਕਾਂਗਰਸੀਆਂ ਦੇ ਵਿਚਾਰ ਸੁਣ ਰਹੀ ਸੀ ਤਾਂ ਕੈਪਟਨ ਹਮਾਇਤੀਆਂ ਤੋਂ ਇਲਾਵਾ ਕੈਪਟਨ ਮੁਖਾਲਿਫਾਂ ਨੇ ਵੀ ਹਾਈ ਕਮਾਂਡ ਨੂੰ ਸੱਚੀ ਗੱਲ ਸੁਣਾਉਂਦਿਆਂ ਆਖਿਆ ਕਿ ਪੰਜਾਬ ‘ਚ ਬਾਦਲਾਂ ਦਾ ਮੁਕਾਬਲਾ ਕਰਨਾ ਕੈਪਟਨ ਤੋਂ ਸਿਵਾਏ ਕਿਸੇ ਹੋਰ ਦੇ ਵੱਸ ਦੀ ਗੱਲ ਨਹੀਂ। ਜੇ ਚੋਣਾਂ ਜਿੱਤਣੀਆਂ ਨੇ ਤਾਂ ਰਾਜੇ ਨੂੰ ਮੂਹਰੇ ਕਰੋ। ਅਜਿਹਾ ਕਹਿਣ ਵਾਲਿਆਂ ਦੀ ਪਿੱਠ ‘ਤੇ ਲੋਕ ਆਵਾਜ਼ ਸੀ। ਪੰਜਾਬ ਦੇ ਲੋਕਾਂ ਦਾ ਬਾਦਲਾਂ ਪ੍ਰਤੀ ਗੁੱਸਾ ਸੱਤਵੇਂ ਅਸਮਾਨ ‘ਤੇ ਸੀ। ਪੰਜਾਬ ਦੀ ਕਾਂਗਰਸ ‘ਚ ਸਿਰਫ ਅਮਰਿੰਦਰ ਸਿੰਘ ਦੇ ਹੱਥ ‘ਚ ਹੀ ਬਾਦਲਾਂ ਖਿਲਾਫ ਲੜ ਸਕਣ ਵਾਲੀ ਗੁਰਜ਼ ਸੀ। ਸੋ ਬਾਦਲਾਂ ਖਿਲਾਫ ਲੜਾਈ ਲੜਨ ਦੀ ਮਨਸ਼ਾ ਨੇ ਹੀ ਅਮਰਿੰਦਰ ਸਿੰਘ ਨੂੰ ਪਾਰਟੀ ਪ੍ਰਧਾਨ ਬਣਾਇਆ। ਚੋਣ ਲੜਨ ਵਾਲੇ ਸਾਰੇ ਚਾਹਵਾਨਾਂ ਦੀ ਮਾਰਫਤ ਲੋਕਾਂ ਦਾ ਸੁਨੇਹਾ ਹਾਈ ਕਮਾਂਡ ਦੇ ਕੰਨਾਂ ‘ਚ ਪਿਆ ਤਾਂ ਹੀ ਹਾਈ ਕਮਾਂਡ ਨੇ ਆਪਦੀ ਇੱਛਾ ਦੇ ਉਲਟ ਰਾਜੇ ਨੂੰ ਪ੍ਰਧਾਨ ਬਣਾਉਣਾ ਪਿਆ ਇਸੇ ਫੈਸਲੇ ਤੋਂ ਸਕੂਨ ਮਹਿਸੂਸ ਕਰਦੇ ਹੋਏ ਹੀ ਲੋਕਾਂ ਨੇ ਖੁਸ਼ੀਆਂ ਮਨਾਈਆਂ।
ਵਿਧਾਨ ਸਭਾ ਵਿੱਚ ਲੜਾਈ ਭਾਵੇਂ ਤਿੰਨ ਧਿਰਾਂ ਦੇ ਦਰਮਿਆਨ ਸੀ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਾਰੀ ਲੜਾਈ ਅਕਾਲੀਆਂ ਨੂੰ ਨਿਸ਼ਾਨਾ ਮਿੱਥ ਕੇ ਲੜੀ। ਬਾਦਲਾਂ ਖਿਲਾਫ ਲੋਕਾਂ ਦੇ ਗੁੱਸੇ ਨੂੰ ਕੈਸ਼ ਕਰਾਉਣ ਖਾਤਰ ਕੈਪਟਨ ਅਮਰਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਨੇ ਬਾਦਲਾਂ ਅਤੇ ਮਜੀਠੀਏ ਨੂੰ ਅੰਦਰ ਕਰਨ ਵਾਲੀ ਗੱਲ ਨੂੰ ਚੋਣ ਪ੍ਰਚਾਰ ਦਾ ਕੋਰ ਇਸ਼ੂ ਬਣਾਇਆ। ਕੇਜਰੀਵਾਲ ਨੇ ਸਰਕਾਰ ਬਣਨ ਤੋਂ 30 ਦਿਨਾਂ ਵਿੱਚ ਮਜੀਠੀਏ ਨੂੰ ਅੰਦਰ ਕਰਨ ਦਾ ਵਾਅਦਾ ਕੀਤਾ ਤੇ ਅਮਰਿੰਦਰ ਸਿੰਘ ਨੇ 4 ਹਫਤਿਆਂ ਵਿੱਚ ਚਿੱਟਾ ਨਸ਼ਾ ਖਤਮ ਕਰਨ ਦੀ ਸੌਂਹ ਖਾਧੀ ਸੀ।
ਵੋਟਾਂ ‘ਚ ਹਾਰ ਜਾਣ ਕਰਕੇ ਆਮ ਆਦਮੀ ਪਾਰਟੀ ਤਾਂ ਚੋਣ ਵਾਅਦੇ ਪੂਰੇ ਕਰਨ ਦੀ ਜ਼ੁੰਮੇਵਾਰੀ ਤੋਂ ਸੁਰਖਰੂ ਹੋ ਗਈ ਤੇ ਇਹ ਜ਼ੁੰਮੇਵਾਰੀ ਕੈਪਟਨ ਦੇ ਮੋਢਿਆਂ ‘ਤੇ ਆਣ ਪਈ ਪਰ ਕੈਪਟਨ ਬਾਦਲ-ਮਜੀਠੀਏ ਨੂੰ ਅੰਦਰ ਕਰਨ ‘ਚ ਫੇਲ੍ਹ ਹੀ ਨਹੀਂ ਹੋਇਆ ਬਲਕਿ ਉਹਨਾਂ ਨੇ ਸਿੱਧਾ ਸੰਕੇਤ ਦੇ ਦਿੱਤਾ ਕਿ ਮੈਂ ਨਹੀਂ ਬਾਦਲਾਂ-ਮਜੀਠੀਏ ਨੂੰ ਕੁੱਝ ਕਹਿਣਾ। ਚਿੱਟੇ ਦਾ ਕੋਈ ਸੂਬਾ ਪੱਧਰੀ ਵਪਾਰੀ ਤਾਂ ਛੱਡੋ ਕੋਈ ਠਾਣਾ ਪੱਧਰੀ ਚਿੱਟਾ ਵੇਚਣ ਵਾਲਾ ਵੀ ਨਹੀਂ ਫੜ੍ਹਿਆ ਗਿਆ। ਕੈਪਟਨ ਵੱਲੋਂ ਆਪਣੇ ਚੋਣਾਂ ਮੌਕੇ ਐਲਾਨਾਂ ਤੋਂ ਪਿਛਾਂਹ ਹਟਣ ਕਰਕੇ ਆਮ ਵੋਟਰਾਂ ਤੋਂ ਇਲਾਵਾ ਕਾਂਗਰਸ ਦੇ ਵੱਡੇ ਆਗੂ ਵੀ ਘੋਰ ਨਿਰਾਸ਼ਾ ਦੇ ਆਲਮ ‘ਚ ਨੇ। ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਪੱਤਰਕਾਰਾਂ ਦੇ ਮੂਹਰੇ ਹੀ ਆਖ ਦਿੱਤਾ ਕਿ ਬਹੁਤੇ ਕਾਂਗਰਸੀ ਵਿਧਾਇਕ ਵੀ ਮੁੱਖ ਮੰਤਰੀ ‘ਤੇ ਇਸ ਗੱਲੋਂ ਔਖੇ ਨੇ। ਬਾਦਲਾਂ ਦੀਆਂ ਬੱਸਾਂ ਅਤੇ ਕੇਬਲ ਨੈਟਵਰਕ ਵੀ ਉਵੇਂ ਦਾ ਉਵੇਂ ਹੀ ਚੱਲ ਰਿਹਾ ਹੈ। ਨਵੀਂ ਸਰਕਾਰ ਬਾਦਲਾਂ ਦੀਆਂ ਬੱਸਾਂ ‘ਤੇ ਕੋਈ ਵੀ ਆਂਚ ਨਾ ਆਉਣ ਦੀਆਂ ਖਬਰਾਂ ਵੀ ਨਿੱਤ ਅਖਬਾਰਾਂ ‘ਚ ਛਪਦੀਆਂ ਨੇ।
ਜੇ ਲੋਕਾਂ ਨੂੰ ਬਾਦਲਾਂ ਦੇ ਖਿਲਾਫ ਗੁੱਸਾ ਹੈ ਤਾਂ ਬਾਦਲਾਂ ਨਾਲ ਨਰਮੀ ਦਿਖਾਉਣ ਵਾਲੇ ਮੁੱਖ ਮੰਤਰੀ ਤੇ ਲੋਕ ਕਿਹੜਾ ਖੁਸ਼ ਹੋਣਗੇ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਆਪਦੀ ਪਹਿਲਾਂ ਵਾਲੀ ਤੇਜ਼ ਤਰਾਰ ਰਫਤਾਰ ਕਾਇਮ ਰੱਖਦਿਆਂ ਜਿਸ ਤਰੀਕੇ ਨਾਲ ਪੰਜਾਬ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੇ ਨਿੱਤ ਵੱਡੇ ਵੱਡੇ ਬਾ- ਦਲੀਲ ਦੋਸ਼ ਲਾਏ ਹਨ ਇਸ ਨਾਲ ਖਹਿਰਾ ਲੋਕਾਂ ਦੇ ਸਾਹਮਣੇ ਇਹ ਸਾਬਿਤ ਕਰਨ ਵਿੱਚ ਕਾਮਯਾਬ ਹੋ ਰਿਹਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਵੀਂ ਸਰਕਾਰ ਪਹਿਲਾਂ ਵਾਲੀ ਸਰਕਾਰ ਤੋਂ ਘੱਟ ਨਹੀਂ ਹੈ। ਦੂਜੇ ਪਾਸੇ ਖਹਿਰਾ ਇਹ ਸਾਬਤ ਕਰਨ ਵੀ ਲਗਾਤਾਰ ਕਾਮਯਾਬ ਹੋ ਰਿਹਾ ਹੈ ਕਿ ਬਾਦਲ ਅਤੇ ਅਮਰਿੰਦਰ ਸਿੰਘ ਇੱਕ ਦੂਜੇ ਨਾਲ ਰਲੇ ਹੋਏ ਹਨ। ਪਿਛਲੇ ਚਾਰ ਮਹੀਨਿਆਂ ਵਿੱਚ ਸਿਰਫ ਇੱਕ ਵਿਧਾਇਕ ਹੁੰਦਿਆਂ ਜਿਵੇਂ ਸੁਖਪਾਲ ਸਿੰਘ ਖਹਿਰਾ ਨੇ ਜਿਵੇਂ ਬਿਨਾਂ ਪਾਣੀ ਪੀਤਿਆਂ ਬਾਦਲਾਂ ਅਤੇ ਅਮਰਿੰਦਰ ਸਿੰਘ ‘ਤੇ ਜਿਸ ਸ਼ਿਦੱਤ ਨਾਲ ਹਮਲੇ ਕੀਤੇ ਹਨ ਉਸ ਕਰਕੇ ਹੀ ਉਹ ਨਿਰਾਸ਼ਤਾ ਦੇ ਮਲੌਹ ‘ਚ ਜਾ ਲੋਕਾਂ ਸਾਹਮਣੇ ਇੱਕ ਆਸ ਦੀ ਕਿਰਨ ਵਾਂਗੂੰ ਚਮਕਿਆ ਹੈ। ਹੱਟੀ ਭੱਠੀ ਅਤੇ ਫੇਸਬੁੱਕ ‘ਤੇ ਖਹਿਰਾ- ਖਹਿਰਾ ਹੋਣ ਲਗੀ। ਇਸ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਅਸਤੀਫ਼ਾ ਦੇ ਕੇ ਇਹ ਅਹੁਦਾ ਖਾਲੀ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਕੋਲ ਵੀ ਲੋਕਾਂ ਦੀ ਇਹ ਆਵਾਜ਼ ਪੁੱਜਣ ਲਗੀ ਕਿ ਹੁਣ ਤਾਂ ਖਹਿਰਾ ਹੀ ਬਣਨਾ ਚਾਹੀਦਾ ਹੈ ਤੇ ਆਪ ਦੇ ਵਿਧਾਇਕਾਂ ਨੇ ਖੁਦ ਹੀ ਮਹਿਸੂਸ ਕਰ ਲਿਆ ਖਹਿਰਾ ਆਗੂ ਬਣਨ ਨਾਲ ਪਾਰਟੀ ‘ਚ ਨਵੀਂ ਜਾਨ ਪਊਗੀ। ਸੋ ਵਿਧਾਇਕਾਂ ਦੀ ਮਾਰਫਤ ਜਦੋਂ ਲੋਕਾਂ ਦੀ ਅਵਾਜ਼ ਹਾਈ ਕਮਾਂਡ ਤੱਕ ਪੁੱਜੀ ਤਾਂ ਨਾ ਚਾਹੁੰਦਿਆ ਹੋਇਆ ਵੀ ਕਾਂਗਰਸ ਹਾਈ ਕਮਾਂਡ ਵਾਗੂੰ ਉਸ ਆਗੂ ਨੂੰ ਹੀ ਬਨਾਉਣਾ ਪਿਆ ਜਿਵੇਂ ਉਨ੍ਹਾਂ ਨੂੰ ਕੈਪਟਨ ਬਨਾਉਣਾ ਪਿਆ ਸੀ ਸੋ ਗੱਲ ਸਾਰੀ ਲੋਕਾਂ ‘ਤੇ ਟਿਕਦੀ ਹੈ। ਖਹਿਰਾ ਦੇ ਵਿਰੋਧੀ ਆਗੂ ਬਣਨ ਨਾਲ ਸਿਆਸੀ ਪਿੜ ਹੋਰ ਨਿਖਰ ਗਿਆ ਹੈ ਤੇ ਘੱਟੋ ਘੱਟ ਇਨ੍ਹਾਂ ਜ਼ਰੂਰ ਸਪੱਸ਼ਟ ਹੋ ਗਿਆ ਹੈ ਕਿ 2019 ਦਾ ਲੋਕ ਸਭਾ ਚੋਣ ਦੰਗਲ ਕੈਪਟਨ ਅਮਰਿੰਦਰ ਸਿੰਘ- ਸੁਖਬੀਰ ਸਿੰਘ ਬਾਦਲ ਅਤੇ ਸੁਖਪਾਲ ਸਿੰਘ ਖਹਿਰਾ ਦਰਮਿਆਨ ਹੀ ਲੜਿਆ ਜਾਵੇਗਾ। ਸ. ਖਹਿਰਾ ਲੋਕਾਂ ਸਾਹਮਣੇ ਅਮਰਿੰਦਰ ਸਿੰਘ ਅਤੇ ਬਾਦਲਾਂ ਦੇ ਆਪਸ ‘ਚ ਰਲੇ ਹੋਣ ਦੀ ਗੱਲ ਜਿੰਨੀ ਕਾਮਯਾਬੀ ਨਾਲ ਰੱਖਦਾ ਜਾਵੇਗਾ ਉਨ੍ਹਾਂ ਹੀ ਉਹਦਾ ਰਾਹ ਸੁਖਾਲਾ ਹੁੰਦਾ ਜਾਵੇਗਾ।
Related Topics: Aam Aadmi Party, Captain Amrinder Singh Government, Gurpreet Singh Mandhiani, sukhbir singh badal, Sukhpal SIngh Khaira