ਚੋਣਵੀਆਂ ਲਿਖਤਾਂ » ਲੇਖ

ਤੀਸਰੇ ਸੁਪਨੇ ਦੀ ਤਲਾਸ਼…

September 21, 2018 | By

– ਡਾ. ਗੁਰਭਗਤ ਸਿੰਘ

ਕੋਈ ਸੱਭਿਆਚਾਰ ਤਾਂ ਹੀ ਗੌਰਵਸ਼ੀਲ ਰਹਿੰਦਾ ਹੈ ਜੇ ਉਹ ਆਪਣੇ ਬਾਰੇ ਸਵੈ-ਚੇਤੰਨ ਰਹੇ, ਪਰ ਅੱਗੇ ਤੁਰਦਾ ਰਹੇ। ਅੱਗ਼ੇ ਤੁਰਨ ਦਾ ਅਰਥ ਆਪਣੇ ਸਮੇਂ ਦੇ ਸਿਧਾਂਤਾਂ ਅਤੇ ਅਭਿਆਸਾਂ ਨਾਲ ਜੁੜਨਾ ਹੈ। ਉਨ੍ਹਾਂ ਨਾਲ ਟਕਰਾਓ ਜਾਂ ਮੇਲ ਨਾਲ ਨਿਰੰਤਰ ਨਵੇਂ ਅਰਥ ਸਾਜਣਾ ਹੈ। ਅਸੀਂ ਅੱਜ ਦੇ ਮੁਹਾਵਰੇ ਵਿਚ ਇਹ ਵੀ ਕਹਿ ਸਕਦੇ ਹਾਂ ਇਹ ਇਕ ਅੰਤਰ-ਬੁਣਤੀ ਰਚਨਾ ਹੈ। ਅੰਗਰੇਜ਼ੀ ਦਾ ਸ਼ਬਦ ਵਰਤ ਕੇ ਇਹ ਵੀ ਕਹਿ ਸਕਦੇ ਹਾਂ ਕਿ ਇਹ ਇਕ ਨਵੀਂ ‘ਇੰਟਰਵੀਵਿੰਗ’’ ਹੈ ਜੋ ਲਗਤਾਰ ਜਾਰੀ ਰਹਿਣੀ ਚਾਹੀਦੀ ਹੈ। ਨਹੀਂ ਤਾਂ ਸਭਿਆਚਾਰ ਨਿਰਗੌਰਵ ਅਤੇ ਅਧੋਗਤ ਹੋ ਜਾਂਦਾ ਹੈ।

ਅਸੀਂ ਇਕ ਗੱਲੋਂ ਬੜੇ ਖੁਸ਼ਕਿਸਮਤ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੋ ਮਾਡਲ ਦਿੱਤਾ ਉਹ ਲਗਾਤਾਰ ਨਵੇਂ ਅਰਥ ਸਾਜਣ ਨਾਲ ਹੀ ਸਬੰਧਤ ਸੀ। ਇਸ ਲਈ ਬਾਹਰੋਂ ਸਿੱਖਣ ਦੇ ਨਾਲ ਹੀ ਸਾਨੂੰ ਆਪਣੀ ਪ੍ਰੰਪਰਾ ਵਿੱਚੋਂ ਵੀ ਇਹ ਯਤਨ ਲੱਭ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਇਸਲਾਮ, ਹਿੰਦੂਵਾਦ, ਬੁੱਧਵਾਦ, ਜੈਨ, ਯੋਗ ਆਦਿ ਪ੍ਰਚੱਲਿਤ ਦ੍ਰਿਸ਼ਟੀਆਂ ਅਤੇ ਦਰਸ਼ਨਾਂ ਦੀ ਪੁਣ-ਛਾਣ ਕੀਤੀ ਅਤੇ ਉਨ੍ਹਾਂ ਦੇ ਸਾਰਥਿਕ ਅੰਸ਼ਾਂ ਨੂੰ ਆਪਣੀ ਮੌਲਿਕ ਦ੍ਰਿਸ਼ਟੀ ਜਾਂ ਮਹਾਂ ਗਿਆਨ ਨਾਲ ਜੋੜਿਆ। ਗੁਰੂ ਨਾਨਕ ਦੇਵ ਜੀ ਨੇ ਇਸ ਅੰਤਰ-ਬੁਣਨੀ ਮਾਡਲ ਨੂੰ ਸਾਰੇ ਗੁਰੂ ਸਾਹਿਬਾਨ ਨੇ ਕਾਇਮ ਰੱਖਿਆ। ਅਭਿਆਸ ਵਿਚ ਵੀ ਅਤੇ ਸਿਧਾਂਤ ਵਿਚ ਵੀ। ਜਿਨ੍ਹਾਂ ਨੇ ਬਾਣੀ ਰਚੀ ਉਨ੍ਹਾਂ ਨੇ ਪਹਿਲਾਂ ਆਈਆਂ ਦ੍ਰਿਸ਼ਟੀਆਂ ਨੂੰ ਤ੍ਰਿਸਕਾਰਿਆ ਨਹੀਂ, ਉਨ੍ਹਾਂ ਦੀਆਂ ਨਿਰ-ਅਰਥ ਹੋ ਗਈਆਂ ਗੱਲਾਂ ਦੀ ਆਲੋਚਨਾ ਜ਼ਰੂਰ ਕੀਤੀ। ਬਾਣੀ ਪਹਿਲਾਂ ਆਈਆਂ ਦ੍ਰਿਸ਼ਟੀਆਂ ਨਾਲ ਮਹਾਂ ਸੰਵਾਦ ਵੀ ਹੈ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਇਕ ਨਵੀਂ ਦ੍ਰਿਸ਼ਟੀ ਦਾ ਪ੍ਰਕਾਸ਼ ਵੀ। ਇਸ ਪ੍ਰਕਾਸ਼ ਲਈ ਬਾਣੀਕਾਰਾਂ ਨੇ ਭਾਸ਼ਾ ਅਤੇ ਚਿੰਨ੍ਹ ਦੀ ਪੱਧਰ ਉਤੇ ਤਜਰਬੇ ਵੀ ਕੀਤੇ। ਸਭ ਤੋਂ ਵੱਡਾ ਤਜਰਬਾ ਵੱਖ-ਵੱਖ ਪ੍ਰਕਾਰ ਦੀਆਂ ਭਾਸ਼ਾਵਾਂ, ਖੇਤਰੀ ਉਪ-ਭਾਸ਼ਾਵਾਂ ਨੂੰ ਵਰਤ ਕੇ ਇਸ ਸੰਵਾਦੀ ਪਰਵਚਨ ਸਿਰਜਣਾ ਹੈ।

ਲੇਖਕ ਡਾ. ਗੁਰਭਗਤ ਸਿੰਘ

ਸੰਵਾਦੀ ਪਰਵਚਨ ਅਤੇ ਮੌਲਿਕ ਦ੍ਰਿਸ਼ਟੀ ਨੂੰ ਜੋੜ ਕੇ ਬਾਣੀਕਾਰਾਂ ਨੇ ਪੰਜਾਬ ਦੇ ਚਿੰਤਨ ਅਤੇ ਦਾਰਸ਼ਨਿਕ/ਸਾਹਿਤਕ ਅਭਿਆਸ ਨੂੰ ਅੱਗੇ ਤੋਰਿਆ। ਬਾਣੀਕਾਰਾਂ ਨੇ ਜੋ ਮੌਲਿਕ ਦ੍ਰਿਸ਼ਟੀ ਜੋੜੀ  ਉਸ ਨੂੰ ਵਿਸਮਾਦੀ ਦ੍ਰਿਸ਼ਟੀ ਦੇ ਤੌਰ ’ਤੇ ਜਾਣਨਾ ਅਤੇ ਸਿਧਾਂਤਬੱਧ ਕਰਨਾ ਯੋਗ ਹੈ। ਵਿਸਮਾਦ ਕੇਵਲ ਇਕ ਅੰਦਰਲਾ ਰਹੱਸਮਈ ਅਨੁਭਵ ਨਹੀਂ। ਇਹ ਸਾਕਾਰ ਜਾਂ ਨਿੱਗਰ ਰੂਪ ਵਿਚ ਸਿਰਜਨਾਤਮਕ ਸ਼ਕਤੀ ਦੀ ਬਹੁਲਤਾ ਹੈ। ਵਿੱਲਖਣਤਾ ਜਾਂ ਅਨੇਕਤਾ ਦਾ ਦੇਖਿਆ, ਸੁਣਿਆ ਅਤੇ ਜੀਵਿਆ ਜਾ ਸਕਣ ਵਾਲਾ ਯਥਾਰਥ ਵੀ ਹੈ। ਮਨੁੱਖ ਵੀ ਕਿਸੇ ਸਿਰਜਨਾਤਮਕ ਸ਼ਕਤੀ ਦਾ ਹਿੱਸਾ ਹੈ। ਜਦੋਂ ਇਹ ਇਸ ਸ਼ਕਤੀ ਨਾਲੋਂ ਟੁੱਟ ਜਾਵੇ ਅਧੋਗਤ ਹੋ ਜਾਂਦਾ ਹੈ। ਉਸ ਦੀਆਂ ਰਚੀਆਂ ਸਾਰੀਆਂ ਸੰਰਚਨਾਵਾਂ ਜਾਂ ਸੱਭਿਆਤਾਵਾਂ/ਸੱਭਿਆਚਾਰ ਅਸਫ਼ਲ ਹੋ ਕੇ ਰਹਿ ਜਾਂਦੇ ਹਨ।

ਵਿਸਮਾਦੀ ਬਹੁਲਤਾ ਦਾ ਕੋਈ ਨੇਮ ਵੀ ਹੈ। ਇਸ ਨੇਮ ਨਾਲ ਜੁੜ ਕੇ ਨਵੇਂ ਰਹੱਸ ਲੱਭਣ ਦੀ ਸ਼ਕਤੀ ਅਤੇ ਸੁੰਦਰਤਾ ਕਾਇਮ ਰਹਿੰਦੇ ਹਨ। ਇਹ ਨੇਮ ਹੀ ਅਨੇਕਤਾ ਨੂੰ ਏਕਤਾ ਦਿੰਦਾ ਹੈ।

ਵਿਸਮਾਦੀ ਏਕਤਾ-ਅਨੇਕਤਾ ਦਾ ਅਨੁਭਵ ਹਰ ਸੱਭਿਆਚਾਰ ਆਪਣੇ ਇਤਿਹਾਸ ਅਤੇ ਪ੍ਰਸੰਗ ਅਨੁਸਾਰ ਕਰਦਾ ਹੈ। ਇਸ ਲਈ ਕਿਸੇ ਸੱਭਿਆਚਾਰ ਦੇ ਅਨੁਭਵ ਨੂੰ ਅੰਤਿਮ ਨਹੀਂ ਮੰਨਿਆ ਜਾ ਸਕਦਾ। ਨਾ ਹੀ ਉਸ ਨੂੰ ਸਭ ਸੱਭਿਆਚਾਰਾਂ ਉਤੇ ਨਿਰੰਕੁਸ਼ ਰੂਪ ਵਿਚ ਲਾਗੂ ਕੀਤਾ ਜਾ ਸਕਦਾ ਹੈ। ਅੰਤਿਮਤਾ ਦੀ ਹਰ ਦਾਅਵੇਦਾਰੀ ਸਾਮਰਾਜੀ ਹੋ ਨਿੱਬੜਦੀ ਹੈ। ਬਾਣੀਕਾਰਾਂ ਨੇ ਇਸੇ ਗੱਲ ਨੂੰ ਇਹ ਕਹਿ ਕੇ ਨਜਿੱਠਿਆ ਹੈ ਕਿ ਅੰਤਿਮ ਸੱਚ ਦਾ ਜਾਣਕਾਰ ਕੇਵਲ ਵਾਹਿਗੁਰੂ ਹੈ- ਵਾਹਿਗੁਰੂ ਜੋ ਸ੍ਰਿਸ਼ਟੀ ਦੀ ਵਿਲੱਖਣਤਾ,  ਅਸ਼ਚਰਜਤਾ ਪੈਦਾ ਕਰਨ ਵਾਲੇ ਅਨਿਕ-ਪੱਖੀ ਸੌਂਦਰਯ ਅਤੇ ਬਹੁ-ਕੋਣੀ ਗਿਆਨ ਦਾ ਸ੍ਰੋਤ ਹੈ। ਬਾਣੀਕਾਰਾਂ ਅਨੁਸਾਰ ਜਗਤ ਹਮੇਸ਼ਾ ਖੁੱਲ੍ਹਾ ਹੈ, ਇਸ ਨੂੰ ਕਿਸੇ ਵੀ ਇਕ ਵਿਆਖਿਆ ਨਾਲ ਬੰਦ ਨਹੀਂ ਕੀਤਾ ਜਾ ਸਕਦਾ। ਨਵੀਂ ਅਤੇ ਵਿਲੱਖਣ ਵਿਆਖਿਆ ਇਕ ‘ਬਖਸ਼ਿਸ਼’ ਹੈ- ਨਵੇਂ ਅਰਥਾਂ ਵਿਚ ਇਕ ਤੋਹਫਾ ਹੈ। ਇਹ ਗਿਫ਼ਟ ਵਿਚ ਤੋਹਫਾ ਕਿਸੇ ਨੂੰ ਵੀ ਮਿਲ ਸਕਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਕੋਈ ਸੱਭਿਆਚਾਰ ਜਾਂ ਵਿਅਕਤੀ ਵਿਸ਼ੇਸ਼ ਨਹੀਂ। ਜਿਸ ਉਤੇ ‘ਕ੍ਰਿਪਾ’ ਹੋ ਜਾਏ। ਕਿਰਪਾ ਕੋਈ ਮਜ਼ਲੂਮ ਜਾਂ ਪੱਤਨਸ਼ੀਲ/ਅਧੋਗਤ ਉਤੇ ‘ਰਹਿਮ’ ਕਾਰਨ ਨਹੀਂ, ਇਹ ਕਿਰਪਾ ਖੁੱਲ੍ਹਦਿਲੀ ਹੈ। ਸਿਰਜਨਾਤਮਕ ਸ਼ਕਤੀ ਦਾ ਕਿਸੇ ਦੀ ਪ੍ਰੇਰਣਾ, ਚੇਤਨਤਾ, ਅਰਦਾਸ, ਦਿਬ-ਦ੍ਰਿਸ਼ਟੀ ਵਿਚ ਪ੍ਰਵੇਸ਼ ਕਰਨਾ ਹੈ।

ਦੈਰਿਦਾ ਨੇ ਜਦੋਂ ‘ਡਿਫਰਾਂਸ’ ਦੀ ਗੱਲ ਤੋਰੀ ਤਾਂ ਉਸ ਦਾ ਭਾਵ ਵੀ ਚਿੰਨ੍ਹ ਨੂੰ ਜਾਂ ਭਾਸ਼ਾ-ਪ੍ਰਕਾਸ਼ ਨੂੰ ਇੱਕ ਅਰਥਤਾ ਤੋਂ ਮੁਕਤ ਕਰਨਾ ਸੀ। ਈਸਾਈਅਤ ਵੱਲੋਂ ਜਿਵੇਂ ਪੱਛਮੀ ਪਰਿਵਚਨ ਨੂੰ ਇਕਾਂਗੀ ਕਰਕੇ ਹਥਿਆ ਲਿਆ ਗਿਆ ਸੀ, ਦੈਰਿਦਾ ਉਸ ਦਾ ਵਿਰੋਧ ਕਰ ਰਿਹਾ ਸੀ। ਦੈਰਿਦਾ ਅਨੁਸਾਰ ਇਕ ਚਿੰਨ੍ਹ ਕੇਵਲ ਇਕ-ਪਾਸਾਰੀ ਆਤਮ ਦੀ ਹਾਜ਼ਰੀ ਨਹੀਂ ਅਤੇ ਨਾ ਹੀ ਇਕੋ ਸਮੇਂ ਦੀ ਪ੍ਰਤੀਨਿਧਤਾ ਹੈ। ਭਾਸ਼ਾਈ ਚਿੰਨ੍ਹ ਉਤੇ ਕਈ ਪ੍ਰਭਾਵ ਹੁੰਦੇ ਹਨ। ਇਸ ਨੂੰ ਵਰਤ ਰਿਹਾ ਆਤਮ ਵੀ ਅਨੇਕਾਂ ਪ੍ਰਭਾਵਾਂ ਦਾ ਸਮੂਹ ਹੈ। ਅਵਚੇਤਨ, ਭੂਤ, ਵਰਤਮਾਨ, ਭਵਿੱਖ ਸਭ ਇਕੱਠੇ ਹੀ ਆਤਮ ਨੂੰ ਚਲਾਉਂਦੇ ਹਨ ਅਤੇ ਚਿੰਨ੍ਹਾਂ ਦੀ ਵਰਤੋਂ ਨੂੰ ਪ੍ਰਭਾਵਿਤ ਕਰਦੇ ਹਨ। ਦੈਰਿਦਾ ਨੇ ਚਿੰਨ੍ਹ ਦੀ ਇਕ-ਪੱਖੀ ਵਰਤੋਂ ਦਾ ਵਿਰੋਧ ਕੀਤਾ ਅਤੇ ਇਸ ਦੇ ਅਨਿਕ-ਪ੍ਰਭਾਵੀ ਇਤਿਹਾਸਕ ਚਰਿੱਤਰ ਨੂੰ ਸਪਸ਼ਟ ਕੀਤਾ।

ਇੱਥੇ ਸਮਝਣਯੋਗ ਗੱਲ ਇਹ ਹੈ ਕਿ ਹੁਣ ਕਿਸੇ ਵੀ ਸੱਭਿਆਚਾਰਕ ਜਾਂ ਭਾਸ਼ਾਈ ਚਿੰਨ੍ਹ ਦੀ ਨੀਂਹ ਨੂੰ ਤੋੜ ਦਿੱਤਾ ਗਿਆ ਹੈ। ਜਾਂ ਇਉਂ ਕਹਿ ਲਓ ਇਸ ਨੂੰ ਅੰਤਿਮ ਨਹੀਂ ਮੰਨਿਆ ਗਿਆ। ਚਿੰਨ੍ਹ ਦੇ ਅਰਥ ਸੱਭਿਆਚਾਰਕ ਪ੍ਰੰਪਰਾ ਨਾਲ ਜੋੜ ਦਿੱਤੇ ਗਏ ਹਨ। ਕਿਸੇ ਅੰਤਿਮ ਫਾਊਂਡੇਸ਼ਨ ਨਾਲ ਨਹੀਂ ਜੁੜੇ ਹੋਏ। ਹੁਣ ਚਿੰਨ੍ਹ ਅਣਨੀਂਹਾਂ ਹੈ। ਇਸ ਤੋਂ ਭਾਵ ਇਹ ਹੈ ਕਿ ਅਜੋਕੇ ਵਿਸ਼ਵ ਵਿਚ ਸਾਰਥਿਕ ਜਾਂ ਗੌਰਵਭਰਪੂਰ ਹੋਣ ਲਈ ਹਰ ਚਿੰਨ੍ਹ ਨੂੰ ਖੁੱਲ੍ਹੇ ਜਗਤ ਵਿਚ ਪ੍ਰਵੇਸ਼ ਕਰਨਾ ਪਵੇਗਾ। ਬਾਕੀ ਸੱਭਿਆਚਾਰਾਂ ਦੇ ਚਿੰਨ੍ਹਾਂ ਨਾਲ ਟਕਰਾ ਕੇ ਜਾਂ ਤਾਲਮੇਲ ਬਣਾ ਕੇ ਆਪਣੇ ਆਪ ਨੂੰ ਕ੍ਰਿਆਸ਼ੀਲਤਾ ਦੇਣੀ ਪਵੇਗੀ। ਹੁਣ ਚਿੰਨ੍ਹ ਦੀ ਹਸਤੀ ਕ੍ਰਿਆਸ਼ੀਲਤਾ ਹੈ, ਸੰਵਾਦ ਵਿਚ ਆ ਕੇ ਪ੍ਰਾਪਤ ਕੀਤਾ ਗੌਰਵ ਹੈ, ਖੜੋਤ ਵਿਚ ਗ੍ਰਹਿਣਿਆ ਅਰਥਧਾਰਨ ਨਹੀਂ।

ਚਿੰਨ੍ਹ ਅਤੇ ਭਾਸ਼ਾ-ਪ੍ਰਕਾਸ਼ਾਂ ਨਾਲ ਇਹ ਜੋ ਵਾਪਰਿਆ ਹੈ, ਇਸ ਨੂੰ ਉਤਰ ਆਧੁਨਿਕਵਾਦੀਆਂ ਨੇ ‘‘ਨੀਂਹ-ਭੰਗ’’, ‘‘ਵਿਸਥਾਪਨ’’, ‘‘ਅਣਉਪਸਥਿਤੀ’’ ਆਦਿ ਕਈ ਨਾਂ ਦਿੱਤੇ ਹਨ। ਇਸ ਤਬਦੀਲੀ ਪਿੱਛੇ ਰਾਜਨੀਤਕ ਅਤੇ ਆਰਥਿਕ ਮਜਬੂਰੀਆਂ ਵੀ ਹਨ। ਵਿਕਸਿਤ ਪੂੰਜੀਵਾਦ ਦਾ ਫੈਲਾਓ, ਬਹੁ-ਕੌਮੀ ਕੰਪਨੀਆਂ ਦਾ ਵਪਾਰ ਲਈ ਵੱਖ-ਵੱਖ ਸੱਭਿਆਚਾਰਾਂ ਵਿਚ ਪਰਵੇਸ਼, ਵੀਅਨਤਾਮ, ਚੀਨ, ਭਾਰਤ ਆਦਿ ਦੇਸ਼ਾਂ ਦਾ ਆਪਣੇ ‘‘ਸਮਾਜਵਾਦਾਂ’’ ਨੂੰ ਖੋਲ੍ਹਣਾ, ਖੁੱਲ੍ਹੀ ਮਾਰਕੀਟ ਨੂੰ ਸੱਦਾ ਦੇਣਾ। ਇਹ ਸਭ ਪੱਖ ਧਿਆਨ ਯੋਗ ਹਨ।

ਇਸ ਨਵੇਂ ਯਥਾਰਥ ਦਾ ਸੱਭਿਆਚਾਰਕ ਅਤੇ ਸਾਹਿਤਕ ਰੂਪ ਖੁੱਲ੍ਹੇ ਜਾਂ ਅਣਨੀਹੇਂ ਚਿੰਨ੍ਹ ਦਾ ਉਭਾਰ ਹੈ।

ਅਣਨੀਹਾਂ ਚਿੰਨ੍ਹ ਕਿਸੇ ਵਿਚਾਰਧਾਰਾ ਉੱਤੇ ਕੇਂਦਰਿਤ ਨਹੀਂ – ਜਿਵੇਂ ਈਸਾਈਅਤ, ਯਹੂਦੀਅਤ, ਬ੍ਰਾਹਮਣਵਾਦ, ਸਮਾਜਵਾਦ ਜਾਂ ਪੂੰਜੀਵਾਦ। ਵਿਚਾਰਧਾਰਾ, ਅਸੀਂ ਮਾਰਕਸ ਅਤੇ ਅਲਥਿਊਜ਼ਰ ਤੋਂ ਪਿੱਛੋਂ ਜਾਣਦੇ ਹਾਂ, ਸੀਮਤ ਕਰਦੀ ਹੈ। ਸਾਨੂੰ ਕੁਝ ਆਰਥਿਕ, ਰਾਜਸੀ ਹਿੱਤਾਂ ਦੇ ਪਾਲਣ ਲਈ ਛਿੱਲਦੀ ਤ੍ਰਾਸ਼ਦੀ ਹੈ। ਅਣਨੀਂਹਾਂ ਚਿੰਨ੍ਹ, ਜੇ ਰਿਚਰਡ ਰੌਰਟੀ ਦੀ ਗੱਲ ਮੰਨ ਲਈਏ ਕੇਵਲ ਕਿਸੇ ਸੱਭਿਆਚਾਰ ਦੀ ਪ੍ਰੰਪਰਾ ਜਾਂ ਪ੍ਰਸੰਗ ਵਿਚੋਂ ਅਰਥ ਲੈਂਦਾ ਹੈ। ਇਸ ਲਈ ਇਹ ਗਤੀਸ਼ੀਲ ਹੈ, ਨਵੀਆਂ ਸਥਿਤੀਆਂ ਅਨੁਸਾਰ ਇਸ ਦੇ ਅਰਥ ਜਾਂ ਸਿਗਨੀਫਾਈਡ ਬਦਲਦੇ ਰਹਿੰਦੇ ਹਨ। ਹਰ ਸੱਭਿਆਚਾਰ, ਆਪਣੇ ਇਤਿਹਾਸ  ਅਤੇ ਲੱਭਤਾਂ ਅਨੁਸਾਰ ਇਸ ਦੇ ਅਰਥ ਸਾਜਦੀ ਰਹਿੰਦੀ ਹੈ। ਅਰਥ ਦੀ ਕੋਈ ਅਤਿਮਤਾ ਨਹੀਂ।

ਅੱਜ ਅਸੀਂ ਤੀਸਰੇ ਸੁਪਨੇ ਦੀ ਤਲਾਸ਼ ਵਿਚ ਹਾਂ। ਦੋ ਸੁਪਨੇ ਜਿਨ੍ਹਾਂ ਨੂੰ ਅਸੀਂ ਵਿਸ਼ਵ ਪੱਧਰ ਉੱਤੇ ਸਾਕਾਰ ਕੀਤਾ ਹੈ ਅਤੇ ਜੋ ਅਸੀਂ ਹੰਢਾ ਲਏ ਹਨ, ਉਹ ਹਨ: ਪੂੰਜੀਵਾਦ ਅਤੇ ਸਮਾਜਵਾਦ। ਪੂੰਜੀਵਾਦ ਦਾ ਮੁੱਖ ਮੁੱਦਾ ਪੂੰਜੀ ਦੇ ਵਿਕਾਸ ਨਾਲ, ਮਾਰਕੀਟ ਆਰਥਿਕਤਾ ਅਤੇ ਮੁਕਾਬਲੇ ਦੇ ਸੰਗਠਨਾਂ ਰਾਹੀਂ ਅੱਗੇ ਵਧਣਾ ਸੀ। ਪੂੰਜੀਵਾਦ ਦੇ ਮੋਢੀਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਅਜਿਹੀ ਆਰਥਿਕਤਾ ਅਤੇ ਸੰਗਠਨ, ਪ੍ਰਕਿਰਤੀ ਦੇ ਸੁਭਾਅ ਅਨੁਸਾਰ ਹਨ। ਇਸ ਲਈ ਇਨ੍ਹਾਂ ਦੇ ਸੰਚਾਲਨ ਨਾਲ ਮਨੁੱਖ ਕੋਲ ਖੁਸ਼ੀ ਦੇ ਸਾਧਨ ਵਧਣਗੇ। ਉਹ ਸੱਭਿਆਚਾਰਕ ਅਤੇ ਪਦਾਰਥਕ ਪੱਧਰ ਉੱਤੇ ਵਿਕਸਿਤ ਹੋਵੇਗਾ। ਪੂੰਜੀਵਾਦ ਦਾ ਸਭ ਤੋਂ ਸ੍ਰੇਸ਼ਟ ਮਾਡਲ ਉਦਾਰਵਾਦੀ ਲੋਕਤੰਤਰ ਹੈ।

ਇਸ ਲੋਕਤੰਤਰ ਵਿਚ ਨਿਆਂ, ਸੰਤੁਲਨ ਅਤੇ ਅਮੀਰੀ ਪ੍ਰਤੱਖ ਤੌਰ ’ਤੇ ਪ੍ਰਧਾਨ ਹੋਣਗੇ। ਪਰ ਅਸੀਂ ਹੁਣ ਜਾਣਦੇ ਹਾਂ ਕਿ ਇਹ ਸਭ ਵਾਅਦੇ ਪੂਰੇ ਨਹੀਂ ਹੋਏ। ਉਦਾਰਵਾਦੀ ਲੋਕਤੰਤਰ ਏਨਾ ਦਿਲ-ਖਿੱਚਵਾਂ ਰਿਹਾ ਕਿ ਕੋਜੀਵ ਅਤੇ ਲਿਉਤਾਰ(ਦ) ਜਿਹੇ ਚਿੰਤਕ ਵੀ ਇਸ ਵੱਲ ਢਲ ਗਏ। ਜੌਹਨ ਰਾਅਲਸ ਜਿਹੇ ‘‘ਨਿਆਂ’’ (ਜਸਟਿਸ) ਦੇ ਮੁਦੱਈ ਨੇ ਇਹ ਧਾਰਨਾ ਦਿੱਤੀ ਕਿ ਉਦਾਰਵਾਦੀ ਲੋਕਤੰਤਰ ਵਿਚ ਹਰ ਮਨੁੱਖ ‘‘ਫੇਅਰ’’ (ਸੰਤੁਲਿਤ, ਯੋਗ) ਹੋ ਸਕਦਾ ਹੈ। ਦੂਜੇ ਪ੍ਰਤੀ ਸੂਖਮ ਰਹਿ ਸਕਦਾ ਹੈ। ਪਰ ਕਿਉਂਕਿ ਉਦਾਰਵਾਦੀ ਲੋਕਤੰਤਰ ਵੀ  ਬਹੁਗਿਣਤੀ ਦੀ ਵੋਟ ਨਾਲ ਚੱਲਦਾ ਹੈ, ਇਹ ਸੂਖਮਤਾ ਕਾਇਮ ਨਹੀਂ ਰਹੀ। ਨਿਆਂ ਨਹੀਂ ਵਾਪਰਿਆ। ਅਮੀਰੀ ਅਤੇ ਗ਼ਰੀਬੀ ਦਾ ਪਾੜ ਕਾਇਮ ਰਿਹਾ। ਘੱਟ ਗਿਣਤੀਆਂ ਦੇ ਅਨੁਭਵ, ਸੱਭਿਆਚਰਕ ਸੰਗਠਨ ਉਤਸ਼ਾਹਿਤ ਨਹੀਂ ਰਹਿ ਸਕੇ। ਕਿਉਂਕਿ ਇਹ ਪ੍ਰਬੰਧ ‘‘ਸੂਦ’’ ਅਤੇ ‘‘ਨਿਵੇਸ਼’’ ਨਾਲ ਚੱਲਦਾ ਹੈ, ਇਸ ਲਈ ਬੇਕਿਰਕ ਵੀ ਹੈ। ਪੂੰਜੀ ਦੇ ਵਿਕਾਸ ਅਤੇ ਵਸਤਾਂ ਦੇ ਵੱਧ ਉਤਪਾਦਨ ਤੋਂ ਅੱਗੇ ਕੋਈ ਕਲਪਣਾ ਇਸ ਪ੍ਰਬੰਧ ਵਿਚ ਸੰਭਵ ਨਹੀਂ ਹੋ ਸਕੀ।

ਫੂਕੂਯਾਮਾ ਵਰਗੇ ਚਿੰਤਕਾਂ ਨੇ ਤਾਂ ਇਹ ਮੰਨ ਹੀ ਲਿਆ ਹੈ ਕਿ ਇਤਿਹਾਸ ਦਾ ਅੰਤ ਆ ਗਿਆ ਹੈ। ਉਦਾਰਵਾਦੀ ਲੋਕਤੰਤਰ ਤੋਂ ਅੱਗੇ ਮਨੁੱਖ ਜਾਤੀ ਨੇ ਕਿਧਰੇ ਨਹੀਂ ਜਾਣਾ। ਅਮਰਤਿਯਾ ਸੈਨ ਨੇ ਨਿਆਂ ਦੇ ਨੁਕਤੇ ਤੋਂ ਉਦਾਰਵਾਦੀ ਲੋਕਤੰਤਰ ਦੀਆਂ ਅਪ੍ਰਾਪਤੀਆਂ ਅਤੇ ਸਮੱਸਿਆਵਾਂ ਦਾ ਯੋਗ ਵਿਸ਼ਲੇਸ਼ਣ ਕੀਤਾ ਹੈ।

ਦੂਜੇ ਪਾਸੇ ਸਮਾਜਵਾਦ ਦਾ ਸੁਪਨਾ ਹੈ ਜਿਸ ਵਿਚ ਡਾਇਲੈਕਟਿਕ ਜਾਂ ਦਵਦ ਨੂੰ ਮੂਲ ਮੰਨ ਲਿਆ ਗਿਆ ਹੈ। ਜੇ ਪ੍ਰਕਿਰਤੀ ਅਤੇ ਮਨੁੱਖੀ ਸਮਾਜ ਡਾਇਲੈਕਟਿਕ ਜਾਂ ਵਿਰੋਧ-ਵਿਕਾਸੀ ਸ਼ਕਤੀਆਂ ਦੇ  ਦਵੰਦ ਰਾਹੀਂ ਅੱਗੇ ਵਧਦੇ ਹਨ ਤਾਂ ਉੱਪਰਥਲੀਆਂ ਅਤੇ ਇਨਕਲਾਬ ਹੀ ਇਕ ਰਾਹ ਹਨ। ਪ੍ਰਕਿਰਤੀ ਦੇ ਯਥਾਰਥ ਨੂੰ ਹੀ ਸਮਾਜ ਵਿਚ ਨਕਲ ਕੀਤਾ ਜਾ ਸਕਦਾ ਹੈ। ਇਹ ਦਵੰਦ ਦੀਆਂ ਸ਼ਕਤੀਆਂ ਪਲੇਟੋ ਦੇ ਸਦੀਵੀਂ ਰੂਪਾਂ ‘ਆਈਡੌਜ਼’  ਵਾਂਗ ਅੱਟਲ ਹਨ। ਇਸ ਦ੍ਰਿਸ਼ਟੀ  ਤੋਂ ਮਾਰਕਸਵਾਦੀ ਦਵੰਦ ਮਾਡਲ ਅਤੇ ਪਲੇਟੋ  ਦੇ ਅਨੁਕਰਣੀ (ਮਿਮੈਟਿਕ) ਮਾਡਲ ਵਿਚ ਕੋਈ ਫਰਕ ਨਹੀਂ ਰਹਿ ਜਾਂਦਾ।

ਕੁਮੈਂਤਮ ਭੌਤਿਕ ਵਿਗਿਆਨ ਅਤੇ ਸਾਪੇਖਤਾ ਸਿਧਾਂਤ ਤੋਂ ਪਿੱਛੋਂ ਦਵੰਦ ਨੂੰ ਮੂਲ ਮੰਨਣਾ ਔਖਾ ਹੈ। ਮਾਦੇ ਅਤੇ ਪ੍ਰਕਿਰਤੀ ਦਾ ਵਿਕਾਸ ਅਣਸੋਚੀਆਂ ਪੁਲਾਂਘਾਂ ਨਾਲ ਹੁੰਦਾ ਹੈ। ਇਸ ਸਾਰੇ ਯਥਾਰਥ ਅਤੇ ਘਟਨਾਵਾਂ ਨੂੰ ਦੇਖਣ ਵਾਲੇ ਨਿਰੀਖਿਅਕ ਦਾ ਸਥਾਨ ਅਤੇ ਨਿਰੀਖਣ ਕਰਨ ਵਾਲੇ ਔਜ਼ਾਰ ਵੀ ਮਹੱਤਵ ਰੱਖਦੇ ਹਨ। ਇਹ ਚਿੰਤਨ ਹੁਣ ਕਬੂਲ ਹੋ ਚੁੱਕਾ ਹੈ। ਇਸ ਲਈ ਨਾ ਦਵੰਦ ਹੀ ਮੂਲ ਰਿਹਾ ਅਤੇ ਨਾ ਹੀ ਨਿਰੀਖਿਅਕ ਵਿਅਕਤੀ ਅਤੇ ਸੱਭਿਆਚਾਰ ਦੀ ਦ੍ਰਿਸ਼ਟੀ ਹੀ ਮਹੱਤਵਹੀਣ ਰਹਿ ਗਈ ਹੈ। ਇਨ੍ਹਾਂ ਚਿੰਤਨੀ ਅਤੇ ਅਭਿਆਸੀ ਘਟਨਾਵਾਂ ਨੇ ਸਮਾਜਵਾਦੀ ਸੁਪਨੇ ਨੂੰ ਵੀ ਬਖੇਰ ਦਿੱਤਾ ਹੈ। ਸਮਾਜਵਾਦ ਵਿਚ ਹੀ ਪੂੰਜੀ ਦਾ ਵਿਕਾਸ ਅਤੇ ਵਸਤਾਂ ਦਾ ਵੱਧ ਉਤਪਾਦਨ ਹੀ ਪ੍ਰਧਾਨ ਹਨ। ਭਾਵੇਂ ਪੱਛਮੀ ਮਾਰਕਸਵਾਦੀਆਂ ਦੇ ਇਤਿਹਾਸਕਾਰ ਮਾਰਟਿਨ ਜੇ ਨੇ ਇਹ ਮੰਨਿਆ ਕਿ ਪੱਛਮੀ ਮਾਰਕਸਵਾਦ ਦੇ ਮੁੱਦੇ ਸੋਵੀਅਤ ਅਤੇ ਚੀਨੀ ਮਾਰਕਸਵਾਦ ਦੇ ਸਿਧਾਂਤ ਅਤੇ ਅਭਿਆਸ ਨਾਲੋਂ ਵੱਖਰੇ ਹਨ। ਪੱਛਮੀ ਮਾਰਕਸਵਾਦ ਵਿਚ ਲੂਕਾਸ਼ ਤੋਂ ਪਿੱਛੋਂ ਬਲ ਸਮੁੱਚਤਾ ਜਾਂ ਸਰਬਾਂਗੀ ਵਿਕਾਸ ਉਤੇ ਹੈ। ਮਾਰਟਿਨ ਜੇ ਦੀ ਇਸ ਧਾਰਨਾ ਨੂੰ ਅਜੇ ਅਭਿਆਸ ਵਿਚ ਨਹੀਂ ਦੇਖਿਆ ਜਾ ਸਕਿਆ। ਇਸ ਲਈ ਸਮਾਜਵਾਦੀ ਸੁਪਨੇ ਦੀਆਂ ਕੁਝ ਵਿਸ਼ੇਸ਼ਤਾਵਾਂ ਵੀ ਪੂੰਜੀਵਾਦ ਨਾਲ ਸਾਂਝੀਆਂ ਹਨ। ਇਹ ਸੁਪਨਾ ਵੀ ਸੋਵੀਅਤ ਯੂਨੀਅਨ ਦੇ ਅਣਸੰਗਠਨ ਤੋਂ ਪਿੱਛੋਂ ਟੁੱਟ ਗਿਆ। ਚੀਨ ਨੇ ਵੀ  ਪੂੰਜੀਵਾਦੀ ਪੂੰਜੀ ਨਾਲ ਵਿਕਾਸ ਕਰਨਾ ਮੰਨਿਆ ਹੋਇਆ ਹੈ। ਇਸ ਲਈ ਚੀਨੀ ਅਭਿਆਸ ਵਿਚ ਵੀ ਨਿਆਂ ਅਤੇ ਅਲਪ ਸੱਭਿਆਚਾਰਾਂ ਦੇ ਵਿਕਾਸ ਦੀ ਸਮੱਸਿਆ ਕਾਇਮ ਹੈ। ਚੀਨ ਸਨਾਤਨੀ ਮਾਰਕਸਵਾਦ ਅਤੇ ਪੂੰਜੀਵਾਦ ਦਾ  ਰਲਗੱਡ ਬਣ ਰਿਹਾ ਹੈ। ਉਸ ਵਿਚ ਵੀ ਵਿਕਾਸ ਪੂੰਜੀ ਦੇ ਵਧਣ ਅਤੇ ਵਸਤਾਂ ਦੇ ਵੱਧ ਉਤਪਾਦਨ ਨਾਲ ਹੀ ਸਬੰਧਤ ਹੈ। ਇਸ ਲਈ ਮਨੁੱਖੀ ਵਿਸ਼ਾ, ਇਕੱਲ, ਗੈਰ-ਸ਼ਾਇਰਾਨਾ ਮਨ ਆਦਿ ਸਮੱਸਿਆਵਾਂ ਉਥੇ ਵੀ ਟਿਕੀਆਂ ਰਹਿਣਗੀਆਂ।

ਹੁਣ ਅਸੀਂ ਤੀਸਰੇ ਸੁਪਨੇ ਦੀ ਤਲਾਸ਼ ਵਿਚ ਹਾਂ। ਅਜਿਹਾ ਸੁਪਨਾ ਸਿਧਾਂਤਬੱਧ ਕਰਨ ਨੂੰ ਲੋਚ ਰਹੇ ਹਾਂ ਜਿਸ ਵਿਚ ਪੂੰਜੀ ਦੇ ਅਰਥ/ਸਿਗਨੀਫਾਈਡ ਬਦਲ ਜਾਣ। ਮੁੱਢਲਾ ਯਥਾਰਥ ਦਵੰਦ ਨਾ ਮੰਨਿਆ ਜਾਵੇ। ਦਵੰਦ ਨੂੰ ਲੋਕਲ ਸਥਿਤੀ ਸਮਝਣਾ ਠੀਕ ਹੈ, ਪਰ ਮੂਲ ਯਥਾਰਥ ਵਜੋਂ ਨਹੀਂ। ਇਹ ਸੱਚ ਵੀ ਨਹੀਂ। ਦਵੰਦ ਨੂੰ ਮੂਲ ਮੰਨਣ ਨਾਲ ਸਮਾਜਿਕ ਅਤੇ ਮਾਨਸਿਕ ਤਣਾਓ ਅਤੇ ਬਖੇੜੇ ਕਾਇਮ ਰਹਿਣਗੇ। ਕੁੱਲ ਸ੍ਰਿਸ਼ਟੀ ਅਤੇ ਇਸ ਦੇ ਸਿਰਜਨਾਤਮਕ ਵਹਿਣਾਂ ਨੂੰ ਹੋਰ ਖੋਜ ਕਰਕੇ ਬਦਲਵੇਂ ਰੂਪ ਵਿਚ ਸਮਝਣਾ ਚਾਹੀਦਾ ਹੈ।

ਇਸ ਬਾਰੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਬਦਲ ਵਜੋਂ ਜੋ ਨਵਾਂ ਸੁਪਨਾ ਅਸੀਂ ਸਿਧਾਂਤਬੱਧ ਕਰਨਾ ਚਾਹੁੰਦੇ ਹਾਂ, ਉਸ ਲਈ ਸੁਝਾਅ ਪੰਜਾਬ ਦੇ ਸਿੱਖ ਵਿਰਸੇ ਵਿਚ ਮੌਜੂਦ ਹੈ। ਇਸ ਨਵੇਂ ਸੁਪਨੇ ਦਾ ਧੁਰਾ ਸੂਦ-ਆਧਾਰਤ ਵਿਕਾਸਵਾਦੀ ਪੂੰਜੀ ਨਹੀਂ ਹੋਵੇਗਾ। ਸਗੋਂ ਇਸ ਨੂੰ ਵਿਸਮਾਦੀ ਪੂੰਜੀ ਪਰਿਭਾਸ਼ਤ ਕਰੇਗੀ। ਵਿਸਮਾਦ, ਵਿਲੱਖਣਤਾ ਅਤੇ ਸਿਰਜਣਾ ਦੀ ਮਸਤੀ ਹੈ। ਸੰਗੀਤਾਮਕਤਾ ਹੈ, ਸ਼ਾਇਰੀ ਹੈ ਜਿਸ ਵਿਚ ਕੁੱਲ ਕਾਇਨਾਤ ਬੱਝੀ ਹੋਈ ਹੈ। ਇਹ ਮਸਤੀ ‘‘ਸਵੈ-ਭੰ’ ਹੈ, ਆਪਣੇ ਆਪ ਜਨਮ ਲੈਂਦੀ ਹੈ ਅਤੇ ਵਧਦੀ-ਫੁੱਲਦੀ ਹੈ। ਇਸ ਮਸਤੀ ਦਾ ‘ਸÉੈ-ਭੰ’’ ਪ੍ਰਤੀਕ ਵਾਹਿਗੁਰੂ ਹੈ। ਜਿਸ ਦਾ ਅਰਥ ਵਿਸਮਾਦ ਦਾ ਗੁਰੂ ਹੈ। ਇਹ ਚਿੰਨ੍ਹ ਜਾਂ ਪ੍ਰਤੀਕ ਵਿਚਾਰਧਾਰਕ ਜਾਂ ਇਕਪਾਸਾਰੀ ਨਹੀਂ। ਨਿਰੋਲ ਵਿਗਾਸੀ ਜਾਂ ਖੇੜਾ ਪ੍ਰਦਾਨਕ ਹੈ। ਇਸ ਦਾ ਮਨੁੱਖ ਅਤੇ ਸਮਾਜ ਦੇ ਸੰਗਠਨਾਂ ਦਾ ‘ਕਮਲ’’ ਬਣਨਾ ਹੈ।

ਜੇ ਵਿਸਮਾਦ ਅਤੇ ਸਿਰਜਨਾਤਮਕ ਸ਼ਕਤੀ ਦੀ ਮਸਤੀ ਨੂੰ ਆਪਣੀ ਸੰਗੀਤਾਮਕਤਾ ਵਿਚ ਦਵੰਦ ਦੀ ਥਾਂ ਮੂਲ ਮੰਨ ਲਿਆ ਜਾਵੇ ਤਾਂ ਸਮਾਜਾਂ ਵਿਚ ਇਸ ਨੂੰ ਸਾਕਾਰ ਕਰਨ ਵਾਲੀ ਪੂੰਜੀ ਵੀ ਵਿਸਮਾਦੀ ਹੋਵੇਗੀ। ਵਿਸਮਾਦੀ ਪੂੰਜੀ ਸੂਦ-ਖੋਰ ਅਤੇ ਬੇਕਿਰਕ-ਅੰਤੀ ਬੋਲੀ ਹੋਣ ਦੀ ਥਾਂ ਚੇਤੰਨ ਤੌਰ ’ਤੇ ‘‘ਵਿਗਾਸੀ’’ ਹੋਵੇਗੀ। ਪੰਜਾਬ ਦੇ ਸਿੱਖ ਵਿਰਸੇ ਵਿਚ ਵਿਸਮਾਦ ਦਾ ਸੰਕਲਪ, ‘ਰਿੱਗ ਵੇਦ ਦੇ ਰਿਸ਼ੀਆਂ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੀ ਅਣਥੱਕ ਚਿੰਤਨੀ ਅਤੇ ਅਭਿਆਸੀ ਖੋਜ ਤਕ ਪਹੁੰਚਿਆ ਹੋਇਆ’ ਜੋ ਵੱਡੀ ਪ੍ਰਾਪਤੀ ਹੈ। ਇਸ ਨੂੰ ਸਮਝ ਕੇ ਵਰਤਣ ਨਾਲ ਵਿਸਮਾਦੀ ਪੂੰਜੀ ਉਤੇ ਆਧਾਰਤ ਸਰਬਾਂਗੀ ਵਿਗਾਸ ਵਾਲੇ ਸੁਪਨੇ ਦੀ ਸਾਜਨਾ ਕੀਤੀ ਜਾ ਸਕਦੀ ਹੈ।

ਅਸੀਂ ਇਸ ਨਵੇਂ ਵਿਸ਼ਵ ਸੁਪਨੇ ਦੀ ਸਾਜਨਾ ਵਿਚ ਅਹਿਮ ਭਾਗ ਪਾ ਸਕਦੇ ਹਾਂ, ਪਰ ਸਾਡੇ ਚਿੰਤਕਾਂ ਵਿਚ ਕੋਈ ਵੀ ਸਵੈ-ਚੇਤਨਤਾ ਜਾਂ ਸਵੈ-ਮਾਣ ਨਹੀਂ। ਪੱਛਮ ਦੇ ਜਾਣੇ-ਪਛਾਣੇ ਪੂੰਜੀਵਾਦੀ ਜਾਂ ਸਮਾਜਵਾਦੀ ਮਾਡਲਾਂ ਨਾਲ ਬੁਰੀ ਤਰ੍ਹਾਂ ਮਨੋ-ਨਿਸ਼ਚਿਤ ਹੋ ਚੁੱਕੇ ਹਨ। ਆਪਣੇ ਵਿਰਸੇ ਦੀ  ਮੌਲਿਕਤਾ ਨਹੀਂ ਪਛਾਣ ਰਹੇ। ਬਿਨਾਂ ਵਿਸਮਾਦੀ ਵਿਰਸੇ ਨੂੰ ਪਛਾਣਨ ਅਤੇ ਇਸ ਤੋਂ ਪ੍ਰਭਾਵਿਤ/ਮਧਿਅਸਥਿਤ ਹੋਣ ਦੇ, ਪੰਜਾਬ ਦਾ ਹਰ ਬੁੱਧੀਜੀਵੀ, ਇਤਿਹਾਸ ਵਿਚ, ਅਣਪ੍ਰਮਾਣਿਕ ਗਿਣਿਆ ਜਾਵੇਗਾ।

‘‘ਪੂੰਜੀ’’ ਦੇ ਚਿੰਨ੍ਹ ਨੂੰ ਅਣਨੀਹਾਂ ਕਰਨ ਦੀ ਲੋੜ ਹੈ। ਇਸ ਨੂੰ ਨਵਾਂ ਪ੍ਰਸੰਗ, ਨਵਾਂ ਸਿਗਨੀਫਾਈਡ ਦਿੱਤਾ ਜਾਵੇ, ਇਹੀ ਸਰਬ-ਹਿਤੈਸ਼ੀ ਕਦਮ ਹੋਵੇਗਾ। ਪੰਜਾਬ ਦੇ ਸਿੱਖ ਵਿਰਸੇ ਨੂੰ ਇਸ ਗੌਰਵ ਲਈ ਵਰਤਣਾ ਕੋਈ ਹੀਣਭਾਵੀ ਜਾਂ ਸੰਪਰਦਾਇਕ ਗੱਲ ਨਹੀਂ ਸਮਝਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,