December 14, 2011 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ (13 ਦਸੰਬਰ, 2011): ਪਿੰਡ ਚੱਕੋਵਾਲ ਸ਼ੇਖਾ ਦੇ ਭਾਈ ਗੁਲਵਿੰਦਰ ਸਿੰਘ ਦੀ ਧੀ ਮਨਜੀਤ ਕੌਰ ਵਲੋਂ ਪਿਛਲੇ ਦਿਨੀਂ ਬਾਦਲ ਸਰਕਾਰ ਤੋਂ ਸਾਈਕਲ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਅੱਜ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਤੇ ਹਲਕਾ ਫਿਲ਼ੌਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਵੀਰ ਸਿੰਘ ਬੜਾ ਪਿੰਡ ਨੇ ਇਨਾਮ ਵਜੋਂ ਪਰਿਵਾਰ, ਪਿੰਡ ਵਾਸੀਆਂ ਤੇ ਪਾਰਟੀ ਵਰਕਰਾਂ ਦੀ ਹਾਜ਼ਰੀ ਵਿਚ “ਹਾਂਡਾ ਪਲਈਅਰ” ਸਕੂਟਰ ਭੇਟ ਕੀਤਾ।
ਉਹਨਾਂ ਦੱਸਿਆ ਕਿ ਇਹ ਸਕੂਟਰ ਕੈਨੇਡਾ ਵਾਸੀ ਬਾਬਾ ਰਣਜੀਤ ਸਿੰਘ ਖ਼ਾਲਸਾ, ਸਰੀ (ਕਨੈਡਾ) ਨੇ ਸਮੁੱਚੇ ਪੰਥ ਵਲੋਂ ਪੰਥ ਦੀ ਇਸ ਧੀ ਤੇ ਮਾਈ ਭਾਗੋ ਦੀ ਅਸਲ ਵਾਰਸ ਨੂੰ ਭੇਜਿਆ ਹੈ ਅਤੇ ਇਸ ਸਕੂਟਰ ਨਾਲ ਇਸ ਵਿਚ ਤੇਲ ਦੇ ਖਰਚੇ ਵਜੋਂ 20,000/- ਰੁਪਏ ਨਗਦ ਵੀ ਭੇਟ ਕੀਤੇ ਜਾ ਰਹੇ ਹਨ ਅਤੇ ਇਹ ਵਾਅਦਾ ਵੀ ਹੈ ਕਿ ਇਹ ਬੱਚੀ ਆਪਣੀ ਵਿਦਿਅਕ ਯੋਗਤਾ ਦੇ ਆਧਾਰ ਉੱਤੇ ਜਿੱਥੇ ਵੀ ਉੱਚ ਵਿੱਦਿਆ ਲਈ ਦਾਖਲਾ ਲੈਣਾ ਚਾਹੇਗੀ ਉਸ ਦਾ ਸਾਰਾ ਪਰਬੰਧ ਵੀ ਕੀਤਾ ਜਾਵੇਗਾ।
ਇਸ ਮੌਕੇ ਜਥੇਦਾਰ ਬੜਾਪਿੰਡ ਨੇ ਦੱਸਿਆ ਕਿ ਪਰਕਾਸ਼ ਸਿੰਘ ਬਾਦਲ ਵਲੋਂ ਆਪਣੀ ਫੋਟੋ ਲਾ ਕੇ ਦਿੱਤਾ ਜਾ ਰਿਹਾ ਸਾਈਕਲ ਲੈਣ ਤੋਂ ਇਨਕਾਰ ਕਰਕੇ ਇਸ ਬੱਚੀ ਨੇ ਸਿੱਖ ਭਾਵਨਾਵਾਂ ਦੀ ਸਹੀ ਤਰਜ਼ਮਾਨੀ ਕੀਤੀ ਹੈ ਕਿਉਂਕਿ ਬਾਦਲ ਨੇ 1978 ਤੋਂ ਲੈ ਕੇ ਹੁਣ ਤੱਕ ਦੇਹਧਾਰੀ ਪਖੰਡੀਆਂ ਨੂੰ ਸ਼ਹਿ ਦੇਣ ਵਾਲਿਆਂ ਵਿਚ ਸਦਾ ਮੋਹਰੀ ਰੋਲ ਅਦਾ ਕੀਤਾ ਹੈ ਅਤੇ ਪੰਥ ਤੇ ਗੁਰੂ ਗ੍ਰੰਥ ਸਾਹਿਬ ਨੂੰ ਹਮੇਸ਼ਾ ਪਿੱਠ ਦਿਖਾਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਡਾ. ਸੁਰਿੰਦਰ ਸਿੰਘ ਈਸਪੁਰ, ਭਾਈ ਜੋਗਿੰਦਰ ਸਿੰਘ, ਭਾਈ ਕੁਲਵਿੰਦਰ ਸਿੰਘ ਮਾਲਪੁਰ, ਭਾਈ ਨਛੱਤਰ ਸਿੰਘ ਭਾਈ ਮਨਜਿੰਦਰ ਸਿੰਘ, ਮਾਤਾ ਕਮਲਜੀਤ ਕੌਰ, ਦਾਦਾ ਨਿਰਮਲ ਸਿੰਘ, ਨਾਨੀ ਸੁਖਵਿੰਦਰ ਕੌਰ, ਮਾਸੀ ਬਲਜੀਤ ਕੌਰ, ਮਾਮਾ ਪਰਮਜੀਤ ਸਿੰਘ, ਰਣਵਿੰਦਰ ਸਿੰਘ, ਭਾਈ ਰਾਮ ਸਿੰਘ ਖ਼ਾਲਸਾ, ਤਰਨਜੀਤ ਸਿੰਘ ਸ਼ੇਰਪੁਰ, ਆਦਿ ਵੀ ਹਾਜ਼ਰ ਸਨ।
Related Topics: Akali Dal Panch Pardhani, Badal Dal, Bhai Kulbir Singh Barapind