June 7, 2018 | By ਸਿੱਖ ਸਿਆਸਤ ਬਿਊਰੋ
ਪੰਚਕੂਲਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਹਿਯੋਗੀ ਹਨੀਪ੍ਰੀਤ ਵਲੋਂ ਪੰਚਕੂਲਾ ਅਦਾਲਤ ਵਿਚ ਜ਼ਮਾਨਤ ਲਈ ਪਾਈ ਗਈ ਅਰਜੀ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ। ਹਨੀਪ੍ਰੀਤ ਨੇ ਇਸ ਅਧਾਰ ‘ਤੇ ਜ਼ਮਾਨਤ ਮੰਗੀ ਸੀ ਕਿ ਉਸ ਖਿਲਾਫ ਹਰਿਆਣਾ ਪੁਲਿਸ ਨੂੰ ਕੋਈ ਸਬੂਤ ਨਹੀਂ ਮਿਿਲਆ। ਗੌਰਤਲਬ ਹੈ ਕਿ ਪੰਚਕੂਲਾ ਹਿੰਸਾ ਦੀ ਜਾਂਚ ਕਰ ਰਹੀ ਹਰਿਆਣਾ ਪੁਲਿਸ ਦੀ ਐਸਆਈਟੀ ਨੇ ਹਨੀਪ੍ਰੀਤ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਹੈ।
ਆਪਣੀ ਜ਼ਮਾਨਤ ਅਰਜ਼ੀ ਵਿਚ ਹਨੀਪ੍ਰੀਤ ਇੰਸਾ (ਪ੍ਰਿਅੰਕਾ ਤਨੇਜਾ) ਨੇ ਕਿਹਾ ਸੀ ਕਿ ਬਿਨ੍ਹਾਂ ਕਿਸੇ ਗੁਨਾਹ ਅਤੇ ਜ਼ੁਰਮ ਤੋਂ ਉਹ 245 ਦਿਨਾਂ ਤੋਂ ਜੇਲ੍ਹ ਵਿਚ ਬੰਦ ਹੈ।ਸ਼ਿਕਾਇਤ ਕਰਤਾ ਧਿਰ ਨੇ ਹਨੀਪ੍ਰੀਤ ਦੀ ਇਸ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ।
ਪੁਲਿਸ ਚਾਰਜਸ਼ੀਟ ਅਨੁਸਾਰ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਪੰਚਕੂਲਾ ਵਿਖੇ ਜੋ ਹਿੰਸਾ ਹੋਈ ਸੀ ਉਸਦੀ ਸਾਜਿਸ਼ ਹਨੀਪ੍ਰੀਤ ਅਤੇ 45 ਮੈਂਬਰੀ ਡੇਰਾ ਪ੍ਰਬੰਧਕੀ ਕਮੇਟੀ ਨੇ ਡੇਰਾ ਸਿਰਸਾ ਵਿਖੇ ਬਣਾਈ ਸੀ।
ਜਿਕਰਯੋਗ ਹੈ ਕਿ ਪੰਚਕੂਲਾ ਹਿੰਸਾ ਤੋਂ ਬਾਅਦ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨਾਂ ਸੀ ਪਰ 38 ਦਿਨਾਂ ਬਾਅਦ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 25 ਅਗਸਤ, 2017 ਨੂੰ ਹੋਈ ਪੰਚਕੂਲਾ ਹਿੰਸਾ ਵਿਚ 36 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਜ਼ਖਮੀ ਹੋਏ ਸਨ।
Related Topics: Dera Sauda Sirsa, Gurmeet Ram Rahim, Honeypreet alias priyanka, Panchkula violence