ਵਿਦੇਸ਼ » ਸਿੱਖ ਖਬਰਾਂ

ਫਰੈਂਕਫੋਰਟ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਦੀ ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਨਿੰਦਾ

May 15, 2017 | By

ਫਰੈਂਕਫੋਰਟ: ਫਰੈਂਕਫੋਰਟ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਦੇ ਦੀਵਾਨ ਮੌਕੇ ਵਾਪਰੀ ਘਟਨਾ ਦੀ ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਖਤ ਨਿੰਦਾ ਕੀਤੀ ਗਈ ਹੈ। ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਲਿਖਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਸੰਸਥਾਵਾਂ ਨਾਲ ਸੰਬੰਧਤ ਵਿਅਕਤੀਆਂ ਵੱਲੋਂ ਭਾਈ ਪੰਥਪ੍ਰੀਤ ਸਿੰਘ ਦਾ ਦੀਵਾਨ ਰੋਕਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਪਰ ਪ੍ਰਬੰਧਕ ਕਮੇਟੀ ਨੇ ਧਮਕੀ ਦੇਣ ਵਾਲੇ ਸੱਜਣਾਂ ਨੂੰ ਕਿਹਾ ਸੀ ਕਿ ਜੇ ਉਹਨਾਂ ਨੂੰ ਭਾਈ ਪੰਥਪ੍ਰੀਤ ਸਿੰਘ ਉੱਤੇ ਕੋਈ ਇਤਰਾਜ਼ ਹਨ ਜਾਂ ਉਹ ਪੰਥਕ ਰਹਿਤ ਮਰਿਆਦਾ ਅਨੁਸਾਰ ਪ੍ਰਚਾਰ ਨਹੀਂ ਕਰਦੇ ਤਾਂ ਸਬੂਤ ਦਿੱਤੇ ਜਾਣ ਤਾਂ ਉਹਨਾਂ ਦੇ ਦੀਵਾਨਾਂ ਨੂੰ ਰੋਕ ਦਿੱਤਾ ਜਾਵੇਗਾ। ਪਰ ਫਿਰ ਵੀ ਵਿਰੋਧ ਕਰਨ ਵਾਲੇ ਕੋਈ ਸਬੂਤ ਦਿੱਤੇ ਬਿਨਾ ਹੀ ਦੀਵਾਨਾਂ ਨੂੰ ਰੋਕਣ ਲਈ ਬਜ਼ਿੱਦ ਰਹੇ।

ਫਰੈਂਕਫੋਰਟ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਸਮੇਂ ਦਾ ਦ੍ਰਿਸ਼

ਫਰੈਂਕਫੋਰਟ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਸਮੇਂ ਦਾ ਦ੍ਰਿਸ਼

ਗੁਰਦੁਆਰਾ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ ਬੱਬਰ, ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ ਘੋਤੜਾ, ਗੁਰਦੁਅਰਾ ਗੁਰੂ ਨਾਨਕ ਨਿਵਾਸ ਸਟੁਟਗਾਟ ਦੇ ਭਾਈ ਉਂਕਾਰ ਸਿੰਘ ਗਿੱਲ ਭਾਈ ਰਵੇਲ ਸਿੰਘ, ਗੁਰਦੁਆਰਾ ਲਾਈਪਸਿਕ ਭਾਈ ਬਲਦੇਵ ਸਿੰਘ ਬਾਜਵਾ, ਗੁਰਦੁਆਰਾ ਨਿਉਨਬਰਗ ਭਾਈ ਦਿਲਬਾਗ ਸਿੰਘ, ਗੁਰਦੁਆਰਾ ਔਕਸਬਰਗ ਭਾਈ ਜੋਗਿੰਦਰ ਸਿੰਘ, ਗੁਰਦੁਆਰਾ ਗੁਰੂ ਤੇਗ ਬਹਾਦਰ ਕਲੋਨ ਦੇ ਪ੍ਰਧਾਨ ਭਾਈ ਇੰਦਰਜੀਤ ਸਿੰਘ, ਗੁਰਦੁਆਰਾ ਮਿਉਨਿਚਨ ਦੇ ਭਾਈ ਦਵਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਅਟਵਾਲ ਦੇ ਨਾਂ ਹੇਠ ਜਾਰੀ ਹੋਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿੱਥੇ-ਜਿੱਥੇ ਵੀ ਵਿਦੇਸ਼ਾਂ ਵਿੱਚ ਜਾ ਕੇ ਸਿੱਖ ਵਸੇ ਹਨ ਉੱਥੇ ਉਨ੍ਹਾਂ ਆਪਣੇ ਧਾਰਮਿਕ ਰਹਿਣੀ ਨੂੰ ਬਰਕਰਾਰ ਰੱਖਣ ਲਈ, ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਤੇ ਆਉਣ ਵਾਲੀ ਪੀੜੀ ਨੂੰ ਸਿੱਖੀ ਨਾਲ ਜੋੜਨ ਲਈ ਗੁਰੂ ਘਰਾਂ ਦੀ ਸਥਾਪਨਾ ਕੀਤੀ ਹੈ। ਜਰਮਨ ਵਿੱਚ ਵੀ ਸਿੱਖਾਂ ਨੇ ਗੁਰੂ ਸਾਹਿਬਾਨ, ਗੁਰਬਾਣੀ ਅਤੇ ਗੁਰ ਇਤਿਹਾਸ ਦੀ ਗੱਲ ਕਰਨ ਲਈ ਗੁਰਦੁਆਰਿਆਂ ਦਾ ਨਿਰਮਾਣ ਕੀਤਾ ਹੈ ਤੇ ਸੰਗਤ ਰੂਪ ਵਿੱਚ ਗੁਰੂ ਜਸ ਕਰਦੇ ਹਨ। ਜਰਮਨ ਦੀ ਧਰਤੀ ‘ਤੇ ਜਿੱਥੇ ਗੁਰਦੁਆਰਿਆਂ ਵਿੱਚ ਗੁਰੂ ਦਾ ਜਸ ਗਾਇਨ ਹੁੰਦਾ ਹੈ ਉੱਥੇ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਲਈ ਪੰਜਾਬ ਦੀ ਧਰਤੀ ਤੋਂ ਪ੍ਰਚਾਰਕ ਸਮੇਂ ਸਮੇਂ ‘ਤੇ ਆਉਂਦੇ ਰਹਿੰਦੇ ਹਨ ਤੇ ਜਰਮਨ ਦੀਆਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਇਤਿਹਾਸ ਦੀ ਕਥਾ ਨਾਲ ਨਿਹਾਲ ਕਰਦੇ ਹਨ। ਪਰ ਗੁਰਦੁਆਰਾ ਸਾਹਿਬਾਨ ਵਿੱਚ ਹੋਣ ਵਾਲੇ ਅਜਿਹੇ ਟਕਰਾਅ ਸਿੱਖੀ ਅਤੇ ਸਿੱਖਾਂ ਦੇ ਅਕਸ ਨੂੰ ਢਾਅ ਲਾ ਰਹੇ ਹਨ।

ਬਿਆਨ ਵਿੱਚ ਐਲਾਨ ਕੀਤਾ ਗਿਆ ਹੈ ਕਿ ਇਹ ਗੁਰਦੁਆਰਾ ਕਮੇਟੀਆਂ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦੇ ਹੱਕ ਵਿੱਚ ਖੜ੍ਹੀਆਂ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

German Gurdwara Committees Condemn Frankfurt Gurdwara Incident …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,