February 6, 2020 | By ਸਿੱਖ ਸਿਆਸਤ ਬਿਊਰੋ
ਸ਼੍ਰੀ ਅੰਮ੍ਰਿਤਸਰ: ਖਾਲਿਸਤਾਨ ਲਿਬਰੇਸ਼ਨ ਫੋਰਸ (ਖਾ.ਲਿ.ਫੋ.) ਦੇ ਮੁਖੀ ਭਾਈ ਹਰਮੀਤ ਸਿੰਘ ਨਮਿਤ ਬੁੱਧਵਾਰ (5 ਫਰਵਰੀ) ਨੂੰ ਹੋਏ ਸ਼ਹੀਦੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸ਼ਹਾਦਤ ਕਦੇ ਵੀ ਘਾਟਾ ਨਹੀਂ ਹੁੰਦੀ ਸਗੋਂ ਹਰੇਕ ਸ਼ਹੀਦ ਦੇ ਡੁੱਲ੍ਹੇ ਖੂਨ ਦੇ ਕਤਰੇ ਹੋਰਨਾਂ ਜੀਆਂ ਨੂੰ ਸੰਘਰਸ਼ ਦੇ ਰਾਹ ਦੇ ਪਾਂਧੀ ਬਣਨ ਲਈ ਪ੍ਰੇਰਿਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਸ਼ਹਾਦਤ ਸ਼ੰਘਰਸ਼ੀਆਂ ਦਾ ਹੱਕ ਹੁੰਦੀ ਹੈ ਜਿਸ ਉੱਤੇ ਹਰ ਸੰਘਰਸ਼ੀ ਨੂੰ ਮਾਣ ਹੁੰਦਾ ਹੈ ਪਰ ਸਰਕਾਰ ਲਈ ਇਹ ਕਾਇਰਾਨਾ ਗੱਲ ਹੈ ਕਿ ਪਹਿਲਾਂ ਤਾਂ ਉਸ ਨੇ ਲੁਕ ਕੇ ਵਾਰ ਕੀਤਾ ਅਤੇ ਹੁਣ ਇਸ ਕਾਰੇ ਨੂੰ ਮੰਨਣ ਤੋਂ ਇਨਕਾਰੀ ਹੋ ਰਹੀ ਹੈ।

ਭਾਈ ਹਰਮੀਤ ਸਿੰਘ (ਪੀ.ਐਚ.ਡੀ.) ਦੀ ਪੁਰਾਣੀ ਤਸਵੀਰ
ਭਾਈ ਹਰਮੀਤ ਸਿੰਘ ਦੀ ਸ਼ਹਾਦਤ ਕਿਸੇ ਹੋਰ ਮਸਲੇ ਜਾਂ ਆਪਣੀ ਧੜੇਬੰਦੀ ਕਾਰਨ ਨਹੀਂ ਹੋਈ ਇਸ ਪਿੱਛੇ ਦਿੱਲੀ ਸਲਤਨਤ ਦਾ ਹੀ ਹੱਥ ਹੈ।
ਦਿੱਲੀ ਸਲਤਨਤ ਦੀਆਂ ਏਜੰਸੀਆਂ ਅਤੇ ਖਬਰਖਾਨੇ ਕਦੇ ਇਸ ਸ਼ਹਾਦਤ ਨੂੰ ਸਿੱਖਾਂ ਦੀ ਧੜੇਬੰਦੀ ਦਾ ਨਤੀਜਾ ਦੱਸ ਕੇ ਸਿੱਖਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਦੇ ਇਸ ਨੂੰ ਹੋਰ ਧੰਦੇ ਦਾ ਮਸਲਾ ਦੱਸ ਕੇ ਸ਼ਹਾਦਤ ਨੂੰ ਰੋਲਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਖਾਲਸਾ ਪੰਥ ਅਜਿਹੀਆਂ ਚਾਲਾਂ ਤੋਂ ਭਲੀ ਭਾਂਤ ਸੁਚੇਤ ਹੈ।

ਉਹਨਾਂ ਕਿਹਾ ਕਿ ਖਾਲਸਾ ਪੰਥ ਦਾ ਸੰਘਰਸ਼ ਸਰਬੱਤ ਦੇ ਭਲੇ ਲਈ ਹੈ ਅਤੇ ਇਸ ਸੰਘਰਸ਼ ਦੀ ਵਾਗ ਗੁਰੂ ਨਾਨਕ ਪਾਤਿਸ਼ਾਹ ਆਪ ਆਪਣੇ ਪੰਥ ਨੂੰ ਸੌਂਪ ਕੇ ਗਏ ਹਨ ਤੇ ਇਸ ਸੰਘਰਸ਼ ਵਜੋਂ ਲੋਕਾਈ ਉੱਤੇ ਸਰਬੱਤ ਦੇ ਭਲੇ ਵਾਲਾ ਹਲੀਮੀ ਰਾਜ ਪ੍ਰਬੰਧ ਜਰੂਰ ਕਾਇਮ ਹੋਵੇਗਾ ਅਜਿਹਾ ਖਾਲਸਾ ਪੰਥ ਨੂੰ ਅਟੱਲ ਵਿਸ਼ਵਾਸ਼ ਹੈ ਕਿਉਂਕਿ ਖਾਲਸਾ ਪੰਥ ਨੂੰ ਗੁਰੂ ਸਾਹਿਬ ਉੱਤੇ ਪੂਰਨ ਭਰੋਸਾ ਹੈ।
Related Topics: Harmeet Singh PHD