April 20, 2018 | By ਸਿੱਖ ਸਿਆਸਤ ਬਿਊਰੋ
ਲੰਡਨ: ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਲਈ ਜੇਲ੍ਹ ਪ੍ਰਸਾਸ਼ਨ ਸਿੱਧੇ ਰੂਪ ਵਿੱਚ ਦੋਸ਼ੀ ਹੈ ਜਿਸ ਨੇ ਸਮੇਂ ਸਿਰ ਉਸਦਾ ਢੁੱਕਵਾਂ ਇਲਾਜ ਨਹੀਂ ਕਰਵਾਇਆ । ਭਾਈ ਮਿੰਟੂ ਜਿਸ ਦੀ ਬਾਈਪਾਸ ਸਰਜਰੀ ਹੋ ਚੁੱਕੀ ਸੀ ਉਸਨੂੰ ਕੌਮੀ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਵਲੋਂ ਸਰੀਰਕ ਅਤੇ ਮਾਨਸਿਕ ਪੱਖ ਤੋਂ ਤਸ਼ੱਦਦ ਦਾ ਸਿ਼ਕਾਰ ਬਣਾਇਆ ਗਿਆ। ਵਾਰ ਵਾਰ ਉਸਦਾ ਪੁਲਿਸ ਰਿਮਾਂਡ ਲੈ ਕੇ ਇੰਟੈਰੋਗੇਟ ਕੀਤਾ ਗਿਆ ਉੱਥੇ ਵੱਖ ਵੱਖ ਕੇਸਾਂ ਵਿੱਚ ਫਸਾਇਆ ਜਾਂਦਾ ਰਿਹਾ। ਇਸੇ ਤਰਾਂ ਦੀਆਂ ਪ੍ਰੇਸ਼ਾਨੀਆਂ ਕਾਰਨ ਉਹ ਭਾਰੀ ਤਕਲੀਫ ਵਿੱਚ ਸੀ ਅਤੇ ਅਖੀਰ ਉਹ ਆਪਣਾ ਆਖਰੀ ਸਵਾਸ ਕੌਮ ਦੇ ਲੇਖੇ ਲਗਾ ਕੇ ਆਪਣੇ ਸ਼ਹੀਦ ਭਰਾਵਾਂ ਦੀ ਕਤਾਰ ਵਿੱਚ ਜਾ ਖੜੋਤਾ।
ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਿੱਖ ਸੰਘਰਸ਼ ਵਾਸਤੇ ਵੱਡਾ ਘਾਟਾ ਕਰਾਰ ਦਿੱਤਾ। ਸਿੱਖ ਜਥੇਬੰਦੀਆਂ ਦੀ ਤਰਫੋਂ ਅਰਦਾਸ ਕੀਤੀ ਗਈ ਕਿ ਅਕਾਲ ਪੁਰਖ ਵਾਹਿਗੁਰੂ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਦੀ ਮੈਜਿਸਟਰੇਟੀ ਜਾਂਚ ਦੀ ਜਰੂਰਤ ਤੇ ਜੋ਼ਰ ਦਿੰਦਿਆਂ ਆਖਿਆ ਕਿ ਜੇਕਰ ਕੋਈ ਨਿਰਪੱਖ ਅਦਾਰਾ ਇਸਦੀ ਜਾਂਚ ਕਰਦਾ ਹੈ ਤਾਂ ਜੇਲ੍ਹ ਸੁਪਰਡੈਂਟ ਸਮੇਤ ਕਈ ਚਿਹਰੇ ਬੇਨਕਾਬ ਹੋ ਸਕਦੇ ਹਨ ਜੋ ਭਾਈ ਮਿੰਟੂ ਦੀ ਮੌਤ ਦਾ ਕਾਰਨ ਬਣੇ ਹਨ ਅਤੇ ਸਿੱਧੇ ਤੌਰ ਤੇ ਜਿੰਮੇਵਾਰ ਹਨ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਆਖਿਆ ਗਿਆ ਕਿ ਭਾਈ ਦਇਆ ਸਿੰਘ ਲਾਹੌਰੀਆ ਅਤੇ ਭਾਈ ਜਗਤਾਰ ਸਿੰਘ ਹਾਵਾਰਾ ਵੀ ਸਿਹਤ ਪੱਖੋਂ ਠੀਕ ਨਹੀਂ ਹਨ । ਇਸ ਕਰਕੇ ਸਮੂਹ ਬੰਦੀ ਸਿੰਘਾਂ ਦੀ ਹਿਫਾਜ਼ਤ ਲਈ ਸਿੱਖ ਕੌਮ ਅਤੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਇੱਕਜੁਟ ਹੋਣ ਅਤੇ ਸਾਰਥਕ ਉਪਰਾਲਾ ਕਰਨ ਦੀ ਜਰੂਰਤ ਹੈ । ਖਦਸ਼ਾ ਜਾਹਰ ਕੀਤਾ ਗਿਆ ਕਿ ਭਾਰਤ ਸਰਕਾਰ ਨੇ ਹੁਣ ਅਜਾਦੀ ਪਸੰਦ ਯੋਧਿਆਂ ਨੂੰ ਖਤਮ ਕਰਨ ਲਈ ਨਵਾਂ ਤਰੀਕਾ ਲੱਭ ਲਿਆ ਹੈ ।
Related Topics: Bhai Harminder Singh Mintu, Bhai loveshinder singh dallewal, FSO UK