ਚੰਡੀਗੜ੍ਹ- ਸਿੱਖ ਜਥਾ ਮਾਲਵਾ ਵੱਲੋਂ ਨਗਰ ਚੰਗਾਲ ਦੇ ਸਹਿਯੋਗ ਨਾਲ ਪਿਛਲੇ ਦੋ ਦਿਨਾ ਤੋਂ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਅੱਖਰਕਾਰੀ ਸਿਖਲਾਈ ਪੜਾਅ ਕੀਤਾ ਗਿਆ ਸੀ ਜਿਸ ਦੀ ਬਹੁਤ ਚੜ੍ਹਦੀਕਲਾ ਦੇ ਨਾਲ ਸੰਪੂਰਨਤਾ ਹੋਈ ਹੈ।
ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਸ਼ਮੂਲੀਅਤ ਕੀਤੀ ਅਤੇ ਕਲਮਾਂ ਫੜ ਕੇ ਸੋਹਣੇ ਸੋਹਣੇ ਅੱਖਰ ਉੱਕਰੇ।
ਇਸ ਨਗਰ ਦੀ ਖੂਬਸੂਰਤ ਗੱਲ ਇਹ ਵੇਖੀ ਕਿ ਇਹ ਸਾਰੇ ਬੱਚੇ ਹਰ ਰੋਜ ਗੁਰਦੁਆਰਾ ਸਾਹਿਬ ਆਉਂਦੇ ਹਨ, ਗੁਰਬਾਣੀ ਸੰਥਿਆ, ਕੀਰਤਨ ਅਤੇ ਸਸਤ੍ਰ ਵਿਦਿਆ ਦਾ ਅਭਿਆਸ ਕਰਦੇ ਹਨ ਅਤੇ ਰੋਜਾਨਾ ਆਪਣੇ ਖੇਡਣ ਦੇ ਸਮੇਂ ਵੀ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਇਕੱਠੇ ਪਿੰਡਾਂ ਦੀਆਂ ਰਵਾਇਤੀ ਖੇਡਾਂ ਖੇਡਦੇ ਹਨ।
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਇੱਥੇ ਹੀ ਸੇਵਾਵਾਂ ਨਿਭਾਅ ਰਹੇ ਹਨ। ਰਾਹਗੀਰਾਂ ਲਈ ਠਾਹਰ ਅਤੇ ਲੰਗਰ ਦਾ ਪ੍ਰਬੰਧ ਹੈ। ਗੁਰਦੁਆਰਾ ਸਾਹਿਬ ਹਰ ਵਕਤ ਪਿੰਡ ਦੇ ਕੁਝ ਬਜੁਰਗ ਬਾਬੇ ਹਾਜਰ ਰਹਿੰਦੇ ਹਨ।
ਅੱਜ ਦੇ ਸਮੇਂ ਇਸ ਤਰ੍ਹਾਂ ਦਾ ਪਹਿਰਾ ਹੋਣਾ ਬਹੁਤ ਸੋਹਣੀ ਗੱਲ ਹੈ।
ਗੁਰਦੁਆਰਾ ਸਾਹਿਬ ਵਿੱਚ ਦੋਵੇਂ ਦਿਨ ਸ਼ਾਮ ਨੂੰ ਜਥੇ ਵੱਲੋਂ ਕੀਰਤਨ ਅਤੇ ਨਾਮ ਅਭਿਆਸ ਕੀਤਾ ਗਿਆ। ਸਮਾਪਤੀ ‘ਤੇ ਅੱਖਰਕਾਰ ਜਗਦੀਪ ਸਿੰਘ, ਸਿਖਆਰਥੀ ਬੱਚੇ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ।