July 19, 2014 | By ਸਿੱਖ ਸਿਆਸਤ ਬਿਊਰੋ
ਬਾਦਲ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਸਿੱਖ ਕੌਮ ਇਸ ਵੱਖਰੀ ਕਮੇਟੀ ਨੂੰ ਕਿਸੀ ਵੀ ਕੀਮਤ ‘ਤੇ ਪ੍ਰਵਾਨ ਨਹੀਂ ਕਰੇਗੀ ਅਤੇ ਲਗਾਤਾਰ ਲੰਮਾ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਗੁਰਦੁਆਰਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲ ਦੀ ਦਿੱਲੀ ਇਕਾਈ ਵੱਲੋਂ ਕਾਂਗਰਸ ਦੀ ਪ੍ਰਧਾਨ ਮੰਤਰੀ ਸੋਨੀਆ ਗਾਂਧੀ ਦੀ ਰਿਹਾਇਸ਼ ਅੱਗੇ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਆਗੂਆਂ ਵੱਲੋਂ ਕੀਤਾ।
ਵੱਖਰੀ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਸਬੰਧੀ ਬਿੱਲ ਹਰਿਆਣਾ ਵਿਧਾਨ ਸਭਾ ‘ਚ ਪਾਸ ਹੋਣ ਉਪਰੰਤ ਰਾਜਪਾਲ ਦੀ ਮੋਹਰ ਲੱਗਣ ਦੇ ਬਾਵਜੂਦ ਬਾਦਲ ਦਲ ਨੇ ਇਸ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰਦਿਆਂ ਇਸ ਵਿਰੁੱਧ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਹਨ ।
ਅੱਜ ਦਿੱਲੀ ਦੇ ਬਾਦਲ ਦਲ ਦੇ ਆਗੂਆਂ ਵੱਲੋਂ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਰਿਹਾਇਸ਼ ਮੂਹਰੇ ਕਾਲੇ ਝੰਡੇ ਲਹਿਰਾਕੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਖੜ੍ਹੇ ਕੀਤੇ ਗਏ ਅੜਿੱਕਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਅਕਾਲੀ ਆਗੂਆਂ ਨਾਲ ਪੁਲਿਸ ਦੀਆਂ ਮਾਮੂਲੀ ਝੜਪਾਂ ਵੀ ਹੋਈਆਂ ਜਿਸ ਉਪਰੰਤ ਪ੍ਰਦਸ਼ਨਕਾਰੀਆਂ ਨੂੰ ਕਾਬੂ ‘ਚ ਕਰਨ ਲਈ ਪੁਲਿਸ ਨੂੰ ਪਾਣੀ ਦੀ ਵਾਛੜ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਇਸ ਤੋਂ ਬਾਅਦ ਅਕਾਲੀ ਆਗੂਆਂ ਨੇ ਗਿ੍ਫ਼ਤਾਰੀਆਂ ਵੀ ਦਿੱਤੀਆਂ ।
ਕਪੂਰਥਲਾ ਹਾਊਸ ਵਿਖੇ ਇਕੱਠੇ ਹੋ ਕੇ ਸੋਨੀਆ ਗਾਂਧੀ ਦੀ ਰਿਹਾਇਸ਼ ਵੱਲ ਜਾਣ ਸਮੇਂ ਬਾਦਲ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਸੋਨੀਆ ਗਾਂਧੀ ਤੇ ਭੁਪਿੰਦਰ ਸਿਘ ਹੁੱਡਾ ਖਿਲਾਫ ਜ਼ੋਰਦਾਰ ਨਾਅਰੇ ਲਗਾਏ ਗਏ ਙ ਇਸ ਪ੍ਰਦਰਸ਼ਨ ਦੌਰਾਨ ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ, ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਰਾਣਾ ਤੇ ਹੋਰ ਅਕਾਲੀ ਆਗੂਆਂ ਨੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਵਿਧਾਨ ਸਭਾ ‘ਚ ਪਾਸ ਕੀਤੇ ਗਏ ਬਿੱਲ ਦਾ ਤਿੱਖਾ ਵਿਰੋਧ ਕੀਤਾ ।
ਬਾਦਲ ਦਲ ਦੇ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਹੁੱਡਾ ਨੇ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਆਪਣੀ ਹਾਰ ਨੂੰ ਵੇਖ-ਕੇ, ਕਾਰਜਕਾਲ ਦੇ ਅੰਤਿਮ ਸਮੇਂ ਸਿੱਖਾਂ ‘ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਦ ਕਿ 9 ਸਾਲ ਦੇ ਕਾਰਜਕਾਲ ਦੌਰਾਨ ਸੂਬੇ ‘ਚ ਘੱਟ-ਗਿਣਤੀ ਕਮਿਸ਼ਨ ਬਣਾਉਣ ਤੋਂ ਪੂਰੀ ਤਰ੍ਹਾਂ ਪਾਸਾ ਵੱਟੀ ਰੱਖਿਆ ਹੈ ।
Related Topics: Badal Dal, DSGMC, HSGPC, Manjit Singh GK, Sikhs in Delhi, Sonia Gandhi