April 20, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਬੀਤੇ ਦਿਨੀਂ ਲੁਧਿਆਣਾ ਜਿਲ੍ਹੇ ਦੇ ਪਿੰਡ ਰੁੜਕਾ ਕਲਾਂ (ਨੇੜੇ ਮੁੱਲਾਂਪੁਰ) ਵਿਖੇ 11 ਕਨਾਲ ਚ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਇਆ ਗਿਆ। ਜੰਗਲ ਲਗਾਉਣ ਲਈ ਇਹ ਉੱਦਮ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਸ. ਰਣਵੀਰ ਸਿੰਘ (ਸਰਪੰਚ) ਅਤੇ ਸਮੂਹ ਪੰਚਾਇਤ ਵੱਲੋਂ ਕੀਤਾ ਗਿਆ। ਸ. ਰਣਵੀਰ ਸਿੰਘ ਹੁਰਾਂ ਨਾਲ ਸਾਲ ਕੂ ਪਹਿਲਾਂ ਪ੍ਰੋ. ਜਸਵੀਰ ਸਿੰਘ ਰਾਹੀ ਜੰਗਲ ਦਾ ਨੁਕਤਾ ਸਾਂਝਾ ਕੀਤਾ ਗਿਆ ਸੀ ਜਿਸ ਤੇ ਓਹਨਾਂ ਨੇ ਉੱਦਮ ਕਰਕੇ ਇਸਨੂੰ ਨੇਪਰੇ ਚਾੜ੍ਹਿਆ ਹੈ।
ਜੰਗਲ ਲਗਾਉਣ ਦੀ ਸੇਵਾ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕੀਤੀ ਗਈ, ਜਿਸ ਲਈ ਉੱਦਮੀਆਂ ਦਾ ਤਾਲਮੇਲ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਰਾਹੀਂ ਹੋਇਆ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਲਾਇਆ ਗਿਆ ਇਹ 250ਵਾਂ ਜੰਗਲ ਹੈ। ਜੰਗਲ ਚ 55 ਤਰ੍ਹਾਂ ਦੇ 1000 ਬੂਟੇ ਲਗਾਏ ਗਏ ਹਨ, ਜਿਨ੍ਹਾਂ ਚ ਫਲਦਾਰ, ਫੁੱਲਦਾਰ, ਛਾਂ ਵਾਲੇ ਅਤੇ ਦਵਾਈ ਵਾਲੇ ਬੂਟੇ ਸ਼ਾਮਿਲ ਹਨ।
ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਬਾਹਰ ਵਸਦੇ ਭਰਾਵਾਂ ਨੂੰ ਅਪੀਲ ਕੀਤੀ ਕਿ ਪੰਜਾਬ ਹਿਤੈਸ਼ੀ ਵੀਰ ਭੈਣ ਜਿਨ੍ਹਾਂ ਦੀ ਰੋਜ਼ੀ ਰੋਟੀ ਕੇਵਲ ਖੇਤੀ ਤੇ ਨਿਰਭਰ ਨਹੀਂ, ਜੋ ਵਿਦੇਸ਼ ਬੈਠੇ ਨੇ, ਜਿਨ੍ਹਾਂ ਦਾ ਚੰਗਾ ਕਾਰੋਬਾਰ ਜਾਂ ਨੌਕਰੀ ਹੈ, ਓਹ ਆਪਣਾ ਦਸਵੰਧ ਆਪਣੀ ਜਗ੍ਹਾ ਤੇ ਜੰਗਲ /ਬਾਗ਼ ਲਵਾ ਕੇ ਵੀ ਕੱਢ ਸਕਦੇ ਹਨ।
ਜਿਕਰਯੋਗ ਹੈ ਕਿ ਜੰਗਲ ਲਗਾਉਣ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਉੱਦਮੀ ਨੇ ਕੇਵਲ ਜੰਗਲ ਲਈ ਜਗ੍ਹਾ ਰੱਖਣੀ ਤੇ ਫਿਰ ਜੰਗਲ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ। ਜੰਗਲਾਂ ਦੇ ਨਾਲ ਨਾਲ ਹੁਣ ਬਾਗ਼ ਲਾਉਣ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
Related Topics: Agriculture and Environment Awareness Centre, forest, Kar sewa Khadoor sahib