March 17, 2011 | By ਸਿੱਖ ਸਿਆਸਤ ਬਿਊਰੋ
ਮਾਨਸਾ (16 ਮਾਰਚ, 2011 – ਕੁਲਵਿੰਦਰ): ਸੋਹਨ ਸਿੰਘ ਉਰਫ਼ ਸੋਹਨਜੀਤ ਸਿੰਘ ਨੂੰ ਖਾੜਕੂ ਗਤੀਵਿਧੀਆਂ ਤਹਿਤ ਤਰਨਤਾਰਨ ਪੁਲਿਸ ਦੀ ਖਾਸ ਟੁਕੜੀ ਵਲੋਂ ਪਿਛਲੇ ਦਿਨੀਂ ਗ੍ਰਿਫਤਾਰ ਕਰਕੇ ਰਿਮਾਂਡ ‘ਤੇ ਲਿਆ ਗਿਆ ਸੀ ਅਤੇ ਪੁਲਿਸ ਥਾਣੇ ਵਿਚ ਛੱਕੀ ਹਲਾਤਾਂ ‘ਚ ਸੋਹਨਜੀਤ ਸਿੰਘ ਦੀ ਹੋਈ ਮੌਤ ਸਬੰਧੀ ਦੋਸ਼ ਲਗਾਉਂਦਿਆਂ ਅੱਜ ਵੱਖ-ਵੱਖ ਸਿਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਮੁੱਦੇ ਉੱਤੇ ਸਾਂਝੀ ਆਵਾਜ਼ ਉਠਾਈ ਹੈ। ਇਸ ਸੰਬੰਧੀ ਸ਼੍ਰੌਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਧਾਰਮਿਕ ਦਲ ਦੇ ਮੁਖੀ ਬਾਬਾ ਹਰਦੀਪ ਸਿੰਘ ਮਹਿਰਾਜ ਵਾਲੇ, ਏਕ ਨੂਰ ਖਾਲਸਾ ਫੌਜ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਖਾਲਸਾ ਤੇ ਭਗਵਾਨ ਸਿੰਘ ਅਤੇ ਸ਼੍ਰੌਮਣੀ ਅਕਾਲੀ ਦਲ (ਲੌਂਗੋਵਾਲ) ਦੇ ਆਗੂ ਹਿੰਮਤ ਸਿੰਘ ਅਤਲਾ ਨੇ ਕਿਹਾ ਕਿ ਸੋਹਨਜੀਤ ਸਿੰਘ ਨੂੰ ਪੁਲਿਸ ਰਿਮਾਂਡ ਸਮੇਂ ਤਸ਼ੱਦਦ ਕਰਕੇ ਮਾਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਇਸ਼ਾਰੇ ਉੱਤੇ ਪੁਲਿਸ ਵੱਲੋਂ ਸਿੱਖ ਨੌਜਵਾਨਾਂ ‘ਤੇ ਅਨਮਨੁੱਖੀ ਤਸ਼ੱਦਦ ਢਾਹਕੇ ਖਤਮ ਕਰਨ ਤੋਂ ਬਾਅਦ ਆਤਮ ਹੱਤਿਆ ਦੀ ਮਨਘੜੰਤ ਕਹਾਣੀ ਬਣਾ ਰਹੀ ਹੈ। ਪੰਥਕ ਆਗੂਆਂ ਨੇ ਇਹ ਵੀ ਕਿਹਾ ਕਿ ਉਕਤ ਮਾਮਲੇ ਦੀ ਨਿਰਪੱਖ ਜਾਂਚ ਜੋਣੀ ਚਾਹੀਦੀ ਹੈ।
ਆਗੂਆਂ ਨੇ ਕਿਹਾ ਕਿ ਉਸ ਸਮੇਂ ਥਾਣੇ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ‘ਤੇ ਵੀ ਸਖ਼ਤ ਕਾਰਵਾਈ ਕਰਨ ਤੋਂ ਇਲਾਵਾ ਸੰਬੰਧਤ ਪੁਲਿਸ ਟੁਕੜੀ ਦੇ ਮੁਖੀ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ।
ਆਗੂਆਂ ਨੇ ਇਹ ਵੀ ਕਿਹਾ ਕਿ ਸੋਹਨਜੀਤ ਦੇ ਪਰਿਵਾਰ ਨਾਲ ਸਿੱਖ ਕੌਮ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੋ ਕੇ ਹਰ ਸੰਭਵ ਮੱਦਦ ਕਰੇਗੀ।
Related Topics: Akali Dal Panch Pardhani, Custodial Deaths, Human Rights Violations, Sikh organisations