October 31, 2017 | By ਗੁਰਪ੍ਰੀਤ ਸਿੰਘ ਮੰਡਿਆਣੀ
(ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ) ਜੂਨ 1984 ਦੇ ਘੱਲੂਘਾਰੇ, ਨਵੰਬਰ ’84 ਦੇ ਸਿੱਖ ਕਤਲੇਆਮ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਇਜਲਾਸ ਲਗਭਗ ਦੋ ਵਰ੍ਹਿਆਂ ਮਗਰੋਂ 16 ਅਕਤੂਬਰ 1985 ਨੂੰ ਜੁੜਿਆ ਸੀ। ਇਸ ਵਿਚ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਇੰਦਰਾ ਗਾਂਧੀ ਸਮੇਤ ਹੋਰ ਅਹਿਮ ਹਸਤੀਆਂ ਨੂੰ ਸ਼ਰਧਾਂਜੀਲ ਭੇਂਟ ਕਰਨ ਵਾਲਾ ਇੱਕ ਮਤਾ ਰੱਖਿਆ ਜੀਹਦੀ ਲਿਸਟ ਵਿਚ ਪਹਿਲਾਂ ਮਾਰੇ ਗਏ 30 ਅਹਿਮ ਬੰਦਿਆਂ ਦੀ ਲਿਸਟ ਸਣੇ ਕੁੱਲ੍ਹ 31 ਆਈਟਮਾਂ ਸਨ। ਪਹਿਲੇ ਨੰਬਰ ’ਤੇ ਇੰਦਰਾ ਗਾਂਧੀ ਵਾਲੀ ਆਈਟਮ ਦੂਜੇ ਨੰਬਰ ’ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ 31ਵੇਂ ਨੰਬਰ ਵਾਲੀ ਆਈਟਮ ’ਚ ਧਰਮਯੁੱਧ ਮੋਰਚੇ, ਅਪ੍ਰੇਸ਼ਨ ਬਲਿਊ ਸਟਾਰ (ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਲਈ ਭਾਰਤ ਵਲੋਂ ਦਿੱਤਾ ਗਿਆ ਨਾਮ) ਅਤੇ ਨਵੰਬਰ 1984 ਦੇ ਕਤਲੇਆਮ ਨੂੰ “ਦੰਗੇ” ਕਹਿ ਕੇ ਆਖ਼ਰ ਵਿਚ ਰੱਖਿਆ ਗਿਆ। ਕਾਂਗਰਸ ਨੇ ਸ਼ਰਧਾਂਜਲੀ ਲਿਸਟ ਵਿਚ 31ਵੀਂ ਆਇਟਮ ਨੂੰ ਝਗੜੇ ਵਾਲੀ ਕਹਿ ਕੇ ਵਿਰੋਧ ਕਰਦਿਆਂ ਵਾਕਆਊਟ ਕੀਤਾ। ਪਾਠਕਾਂ ਦੀ ਦਿਲਚਸਪੀ ਲਈ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੂ-ਬ-ਹੂ ਪੇਸ਼ ਕੀਤੀ ਜਾ ਰਹੀ ਹੈ।
16 ਅਕਤੂਬਰ 1985, ਪੰਜਾਬ ਵਿਧਾਨ ਸਭਾ ਹਾਲ ਵਿਚ ਸ਼ਾਮ ਪੌਣੇ ਪੰਜ ਵਜੇ ਸਪੀਕਰ ਰਵੀਇੰਦਰ ਸਿੰਘ ਨੇ ਸ਼ਰਧਾਂਜਲੀ ਮਤਾ ਪੇਸ਼ ਕਰਨ ਲਈ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਨਾਂ ਲਿਆ ਤੇ ਮੁੱਖ ਮੰਤਰੀ ਨੇ ਸ਼ਰਧਾਂਜਲੀ ਮਤਾ ਇਉਂ ਪੇਸ਼ ਕੀਤਾ।
ਮੁੱਖ ਮੰਤਰੀ (ਸਰਦਾਰ ਸੁਰਜੀਤ ਸਿੰਘ ਬਰਨਾਲਾ): ਸਪੀਕਰ ਸਾਹਿਬ, ਇਹ ਸੈਸ਼ਨ ਬਹੁਤ ਅਰਸੇ ਤੋਂ ਬਾਅਦ ਹੋਣ ਲੱਗਾ ਹੈ। ਇਸ ਲਈ ਓਬਿਊਚਰੀ ਰੈਫਰੈਂਸਿਜ਼ ਦੀ ਗਿਣਤੀ ਬੁਹਤ ਜ਼ਿਆਦਾ ਹੈ ਲੇਕਿਨ ਇਤਨੇ ਵੱਡੇ ਵਿਅਕਤੀਆਂ ਦਾ ਜ਼ਿਕਰ ਇਥੇ ਅਸੀਂ ਕਰਨਾ ਹੈ। ਇਸ ਲਈ ਕੁਝ ਸਮਾਂ ਜਰੂਰ ਲੱਗੇਗਾ। ਸਾਰਿਆਂ ਤੋਂ ਪਹਿਲਾਂ ਮੈਂ ਸਤਿਕਾਰਯੋਗ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਜ਼ਿਕਰ ਕਰਨਾ ਹੈ।
ਮੈਂ ਗਹਿਰੇ ਦੁੱਖ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਦਾ ਹਾਂ, ਪਿਛਲੇ ਸਾਲ 31 ਅਕਤੂਬਰ ਨੂੰ ਜਿਨ੍ਹਾਂ ਦੇ ਬੇਦਰਦ ਕਤਲ ਨੇ ਸਾਰੇ ਰਾਸ਼ਟਰ ਨੂੰ ਦੁੱਖਾਂ ਦੇ ਡੂੰਘੇ ਸਮੁੰਦਰ ਵਿਚ ਧਕੇਲ ਦਿੱਤਾ ਹੈ। ਉਹ ਦੇਸ਼ ਦੇ ਮਹਾਨ ਨੇਤਾਵਾਂ ਵਿਚੋਂ ਇਕ ਸਨ। ਉਨ੍ਹਾਂ ਦੀ ਮੌਤ ਨਾਲ ਭਾਰਤ ਇਕ ਸ਼ਕਤੀਸ਼ਾਲੀ ਅਤੇ ਮਹਾਨ ਨੇਤਾ ਤੋਂ ਅਤੇ ਵਿਸ਼ਵ ਇਕ ਉਘੇ ਨੀਤੀਵਾਨ ਤੋਂ ਵਾਂਝਾ ਹੋ ਗਿਆ ਹੈ। ਗੁੱਟ-ਨਿਰਪੇਖ ਲਹਿਰ ਦੇ ਨੇਤਾ ਹੋਣ ਦੇ ਨਾਤੇ ਉਨ੍ਹਾਂ ਨੂੰ ਸ਼ਾਂਤੀ ਪੱਖ ਦੇ ਧਰਮਯੋਧਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਤੀਜੇ ਵਿਸ਼ਵ ਦੇ ਗਰੀਬ ਅਤੇ ਦਲਿਤ ਲੋਕਾਂ ਦਾ ਪੱਖ ਪੂਰਿਆ ਅਤੇ ਉਨ੍ਹਾਂ ਦੀ ਆਸ ਦੀ ਕਿਰਨ ਬਣੇ। ਉਨ੍ਹਾਂ ਦੇ ਅਟੱਲ ਇਰਾਦੇ ਅਤੇ ਦ੍ਰਿੜ ਵਿਸ਼ਵਾਸ ਅਤੇ ਕੰਮ ਕਰਨ ਦੇ ਢੰਗ ਕਾਰਨ ਅਲੋਚਨਾ ਵੀ ਹੋਈ ਪਰ ਉਨ੍ਹਾਂ ਨੇ ਇਸ ਨੂੰ ਨਿਡਰਤਾ ਨਾਲ ਸਹਿਣ ਕੀਤਾ। 1971 ਵਿਚ ਪਾਕਿਸਤਾਨ ਨਾਲ ਲੜਾਈ ਦੌਰਾਨ ਬੰਗਲਾਦੇਸ਼ ਨੂੰ ਅਜ਼ਾਦ ਕਰਾਉਣ ਵਿਚ ਉਨ੍ਹਾਂ ਨੇ ਅਦੁੱਤੀ ਨੇਤਾ ਵਾਲ ਅਤੇ ਨੀਤੀਵਾਨ ਦੇ ਗੁਣਾਂ ਦਾ ਪ੍ਰਗਟਾਵਾ ਕੀਤਾ ਅਤੇ ਸਾਡੇ ਦੇਸ਼ ਦੇ ਲੋਕਾਂ ਨੂੰ ਵਿਸ਼ਵਾਸ ਦੀ ਨਵੀਂ ਭਾਵਨਾ ਦਿੱਤੀ। ਉਨ੍ਹਾਂ ਦਾ ਘਾਟਾ ਨਾ ਕੇਵਲ ਭਾਰਤ ਨੂੰ ਹੈ ਸਗੋਂ ਸਮੁੱਚੀ ਮਾਨਵਤਾ ਲਈ ਘਾਟਾ ਹੈ। ਸ਼ਰਧਾਂਜਲੀ ਦੀਆਂ 31 ਅਈਟਮਾਂ ਦੇ ਦੂਜੇ ਨੰਬਰ ’ਤੇ ਬਰਨਾਲਾ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਲੰਮੀ ਸ਼ਰਧਾਂਜਲੀ ਭੇਂਟ ਕੀਤੀ।
ਇਸ ਤੋਂ ਇਲਾਵਾ ਬਰਨਾਲ ਸਾਹਿਬ ਨੇ ਜਿਹੜੀਆਂ ਵਿੱਛੜ ਗਈਆਂ ਹੋਰ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਉਨ੍ਹਾਂ ਵਿਚ ਇਹ ਸ਼ਾਮਲ ਸਨ। ਡੀ.ਡੀ. ਖੰਨਾ, ਕਰਤਾਰ ਸਿੰਘ ਵੈਦ, ਚੌਧਰੀ ਕਾਂਸ਼ੀ ਰਾਮ, ਵਾਲਮੀਕੀ ਸਮਾਜ ਦੇ ਨੇਤਾ ਯਸ਼ਵੰਤ ਰਾਏ, ਸਰਦਾਰਨੀ ਜਸਦੇਵ ਕੌਰ ਸੰਧੂ, ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਬੀਬੀ ਰਾਮ ਕੌਰ, ਜਥੇਦਾਰ ਹੀਰਾ ਸਿੰਘ ਭੱਠਲ, ਹਿੰਦ ਸਮਾਚਾਰ ਗਰੁੱਪ ਦੇ ਸੰਪਾਦਕ ਰਮੇਸ਼ ਚੰਦਰ, ਡਾ, ਵਿਸ਼ਵਾਨਾਥ ਤਿਵਾੜੀ, ਬੀ.ਜੇ.ਪੀ. ਦੇ ਐਮ.ਐਲ.ਏ. ਹਰਬੰਸ ਲਾਲ ਖੰਨਾ ਪ੍ਰਮੁੱਖ ਸਨ।
ਅਖ਼ੀਰ ਵਿਚ ਬਰਨਾਲ ਸਾਹਿਬ ਨੇ ਕਿਹਾ ਕਿ ਮੈਂ ਉਨ੍ਹਾਂ ਹਜ਼ਾਰਾ ਸ਼ਹੀਦਾਂ ਨੂੰ, ਜਿਨ੍ਹਾਂ ਨੇ ਧਰਮਯੁੱਧ ਮੋਰਚੇ ਅਪ੍ਰੇਸ਼ਨ ਬਲਿਊਸਟਾਰ ਅਤੇ ਨਵੰਬਰ 1984 ਦੇ “ਦੰਗਿਆਂ” ਦੌਰਾਨ ਆਪਣੀਆਂ ਜਾਨਾਂ ਵਾਰੀਆਂ ਅਤੇ ਇਸ ਅਭਾਗੇ ਸਮੇਂ ਦੌਰਾਨ ਜ਼ੁਲਮ ਦਾ ਸ਼ਿਕਾਰ ਹੋਏ ਸਾਰੇ ਨਿਰਦੋਸ਼ ਵਿਅਕਤੀਆਂ ਨੂੰ ਵੀ ਆਪਣੀਆਂ ਸਨਿਮਰ ਸ਼ਰਧਾਂਜਲੀਆਂ ਭੇਂਟ ਕਰਦਾ ਹਾਂ।
ਸਰਦਾਰਨੀ ਗੁਰਬਿੰਦਰ ਕੌਰ ਬਰਾੜ (ਮੁਕਤਸਰ) ਨੇਤਾ ਵਿਰੋਧੀ ਧਿਰ: ਸਪੀਕਰ ਸਾਹਿਬ ਮੈਂ ਆਪਣੇ ਅਤੇ ਆਪਣੀ ਪਾਰਟੀ ਵਲੋਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਦੁੱਖ ਭਰੀ ਅਤੇ ਸ਼ੌਕਿੰਗ ਅਸੈਸੀਨੇਸ਼ਨ ‘ਤੇ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਖੜ੍ਹੀ ਹੋਈ ਹਾਂ। ਸ਼੍ਰੀਮਤੀ ਇੰਦਰਾ ਗਾਂਧੀ ਨੇ ਆਪਣਾ ਸਾਰਾ ਜੀਵਨ ਅਜ਼ਾਦੀ ਹਾਸਲ ਕਰਨ ਲਈ ਔਰ ਉਸ ਅਜ਼ਾਦੀ ਨੂੰ ਕਾਇਮ ਰੱਖਣ ਲਈ ਲਗਾ ਦਿੱਤਾ। ਆਪਣੀ ਜਵਾਨੀ ਵਿਚ ਵੀ ਉਨ੍ਹਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਪਿਤਾ ਪੰਡਿਤ ਜਵਾਹਰ ਲਾਲ ਨਹਿਰੂ ਜੋ ਕਿ ਹਿੰਦੋਸਤਾਨ ਦੇ ਮਹਾਨ ਨੇਤਾ ਔਰ ਪਹਿਲੇ ਪ੍ਰਧਾਨ ਮੰਤਰੀ ਸਨ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਅਜ਼ਾਦੀ ਦੀ ਲੜਾਈ ਵਿਚ ਹਿੱਸਾ ਪਾਇਆ। ਉਹ ਸਿਰਫ 13 ਸਾਲ ਦੀ ਉਮਰ ਦੇ ਸਨ ਜਦੋਂ ਉਨ੍ਹਾਂ ਨੇ ਵਾਨਰ ਸੇਨਾ ਜਿਹੜੀ ਕਿ ਟੀਨ ਏਜਰਜ ਦੀ ਸੀ ਬਣਾ ਕੇ ਦੇਸ਼ ਦੀ ਅਜ਼ਾਦੀ ਹਾਸਲ ਕਰਨ ਵਿਚ ਹਿੱਸਾ ਪਾਇਆ। ਉਨ੍ਹਾਂ ਨੇ ਸਿਆਸਤ ਵਿਚ ਐਕਟਿਵ ਪਾਰਟ ‘ਕੁਇਟ ਇੰਡੀਆ ਮੂਵਮੈਂਟ’ ਵਿਚ ਹਿੱਸਾ ਲੈ ਕੇ ਪਾਇਆ ਅਤੇ 1955 ਵਿਚ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਬਣੇ ਅਤੇ 1956 ਵਿਚ ਯੂਥ ਕਾਂਗਰਸ ਦੇ ਪ੍ਰਧਾਨ ਅਤੇ 1959 ਵਿਚ ਪ੍ਰੈਜੀਡੈਂਟ ਆਫ ਦੀ ਇੰਡੀਅਨ ਨੈਸ਼ਨਲ ਕਾਂਗਰਸ ਬਣੇ। ਮੈਨੂੰ ਇੰਦਰਾ ਗਾਂਧੀ ਜੀ ਦੇ ਉਹ ਲਫਜ਼ ਯਾਦ ਆਉਂਦੇ ਹਨ ਜਿਹੜੇ ਕਿ ਉਨ੍ਹਾਂ ਨੇ ਪ੍ਰੈਜੀਡੈਂਟ ਬਣ ਕੇ ਪਹਿਲੀ ਕਾਨਫਰੰਸ ਵਿਚ ਕਹੇ ਜਿਨ੍ਹਾਂ ਨੂੰ ਮੈਂ ਇਥੇ ਕੋਟ ਕਰਦੀ ਹਾਂ।
“The nation is in hurry and we cannot afford to lose time”.
ਇਸ ਤੋਂ ਤੁਸੀਂ ਸਾਰਾ ਮਤਲਬ ਕੱਢ ਸਕਦੇ ਹੋ ਕਿ ਉਹ ਕਿੰਨੇ ਮਿਹਨਤੀ ਸਨ। ਉਨ੍ਹਾਂ ਦਾ ਇਕ ਇਕ ਮਿੰਟ ਕੰਮ ਕਰਨ ਵਿਚ ਗੁਜਰਦਾ ਸੀ ਅਤੇ ਉਹ ਇਕ ਮਿੰਟ ਵੀ ਜ਼ਾਇਆ ਕਰਕੇ ਖੁਸ਼ ਨਹੀਂ ਹੁੰਦੇ ਸਨ। ਉਨ੍ਹਾਂ ਨੇ ਹਿੰਦੋਸਤਾਨ ਦਾ ਸਿਰ ਦੁਨੀਆਂ ਭਰ ਵਿਚ ਉ¤ਚਾ ਕੀਤਾ ਅਤੇ ਦੁਨੀਆਂ ਭਰ ਦੇ ਬੇਸਹਾਰਾ, ਡਾਊਨ-ਟਰੋਡਨ ਅਤੇ ਅੰਡਰ ਪਰਿਵਿਲੇਜ਼ਡ ਲੋਕਾਂ ਦਾ ਸਹਾਰਾ ਬਣੇ ਔਰ ਉਨ੍ਹਾਂ ਦੀ ਖਾਤਰ ਸੰਘਰਸ਼ ਕੀਤਾ। ਉਨ੍ਹਾਂ ਨੇ ਹਿੰਮਤ ਨਾਲ ਆਪਣੇ ਮੁਲਕ ਦੀ ਗਰੀਬੀ ਦੂਰ ਕਰਨ ਦਾ ਬੀੜਾ ਉਠਾਇਆ ਔਰ 20-ਪੁਆਇੰਟ ਪ੍ਰੋਗਰਾਮ ਨਿਯੁਕਤ ਕੀਤਾ। ਉਹ ਇਕ ਸੱਚੇ ਦੇਸ਼ ਭਗਤ ਸਨ ਔਰ ਕੰਪਲੀਟ ਸੈਕੂਲਰ ਆਊਟ ਲੁਕ ਰੱਖਦੇ ਸਨ। ਉਹ ਦੁਨੀਆਂ ਦੇ ਉਘੇ ਨੇਤਾਵਾਂ ਵਿਚੋਂ ਸਨ ਅਤੇ ਜਿਹੜੇ ਉਨ੍ਹਾਂ ਦੇ ਕੰਟੈਂਪਰੇਰੀ ਸਨ ਜਿਸ ਤਰ੍ਹਾਂ ਕਿ ਯੂ.ਕੇ. ਦੇ ਸ਼੍ਰੀਮਤੀ ਮਾਰਗਰੇਟ ਥੈਚਰ, ਯੂ.ਐਸ.ਏ. ਦੇ ਸ਼੍ਰੀ ਰੀਗਨ, ਯੂ.ਐਸ.ਐਸ.ਆਰ. ਦੇ ਆਂਦਰੋਪੋਵ ਅਤੇ ਚਰਨੈਂਕੋ ਨਾਲ ਕੰਪੇਅਰ ਕੀਤਾ ਜਾਵੇ ਤਾਂ ਸਭ ਤੋਂ ਲੰਬਾ ਅਰਸਾ ਉਨ੍ਹਾਂ ਨੇ ਆਪਣੇ ਮੁਲਕ ਦੀ ਸੇਵਾ ਕੀਤੀ।
ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਬਣਕੇ ਦੇਸ਼ ਦੀ ਵਾਗਡੋਰ ਸੰਭਾਲੀ ਤਾਂ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਦਾ ਵੇਰਵਾ ਦੇਣਾ ਜ਼ਰੂਰੀ ਬਣ ਜਾਂਦਾ ਹੈ। ਉਨ੍ਹਾਂ ਨੇ ਨੈਸ਼ਨੇਲਾਈਜੇਸ਼ਨ ਆਫ ਬੈਂਕਸ, ਨੈਸ਼ਨੇਲਾਈਜੇਸ਼ਨ ਆਫ ਲਾਈਫ ਇੰਨਸਿਓਰੈਸ਼, ਐਬੌਲਸ਼ਨ ਆਫ ਪਰਿਵੀ ਪਰਸਿਜ਼, ਮਰਜਰ ਆਫ ਸਿੱਕਿਮ ਇਨ ਇੰਡੀਆ, ਗਰੇਟ ਵਿਰਟਰੀ ਓਵਰ ਪਾਕਿਸਤਾਨ ਇਨ 1971, 20-ਪੁਆਂਇੰਟ ਪ੍ਰੋਗਰਾਮ ਲਾਗੂ ਕਰਕੇ ਗਰੀਬੀ ਦੂਰ ਕਰਨਾ, ਚੋਗਮ ਅਤੇ ਨਾਨ-ਅਲਾਈਨਡ ਮੀਟਸ, ਸਾਇੰਸ ਐਂਡ ਟੈਕਨੋਲਜੀ ਦੀ ਯੂਜ਼ ਕਰਦਿਆਂ ਹੋਇਆ ਟੀ.ਵੀ. ਦੀ ਐਕਸਪੈਨਸ਼ਨ ਅਤੇ ਅਟਾਮਿਕ ਐਨਰਜੀ ਦੀ ਰਿਸਰਚ ਅਤੇ ਸਪੇਸ ਵਿਚ ਇਨਸੈਟ-ਬੀ ਵਗੈਰਾ ਭੇਜੇ ਗਏ, ਜਿਹੇ ਕੰਮ ਹੀ ਕੀਤੇ ਹਨ ਜਿਨ੍ਹਾਂ ਦਾ ਜ਼ਿਕਰ ਕਰਦਿਆਂ ਹੋਇਆਂ ਬਹੁਤ ਹੀ ਟਾਈਮ ਲੱਗੇਗਾ।
ਮਿਸਿਜ਼ ਗਾਂਧੀ ਨੇ ਆਪਣੀ ਜਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨ ਕੀਤੀ। ਆਪਣੇ ਜੀਵਨ ਦਾ ਬਲੀਦਾਨ ਕਰ ਦਿੱਤਾ। ਇੰਦਰਾ ਗਾਂਧੀ ਦੀ ਹੱਤਿਆ ‘ਤੇ ਸਾਰੇ ਦੇਸ਼ ਨੇ ਹੀ ਨਹੀਂ ਬਲਕਿ ਸਾਰੀ ਦੁਨੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮੈਂ ਇੰਦਰਾ ਗਾਂਧੀ ਦੇ ਬੜੀ ਨਜ਼ਦੀਕੀ ਸੀ। ਉਹ ਛੇਤੀ ਕਿਸੇ ਨੂੰ ਭੁੱਲਦੇ ਨਹੀਂ ਸਨ। ਭਾਵੇਂ ਕਿੱਡੀ ਵੱਡੀ ਮੀਟਿੰਗ ਹੋਵੇ, ਕਿੰਨਾ ਵੀ ਕੰਮ ਹੋਵੇ, ਉਹ ਛੇਤੀ ਕਿਸੇ ਦੀ ਮਦਦ ਕਰਨ ਵਾਸਤੇ ਤਿਆਰ ਰਹਿੰਦੇ ਸਨ। ਇਕ ਵਾਰ ਮੈਨੂੰ ਇਕ ਗਰੀਬ ਜਿਹੀ ਔਰਤ ਨਾਲ ਮਿਲਣ ਦਾ ਮੌਕਾ ਮਿਲਿਆ। ਉਸ ਔਰਤ ਨਾਲ ਬੀਬੀ ਜੀ ਨੇ ਗੱਲਬਾਤ ਕੀਤੀ, ਉਸ ਦਾ ਹਾਲ ਚਾਲ ਪੁੱਛਿਆ। ਉਸ ਔਰਤ ਨੇ ਮੈਨੂੰ ਪਹਿਲਾਂ ਦੱਸਿਆ ਕਿ ਕਿੰਨੇ ਸਾਲ ਪਹਿਲਾਂ ਬੀਬੀ ਜੀ ਨੇ ਮੇਰੀ ਮਦਦ ਕੀਤੀ ਸੀ। ਮੈਂ ਬੜੀ ਹੈਰਾਨ ਹੋਈ ਕਿ ਇੰਨੀ ਦੇਰ ਬਾਅਦ ਵੀ ਉਸ ਗਰੀਬ ਔਰਤ ਦੀ ਸ਼ਕਲ ਉਨ੍ਹਾਂ ਨੇ ਯਾਦ ਰੱਖੀ ਸੀ। ਹਿੰਦੋਸਤਾਨ ਦਾ ਕੋਈ ਕੋਨਾ ਨਹੀਂ ਸੀ, ਬਲਕਿ ਸਾਰੀ ਦੁਨੀਆਂ ਦਾ ਕੋਈ ਕੋਨਾ ਐਸਾ ਨਹੀਂ ਸੀ, ਜਿਥੇ ਇੰਦਰਾ ਗਾਂਧੀ ਜੀ ਨਾ ਗਏ ਹੋਣ ਅਤੇ ਉਥੋਂ ਦੇ ਗਰੀਬ ਲੋਕਾਂ ਨਾਲ ਹਮਦਰਦੀ ਨਾਲ ਗੱਲਬਾਤ ਨਾ ਕੀਤੀ ਹੋਵੇ। ਕਈ ਵਾਰ ਸਿਕਿਉਰਟੀ ਵਾਲੇ ਵੀ ਕੋਲ ਨਹੀਂ ਹੁੰਦੇ ਸਨ। ਸਗੋਂ ਕਈ ਵਾਰ ਸਿਕਿਉਰਟੀ ਵਾਲਿਆਂ ਦੇ ਮਨਾ ਕਰਨ ਦੇ ਬਾਵਜੂਦ ਵੀ ਉਹ ਐਸੀਆਂ ਥਾਵਾਂ ’ਤੇ ਚਲੇ ਜਾਂਦੇ ਸਨ ਅਤੇ ਲੋਕਾਂ ਦੇ ਵਿਚਾਰ ਸੁਣਦੇ ਸਨ। ਸਾਨੂੰ ਬੜਾ ਦੁੱਖ ਹੋਇਆ ਕਿ ਐਡੀ ਵੱਡੀ ਨੇਤਾ ਸਾਡੇ ਕੋਲੋਂ ਵਿਛੜ ਗਈ। ਸਾਨੂੰ ਬੜਾ ਘਾਟਾ ਪਿਆ। ਜਿਹੜੀਆਂ ਲੀਹਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਪਾਈਆਂ ਸਨ ਜਿਵੇਂ ਗਰੀਨ ਰੈਵੋਲਿਊਸ਼ਨ, ਇੰਡਸਟਰੀਅਲਾਈਜੇਸ਼ਨ ਅਤੇ ਹੈਵੀ ਇੰਡਸਟਰੀ ਵਗੈਰਾ ਉਨ੍ਹਾਂ ਲੀਹਾਂ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੇ ਅੱਗੇ ਵਧਾਇਆ ਅਤੇ ਦੇਸ਼ ਦੀ ਤਰੱਕੀ ਕੀਤੀ। ਹੁਣ ਰਾਜੀਵ ਗਾਂਧੀ ਜੀ ਆਏ ਹਨ। ਉਨ੍ਹਾਂ ਨੇ ਜਿਹੜਾ ਅਕਾਰਡ ਸਾਨੂੰ ਦਿੱਤਾ ਹੈ ਉਹ ਇਕ ਬਹੁਤ ਵੱਡਾ ਕਦਮ ਹੈ ਅਤੇ ਉਸ ਦੇ ਨਾਲ ਸਾਰੇ ਮੁਲਕ ਦਾ ਬਹੁਤ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਬੀਬੀ ਗੁਰਬਿੰਦਰ ਕੌਰ ਬਰਾੜ ਨੇ ਸੰਤ ਲੌਂਗੋਵਾਲ ਨੂੰ ਇੱਕ ਲੰਮੀ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਦੇਸ਼ ਦੀ ਅਖੰਡਤਾ ਹਿੰਦੂ-ਸਿੱਖ ਏਕਤਾ ਅਤੇ ਪੰਜਾਬ ਵਿਚ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਲਈ ਨਿਡਰ ਸਟੈਂਡ ਲੈ ਕੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। 24 ਜੁਲਾਈ 1985 ਨੂੰ ਪ੍ਰਧਾਨ ਮੰਤਰੀ ਸ਼੍ਰੀਰਾਜੀਵ ਗਾਂਧੀ ਨਾਲ ਬੈਠ ਕੇ ਸ਼੍ਰੋਮਣੀ ਅਕਾਲੀ ਦਲ ਦੇ ਅਧਿਅਕਸ਼ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਮਝੌਤੇ ’ਤੇ ਦਸਤਖਤ ਕੀਤੇ। 20 ਅਗਸਤ 1985 ਨੂੰ ਉਹ ਆਪਣੀ ਜਾਨ ਦੀ ਕੁਰਬਾਨੀ ਦੇ ਗਏ। ਜਿਸ ਹੌਂਸਲੇ ਅਤੇ ਦੂਰਦ੍ਰਿਸ਼ਟੀ ਨਾਲ ਸੰਤ ਲੌਂਗੋਵਾਲ ਜੀ ਨੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨਾਲ ਮਿਲ ਕੇ ਪੰਜਾਬ ਸਮਝੌਤੇ ਨੂੰ ਸਿਰੇ ਚਾੜ੍ਹਿਆ, ਉਹ ਇਕ ਇਤਿਹਾਸਕ ਘਟਨਾ ਬਣ ਗਈ।
ਸਰਦਾਰਨੀ ਗੁਰਬਿੰਦਰ ਕੌਰ ਬਰਾੜ: ਸਪੀਕਰ ਸਾਹਿਬ, ਇਹ ਜਿਹੜੀ 31ਵੀਂ ਆਈਟਮ ਹੈ, ਇਸ ਬਾਰੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਸ ਕੰਡੋਲੈਂਸ ਰੈਜੋਲਿਊਸ਼ਨ ਵਿਚ ਜਿਸ ਵਿਚ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜ਼ਿਕਰ ਹੋਵੇ, ਉਸ ਵਿਚ ਇਹੋ ਜਿਹਾ ਝਗੜੇ ਵਾਲਾ ਮਸਲਾ ਜੋੜ ਦਿੱਤਾ ਗਿਆ। (31ਵੀਂ ਆਈਟਮ ਵਿਚ ਧਰਮਯੁੱਧ ਮੋਰਚੇ, ਅਪ੍ਰੇਸ਼ਨ ਬਲਿਊਸਟਾਰ ਅਤੇ 1984 ਦੇ “ਦੰਗਿਆਂ” ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲਿਆਂ ਨੂੰ ਸ਼ਰਧਾਂਜਲੀ ਦਾ ਜ਼ਿਕਰ ਸੀ)
ਆਵਾਜ਼ਾਂ: ਇਹ ਕੋਈ ਝਗੜੇ ਵਾਲੀ ਗੱਲ ਨਹੀਂ ਹੈ।
ਸਰਦਾਰਨੀ ਗੁਰਬਿੰਦਰ ਕੌਰ ਬਰਾੜ: ਇਹ ਝਗੜੇ ਵਾਲੀ ਗੱਲ ਹੀ ਹੈ ਕੀ ਤੁਸੀਂ ਸਾਡੇ ਕੋਲੋਂ ਇਹ ਆਸ ਰੱਖਦੇ ਹੋ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਪੇਸ਼ ਕਰੀਏ ਜਿਨ੍ਹਾਂ ਵਿਚ ਬਹੁਤ ਸਾਰੇ ਕਤਲ ਦੇ ਮੁਜ਼ਰਮ ਸਮਝੇ ਜਾਂਦੇ ਸਨ। ਬਹੁਤ ਸਾਰੇ ਬੇਗੁਨਾਹ ਆਦਮੀ ਮਾਰੇ ਗਏ ਜਿਨ੍ਹਾਂ ਵਿਚ ਗਿਆਨੀ ਪ੍ਰਤਾਪ ਸਿੰਘ ਅਤੇ ਡੀ.ਆਈ.ਜੀ. ਅਟਵਾਲ ਸ਼ਾਮਲ ਸਨ। ਬੱਸਾਂ ਵਿਚੋਂ ਕੱਢ ਕੇ ਮਾਸੂਮ ਲੋਕਾਂ ਨੂੰ ਮਾਰਿਆ ਗਿਆ। ਦੁਕਾਨਾਂ ’ਤੇ ਬੈਠੇ ਲੋਕਾਂ ਨੂੰ ਮਾਰਿਆ ਗਿਆ। ਉਨ੍ਹਾਂ ਦਾ ਇਥੇ ਕੋਈ ਜ਼ਿਕਰ ਨਹੀਂ। (ਸ਼ੋਰ) (ਵਿਘਨ) ਸਪੀਕਰ ਸਾਹਿਬ ਅੱਜ ਦਾ ਤਾਜ਼ਾ ਵਾਕਿਆ ਹੈ ਪ੍ਰੈਜੀਡੈਂਟ ਮਿਊਨਿਸਪਲ ਕਮੇਟੀ ਤਰਨਤਾਰਨ ਸ਼੍ਰੀ ਰਾਮ ਲੁਭਾਇਆ ਨੂੰ ਕਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਹੋਰ ਵੀ ਦੁੱਖ ਹੈ ਕਿ ਇਹ ਆਈਟਮ ਜੋ ਲਿਆਂਦੀ ਗਈ ਹੈ ਇਸ ਨਾਲ ਅਕਾਰਡ ਦੀ ਸਪਿਰਟ ਨੂੰ ਸੱਟ ਮਾਰੀ ਗਈ ਹੈ। ਇਸ 31ਵੀਂ ਆਈਟਮ ਨਾਲ ਮੈਂ ਅਤੇ ਮੇਰੀ ਪਾਰਟੀ ਬਿਲਕੁਲ ਸਹਿਮਤ ਨਹੀਂ ਅਤੇ ਅਸੀਂ ਇਸ ਦੀ ਵਿਰੋਧਤਾ ਕਰਦੇ ਹੋਏ ਵਾਕ ਆਊਟ ਕਰਦੇ ਹਾਂ। ਇਸ ਸਮੇਂ ਸਦਨ ਵਿਚ ਹਾਜਰ ਸਾਰੇ ਕਾਂਗਰਸ (ਆਈ) ਮੈਂਬਰ ਵਾਕ ਆਊਟ ਕਰ ਗਏ।
ਇਸ ਸਮੇਂ ਸਦਨ ਵਿਚ ਨਾਹਰੇ ਲਗਾਏ ਜਾਏ ਜਾ ਰਹੇ ਸਨ ਪਰ ਸਦਨ ਵਿਚ ਕਾਫੀ ਸ਼ੋਰ ਹੋਣ ਕਾਰਨ ਨਾਹਰੇ ਸਾਫ ਸੁਣਾਈ ਨਹੀਂ ਸਨ ਦੇ ਰਹੇ। ਵਿਰੋਧੀ ਧਿਰ ਦੀ ਨੇਤਾ ਗੁਰਬਿੰਦਰ ਕੌਰ ਬਰਾੜ ਤੋਂ ਇਲਾਵਾ ਅੰਮ੍ਰਿਤਸਰ ਦੱਖਣੀ ਹਲਕੇ ਦੇ ਐਮ.ਐਲ.ਏ. ਸ. ਕ੍ਰਿਪਾਲ ਸਿੰਘ, ਪਠਾਨਕੋਟ ਤੋਂ ਮਾਸਟਰ ਮੋਹਨ ਲਾਲ, ਜਲਾਲਾਬਾਦ ਤੋਂ ਕਾਮਰਡ ਮਹਿਤਾਬ ਸਿੰਘ, ਬਲਾਚੌਰ ਤੋਂ ਰਾਮਕ੍ਰਿਸ਼ਨ ਕਟਾਰੀਆ ਨੇ ਵੀ ਸ਼ਰਧਾਂਜਲੀ ਮਤੇ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਹਾਊਸ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਇਹਤੋਂ ਬਾਅਦ ਸਦਨ ਦੀ ਕਾਰਵਾਈ ਮੁੱਕ ਗਈ। ਇੱਥੇ ਜ਼ਿਕਰਯੋਗ ਗੱਲ ਹੈ ਕਿ ਖਰੜ ਤੋਂ ਜਿੱਤੇ ਟੌਹੜਾ ਧੜ੍ਹੇ ਦੇ ਅਕਾਲੀ ਐਮ.ਐਲ.ਏ. ਸ. ਬਚਿੱਤਰ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣ ’ਤੇ ਇਤਰਾਜ਼ ਕਰਨ ਦੀ ਗੱਲ੍ਹ ਮੈਂ ਖ਼ੁਦ ਉਨ੍ਹਾਂ ਦੇ ਕਿਸੇ ਖਾਸ ਬੰਦੇ ਤੋਂ ਸੁਣੀ ਸੀ। ਪਰ ਇਹਦੀ ਅਜੇ ਤਸਦੀਕ ਹੋਣੀ ਬਾਕੀ ਹੈ।
Related Topics: Badal Dal, Congress Government in Punjab 2017-2022, Gurpreet Singh Mandhiani, Harchand Singh Longowal, Indra Gandhi, Punjab Politics, Punjab Vidhan Sabha, Surjit Singh Barnala