May 13, 2011 | By ਸਿੱਖ ਸਿਆਸਤ ਬਿਊਰੋ
ਮੋਹਾਲੀ (13 ਮਈ, 2011): ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਨੂੰ ਖੁਰਦ-ਬੁਰਦ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਿਆ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਨੌਜਵਾਨ ਆਗੂ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਮੌਜ਼ੂਦਾ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਲੋਕ ਹੀ ਇਹ ਜ਼ਮੀਨ ਨੂੰ ਹੱੜਪਣ ਦੀਆਂ ਕੋਸ਼ਿਸ਼ ਵਿੱਚ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸ ਗੁਰੁਦਆਰਾ ਸਾਹਿਬ ਦੀ 38 ਏਕੜ ਤੋਂ ਵੀ ਵੱਧ ਜ਼ਮੀਨ ਦੇ ਤੱਥਾਂ ਨੂੰ ਜਾਨ ਬੁੱਝ ਕੇ ਲੁਕਾਇਆ ਜਾ ਰਿਹਾ ਹੇ ਤਾਂ ਕਿ ਕਰੋੜਾਂ ਰੁਪਏ ਮੁੱਲ ਦੀ ਜ਼ਮੀਨ ਨੂੰ ਖੁਰਦ-ਬੁਰਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਇਕ ਸਬੂਤ ਇਹ ਵੀ ਹੈ ਕਿ ਸਾਲਾਂ ਤੋਂ ਇਸ ਜ਼ਮੀਨ ਦੀ ਰਾਖੀ ਕਰਦੇ ਆ ਰਹੇ ਲੋਕਾਂ ਨੂੰ ਜਾਇਦਾਦ ਸਬੰਧੀ ਬਣਾਈ ਗਈ ਕਮੇਟੀ ਵਿੱਚ ਸ਼ਾਮਿਲ ਨਾ ਕਰਕੇ ਸਾਰੇ ਬਾਹਰਲੇ ਜਿਲ੍ਹਿਆਂ ਦੇ ਵਿਅਕਤੀਆਂ ਨੂੰ ਇਸ ਕਮੇਟੀ ਵਿੱਚ ਲਿਆ ਗਿਆ ਹੈ।
ਪੰਚ ਪ੍ਰਧਾਨੀ ਦੇ ਉਕਤ ਆਗੂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ ਪੌਣੇ ਦੋ ਸਾਲ ਪਹਿਲਾਂ ਖ਼ਤਮ ਹੋ ਚੁੱਕਿਆ ਹੈ ਇਸ ਲਈ ਇਸ ਨੂੰ ਕਿਸੇ ਵੀ ਤਰ੍ਹਾਂ ਗੁਰਧਾਮਾਂ ਦੀਆਂ ਜ਼ਮੀਨਾਂ ਵੇਚਣ ਦਾ ਕੋਈ ਅਧਿਕਾਰ ਨਹੀਂ ਸਗੋਂ ਇਸ ਸੰਸਥਾ ਨੂੰ ਤਾਂ ਜ਼ਮੀਨਾਂ ਖ਼ਰੀਦ ਕੇ ਉਨ੍ਹਾਂ ਦੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਡੇਰੇਦਾਰ ਪੰਜਾਬ ਵਿੱਚ ਸੈਂਕੜੇ ਏਕੜ ਜ਼ਮੀਨਾਂ ਖ਼ਰੀਦ ਰਹੇ ਹਨ ਤੇ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਸਿੱਖ ਵਿਰੋਧੀ ਡੇਰਿਆਂ ਨੂੰ ਅਰਬਾਂ ਰੁਪਏ ਮੁੱਲ ਦੀ ਸੈਂਕੜੇ ਏਕੜ ਜ਼ਮੀਨ ਕੌਡੀਆਂ ਦੇ ਭਾਅ ਵੇਚ ਰਹੀ ਹੈ ਤੇ ਦੂਜੇ ਪਾਸੇ ਇਸੇ ਦੀ ਅਧੀਨਗੀ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਚੀਆਂ ਸਮਝੀਆਂ ਚਾਲਾਂ ਦਾ ਸ਼ਿਕਾਰ ਹੋ ਕੇ ਗੁਰਧਾਮਾਂ ਦੀਆਂ ਜ਼ਮੀਨਾਂ ਗਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਇਤਿਹਾਸਕਿ ਗੁਰਧਾਮ ਦੀ ਜ਼ਮੀਨ ਖੁਰਦ-ਬੁਰਦ ਕਰਨ ਦਾ ਇਹ ਅਮਲ ਨਾ ਰੋਕਿਆ ਗਿਆ ਤਾਂ ਅਸੀਂ ਇਸ ਵਿਰੁੱਧ ਵੱਡਾ ਸੰਘਰਸ਼ ਅਰੰਭ ਕਰ ਲਈ ਮਜ਼ਬੂਰ ਹੋਵਾਂਗੇ। ਇਸ ਸਮੇਂ ਸੰਦੀਪ ਸਿੰਘ ਨਾਲ ਗਰਦੀਪ ਸਿੰਘ, ਕਿਰਪਾਲ ਸਿੰਘ, ਸਰਦਾਰਾ ਸਿੰਘ, ਜੋਗਿੰਦਰ ਸਿੰਘ, ਰਾਜਿੰਦਰ ਸਿੰਘ ਤੇ ਸਮਸ਼ੀਰ ਵੀ ਹਾਜ਼ਿਰ ਸਨ।
Related Topics: Akali Dal Panch Pardhani, Shiromani Gurdwara Parbandhak Committee (SGPC)