November 24, 2016 | By ਸਿੱਖ ਸਿਆਸਤ ਬਿਊਰੋ
ਦਿੱਲੀ/ ਅੰਮ੍ਰਿਤਸਰ: ਹਿੰਦੂਤਵੀ ਤਾਕਤਾਂ ਨੇ ਹੁਣ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨਾਲ ਸਬੰਧਤ ਸਮਾਗਮਾਂ ਨੂੰ ਵੀ ਸਿੱਖਾਂ ਦੇ ਹਿਰਦੇ ਵਲੂੰਧਰਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਸਨਾਤਨ ਮੱਤ ਦੇ ਪ੍ਰਚਾਰਕ ਸਵਾਮੀ ਵਿਵੇਕਾਨੰਦ ਨਾਲ ਸਬੰਧਤ ਕਿਸੇ ਰਾਸ਼ਟਰਕਵੀ ਰਾਮਧਾਰੀ ਸਿੰਘ ‘ਦਿਨਕਰ’ ਯਾਦਗਾਰੀ ਸੰਸਥਾ ਨੇ “ਇੰਡੀਅਨ ਟਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ” ਦੀ ਮਦਦ ਨਾਲ ਨਾਲ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਕਰਵਾਏ ਜਾ ਰਹੇ ਇੰਟਰਨੈਸ਼ਨਲ ਵਪਾਰ ਮੇਲੇ ਦੌਰਾਨ ਇਕ ਸਮਾਗਮ ਉਲੀਕਿਆ ਹੈ ਜਿਸ ਸੰਬੰਧੀ ਜੋ ਜਾਣਕਾਰੀ ਨਸ਼ਰ ਹੋਈ ਹੈ ਉਹ ਬੇਹੱਦ ਇਤਾਜ਼ਯੋਗ ਅਤੇ ਸਿੱਖ ਵਿਰੋਧੀ ਹੈ।
25 ਨਵੰਬਰ ਵਾਲੇ ਦਿਨ ਸ਼ਾਮ ਰੱਖੇ ਗਏ ‘ਰਾਸ਼ਟਰ ਪ੍ਰੇਮ’ ਨਾਮਕ ਇਸ ਸਮਾਗਮ ਇਸ ਸਮਾਗਮ ਵਿਚ ਬਿਹਾਰ ਦੇ ਰਾਜਪਾਲ ਰਾਮ ਨਾਥ ਕੋਇੰਦ, ਲੋਕ ਸਭਾ ਮੈਂਬਰ ਸ਼ਾਂਤਾ ਕੁਮਾਰ, ਅਸ਼ਵਨੀ ਕੁਮਾਰ ਚੀਜੇ, ਯੂਨੀਅਨ ਬੈਂਕ ਆਫ ਇੰਡੀਆ ਦੇ ਅਰੁਣ ਤਿਵਾੜੀ ਅਤੇ ਇੰਡੀਅਨ ਟਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ ਦੇ ਮੁਖ ਪ੍ਰਬੰਧਕੀ ਅਧਿਕਾਰੀ ਐਸ. ਸੀ. ਗੋਇਲ ਆਦਿ ਸ਼ਾਮਿਲ ਹੋ ਰਹੇ ਹਨ।
ਇਸ ਖਬਰ ਨੂੰ ਅੰਗਰੇਜ਼ੀ ਵਿਚ ਪੜ੍ਹੋ:
ਸੰਸਥਾ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਮੌਕੇ ਕਰਵਾਈ ਜਾ ਰਹੀ ਵਿਚਾਰ ਚਰਚਾ ਦਾ ਵਿਸ਼ਾ ‘ਸੰਸਕ੍ਰਿਤਕ ਭਾਰਤ ਦੇ ਨਿਰਮਾਣ ਵਿੱਚ ਸਵਾਮੀ ਵਿਵੇਕਾਨੰਦ ਅਤੇ ਗੁਰੂ ਗੋਬਿੰਦ ਸਿੰਘ ਦਾ ਯੋਗਦਾਨ’ ਹੈ।
ਸਪਸ਼ਟ ਹੈ ਇਸ ਸਮਾਗਮ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਦਿਵਸ ਸਮਾਗਮਾਂ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀ ਹੈ। ਇਸ ਸਮਾਗਮ ਦੇ ਪ੍ਰਚਾਰ ਲਈ ਇਸ ਹਿੰਦੂਤਵੀ ਟੋਲੇ ਵਲੋਂ ਛਪਵਾਇਆ ਤੇ ਪ੍ਰਚਾਰਿਆ ਜਾ ਰਿਹਾ ਪਰਚਾ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਗੁਰੂ ਸਾਹਿਬ ਦੀ ਨਿਦਾ ਨਾਲ ਭਰਪੂਰ ਹੈ। ਪਰਚੇ ਵਿਚ ਜਿੱਥੇ ਗੁਰੂ ਸਾਹਿਬ ਨੂੰ ਅਖੌਤੀ ਪਰਸ਼ੂਰਾਮ ਦਾ ਅਵਤਾਰ ਐਲਾਨਿਆ ਗਿਆ ਹੈ ਉੱਥੇ ਉਨ੍ਹਾਂ ਦੇ ਬਿੰਬ ਨੂੰ “ਦੇਸ਼ਭਗਤੀ” ਤੇ “ਰਾਸ਼ਟਰਵਾਦ” ਦੀਆਂ ਤੰਗ ਵਲਗਣਾਂ ਵਿਚ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।
ਇਸ ਸਮਾਗਮ ਤੇ ਸਖਤ ਇਤਰਾਜ ਜਿਤਾਉਂਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਤੇ ਦਲ ਖਾਲਸਾ ਆਗੂ ਸ੍ਰ: ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸਨੂੰ ਸਿੱਖ ਧਰਮ ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਪੀਰ ਮੁਹੰਮਦ ਨੇ ਮੰਗ ਕੀਤੀ ਹੈ ਕਿ ਦਿੱਲੀ ਦੇ ਸਿੱਖ ਸਿਆਸਤਦਾਨ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਪਤਰਕਾਰ ਜਰਨੈਲ ਸਿੰਘ ਅਤੇ ਵਕੀਲ ਹਰਵਿੰਦਰ ਸਿੰਘ ਫੂਲਕਾ ਇਸ ਸਮਾਗਮ ਨੂੰ ਰੋਕਣ ਲਈ ਅੱਗੇ ਆਉਣ।
Related Topics: All India Sikh Students Federation (AISSF), Hindu Groups, Karnail Singh Peer Mohammad, Sikhs in Delhi