April 11, 2015 | By ਸਿੱਖ ਸਿਆਸਤ ਬਿਊਰੋ
ਬਠਿੰਡਾ(10 ਅਪਰੈਲ, 2015): ਪਟਿਆਲਾ ਦੇ ਕਿਲਾ ਮੁਬਾਰਕ ’ਚੋਂ ਲਿਆ ਕੇ ਅੱਜ ਤਖ਼ਤ ਦਮਦਮਾ ਸਾਹਿਬ ਵਿਖੇ ਦਸਮ ਪਿਤਾ ਸ਼੍ਰੀ ਗੁਰੂ ਗਬਿੰਦ ਸਿੰਘ ਜੀ ਦਾ ਪਵਿੱਤਰ ਕੰਘਾ ਸੁਸ਼ੋਭਿਤ ਕੀਤਾ ਗਿਆ। ਵਿਸਾਖੀ ਮੌਕੇ ਸੰਗਤ ਦੇ ਦਰਸ਼ਨਾਂ ਲਈ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਕੇਸ ਤੇ ਪਵਿੱਤਰ ਕੰਘਾ ਰੱਖੇ ਜਾਣ ਦਾ ਪ੍ਰੋਗਰਾਮ ਉਲੀਕਿਆ ਸੀ। ਸਰਕਾਰ ਨੇ ਅੱਜ ਪਵਿੱਤਰ ਕੰਘਾ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤਾ ਹੈ, ਜੋ 15 ਅਪਰੈਲ ਤਕ ਤਖਤ ਸਾਹਿਬ ’ਤੇ ਸੁਸ਼ੋਭਿਤ ਰਹੇਗਾ।
ਜਾਣਕਾਰੀ ਅਨੁਸਾਰ ਅੱਜ ਸਭਿਆਚਾਰਕ ਮਾਮਲੇ, ਪੁਰਾਤੱਤਵ ਵਿਗਿਆਨ ਤੇ ਅਜਾਇਬ ਘਰ ਵਿਭਾਗ ਪੰਜਾਬ ਦੇ ਅਧਿਕਾਰੀ ਕਿਲਾ ਮੁਬਾਰਕ, ਪਟਿਆਲਾ ਪੁੱਜੇ ਹੋਏ ਸਨ, ਜਿਨ੍ਹਾਂ ਨੇ ਤਖਤ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਦੇ ਹਵਾਲੇ ਗੁਰੂ ਸਾਹਿਬਾਨ ਦਾ ਪਵਿੱਤਰ ਕੰਘਾ ਕੀਤਾ। ਕਿਲਾ ਮੁਬਾਰਕ ਪਟਿਆਲਾ ਵਿਖੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀਆਂ 15 ਨਿਸ਼ਾਨੀਆਂ ਸੁਸ਼ੋਭਿਤ ਹਨ।
ਤਖ਼ਤ ਦਮਦਮਾ ਸਾਹਿਬ ਨੇ ਵਿਸਾਖੀ ਦਿਹਾੜੇ ਮੌਕੇ ਦਸਮੇਸ਼ ਪਿਤਾ ਦੇ ਪਵਿੱਤਰ ਕੇਸ ਤੇ ਕੰਘਾ ਸੁਸ਼ੋਭਿਤ ਕੀਤੇ ਜਾਣ ਦੀ ਮੰਗ ਪੰਜਾਬ ਸਰਕਾਰ ਕੋਲ ਰੱਖੀ ਸੀ।
ਅੱਜ ਸਰਕਾਰੀ ਅਧਿਕਾਰੀ ਦੀ ਹਾਜ਼ਰੀ ਵਿੱਚ ਪਵਿੱਤਰ ਕੰਘਾ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਗਿਆ ਪਰ ਗੁਰੂ ਸਾੁਹਬ ਜੀ ਦੇ ਪਵਿੱਤਰ ਕੇਸ ਅਧਿਕਾਰੀਆਂ ਨੇ ਤਕਤ ਸਾਹਿਬ ਦੇ ਪ੍ਰਬੰਧਕਾ ਨੂੰ ਨਹੀਂ ਸੌਪੇ।
ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਉਲੀਕਿਆ ਹੈ, ਜਿਸ ਤਹਿਤ ਇੱਕ ਬੱਸ ਵਿੱਚ ਇਨ੍ਹਾਂ ਨਿਸ਼ਾਨੀਆਂ ਨੂੰ ਸੁਸ਼ੋਭਿਤ ਕੀਤਾ ਜਾਵੇਗਾ ਤੇ ਇਹ ਬੱਸ 6 ਮਈ ਨੂੰ ਪਟਿਆਲਾ ਤੋਂ ਰਵਾਨਾ ਹੋਵੇਗੀ। ਬੱਸ ਹਰ ਜ਼ਿਲ੍ਹੇ ਵਿੱਚ ਜਾਵੇਗੀ ਅਤੇ ਅਖੀਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਨ੍ਹਾਂ ਨਿਸ਼ਾਨੀਆਂ ਨੂੰ ਪੱਕੇ ਤੌਰ ’ਤੇ ਰੱਖਿਆ ਜਾਵੇਗਾ।
ਦਸਮ ਪਿਤਾ ਦੀਆਂ ਇਨ੍ਹਾਂ ਨਿਸ਼ਾਨੀਆਂ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਉਣ ਵਾਲੇ ਨਾਭਾ ਪਬਲਿਕ ਸੁਸਾਇਟੀ ਦੇ ਪ੍ਰਧਾਨ ਨੇ ਇਸ ਮਾਮਲੇ ’ਤੇ ਇਤਰਾਜ਼ ਕੀਤਾ ਹੈ।
ਨਾਭਾ ਪਬਲਿਕ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ ਕਿ ਸਾਲ 1763 ਵਿੱਚ ਗੁਰੂ ਸਾਹਿਬ ਦੀਆਂ ਇਹ ਬਖਸ਼ਿਸ਼ਾਂ ਨਾਭਾ ਰਿਆਸਤ ਵਿੱਚ ਆਈਆਂ ਸਨ ਅਤੇ ਭਾਈ ਕਾਹਨ ਸਿੰਘ ਨਾਭਾ ਦਾ ਵਿਸ਼ਵ ਕੋਸ਼ ਦੇ ਤੱਥ ਵੀ ਇਸ ਦੇ ਗਵਾਹ ਹਨ। ਉਨ੍ਹਾਂ ਆਖਿਆ ਕਿ ਹਾਈ ਕੋਰਟ ਨੇ ਆਦੇਸ਼ ਕੀਤੇ ਸਨ ਕਿ ਇਹ ਨਿਸ਼ਾਨੀਆਂ ਨਾਭਾ ਵਿਖੇ ਸੁਸ਼ੋਭਿਤ ਕੀਤੀਆਂ ਜਾਣ।
Related Topics: Sri Guru Gobind Singh JI