September 27, 2017 | By ਨਰਿੰਦਰਪਾਲ ਸਿੰਘ
ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਆਖਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੜੇ ਹੀ ਜ਼ੋਰ-ਸ਼ੋਰ ਨਾਲ ਪ੍ਰਚਾਰੀ ਗਈ ਉਸ ਵਕਾਰੀ ਮੁਹਿੰਮ ਦਾ ਕੀ ਬਣਿਆ ਜਿਸ ਵਿੱਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਪੁਨਰ ਸਥਾਪਨਾ ਦੇ ਦਾਅਵੇ ਕੀਤੇ ਗਏ ਸਨ? ਕੀ ਇਹ ਮੁਹਿੰਮ ਕੁਝ ਸਮੇਂ ਲਈ ਸੰਗਤਾਂ ਦਾ ਧਿਆਨ ਸੂਬੇ ਵਿੱਚ ਬਾਦਲਕਿਆਂ ਦੀ ਹੋਈ ਨਾਮੋਸ਼ੀ ਭਰੀ ਹਾਰ ਤੋਂ ਹਟਾਉਣਾ ਸੀ ਜਾਂ ਇਸ ਮੁਹਿੰਮ ਦਾ ਮਕਸਦ, ਸਾਲ 2007 ਤੋਂ ਸਬੰਧਤ ਸਥਾਨ ਦੀ ਵਾਪਸੀ ਲਈ ਯਤਨਸ਼ੀਲ ਸਥਾਨਕ ਸੰਗਤ ਪਾਸੋਂ ਖੋਹ ਕੇ ਬਾਦਲਕਿਆਂ ਦੀ ਇੱਕ ਸੰਸਥਾ (ਦਿੱਲੀ ਕਮੇਟੀ) ਤੋਂ ਦੂਸਰੀ (ਸ਼੍ਰੋਮਣੀ ਕਮੇਟੀ) ਨੂੰ ਸੌਂਪਣ, ਦੂਸਰੀ ਤੋਂ ਤੀਸਰੀ ਅਤੇ ਫਿਰ ਉਸੇ ਸਰਕਾਰ ਨੂੰ ਸੌਂਪਣ ਤੀਕ ਹੀ ਸੀਮਤ ਸੀ, ਜਿਸ ਸੂਬਾ ਸਰਕਾਰ (ਕਰਮਵਾਰ ਪਹਿਲਾਂ ਉਤਰਪ੍ਰਦੇਸ਼ ਅਤੇ ਫਿਰ ਉਤਰਾਖੰਡ) ਨੂੰ ਪਿਛਲੇ 40 ਸਾਲ ਤੋਂ ਇਸ ਇਤਿਹਾਸਕ ਅਸਥਾਨ ਦੀ ਯਾਦ ਕਦੇ ਨਹੀਂ ਆਈ?
ਹਰਿਦੁਆਰ ਸਥਿਤ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਛਰਨ ਛੋਹ ਪ੍ਰਾਪਤ ਅਸਥਾਨ ਗੁ: ਗਿਆਨ ਗੋਦੜੀ ਸਾਹਿਬ ਦੀ ਪੁਨਰ ਸਥਾਪਨਾ ਲਈ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਸ ਵੇਲੇ ਯਾਦ ਕਾਫੀ ਸਤਾਉਂਦੀ ਨਜ਼ਰ ਆਈ ਸੀ ਜਦੋਂ ਉਨ੍ਹਾਂ ਨੇ ਅਪ੍ਰੈਲ ਮਹੀਨੇ ਇਸ ਮੁਦੇ ‘ਤੇ ਦਿੱਲੀ ਵਿੱਖੇ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਸੰਤ ਸਮਾਜ ਦੇ ਆਗੂਆਂ ਦੀ ਇੱਕਤਰਤਾ ਬੁਲਾਕੇ ਇਸਦੀ ਵਾਗਡੋਰ ਗਿਆਨੀ ਗੁਰਬਚਨ ਸਿੰਘ ਹੁਰਾਂ ਨੂੰ ਸੌਂਪ ਦਿੱਤੀ। ਗਿਆਨੀ ਜੀ ਨੇ 14 ਮਈ 2017 ਨੂੰ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਇੱਕ ਵੱਡਾ ਸੰਗਤੀ ਇਕੱਠ ਬੁਲਾ ਲਿਆ ਪਰ ਸ਼੍ਰੋਮਣੀ ਕਮੇਟੀ ਨੂੰ ਸੰਗਤਾਂ ਦੇ ਨਾਮ ਹੇਠ ਆਪਣੇ ਹੀ ਪ੍ਰਬੰਧ ਹੇਠਲੇ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਤੇ ਕਮੇਟੀ ਦੇ ਮੁਲਾਜ਼ਮ ਬੁਲਾਕੇ ‘ਵਿਸ਼ਾਲ ਇੱਕਤਰਤਾ’ ਦੀ ਤਸੱਲੀ ਪ੍ਰਗਟ ਕਰਨੀ ਪਈ। ਗੁ: ਗਿਆਨ ਗੋਦੜੀ ਸਾਹਿਬ ਦੀ ਪੁਨਰ ਸਥਾਪਨਾ ਲਈ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਇਆ ਇਹ ਗੁਰਮਤਿ ਸਮਾਗਮ, ਸੰਗਤੀ ਰੂਪ ਵਿੱਚ ਜਪੁ ਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਨਾਲ ਸੰਪੂਰਣ ਹੋ ਗਿਆ।
ਸਬੰਧਤ ਖ਼ਬਰ:
ਗੁ: ਗਿਆਨ ਗੋਦੜੀ ਮੁੜ ਸਥਾਪਨਾ ਮੁੱਦੇ ਤੇ ਗਿਆਨੀ ਗੁਰਬਚਨ ਸਿੰਘ ਵਲੋਂ ਸੱਦੀ ਇੱਕਤਰਤਾ ਦਾ ਸੱਚ (ਰਿਪੋਰਟ) …
ਇਸ ਇੱਕਤਰਤਾ ਦੇ ਦਸ ਦਿਨ ਬਾਅਦ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇੱਕ ਸਮਾਗਮ ਬੁਲਾਕੇ ਵੱਖ-ਵੱਖ ਸੰਪਰਦਾਵਾਂ ਅਤੇ ਸੰਸਥਾਵਾਂ ਦੇ ਮੁਖੀਆਂ ਦੀ ਰਾਏ ਲੈਣ ਉਪਰੰਤ ਇਕ ਪੰਦਰਾਂ ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਸੀ। ਜਿਸ ਵਿਚ ਦਾਅਵਾ ਕੀਤਾ ਗਿਆ ਇਹ ਪੰਦਰਾਂ ਮੈਂਬਰੀ ਕਮੇਟੀ ਹਰਿਦੁਆਰ ਸਥਿਤ ਸਾਰੇ ਹੀ ਸਨਾਤਨੀ ਅਖਾੜਿਆਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਇਕ ਮੁਹਿੰਮ ਚਲਾਏਗੀ ਜੋ ਉਤਰਾਖੰਡ ਸਰਕਾਰ ‘ਤੇ ਦਬਾਅ ਬਣਾਏਗੀ ਕਿ ਉਹ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਅਸਲ ਅਸਥਾਨ ਨੂੰ ਸਿੱਖ ਸੰਗਤ ਨੂੰ ਸੌਂਪ ਦੇਵੇ।
ਸ਼੍ਰੋਮਣੀ ਕਮੇਟੀ ਵਲੋਂ ਬਣਾਈ ਇਸ ਕਮੇਟੀ ਦੀ ਹਾਲਤ ਵੀ ਉਸ ਵੇਲੇ ਪਤਲੀ ਹੁੰਦੀ ਨਜ਼ਰ ਆਈ ਜਦੋਂ ਉਤਰਾਖੰਡ ਸਰਕਾਰ ਨੇ ਕਮੇਟੀ ਦੀ ਰਾਏ ਨਾਲ ਆਪਣੀ ਸਰਕਾਰੀ ਕਮੇਟੀ ਬਣਾਈ ਜਿਸ ਵਿਚ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਕਮੇਟੀ ਦੇ ਸਿਰਫ ਦੋ ਮੈਂਬਰ ਹੀ ਲਏ। ਸਰਕਾਰੀ ਕਮੇਟੀ ਵਿਚ ਜ਼ਿਆਦਤਾਰ ਮੈਂਬਰ ਸਿੱਖ ਵਿਰੋਧੀ ਸੰਸਥਾ ਰਾਸ਼ਟਰੀ ਸਿੱਖ ਸੰਗਤ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸਬੰਧਤ ਸਨ। ਕਮੇਟੀ ਵਲੋਂ ਮੁਹਿੰਮ ਚਲਾਏ ਜਾਣ ਦੇ 4 ਮਹੀਨੇ ਬੀਤ ਜਾਣ ‘ਤੇ ਵੀ ਸ਼੍ਰੋਮਣੀ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਦੇ ਹੱਥ ਖਾਲੀ ਹੀ ਹਨ। ਮੁੱਢਲੀ 15 ਮੈਂਬਰੀ ਕਮੇਟੀ ਦੇ ਕੋਆਰਡੀਨੇਟਰ ਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸਿਰਫ ਇਹੀ ਦੱਸ ਰਹੇ ਹਨ ਕਿ ਸਰਕਾਰੀ ਕਮੇਟੀ ਦੇ ਕੁਝ ਮੈਂਬਰ ਬਾਹਰ ਗਏ ਹੋਏ ਹਨ, ਉਨ੍ਹਾਂ ਦੀ ਵਾਪਸੀ ‘ਤੇ ਹੀ ਕੋਈ ਗੱਲਬਾਤ ਹੋ ਸਕੇਗੀ। ਕਮੇਟੀ ਦੇ ਅਧਿਕਾਰੀ ਇਹ ਦੱਸਣ ਨੂੰ ਵੀ ਤਿਆਰ ਨਹੀਂ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਪੁਨਰ ਸਥਾਪਨਾ ਲਈ ਜੋ ਦਾਅਵੇ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਹਵਾਲੇ ਨਾਲ ਜਨਤਕ ਕੀਤੇ ਗਏ ਸਨ ਕਿ ਉਤਰਾਖੰਡ ਸਰਕਾਰ ਨੇ ਗੁ: ਸਾਹਿਬ ਦੇ ਮਾਮਲੇ ਵਿੱਚ ਸਹਿਮਤੀ ਦੇ ਦਿੱਤੀ ਹੈ ਉਨ੍ਹਾਂ ਦੀ ਇਸ ਵੇਲੇ ਕੀ ਸਥਿਤੀ ਹੈ।
ਸਬੰਧਤ ਖ਼ਬਰ:
ਗੁਰਦੁਆਰਾ ਗਿਆਨ ਗੋਦੜੀ (ਹਰਿਦੁਆਰ) ਦੀ ਸਥਾਪਨਾ ਲਈ ਕਾਨੂੰਨੀ ਲੜਾਈ ਲੜਾਂਗੇ: ਦਿੱਲੀ ਕਮੇਟੀ …
ਦੂਸਰੇ ਪਾਸੇ ਜਾਣਕਾਰਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਮਾਮਲੇ ‘ਤੇ ਸਾਲ 2007 ਤੋਂ ਦਿੱਲੀ ਵਾਸੀ ਸ੍ਰ: ਗੁਰਚਰਨ ਸਿੰਘ ਬੱਬਰ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨਿਰੰਤਰ ਯਤਨਸ਼ੀਲ ਰਹੇ ਅਤੇ ਉਹ ਕਾਫੀ ਹੱਦ ਤੀਕ ਸੂਬਾ ਸਰਕਾਰ ਉਪਰ ਸੰਗਤੀ ਦਬਾਅ ਬਣਾਏ ਜਾਣ ਵਿੱਚ ਸਫਲ ਵੀ ਰਹੇ। ਪਰ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੂਸਰੀ ਵਾਰ ਕਮੇਟੀ ਪ੍ਰਧਾਨਗੀ ਸੰਭਾਲਣ ‘ਤੇ ਆਪਣੇ ਕੱਦ ਨੂੰ ਉੱਚਾ ਦਰਸਾਉਣ ਲਈ ਇਹ ਮਾਮਲਾ ਸਬੰਧਤ ਧਿਰਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇਸ ਮਾਮਲੇ ਦੀ ਅਗਵਾਈ ਗਿਆਨੀ ਗੁਰਬਚਨ ਸਿੰਘ ਨੂੰ ਸੌਂਪ ਦਿੱਤੀ ਤੇ ਗਿਆਨੀ ਜੀ ਸ਼੍ਰੋਮਣੀ ਕਮੇਟੀ ਦੀ ਅਗਵਾਈ ਕਬੂਲਣ ਦੇ ਰਾਹ ਤੁਰ ਪਏ। ਨਤੀਜਾ ਉਹੀ ਹੋਇਆ ਜਿਸ ਬਾਰੇ ਅਕਸਰ ਕਮੇਟੀ ਦੇ ਹਵਾਲੇ ਨਾਲ ਹੀ ਕਿਹਾ ਜਾਂਦਾ ਹੈ ਕਿ ‘ਜਦੋਂ ਕਿਸੇ ਕੰਮ ਲਈ ਕਮੇਟੀ ਬਣ ਜਾਵੇ ਤਾਂ ਸਮਝੋ ਕੰਮ ਖੂਹ ਖਾਤੇ ਪਾਇਆ ਜਾਣਾ ਹੈ’।
Related Topics: Giani Gurbachan Singh, Gurduara Gian Godri Hariduar, Narinderpal Singh, Narinderpal Singh Pattarkar, Shiromani Gurdwara Parbandhak Committee (SGPC)