July 16, 2014 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (16 ਜੁਲਾਈ 2014): ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਰਿਆਣਾ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਬਣਾਈ ਗਈ ਐਡਹਾਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇਹਰਿਆਣਾ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਸਿੱਖ ਪੰਥ ‘ਚੋਂ ਛੇਕਣ ਦਾ ਹੁਕਮ ਜਾਰੀ ਕੀਤਾ ਹੈ।
ਇਨ੍ਹਾਂ ਤਿੰਨਾਂ ਆਗੂਆਂ ‘ਤੇ ਦੋਸ਼ ਹੈ ਕਿ ਇਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕਰਕੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹਰਿਆਣਾ ਸਰਕਾਰ ਦਾ ਸਾਥ ਦਿੱਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਹਰਿਆਣਾ ਦੇ ਸਿੱਖਾਂ ਨੂੰ ਵੀ ਇਨ੍ਹਾਂ ਤਿੰਨਾਂ ਆਗੂਆਂ ਦੀ ਸਿਆਸੀ ਚਾਲ ‘ਚ ਨਾ ਆਉਣ ਦੀ ਅਪੀਲ ਕੀਤੀ ਸੀ।
ਜੱਥੇਦਾਰ ਦੀ ਅਪੀਲ ਦੇ ਬਾਵਜੂਦ ਇਨ੍ਹਾਂ ਤਿੰਨਾਂ ਆਗੂਆਂ ਨੇ ਨਾ ਸਿਰਫ ਛੇ ਜੁਲਾਈ ਨੂੰ ਹਰਿਆਣਾ ਵਿਚ ਸਿੱਖ ਸੰਮੇਲਨ ਕਰਵਾਇਆ ਸੀ ਬਲਕਿ 11 ਜੁਲਾਈ ਨੂੰ ਹਰਿਆਣਾ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵੀ ਸਦਨ ਵਿਚ ਸ਼ਾਮਲ ਰਹੇ।
11 ਜੁਲਾਈ ਦੀ ਇਸ ਕਾਰਵਾਈ ਦੌਰਾਨ ਹੀ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸ ਕਾਨੂੰਨ ‘ਤੇ ਬਾਅਦ ਵਿਚ ਹਰਿਆਣਾ ਦੇ ਰਾਜਪਾਲ ਨੇ ਵੀ ਦਸਤਖਤ ਕਰ ਦਿੱਤੇ ਸਨ।
ਹਰਿਆਣਾ ਦੇ ਇਨ੍ਹਾਂ ਸਿੱਖਾਂ ਨੂੰ ਸਿੱਖ ਪੰਥ ਵਿੱਚੋਂ ਇਸ ਤਰਾਂ ਛੇਕਣ ਦਾ ਫੈਸਲਾ ਗੈਰਰਵਾਇਤੀ ਅਤੇ ਅਨੋਖੇ ਢੰਗ ਵਾਲਾ ਹੈ।ਇਨ੍ਹਾਂ ਸਿੱਖਾਂ ਨੂੰ ਪੰਥ ਵਿੱਚੋਂ ਛੇਕਣ ਤੋਂ ਪਹਿਲਾਂ ਘੱਟੋ- ਘੱਟ ਉਨ੍ਹਾਂ ਦਾ ਇੱਕ ਵਾਰ ਪੱਖ ਤਾਂ ਸੁਣਿਆਂ ਜਾਣਾ ਚਾਹੀਦਾ ਸੀ।ਇਸ ਤੋਂ ਪਹਿਲਾਂ ਇਥੋਂ ਤੱਕ ਕਿ 1978 ਦੇ ਸ਼ਹੀਦੀ ਸਾਕੇ ਤੋਂ ਬਾਅਦ ਪੰਥ ਵਿਰੋਧੀ ਕਾਰਵਾਈਆਂ ਕਰਕੇ ਨਿੰਰਕਾਰੀ ਗੁਰਬਚਨੇ ਨੂੰ ਅਕਾਲ ਤਖਤ ਸਾਹਿਬ ‘ਤੇ ਆਪਣਾ ਪੱਖ ਰੱਖਣ ਲਈ ਬਕਾਇਦਾ ਬੁਲਾਇਆ ਗਿਆ ਸੀ, ਪਰ ਜਦ ਉਹ ਬੁਲਾਉਣ ‘ਤੇ ਹਾਜ਼ਰ ਨਹੀਨ ਹੋਇਆ ਫਿਰ ਇਸ ਮਸਲੇ ਨੂੰ ਵਿਚਾਰਨ ਲਈ ਇੱਕ ਕਮੇਟੀ ਬਣਾਈ ਹਈ ਸੀ ਅਤੇ ਫਿਰ ਉਸਨੂੰ ਸਿੱਖ ਪੰਥ ਵਿਚੋਂ ਛੇਕਿਆ ਗਿਆ ਸੀ।
ਉੱਚ ਪੱਧਰੀ ਸੂਤਰਾਂ ਅਨੁਸਾਰ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ ਵਿੱਚੋ ਛੇਕਣ ਵਾਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ 15 ਫਰਵਰੀ ਦੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਲਿੀਖਆਂ ਗਿਆ ਸੀ।
ਹਰਿਆਣਾ ਦੇ ਸਿੱਖ ਆਗੂਆਂ ਨੂੰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਇਸ ਤਰਾਂ ਪੰਥ ਵਿਚੋਂ ਛੇਂਕਣ ਨੇ ਇੱਕ ਵਾਰ ਫਿਰ ਇਹ ਤੱਥ ਸਾਹਮਣੇ ਲਿਆਦੇ ਹਨ ਕਿ ਜੱਥੇਦਾਰਾਂ ਨੇ ਅਕਾਲ ਤਖਤ ਸਾਹਿਬ ਨੂੰ ਬਾਦਲਾਂ ਦੇ ਅਧੀਨ ਕੀਤਾ ਹਇਆ ਹੈ।
Related Topics: Akal Takhat Sahib, Badal Dal, Didar Singh Nakvi, Giani Gurbachan Singh, HSGPC, S. Jagdish Singh Jhinda, Shiromani Gurdwara Parbandhak Committee (SGPC)