June 14, 2022 | By ਅਜਮੇਰ ਸਿੰਘ
ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ। ਅਜ਼ਾਦੀ ਤੋਂ ਬਾਅਦ ਸਿੱਖ ਆਗੂਆਂ ਦੀ ਹਿੰਦੂ ਹਾਕਮਾਂ ਦੇ ਖਿਲਾਫ ਇਹ ਹਰਦਮ ਸ਼ਿਕਾਇਤ ਬਣੀ ਆ ਰਹੀ ਹੈ ਕਿ ਭਾਰਤ ਅੰਦਰ ਸਿੱਖਾਂ ਨਾਲ ਸਾਵਾਂ ਸਲੂਕ ਨਹੀਂ ਹੋ ਰਿਹਾ ਅਤੇ ਉਨ੍ਹਾਂ ਨਾਲ ਪੈਰ-ਪੈਰ ’ਤੇ ਵਿਤਕਰਾ ਤੇ ਬੇਇਨਸਾਫੀ ਹੋ ਰਹੀ ਹੈ। ਇਹ ਮੁੱਦਾ 1947 ਤੋਂ ਬਾਅਦ ਅਕਾਲੀ ਦਲ ਦੀ ਸਮੁੱਚੀ ਰਾਜਨੀਤਕ ਸਰਗਰਮੀ ਦਾ ਧੂਰਾ ਬਣਿਆ ਆ ਰਿਹਾ ਹੈ। ਜਾਹਰਾ ਤੌਰ ’ਤੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸਿੱਖ ਕੌਮ ਨਾਲ ਵਿਤਕਰੇ ਤੇ ਦਵੈਤ ਦਾ ਹੀ ਸੁਆਲ ਉਠਾਉਂਦੇ ਰਹੇ। ਪ੍ਰੰਤੂ ਜੇਕਰ ਉਨ੍ਹਾਂ ਦੀ ਪੇਸ਼ਕਾਰੀ ਦੇ ਅੰਦਾਜ਼ ਤੇ ਤੱਤ ਦਾ ਗਹਿਰ ਵਿਸਲੇਸ਼ਣ ਕੀਤਾ ਜਾਵੇ ਤਾਂ ਉਨ੍ਹਾਂ ਦੀ ਰਾਜਸੀ ਵਿਚਾਰਧਾਰਾ ਦਾ ਅਕਾਲੀ ਲੀਡਰਸ਼ਿਪ ਦੀ ਸੋਚਣੀ ਨਾਲੋਂ ਸਿਫਤੀ ਵਖਰੇਵਾਂ ਸਪੱਸ਼ਟ ਉਘੜ ਆਉਂਦਾ ਹੈ।
ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਦੇ ਦੌਰ ਅੰਦਰ ਸਿੱਖ ਕੌਮ ਨਾਲ ਵਿਤਕਰੇ ਨੂੰ ਵੱਧ ਧਾਰਮਿਕ-ਸਭਿਆਚਾਰਕ ਦ੍ਰਿਸ਼ਟੀ ਤੋਂ ਦੇਖਿਆ ਤੇ ਪੇਸ਼ ਕੀਤਾ ਜਾਂਦਾ ਰਿਹਾ। ਉਸ ਤੋਂ ਬਾਅਦ ਜੋ ਅਕਾਲੀ ਲੀਡਰਸ਼ਿਪ ਉਭਰ ਕੇ ਸਾਹਮਣੇ ਆਈ ਉਹ ਵਿਤਕਰੇ ਦੀ ਗੱਲ ਕਰਨ ਵੇਲੇ ਵੱਧ ਇਸ ਦੇ ਆਰਥਿਕ ਪਹਿਲੂ ਉਤੇ ਦਾਬ ਦੇਣ ਦੀ ਰੁਚੀ ਦਾ ਪ੍ਰਗਟਾਵਾ ਕਰਦੀ ਰਹੀ। ਦੋਨੋਂ ਹੀ ਵੰਨਗੀਆਂ ਦੀ ਅਕਾਲੀ ਲੀਡਰਸ਼ਿਪ, ਆਪਣੇ ਅਲੱਗ-ਅਲੱਗ ਕਾਰਨਾਂ ਕਰਕੇ, ਸਿੱਖ ਕੌਮ ਨਾਲ ਹੋ ਰਹੇ ਧੱਕੇ ਤੇ ਵਿਤਕਰੇ ਦੇ ਸਿਆਸੀ ਤੱਤ ਨੂੰ ਪਛਾਨਣ ਅਤੇ ਇਸ ਨੂੰ ਆਪਣੀ ਸੋਚ ਅਤੇ ਸਰਗਰਮੀ ਦਾ ਧੁਰਾ ਬਨਾਉਣ ਤੋਂ ਟਾਲਾ ਵੱਟਦੀ ਰਹੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪਹਿਲੇ ਸਿੱਖ ਆਗੂ ਸਨ ਜੋ ਸਿੱਖ ਕੌਮ ਨਾਲ ਹੋ ਰਹੇ ਧੱਕੇ ਤੇ ਵਿਤਕਰੇ ਦੇ ਪਰਤੱਖ ਇਜ਼ਹਾਰਾਂ ਤੋਂ ਆਰ-ਪਾਰ ਦੇਖਣ ਅਤੇ ਇਕ ‘ਸੁਜਾਣ ਵੈਦ’ ਦੀ ਤਰ੍ਹਾਂ ਮਰਜ਼ ਦੇ ‘ਲੱਛਣਾਂ” ਤੋਂ ਮਰਜ਼ ਦੇ ਖਾਸੇ ਨੂੰ ਬੱੁਝਣ ਦੀ ਯੋਗ ਪਹੁੰਚ ਅਪਣਾਈ। ਉਨ੍ਹਾਂ ਨੇ ਪੂਰੇ ਜ਼ੋਰ ’ਤੇ ਜਬ੍ਹੇ ਨਾਲ ਇਹ ਰਾਜਸੀ ਮੱਦ ਉਭਾਰਿਆ ਕਿ ਭਾਰਤ ਅੰਦਰ ਸਿੱਖਾਂ ਨਾਲ ਜੋ ਵਿਤਕਰਾ ਤੇ ਧੱਕਾ ਹੋ ਰਿਹਾ ਹੈ, ਉਹ ਤੱਤ ਰੂਪ ਵਿਚ ਗਲਬੇ ਤੇ ਗੁਲਾਮੀ ਦਾ ਪ੍ਰਤੀਕ ਹੈ। ਭਾਵੇਂ ਇਹ ਕਿ ਅਜ਼ਾਦ ਭਾਰਤ ਅੰਦਰ ਸਿੱਖਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਸਲੂਕ ਹੋ ਰਿਹਾ ਹੈ। ਉਨ੍ਹਾਂ ਠੋਸ ਤੱਥਾਂ ਤੇ ਉਦਾਹਰਣਾਂ ਨਾਲ ਦਰਸਾਇਆ ਕਿ ਭਾਰਤੀ ਹਾਕਮਾਂ ਦੁਆਰਾ ਦੌਹਰੇ ਕਾਨੂੰਨ ਅਤੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਸਤੰਬਰ 1981 ਵਿਚ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਜੋਸ਼ੀਲੇ ਤੇ ਗਰਮ ਖਿਆਲੀ ਸਿੱਖ ਨੌਜੁਆਨਾਂ ਦੁਆਰਾ ਇੰਡੀਅਨ ਏਅਰ ਲਾਈਨਜ਼ ਦੇ ਇਕ ਜਹਾਜ ਨੂੰ ਅਗਵਾ ਕਰਕੇ ਲਾਹੌਰ ਲੈ ਜਾਣ ਦੀ ਘਟਨਾ ਦੇ ਹਵਾਲੇ ਨਾਲ ਉਨ੍ਹਾਂ ਭਾਰਤੀ ਹਾਕਮਾਂ ਦਾ ਦੋਗਲਾਪਣ ਉਜਾਗਰ ਕਰਦਿਆਂ ਹੋਇਆਂ ਇਹ ਨੰਗਾ ਸੱਚ ਉਘਾੜਿਆ ਕਿ ਦੇਸ਼ ਅੰਦਰ ਇਕੋ ਹੀ ਕਿਸਮ ਦੇ ਜ਼ੁਰਮ ਲਈ ਹਿੰਦੂਆਂ ਅਤੇ ਸਿੱਖਾਂ ਵਾਸਤੇ ਅਲੱਗ-ਅਲੱਗ ਮਾਪਦੰਡ ਅਪਣਾਏ ਜਾਂਦੇ ਹਨ। ਅਰਥਾਤ 1977 ਵਚ ਉਤਰ ਪ੍ਰਦੇਸ਼ ਦੇ ਜਿਨ੍ਹਾਂ ਦੇ ਪਾਂਡੇ ਭਰਾਵਾਂ ਨੇ ਇੰਦਰਾ ਗਾਂਧੀ ਦੀ ਰਿਹਾਈ ਵਾਸਤੇ ਜਹਾਜ਼ ਅਗਵਾ ਕੀਤਾ ਸੀ ਉਨ੍ਹਾਂ ਨੂੰ ਬਾਅਦ ਵਿਚ ਇਨਾਮ ਦੇ ਤੌਰ ’ਤੇ ਵਿਧਾਨ ਸਭਾ ਦੀਆਂ ਮੈਂਬਰੀਆਂ ਨਾਲ ਨਿਵਾਜਿਆ ਗਿਆ। ਪ੍ਰੰਤੂ ਜਿਨ੍ਹਾਂ ਸਿੰਘਾਂ ਨੇ ਸਤੰਬਰ 1981 ਵਿਚ ਸੰਤ ਜਰਨੈਲ ਸਿੰਘ ਦੀ ਰਿਹਾਈ ਲਈ ਜਹਾਜ਼ ਅਗਵਾ ਕੀਤਾ ਉਨ੍ਹਾਂ ਨੂੰ ‘ਦੇਸ਼ ਦੇ ਦੁਸ਼ਮਣ’ ਗਰਦਾਨਿਆ ਗਿਆ ਅਤੇ ਅਗਸਤ 1982 ਵਿਚ ਜੋਧਪੁਰ ਤੋਂ ਬੋਇੰਗ 737 ਨਾਂ ਦੇ ਜਹਾਜ ਨੂੰ ਅਗਵਾ ਕਰਨ ਵਾਲੇ ਇਕ ਸਿੰਘ (ਮਨਜੀਤ ਸਿੰਘ ਉਰਫ਼ ਮੁਸੀਬਤ ਸਿੰਘ) ਨੂੰ ਰਾਜਾਸਾਂਸੀ ਦੇ ਹਵਾਈ ਅੱਡੇ ਉਤੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ। ਸੰਤ ਜਰਨੈਲ ਸਿੰਘ ਨੇ ਭਾਰਤ ਅੰਦਰ ਸਿੱਖ ਕੌਮ ਨਾਲ ਹੋ ਰਹੇ ਇਸ ਮਤਰੇਏ ਸਲੂਕ ਨੂੰ ਉਸ ਦੀ ਗੁਲਾਮੀ ਦੇ ਚਿੰਨ੍ਹ ਵਜੋਂ ਦੇਖਿਆ ਅਤੇ ਇਸ ਤਰ੍ਹਾਂ ਇਸ ਮਾਮਲੇ ’ਚ ਰਵਾਇਤੀ ਸੋਚ-ਧਾਰਾ ਨਾਲੋਂ ਤਿੱਖਾ ਨਿਖੇੜਾ ਕਰਦਿਆਂ ਹੋਇਆਂ ਉਨ੍ਹਾਂ ਇਕ ਅਸਲੋਂ ਹੀ ਵੱਖਰੀ ਰਾਜਨੀਤਕ ਸ਼ੈਲੀ ਤੇ ਸੇਧ ਅਖਤਿਆਰ ਕੀਤੀ।
ਜੇਕਰ ਵਿਤਕਰੇ ਨੂੰ ਗੁਲਾਮੀ ਦੇ ਚਿੰਨ੍ਹ ਵਜੋਂ ਦੇਖਿਆ ਜਾਂਦਾ ਹੈ ਤਾਂ ਇਸ ਨਾਲ ਵਿਤਕਰੇ ਦੇ ਸ਼ਿਕਾਰ ਵਰਗ ਦੀ ਰਾਜਨੀਤੀ ਦੀ ਸਮੁੱਚੀ ਵਿਆਕਰਣ ਅਤੇ ਉਸ ਦੇ ਰਾਜਸੀ ਸੰਘਰਸ਼ ਦੀ ਸਮੁੱਚੀ ਜਿਓਮੈਟਰੀ ਹੀ ਬਦਲ ਜਾਂਦੀ ਹੈ। ਗੁਲਾਮੀ ਦਾ ਅਹਿਸਾਸ ਮਹਿਕੂਮ ਵਰਗ ਅੰਦਰ ਅਜ਼ਾਦੀ ਦੀ ਰੀਝ ਅਤੇ ਤੜਪ ਪੈਦਾ ਕਰਦਾ ਹੈ। ਇਕੱਲੇ ਵਿਤਕਰੇ ਦਾ ਅਹਿਸਾਸ, ਵੱਧ ਤੋਂ ਵੱਧ, ਕਾਇਮ-ਮੁਕਾਮ ਰਾਜ ਵਿਵਸਥਾ ਦੇ ਅੰਦਰ ਹੀ ਸਾਵੇਂ ਸਲੂਕ ਤੇ ਇਨਸਾਫ ਦੀ ਤਮੰਨਾ ਪੈਦਾ ਕਰਦਾ ਹੈ। ਕਈ ਵਾਰ ਵਿਤਕਰੇ ਦਾ ਅਹਿਸਾਸ ਵੀ ਪੀੜਤ ਵਰਗ ਅੰਦਰ ਰੋਸ ਤੇ ਗੱੁਸੇ ਦੀਆਂ ਪ੍ਰਬਲ ਭਾਵਨਾਵਾਂ ਪੈਦਾ ਕਰ ਦਿੰਦਾ ਹੈ। ਪ੍ਰੰਤੂ ਇਹ ਰੋਸ, ਜਿਆਦਾ ਕਰਕੇ ਵੇਲੇ ਦੇ ਹੁਕਮਰਾਨਾਂ ਦੇ ਹੀ ਖਿਲਾਫ ਸੇਧਤ ਹੁੰਦਾ ਹੈ, ਰਾਜ-ਵਿਵਸਥਾ ਦੇ ਖਿਲਾਫ ਨਹੀਂ। ਵਿਤਕਰੇ ਦੇ ਸ਼ਿਕਾਰ ਵਰਗ ਦਾ ਵੇਲੇ ਦੇ ਹੁਕਮਰਾਨਾਂ ਤੋਂ ਭਲੇ ਹੀ ਮੋਹ ਭੰਗ ਹੋ ਜਾਵੇ ਪ੍ਰੰਤੂ ਉਸ ਦਾ ਕਾਇਮ-ਮੁਕਾਮ ਰਾਜ ਵਿਵਸਥਾ (State) ਤੋਂ ਪੂਰਨ ਰੂਪ ਵਿਚ ਵਿਸ਼ਵਾਸ ਨਹੀਂ ਟੁੱਟਦਾ। ਉਸ ਅੰਦਰ ਸਬੰਧਤ ਰਾਜ ਵਿਵਸਥਾ ਦੇ ਅੰਦਰ ਹੀ ਇਨਸਾਫ ਦੀ ਉਮੀਦ ਤੇ ਝਾਕ ਲਗਾਤਾਰ ਬਣੀ ਰਹਿੰਦੀ ਹੈ। ਉਦਾਹਰਣ ਵਜੋਂ, ਭਾਰਤੀ ਹਾਕਮਾਂ ਹੱਥੋਂ ਵਾਰ-ਵਾਰ ਧੋਖਾ ਖਾਣ ਅਤੇ ਪੁੱਜ ਕੇ ਜ਼ਲੀਲ ਹੋਣ ਦੇ ਬਾਵਜੂਦ ਅਕਾਲੀ ਆਗੂਆਂ ਦਾ ਭਾਰਤੀ ਰਾਜ ਤੋਂ ਭਰੋਸਾ ਖਤਮ ਨਹੀਂ ਹੋਇਆ। ਉਹ ਸਿੱਖ ਪੰਥ ਨਾਲ ਹੋ ਰਹੇ ਵਿਤਕਰੇ ਤੇ ਬੇ-ਇਨਸਾਫੀਆਂ ਨੂੰ ਭਾਰਤੀ ਰਾਜ ਦੇ ਮੂਲ ਖਾਸੇ ਨਾਲ ਜੋੜ ਕੇ ਦੇਖਣ ਤੇ ਸਮਝਣ ਦੀ ਥਾਵੇਂ, ਇਸ ਨੂੰ ਜਾਂ ਤਾਂ ਕਿਸੇ ਵਿਸ਼ੇਸ਼ ਹੁਕਮਰਾਨ, ਜਾਂ ਵਿਸ਼ੇਸ਼ ਖਾਨਦਾਨ (ਨਹਿਰੂ ਪਰਿਵਾਰ) ਜਾਂ ਵਿਸ਼ੇਸ਼ ਰਾਜਸੀ ਦਲ (ਕਾਂਗਰਸ) ਨਾਲ ਜੋੜ ਕੇ ਦੇਖਦੇ ਹਨ। ਸਿੱਟੇ ਵਜੋਂ, ਕਦੇ ਉਹ ਕਾਂਗਰਸ ਪਾਰਟੀ ਦੇ ਅੰਦਰ ਹੀ ਚੰਗੇ ਤੇ ਮਾੜੇ ਤੱਥਾਂ ਵਿਚਕਾਰ ਨਿਖੇੜਾ ਕਰਨ ਦੀਆਂ ਫਜ਼ੂਲ ਮਸ਼ਕਾਂ ਕਰਦੇ ਰਹੇ, ਕਦੇ ਸਮੁੱਚੀ ਕਾਂਗਰਸ ਲੀਡਰਸ਼ਿਪ ਤੋਂ ਬਦਜ਼ਨ ਹੋ ਕੇ ਵਿਰੋਧੀ ਪਾਰਟੀਆਂ ਕੋਲੋਂ ਸਿੱਖ ਕੌਮ ਦੇ ਭਲੇ ਦੀਆਂ ਬੇ-ਬੁਨਿਆਦੀ ਉਮੀਦਾਂ ਪਾਲਦੇ ਰਹੇ; ਕਦੇ ਸਮੁੱਚੇ ਹਿੰਦੂ ਰਾਜਸੀ ਵਰਗ ਤੋਂ ਨਿਰਾਸ਼ ਤੇ ਬੇਆਸ ਹੋ ਕੇ ਦੇਸ਼ ਦੇ ਕਾਨੂੰਨ ਤੇ ਨਿਆਂਪਾਲਕਾ ਹੱਥੋਂ ਇਨਸਾਫ ਦੀ ਉਮੀਦ ਦੇ ਤਿਣਕੇ ਦਾ ਆਸਰਾ ਤੱਕਦੇ ਰਹੇ। ਅਕਾਲੀ ਲੀਡਰਸ਼ਿਪ ਦੀ ਇਸ ਗੰਧਲੀ ਚੇਤਨਾ ਦਾ ਸਿਖਰ-ਪ੍ਰਗਟਾਵਾ ਉਦੋਂ ਹੋਇਆ ਜਦ ਜੁਲਾਈ 1982 ਵਿਚ ਇੰਦਰਾ ਗਾਂਧੀ ਨੇ ਰਾਸਟਰਪਤੀ ਦੇ ਅਹੁਦੇ ਲਈ ਗਿਆਨੀ ਜੈਲ ਸਿੰਘ ਨੂੰ ਉਮੀਦਵਾਰ ਬਣਾਉਣ ਦਾ ਨਿਰਣਾ ਕਰ ਲਿਆ। ਅਕਾਲੀ ਲੀਡਰਸ਼ਿਪ ਨੇ ਕੇਵਲ ਅਤੇ ਕੇਵਲ ਇਸ ਅਧਾਰ ’ਤੇ ਕਿ ਇਤਿਹਾਸ ਵਿਚ ਪਹਿਲੀ ਵਾਰ ਕੋਈ ਸਿੱਖ ਭਾਰਤ ਦੇ ਰਾਸਟਰਪਤੀ ਦੀ ਪਦਵੀ ਗ੍ਰਹਿਣ ਕਰਨ ਜਾ ਰਿਹਾ ਹੈ, ਗਿਆਨੀ ਜੈਲ ਸਿੰਘ ਦੀ ਬਿਨ੍ਹਾਂ ਸ਼ਰਤ ਹਮਾਇਤ ਕਰਨ ਦਾ ਨਿਰਣਾ ਕਰ ਲਿਆ, ਜੇਕਰ ਅਕਾਲੀ ਆਗੂ ਭਾਰਤੀ ਰਾਜ ਦੇ ਮੂਲ ਖਾਸੇ ਬਾਰੇ ਅਤੇ ਭਾਰਤ ਦੀ ਰਾਜਸੀ ਹਕੀਕਤ ਬਾਰੇ ਸਾਫ ਅਤੇ ਸਹੀ ਸਮਝ ਰੱਖਦੇ ਹੁੰਦੇ ਤਾਂ ਉਨ੍ਹਾਂ ਨੂੰ ਇਹ ਗੱਲ ਬੁਝਣ ਵਿਚ ਕੋਈ ਮੁਸ਼ਕਲ ਨਹੀਂ ਸੀ ਆਉਣੀ ਕਿ ਗਿਆਨੀ ਜੈਲ ਸਿੰਘ ਵਰਗਾ ਹੌਲਾ ਅਤੇ ਬੇਗੁਣਾ ਵਿਅਕਤੀ ਰਾਸਟਰਪਤੀ ਦੇ ਆਸਣ ਉਤੇ ਬੈਠਕੇ ਸਿੱਖੀ ਕੌਮ ਦਾ ਕੋਈ ਭਲਾ ਕਰ ਸਕਣ ਦੀ ਥਾਵੇਂ ਨਾ ਸਿਰਫ ਆਮ ਰੂਪ ਵਿਚ ਹਿੰਦੂ ਹੁਕਮਰਾਨ ਵਰਗ ਦੇ ਹਿਤਾਂ ਦੀ ਪੂਰਤੀ ਦਾ ਲਾਹੇਬੰਦ ਸੰਦ ਹੋ ਨਿਬੜੇਗਾ, ਸਗੋਂ ਵਿਅਕਤੀਗਤ ਤੌਰ ’ਤੇ ਇੰਦਰਾ ਗਾਂਧੀ ਦਾ ਝਾੜੂ ਬਰਦਾਰ ਬਣਨ ਵਿਚ ਵੀ ਕੋਈ ਸ਼ਰਮ ਜਾਂ ਸੰਕੋਚ ਨਹੀਂ ਕਰੇਗਾ। ਹੋਇਆ ਵੀ ਇੰਜ ਹੀ। ਜਿਸ ਸਦਕਾ ਸਾਰੀ ਸਿੱਖ ਕੌਮ ਨੂੰ ਨਮੋਸ਼ੀ ਝੱਲਣੀ ਪਈ।
ਭਾਰਤੀ ਰਾਜ ਦੇ ਹਕੀਕੀ ਖਾਸੇ ਬਾਰੇ ਅਕਾਲੀ ਲੀਡਰਸ਼ਿਪ ਦੀ ਅਸਪੱਸ਼ਟ ਅਤੇ ਭਰਮ-ਗ੍ਰਸੀ ਸਮਝ ਉਸ ਦੇ ਲਈ ਅਤੇ ਉਸ ਨਾਲੋਂ ਵੀ ਵੱਧ ਸਿੱਖ ਕੌਮ ਲਈ ਇਕ ਵੱਡਾ ਰਾਜਸੀ ਸਰਾਪ ਹੋ ਗੁਜਰਿਆ। ਅਕਾਲੀ ਆਗੂ ਇਨਸਾਫ ਹਾਸਲ ਕਰਨ ਲਈ ਇਕ ਤੋਂ ਬਾਅਦ ਦੂਜੀ ਲੜਾਈ ਵਿੱਢਦੇ ਰਹੇ। ਪਰ ਇਨਸਾਫ ਉਨ੍ਹਾਂ ਲਈ ਮਿਰਗ-ਤ੍ਰਿਸ਼ਨਾ ਬਣਿਆ ਰਿਹਾ। ਉਨ੍ਹਾਂ ਨੇ ਵਾਰ-ਵਾਰ ਕੌੜੇ ਅਨੁਭਵਾਂ ਦਾ ਸੁਆਦ ਚੱਖਣਾ ਪੈਂਦਾ ਰਿਹਾ। ਪ੍ਰੰਤੂ ਆਪਣੀ ਵਜੂਦ-ਸਮੋਈ ਸਿਧਾਂਤਕ ਕਮਜੋਰੀ ਦੀ ਵਜ੍ਹਾ ਕਰਕੇ ਉਹ ਇਨ੍ਹਾ ਕੌੜੇ ਅਨੁਭਵਾ ’ਚੋਂ ਕਦੇ ਵੀ ਯੋਗ ਸਬਕ ਗ੍ਰਹਿਣ ਕਰਨ ਦੇ ਸਮਰੱਥ ਨਾ ਹੋ ਸਕੇ। ਇਸ ਸਿਧਾਂਤਕ ਜਹਿਮਤ ਤੋਂ ਸੁਰਖਰੂ ਹੋਣਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸ੍ਰੇਸ਼ਠ ਗੁਣ ਹੋ ਨਿਬੜਿਆ। ਅਕਾਲੀ ਆਗੂਆਂ ਦੇ ਉਲਟ, ਸੰਤ ਭਿੰਡਰਾਂਵਾਲਿਆਂ ਨੇ ਸੰਘਰਸ਼ ਦੇ ਅਮਲ ਦੌਰਾਨ ਵਾਪਰੀ ਹਰ ਅਹਿਮ ਘਟਨਾ ’ਚੋਂ ਯੋਗ ਸਬਕ ਗ੍ਰਹਿਣ ਕਰਨ ਅਤੇ ਇਸ ਨੂੰ ਸਿੱਖ ਕੌਮ ਦੀ ਸਮੂਹਕ ਚੇਤਨਾ ਦਾ ਅੰਗ ਬਣਾਉਣ ਦੀ ਸੇਧ ਅਖਤਿਆਰ ਕੀਤੀ। ਸਿੱਟੇ ਵਜੋਂ ਜਿਥੇ ਅਕਾਲੀ ਲੀਡਰ ਸੰਘਰਸ਼ ਦੇ ਅਮਲ ਦੌਰਾਨ ਪੈਰ-ਪੈਰ ’ਤੇ ਥਿੜਕਦੇ ਅਤੇ ਆਪ ਸਹੇੜੀਆਂ ਦੁਬਿਧਾਵਾਂ ਤੇ ਉਲਝਣਾਂ ਵਿਚ ਫਸਦੇ ਰਹੇ, ਉਥੇ ਸੰਤ ਜਰਨੈਲ ਸਿੰਘ ਵਲੋਂ ਹਰ ਮੋੜ ਤੇ ਹਰ ਜੋੜ (Juncture) ਉੱਤੇ ਸਪੱਸ਼ਟਤਾ ਤੇ ਅਡੋਲਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਰਿਹਾ।
ਲੜਾਈ ਨੂੰ ਕਾਰਗ਼ਰ ਤਰੀਕੇ ਨਾਲ ਲੜਨ ਲਈ ਦੋ ਗੱਲਾਂ ਬਾਰੇ ਸਪੱਸ਼ਟਤਾ ਜ਼ਰੂਰੀ ਹੁੰਦੀ ਹੈ। ਇਕ ਲੜਾਈ ਲੜਨੀ ਕਾਹਦੇ ਵਾਸਤੇ ਹੈ? ਅਤੇ ਦੂਜਾ ਲੜਨੀ ਕੀਹਦੇ ਖਿਲਾਫ਼ ਹੈ। ਅਰਥਾਤ ਦੁਸ਼ਮਣ ਤੇ ਉਦੇਸ਼ ਸਾਫ ਦਿਖਣੇ ਚਾਹੀਦੇ ਹਨ। ਇਨ੍ਹਾਂ ਦੋਨੋਂ ਹੀ ਗੱਲਾਂ ’ਤੇ ਅਕਾਲੀ ਆਗੂਆਂ ਦੀ ਸਮਝ ਮੁੱਢ ਤੋਂ ਹੀ ਅਸਪੱਸ਼ਟ ਤੇ ਘਚੋਲੇ-ਗ੍ਰਸੀ ਰਹੀ ਹੈ। ਉਹ ਨਾ ਕਦੇ ਸੰਘਰਸ਼ ਦੇ ਉਦੇਸ਼ਾਂ ਬਾਰੇ ਸਪੱਸ਼ਟ ਤੇ ਇਕ ਚਿਤ ਹੋ ਸਕੇ ਹਨ ਅਤੇ ਨਾ ਦੁਸ਼ਮਣ ਬਾਰੇ ਸਾਫ ਤੇ ਨਿਖਰੀ ਸਮਝ ਬਣਾਕੇ ਚੱਲ ਸਕੇ ਹਨ। ਇਸ ਕਰਕੇ ਸੰਘਰਸ਼ ਦੇ ਅਮਲ ਦੌਰਾਨ ਵਾਰ-ਵਾਰ ਥਿੜਕਣ ਦਿਖਾਉਣ ਅਤੇ ਸੰਘਰਸ਼ ਨੂੰ ਅੱਧ ਵਿਚਾਲਿਓ ਡੋਬਾ ਦੇ ਕੇ ਬੇਅਸੂਲੇ ਸਮਝੌਤਿਆਂ ਵੱਲ ਉਲਰ ਜਾਣ ਦੀ ਰੁਚੀ ਅਕਾਲੀ ਲੀਡਰਸ਼ਿਪ ਦਾ ਸੁਭਾਵਿਕ ਤੇ ਸਥਾਈ ਲੱਛਣ ਬਣ ਕੇ ਰਹਿ ਗਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਹਿੰਦੂ ਹਾਕਮਾਂ ਦੇ ਸਿੱਖ ਦੁਸ਼ਮਣ ਖਾਸੇ ਬਾਰੇ ਚੇਤੰਨ ਸਨ, ਉਨ੍ਹਾਂ ਹੀ ਅਕਾਲੀ ਆਗੂਆਂ ਦੀਆਂ ਸਿਧਾਂਤਕ ਮਰਜਾਂ ਤੇ ਸਖਸ਼ੀ ਕਮਜ਼ੋਰੀਆਂ ਬਾਰੇ ਵੀ ਬਰਾਬਰ ਜਾਗਰੂਕ ਸਨ। ਇਸ ਕਰਕੇ, ਉਨ੍ਹਾਂ ਸਿੱਖ ਸੰਘਰਸ਼ ਦੀ ਧਾਰ ਨੂੰ ਸਿੱਖ ਕੌਮ ਦੇ ਬਾਹਰਲੇ ਦੁਸ਼ਮਣਾਂ ਹਿੰਦੂ ਹਾਕਮਾਂ ਖਿਲਾਫ ਸੇਧਤ ਰੱਖਦੇ ਹੋਏ, ਨਾਲ ਹੀ ਅਕਾਲੀ ਆਗੂਆਂ ਦੀ ਹਰ ਥਿੜਕਣ ਕਮਜ਼ੋਰੀ ਉਤੇ ਕਰੜੀ ਨਿਗ੍ਹਾ ਰੱਖ ਕੇ ਚੱਲਣ ਅਤੇ ਸਿੱਖ ਜਨਤਾ ਨੂੰ ਇਸ ਬਾਰੇ ਨਿਰੰਤਰ ਚੌਕੰਨੇ ਕਰਦੇ ਰਹਿਣ ਦੀ ਲੋੜ ਤੇ ਅਹਿਮੀਅਤ ਨੂੰ ਇਕ ਪਲ ਲਈ ਵੀ ਮਨੋ ਨਹੀਂ ਵਿਸਾਰਿਆ। ਇਸ ਸਦਕਾ ‘ਧਰਮ ਯੁੱਧ ਮੋਰਚੇ’ ਦੇ ਸਮੁੱਚੇ ਅਮਲ ਦੌਰਾਨ ਲੜਾਈ ਦੇ ਬਹਿਰੂਨੀ ਤੇ ਅੰਦਰੂਨੀ ਮੋਰਚੇ ਨਿਰੰਤਰ ਮਘੇ ਰਹੇ।
*ਉਪਰੋਕਤ ਲਿਖਤ ਪਹਿਲਾਂ 16 ਜੂਨ 2016 ਨੂੰ ਛਾਪੀ ਗਈ ਸੀ
– 0 –
ਜੂਨ 1984 ਦੇ ਘੱਲੂਘਾਰ ਬਾਰੇ ਇਸ ਖਾਸ ਲੇਖ ਲੜੀ ਤਹਿਤ ਛਪੀਆਂ ਹੋਰ ਰਚਨਾਵਾਂ ਪੜ੍ਹਨ/ਸੁਣ ਲਈ ਇਹ ਪੰਨਾ ਖੋਲ੍ਹੋ …
Related Topics: Ajmer Singh, Audio Articles on June 1984, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib), ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Shaheed Sant Jarnail Singh Bhindranwale), ਸਿੱਖ ਨਸਲਕੁਸ਼ੀ 1984 (Sikh Genocide 1984)