April 11, 2017 | By ਸਿੱਖ ਸਿਆਸਤ ਬਿਊਰੋ
ਹੈਦਰਾਬਾਦ: ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਦਾ ਕਹਿਣਾ ਹੈ ਕਿ ਅਯੁਧਿਆ ‘ਚ ਰਾਮ ਮੰਦਰ ਬਣਾਉਣ ਲਈ ਉਹ ਜਾਨ ਦੇਣ ਅਤੇ ਜਾਨ ਲੈਣ ਨੂੰ ਤਿਆਰ ਹਨ। “ਗਾਂ ਰੱਖਿਆ” ਦੇ ਮਸਲੇ ‘ਤੇ ਵੀ ਟੀ ਰਾਜਾ ਕਾਨੂੰਨ ਨੂੰ ਆਪਣੇ ਹੱਥ ‘ਚ ਲੈਣ ਦੀ ਹਮਾਇਤ ਕਰਦਾ ਹੈ।
ਰਾਜਾ ਸਿੰਘ ਦਾ ਦਾਅਵਾ ਹੈ ਕਿ ‘ਇਨਸਾਨ ਦੀ ਜਾਨ ਦੀ ਕੀਮਤ ਗਾਂ ਤੋਂ ਵਧ ਕੇ ਨਹੀਂ ਹੈ।’
ਉਹ ਕਹਿੰਦਾ ਹੈ, “ਵਿਧਾਇਕ ਤੋਂ ਪਹਿਲਾਂ ਮੈਂ ਹਿੰਦੂ ਹਾਂ, ਮੈਂ ਆਪਣਾ ਫਰਜ਼ ਨਿਭਾਅ ਰਿਹਾ ਹਾਂ।”
ਰਾਮ ਮੰਦਰ ਦੇ ਮਸਲੇ ‘ਤੇ ਦਿੱਤੇ ਇਸ ਤਾਜ਼ਾ ਵਿਵਾਦਤ ਬਿਆਨ ਕਰਕੇ ਚਰਚਾ ਵਿਚ ਬਣੇ ਟੀ. ਰਾਜਾ ਸਿੰਘ ਨੇ ਬੀਬੀਸੀ ਨੂੰ ਕਿਹਾ, “ਰਾਮ ਮੰਦਰ ਬਣਾਉਣਾ ਹਰੇਕ ਹਿੰਦੂ ਦਾ ਸੰਕਲਪ ਹੈ ਅਤੇ ਮੇਰਾ ਵੀ ਸੰਕਲਪ ਹੈ। ਹਿੰਦੂ ਹੋਵੇ, ਮੁਸਲਮਾਨ ਜਾਂ ਸਿੱਖ ਹੋਵੇ ਜਾਂ ਇਸਾਈ ਹੋਵੇ, ਜਿਹੜਾ ਵੀ ਰਾਮ ਮੰਦਰ ਦੇ ਰਾਹ ‘ਚ ਆਏਗਾ ਅਸੀਂ ਆਪਣੀ ਜਾਨ ਦੇ ਵੀ ਸਕਦੇ ਹਾਂ ਅਤੇ ਅਗਲੇ ਦੀ ਜਾਨ ਲੈ ਵੀ ਸਕਦੇ ਹਾਂ।”
ਉਹ ਕਹਿੰਦਾ ਹੈ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਰਾਮ ਮੰਦਰ ਦਾ ਮਸਲਾ ਬਾਹਰ ਹੀ ਹੱਲ ਕੀਤਾ ਜਾਵੇ।
ਟੀ ਰਾਜਾ ਧਮਕੀ ਦਿੰਦੇ ਹੋਏ ਕਹਿੰਦਾ ਹੈ, “ਜੇ ਕੋਈ ਗੱਲਬਾਤ ਨਾਲ ਨਹੀਂ ਮੰਨਦਾ ਤਾਂ ਅਸੀਂ ਹਰ ਤਰੀਕੇ ਨਾਲ ਤਿਆਰ ਹਾਂ। ਸਾਡਾ ਨਿਸ਼ਾਨਾ ਅਯੁਧਿਆ ‘ਚ ਰਾਮ ਮੰਦਰ ਬਣਾਉਣਾ ਹੈ। ਅਸੀਂ ਹਰ ਤਰੀਕੇ ਨਾਲ ਤਿਆਰ ਹਾਂ। ਅਸੀਂ ਉਨ੍ਹਾਂ ਨੂੰ ਛੱਡਾਂਗੇ ਨਹੀਂ।”
ਪੱਤਰਕਾਰ ਵਲੋਂ ਇਹ ਪੁੱਛਣ ‘ਤੇ ਕੀ ਉਨ੍ਹਾਂ ਨੂੰ ਅਦਾਲਤ ‘ਤੇ ਭਰੋਸਾ ਨਹੀਂ, ਦੇ ਜਵਾਬ ‘ਚ ਰਾਜਾ ਨੇ ਕਿਹਾ, “ਇਹੀ ਸੋਚ ਕੇ ਤਾਂ ਅੱਜ ਤਕ ਚੁੱਪ ਬੈਠੇ ਹਾਂ। ਆਉਣ ਵਾਲੇ ਸਮੇਂ ਹੋਰ ਇੰਤਜ਼ਾਰ ਵੀ ਕਰ ਲਵਾਂਗੇ।”
ਸਬੰਧਤ ਖ਼ਬਰ:
ਭਾਜਪਾ ਵਿਧਾਇਕ ਵਿਕਰਮ ਸੈਣੀ ਨੇ ਕਿਹਾ; ਗਾਂ ਦਾ ਅਪਮਾਨ ਕਰਨ ਵਾਲਿਆਂ ਦੇ ਹੱਥ-ਪੈਰ ਤੋੜਾਂਗੇ …
ਇਹ ਪੁੱਛਣ ‘ਤੇ ਕਿ ਜੇ ਸੁਪਰੀਮ ਕੋਰਟ ਦਾ ਫੈਸਲਾ ਤੁਹਾਡੇ ਖਿਲਾਫ ਆ ਗਿਆ, ਫੇਰ? ਭਾਜਪਾ ਵਿਧਾਇਕ ਕਹਿੰਦਾ ਹੈ, “ਤਾਂ ਅਸੀਂ ਜਾਨ ਦੇ ਦਵਾਂਗੇ, ਪਰ ਅਯੁਧਿਆ ‘ਚ ਰਾਮ ਮੰਦਰ ਬਣ ਕੇ ਰਹੇਗਾ ਅਤੇ ਜੇ ਅਸੀਂ ਜਾਣ ਦੇਣ ਦੀ ਸਮਰੱਥਾ ਰੱਖਦੇ ਹਾਂ ਤਾਂ (ਜਾਨ) ਲਵਾਂਗੇ ਵੀ।”
ਟੀ. ਰਾਜਾ ਦਾਅਵਾ ਕਰਦਾ ਹੈ ਕਿ ਉਸਨੇ ਗਾਂ ਦੀ ਰੱਖਿਆ ਲਈ ਕਈ ਲੜਾਈਆਂ ਲੜੀਆਂ ਅਤੇ ਉਸ ‘ਤੇ ਕਈ ਮੁਕੱਦਮੇ ਵੀ ਦਰਜ ਹੋਏ।
ਸਬੰਧਤ ਖ਼ਬਰ:
ਹਾਲ ਹੀ ਵਿਚ ਅਲਵਰ (ਰਾਜਸਥਾਨ) ‘ਚ “ਗਊ ਰੱਖਿਅਕਾਂ” ਵਲੋਂ ਇਕ ਬਜ਼ੁਰਗ ਮੁਸਲਮਾਨ ਨੂੰ ਮਾਰਨ ‘ਤੇ ਟੀ. ਰਾਜਾ ਕਹਿੰਦਾ ਹੈ, “ਹਾਂ, ਮੈਂ ਉਹ ਵੀਡੀਓ ਦੇਖੀ, ਸਾਨੂੰ ਵੀ ਦੁਖ ਹੁੰਦਾ, ਪਰ ਜਦੋਂ ਕੋਈ ਵਿਅਕਤੀ ਗਾਂ ਦਾ ਮਹੱਤਵ ਸਮਝ ਲੈਂਦਾ ਤਾਂ ਉਹ ਆਪਣੇ ਕਾਬੂ ਵੀ ਨਹੀਂ ਰਹਿੰਦਾ।”
ਪਰ ਗਾਂ ਨੂੰ ਬਚਾਉਣ ਲਈ ਕਿਸੇ ਇਨਸਾਨ ਨੂੰ ਮਾਰ ਦੇਣਾ ਕਿੰਨਾ ਕੁ ਸਹੀ ਹੈ, ਇਸ ਸਵਾਲ ਦੇ ਜਵਾਬ ‘ਚ ਰਾਜਾ ਕਹਿੰਦਾ ਹੈ, “ਗਾਂ ਤੋਂ ਵਧ ਕੇ ਸਾਡੇ ਲਈ ਕੁਝ ਨਹੀਂ ਹੈ।”
ਉਹ ਕਹਿੰਦਾ ਹੈ ਗਾਂ ਤੋਂ ਵਧ ਕੇ ਇਨਸਾਨ ਵੀ ਨਹੀਂ ਹੈ।
(ਧੰਨਵਾਦ ਸਹਿਤ: ਬੀਬੀਸੀ)
Related Topics: BJP, Cow Protection Groups, Hindu Groups, RSS, T Raja Singh, Telangana