ਸ੍ਰੀ ਆਨੰਦਪੁਰ ਸਾਹਿਬ ( 22 ਮਾਰਚ, 2016): ਖਾਲਸੇ ਦੀ ਪਵਿੱਤਰ ਜਨਮ ਧਰਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੇ ਨਿਆਰੇਪਨ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮੁਹੱਲੇ ਦਾ ਜੋੜ ਮੇਲਾ ਖਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋ ਗਿਆ ਹੈ।
ਹੋਲੇ ਮਹੱਲੇ ਦੇ ਪਹਿਲੇ ਦਿਨ ਗਿਆਨੀ ਮੱਲ ਸਿੰਘ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਅਰਦਾਸ ਕੀਤੀ। ਇਸ ਮੌਕੇ ਜਥੇਦਾਰ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਫਤਿਹ ਸਿੰਘ ਤਰਨਾ ਦਲ ਵੀ ਮੌਜੂਦ ਸਨ। ਉਪਰੰਤ ਨਿਮਰਲ ਸੰਪਰਦਾ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ‘ਚ ਗਿਆਨੀ ਗੁਰਬਚਨ ਸਿੰਘ ਤੇ ਸ੍ਰੀ ਮਹੰਤ ਗਿਆਨ ਦੇਵ ਸਿੰਘ ਮੁਖੀ ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਸਮੇਤ ਖੱਟ ਦਰਸ਼ਨ ਸਾਧੂ ਸਮਾਜ ਦੇ ਸੰਤਾਂ-ਮਹਾਂਪੁਰਸ਼ਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਬਾਅਦ ਦੁਪਹਿਰ ਬਾਬਾ ਬਲਬੀਰ ਸਿੰਘ ਬੁੱਢਾ ਦਲ ਵਾਲਿਆਂ ਦੀ ਅਗਵਾਈ ਹੇਠ ਗੱਤਕਾ ਮੁਕਾਬਲੇ ਕਰਵਾਏ ਗਏ, ਜਿਸ ‘ਚ ਨਿਹੰਗ ਸਿੰਘਾਂ ਨੇ ਜੰਗਜੂ ਕਰਤਬਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਹੋਲੇ ਮਹੱਲੇ ਨੂੰ ਕਵਰ ਕਰਨ ਲਈ ਜਿੱਥੇ ਦੇਸ਼-ਵਿਦੇਸ਼ ਦਾ ਮੀਡੀਆ ਪੁੱਜਾ ਹੋਇਆ ਹੈ ।
ਨੀਲੀਆਂ-ਕੇਸਰੀ ਦਸਤਾਰਾਂ, ਦੁਪੱਟਿਆਂ ਤੇ ਝੰਡੀਆਂ ਦੇ ਆਏ ਹੜ੍ਹ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਖਾਲਸਾਈ ਰੰਗ ‘ਚ ਰੰਗੀ ਹੋਈ ਹੈ। ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਸੰਗਤਾਂ ਟ੍ਰੈਕਟਰਾਂ-ਟਰਾਲੀਆਂ, ਬੱਸਾਂ, ਟੈਂਪੂਆਂ ਤੇ ਸਕੂਟਰਾਂ-ਮੋਟਰਸਾਈਕਲਾਂ ਤੋਂ ਇਲਾਵਾ ਪੈਦਲ ਵੀ ਕੂਚ ਕਰ ਰਹੀਆਂ ਹਨ।
ਸੰਗਤਾਂ ‘ਤੇ ਹੋਲੇ ਮਹੱਲੇ ਦਾ ਰੰਗ ਇਸ ਕਦਰ ਚੜ੍ਹਿਆ ਹੋਇਆ ਹੈ ਕਿ ਉਨ੍ਹਾਂ ਨੇ ਕੇਸਰੀ-ਨੀਲੇ ਬਾਣੇ ਪਾਉਣ ਤੋਂ ਇਲਾਵਾ ਆਪਣੇ ਵਾਹਨਾਂ ਉੱਪਰ ਵੀ ਕੇਸਰੀ ਤੇ ਨੀਲੇ ਰੰਗ ਦੇ ਝੰਡੇ ਲਾਏ ਹੋਏ ਹਨ। ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਬਹੁਤ ਹੀ ਖੂਬਸੂਰਤ ਰੋਸ਼ਨੀਆਂ ਨਾਲ ਸਜਾਇਆ ਗਿਆ ਹੈ ਤੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਇਮਾਰਤ ਤੋਂ ਇਲਾਵਾ ਆਲੇ-ਦੁਆਲੇ ਨੂੰ ਵੀ ਬਹੁਤ ਹੀ ਸੁੰਦਰ ਲੜੀਆਂ, ਫੁੱਲਾਂ ਤੇ ਹੋਰ ਸਜਾਵਟੀ ਵਸਤਾਂ ਨਾਲ ਸ਼ਿੰਗਾਰਿਆ ਗਿਆ ਹੈ।
ਥਾਂ-ਥਾਂ ਲੰਗਰ ਲਗਾਏ ਗਏ ਹਨ-ਹੋਲੇ ਮੱਹਲੇ ‘ਚ ਸ਼ਾਮਿਲ ਸੰਗਤਾਂ ਲਈ ਥਾਂ-ਥਾਂ ‘ਤੇ ਵੱਖ-ਵੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਹੋਰ ਜਥੇਬੰਦੀਆਂ ਵੱਲੋਂ ਲੰਗਰ ਲਗਾਏ ਗਏ ਹਨ। ਕਈ ਜਥੇਬੰਦੀਆਂ ਵਲੋਂ ਤਾਂ ਪਿਛਲੇ ਕਈ ਦਿਨਾਂ ਤੋਂ ਲੰਗਰ ਚੱਲ ਰਹੇ ਹਨ। ਇਸ ਦੌਰਾਨ ਲੰਗਰ ਦੇ ਨਾਲ-ਨਾਲ ਮੁਫਤ ਮੈਡੀਕਲ ਕੈਂਪ ਵੀ ਕਈ ਥਾਵਾਂ ‘ਤੇ ਲਗਾਏ ਗਏ ਹਨ, ਜਿਨ੍ਹਾਂ ਦਾ ਲਾਹਾ ਵੀ ਲੋੜਵੰਦ ਸੰਗਤ ਵੱਲੋਂ ਲਿਆ ਜਾ ਰਿਹਾ ਹੈ।