May 24, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਗੁਰਦੁਆਰਾ ਗਿਆਨ ਗੋਦੜੀ, ਹਰਿਦੁਆਰ ਦੀ ਮੁੜ ਸਥਾਪਨਾ ਦੇ ਸਬੰਧ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ (24 ਮਈ ਨੂੰ) ਤੇਜਾ ਸਿੰਘ ਸਮੁੰਦਰੀ ਹਾਲ, ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਇਕੱਤਰਤਾ ਸੱਦੀ ਗਈ ਹੈ। ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਣ ਵਾਲੀ ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ, ਟਕਸਾਲਾਂ, ਨਿਹੰਗ ਸਿੰਘ ਦਲਾਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਨਿਰਮਲੇ ਅਤੇ ਉਦਾਸੀ ਸੰਪਰਦਾਵਾਂ ਦੇ ਆਗੂ ਸ਼ਾਮਲ ਹੋਣ ਦੀ ਉਮੀਦ ਹੈ।
ਜਾਰੀ ਇਕ ਬਿਆਨ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕਜੁੱਟ ਹੋ ਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਸ਼੍ਰੋਮਣੀ ਕਮੇਟੀ ਨੇ ਇਕੱਤਰਤਾ ਵਿਚ ਵੱਧ ਤੋਂ ਵੱਧ ਸਿੱਖ ਨੁਮਾਇੰਦਿਆਂ ਨੂੰ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਮਾਮਲੇ ਉੱਤੇ ਕੁਝ ਸਿੱਖ ਜਥੇਬੰਦੀਆਂ ਲੰਮੇ ਸਮੇਂ ਤੋਂ ਸਰਗਰਮੀ ਕਰਦੀਆਂ ਆ ਰਹੀਆਂ ਹਨ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ‘ਤੇ ਦੂਰੀ ਹੀ ਬਣਾ ਕੇ ਰੱਖੀ ਜਾ ਰਹੀ ਸੀ। ਦੋਵਾਂ ਕਮੇਟੀਆਂ ਨੇ ਹਾਲ ਵਿੱਚ ਹੀ ਇਸ ਮਾਮਲੇ ‘ਤੇ ਸਰਗਰਮੀ ਸ਼ੁਰੂ ਕੀਤੀ ਹੈ। ਭਾਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਮਾਮਲੇ ਦੀ ਨੁਕਤਾ-ਨਿਗਾਹ ਤੋਂ ਇਸ ਸਰਗਰਮੀ ਨੂੰ ਠੀਕ ਉਪਰਾਲੇ ਵੱਜੋਂ ਵੇਖਿਆ ਜਾ ਰਿਹਾ ਹੈ ਪਰ ਨਾਲ ਹੀ ਇਸ ਗੱਲ ਦੀ ਵੀ ਚਰਚਾ ਹੈ ਕਿ ਜਿੱਥੇ ਦੋਵੇਂ ਕਮੇਟੀਆਂ ਇਸ ਸਰਗਰਮੀ ਨਾਲ ਇਕ ਤਾਂ ਆਪਣੀ ਸਾਖ ਸਿੱਖਾਂ ਵਿੱਚ ਮੁੜ ਬਹਾਲ ਕਰਨ ਦਾ ਯਤਨ ਕਰ ਰਹੀਆਂ ਹਨ ਓਥੇ ਇਸ ਮੁਹਿੰਮ ਦੀ ਸਰਪ੍ਰਸਤੀ ਗਿਆਨੀ ਗੁਰਬਚਨ ਸਿੰਘ ਨੂੰ ਦੇ ਕੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਮੁੜ ਖੜ੍ਹਾ ਕਰਨ ਦੇ ਯਤਨ ਵੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਸਿੱਖ ਪੰਥ ਨੇ ਅਕਤੂਬਰ 2015 ਵਿੱਚ ਸਿਰਸਾ ਸਾਧ ਨੂੰ ਬਿਨ ਮੰਗਿਆਂ ਮਾਫੀ ਦੇਣ ਕਰਕੇ ਨਕਾਰ ਦਿੱਤਾ ਸੀ।
ਸਬੰਧਤ ਖ਼ਬਰ:
ਗੁ: ਗਿਆਨ ਗੋਦੜੀ ਦੀ ਲਹਿਰ ਚਲਾਉਣ ਲਈ ਕਾਹਲੇ ਸ਼੍ਰੋਮਣੀ, ਦਿੱਲੀ ਕਮੇਟੀ ਵਾਲੇ ਗਵਾਲੀਅਰ ਬਾਰੇ ਚੁੱਪ ਕਿਉ? …
Related Topics: DSGMC, Gurduara Gian Godri Hariduar, Shiromani Gurdwara Parbandhak Committee (SGPC)