April 18, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸਿੱਖ ਖਾੜਕੂ ਭਾਈ ਹਰਮਿੰਦਰ ਸਿੰਘ ਮਿੰਟੂ ਅੱਜ ਅਕਾਲ ਚਲਾਣਾ ਕਰ ਗਏ। ਉਹ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਸਨ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਭਾਈ ਮਿੰਟੂ ਦਿਲ ਦੀ ਬਿਮਾਰੀ ਦੇ ਮਰੀਜ਼ ਸਨ। ਉਹ 2014 ਤੋਂ ਭਾਰਤੀ ਜੇਲ੍ਹ ਵਿਚ ਨਜ਼ਰਬੰਦ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦੇ ਮ੍ਰਿਤਕ ਘਰ ਵਿਚ ਰੱਖਿਆ ਗਿਆ ਹੈ। ਹਸਪਤਾਲ ਦੇ ਬਾਹਰ ਡੀ.ਐੱਸ.ਪੀ ਸੌਰਵ ਜਿੰਦਲ ਦੀ ਅਗਵਾਈ ਵਿਚ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਨਵੰਬਰ 2014 ਵਿਚ ਪੰਜਾਬ ਪੁਲਿਸ ਨੇ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਮੌਕੇ ਪੁਲਿਸ ਨੇ ਭਾਈ ਹਰਮਿੰਦਰ ਸਿੰਘ ਮਿੰਟੂ ‘ਤੇ ਵੱਖ-ਵੱਖ 10 ਘਟਨਾਵਾਂ ਵਿਚ ਸ਼ਾਮਿਲ ਹੋਣ ਦਾ ਦੋਸ਼ ਲਾਇਆ ਸੀ। ਮੁੱਖ ਦੋਸ਼ ਇਹ ਲਾਇਆ ਗਿਆ ਸੀ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਥਾਈਲੈਂਡ ਵਿਚ ਬੈਠ ਕੇ ਭਾਰਤ ਸਰਕਾਰ ਵਲੋਂ ਬੈਨ ਕੀਤੀ ਗਈ ਖਾੜਕੂ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਚਲਾ ਰਹੇ ਸੀ ਤੇ ਸਿੱਖਾਂ ਦੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਕਾਰਵਾਈਆਂ ਦੀ ਸਾਜਿਸ਼ ਰਚ ਰਹੇ ਸੀ।
ਵੀਡੀਓ:
ਹਰਮਿੰਦਰ ਸਿੰਘ ਮਿੰਟੂ ਉੱਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਤਿੰਨ ਸ਼ਿਵ ਸੈਨਾ ਆਗੂਆਂ ‘ਤੇ ਕਾਤਲਾਨਾ ਹਮਲਾ ਕਰਨ ਦੀ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ ਤਹਿਤ ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤ ਦੇ ਅਜ਼ਾਦੀ ਦਿਹਾੜੇ ਮੌਕੇ ਪੰਜਾਬ ਵਿਚ ਹਥਿਆਰਬੰਦ ਕਾਰਵਾਈ ਕਰਨ ਦੇ ਕੇਸ ਵਿਚ ਵੀ ਨਾਮਜ਼ਦ ਕੀਤਾ ਗਿਆ ਸੀ।
ਭਾਈ ਹਰਮਿੰਦਰ ਸਿੰਘ ਮਿੰਟੂ ਨਵੰਬਰ 2016 ਵਿਚ ਨਾਭਾ ਜੇਲ੍ਹਬਰੇਕ ਕਾਂਡ ਮੌਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ ਪਰ ਇਕ ਦਿਨ ਬਾਅਦ ਹੀ ਪੁਲਿਸ ਨੇ ਮੁੜ ਗ੍ਰਿਫਤਾਰ ਕਰ ਲਿਆ ਸੀ।
ਭਾਈ ਹਰਮਿੰਦਰ ਸਿੰਘ ਮਿੰਟੂ ਖਿਲਾਫ ਪਾਏ ਗਏ ਕਈ ਕੇਸਾਂ ਵਿਚ ਉਹ ਅਦਾਲਤੀ ਸੁਣਵਾਈ ਮਗਰੋਂ ਬਰੀ ਹੋ ਚੁੱਕੇ ਸਨ।
ਜਿਕਰਯੋਗ ਹੈ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲੇ ਸਿੱਖ ਖਾੜਕੂ ਸੰਘਰਸ਼ ਵਿਚ ਵੱਡਾ ਯੋਗਦਾਨ ਰਿਹਾ ਹੈ ਤੇ ਭਾਈ ਅਵਤਾਰ ਸਿੰਘ ਬ੍ਰਹਮਾ ਅਤੇ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਇਸ ਜਥੇਬੰਦੀ ਦੇ ਨਾਮੀ ਜਰਨੈਲ ਰਹੇ ਹਨ।
Related Topics: Bhai Harminder Singh Mintu, Khalistan Liberation Force