December 11, 2017 | By ਸਿੱਖ ਸਿਆਸਤ ਬਿਊਰੋ
ਸ੍ਰੀਨਗਰ: ਜੰਮੂ ਕਸ਼ਮੀਰ ਪੁਲਿਸ ਨੇ ਪੈਲੇਟ ਗੰਨ ਪੀੜਤਾਂ ‘ਤੇ ਦਸਤਾਵੇਜ਼ੀ ਬਣਾਉਣ ਦੇ ‘ਦੋਸ਼’ ‘ਚ ਇਕ ਫਰਾਂਸੀਸੀ ਪੱਤਰਕਾਰ ਨੂੰ ਹਿਰਾਸਤ ‘ਚ ਲਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, ਕੋਮਿਟੀ ਪਾਲ ਐਡਵਰਡ ਨੂੰ ਸ੍ਰੀਨਗਰ ‘ਚ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਿਰਾਸਤ ‘ਚ ਲਿਆ ਗਿਆ ਹੈ।”
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਡਵਰਡ ਨੂੰ ਐਤਵਾਰ ਸ਼ਾਮ ਨੂੰ ਕੋਠੀਬਾਗ਼ ਖੇਤਰ ਤੋਂ ਹਿਰਾਸਤ ‘ਚ ਲਿਆ ਗਿਆ। ਜਦੋਂ ਉਹ ਆਪਣੀ ਦਸਤਾਵੇਜ਼ੀ ਨੂੰ ਫਿਲਮਾਉਣ ਲਈ ਸ਼ਹਿਰ ‘ਚ ਅਜ਼ਾਦੀ-ਪਸੰਦ ਆਗੂਆਂ ਅਤੇ ਪੈਲੇਟ ਗੰਨ ਦੇ ਸ਼ਿਕਾਰ ਪੀੜਤਾਂ ਨੂੰ ਮਿਲ ਰਹੇ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਜੂਨ ‘ਚ ਭਾਰਤੀ ਫੌਜੀ ਦਸਤਿਆਂ ਵਲੋਂ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਕਤਲ ਕਰ ਦਿੱਤੇ ਜਾਣ ਤੋਂ ਬਾਅਦ ਕਸ਼ਮੀਰ ਘਾਟੀ ‘ਚ ਵੱਡੇ ਪੱਧਰੇ ‘ਤੇ ਰੋਸ ਪ੍ਰਦਰਸ਼ਨ ਹੋਏ ਸੀ। ਰੋਸ ਪ੍ਰਦਰਸ਼ਨਾਂ ਨੂੰ ਰੋਕਣ ਲਈ ਨੀਮ ਫੌਜੀ ਦਸਤਿਆਂ ਅਤੇ ਪੁਲਿਸ ਵਲੋਂ ਇਸਤੇਮਾਲ ਪੈਲੇਟ ਗੰਨਾਂ ਨਾਲ ਵੱਡੀ ਗਿਣਤੀ ‘ਚ ਨੌਜਵਾਨ ਜ਼ਖਮੀ ਹੋਏ ਸਨ ਅਤੇ ਕਈਆਂ ਦੀ ਨਿਗ੍ਹਾ ਪੂਰੀ ਤਰ੍ਹਾਂ ਅਤੇ ਕਈਆਂ ਦੀ ਅੰਸ਼ਕ ਤੌਰ ‘ਤੇ ਚਲੀ ਗਈ ਸੀ।
ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਐਡਵਰਡ ਕੋਲ 22 ਦਸੰਬਰ 2018 ਤਕ ਦਾ ਵੀਜ਼ਾ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਐਡਵਰਡ ਦੇ ਖਿਲਾਫ ਪਾਸਪੋਰਟ ਕਾਨੂੰਨ ਦੀ ਧਾਰਾ 14ਬੀ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਰਾਂਸੀਸੀ ਦੂਤਘਰ ਨੂੰ ਐਡਵਰਡ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ 4 ਨਵੰਬਰ, 2017 ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਮਾਮਲੇ ‘ਚ ਪੰਜਾਬ ਪੁਲਿਸ ਵਲੋਂ ਬਰਤਾਨਵੀ ਦੂਸਘਰ ਨੂੰ ਜਾਣਕਾਰੀ ਦੇਣੀ ਜ਼ਰੂਰੀ ਨਹੀਂ ਸਮਝੀ ਗਈ।
Related Topics: All News Related to Kashmir, Freedom of press, Human Rights Violation in India