September 10, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (9 ਸਤੰਬਰ, 2015): ਪੰਜ ਪਿਆਰਿਆਂ ਦੀ ਹੋਈ ਇਕੱਤਰਤਾ ਵਿੱਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਵੱਲੋਂ ਗੁਰਦੁਆਰੇ ਦੀ ਸੁਰੱਖਿਆ ਲਈ ਇੱਕ ਨਿੱਜੀ ਕੰਪਨੀ ਨੂੰ ਠੇਕਾ ਦੇਣ ਅਤੇ ਗਿਆਨੀ ਪ੍ਰਤਾਪ ਸਿੰਘ ਨੂੰ ਮੁੜ ਹੈੱਡ ਗ੍ਰੰਥੀ ਨਿਯੁਕਤ ਕਰਨ ਦੇ ਦੋਵੇਂ ਫ਼ੈਸਲੇ ਰੱਦ ਕਰ ਦਿੱਤੇ ਗਏ ਹਨ।
ਪੰਜ ਪਿਆਰਿਆਂ ਦੀ ਹੋਈ ਇਕੱਤਰਤਾ ਵਿੱਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਭਾਈ ਕੁਲਵੰਤ ਸਿੰਘ, ਮੀਤ ਜਥੇਦਾਰ ਭਾਈ ਜੋਤਇੰਦਰ ਸਿੰਘ, ਕਾਰਜਕਾਰੀ ਹੈੱਡ ਗ੍ਰੰਥੀ ਭਾਈ ਕਸ਼ਮੀਰ ਸਿੰਘ, ਮੀਤ ਗ੍ਰੰਥੀ ਗਿਆਨੀ ਅਵਤਾਰ ਸਿੰਘ ਸ਼ੀਤਲ ਤੇ ਧੂਪੀਆ ਭਾਈ ਵਜਿੰਦਰ ਸਿੰਘ ਸ਼ਾਮਲ ਹੋਏ। ਇਸ ਸਬੰਧੀ ਜਾਰੀ ਕੀਤੇ ਗੁਰਮਤੇ ਵਿੱਚ ਆਖਿਆ ਗਿਆ ਹੈ ਕਿ ਬੋਰਡ ਵੱਲੋਂ ਗੁਰਦੁਆਰੇ ਦੀ ਸੁਰੱਖਿਆ ਲਈ ਮੁੰਬਈ ਦੀ ਇੱਕ ਨਿੱਜੀ ਕੰਪਨੀ ਨੂੰ ਇੱਕ ਕਰੋੜ 56 ਲੱਖ ਰੁਪਏ ਵਿੱਚ ਠੇਕਾ ਦੇਣ ਦਾ ਫੈਸਲਾ ਕੀਤਾ ਗਿਆ ਸੀ।
ਇਸ ਫੈਸਲੇ ’ਤੇ ਨੰਦੇੜ ਦੇ ਸਿੱਖਾਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਦੀ ਦਲੀਲ ਹੈ ਕਿ ਕਿਸੇ ਨਿੱਜੀ ਕੰਪਨੀ ਨੂੰ ਠੇਕਾ ਦੇਣ ਦੀ ਥਾਂ ਗੁਰਦੁਆਰੇ ਦਾ ਸੁਰੱਖਿਆ ਵਿਭਾਗ ਕਾਇਮ ਕੀਤਾ ਜਾਵੇ ਅਤੇ ਉਸ ਵਿੱਚ ਕਿਸੇ ਸਾਬਕਾ ਫੌਜੀ ਅਧਿਕਾਰੀ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਤਾਇਨਾਤ ਕੀਤਾ ਜਾਵੇ।
ਇਸ ਸਬੰਧ ਵਿੱਚ ਸਿੱਖ ਸੰਗਤ ਵੱਲੋਂ ਕੀਤੀ ਗਈ ਅਪੀਲ ਦੇ ਆਧਾਰ ’ਤੇ ਪੰਜ ਸਿੰਘ ਸਾਹਿਬਾਨ ਨੇ ਬੋਰਡ ਨੂੰ ਸਿਫਾਰਸ਼ ਕੀਤੀ ਹੈ ਕਿ ਗੁਰਦੁਆਰੇ ਦੀ ਸੁਰੱਖਿਆ ਦਾ ਜਿੰਮਾ ਸਥਾਨਕ ਸਿੱਖਾਂ ਹਵਾਲੇ ਕੀਤਾ ਜਾਵੇ ਕਿਉਂਕਿ ਕਈ ਸਾਲਾਂ ਤੋਂ ਸਥਾਨਕ ਸਿੱਖਾਂ ਵੱਲੋਂ ਹੀ ਸੁਰੱਖਿਆ ਕੀਤੀ ਜਾ ਰਹੀ ਹੈ।ਇਸ ਲਈ ਸੁਰੱਖਿਆ ਵਿਭਾਗ ਵਿੱਚ ਸਥਾਨਕ ਸਿੱਖ ਨੌਜਵਾਨਾਂ ਦੀ ਭਰਤੀ ਕਰਕੇ ਸਿਖਲਾਈ ਦਿੱਤੀ ਜਾਵੇ।
ਇਸੇ ਤਰ੍ਹਾਂ ਇੱਕ ਗੁਰਮਤੇ ਰਾਹੀਂ ਗਿਆਨੀ ਪ੍ਰਤਾਪ ਸਿੰਘ ਨੂੰ ਮੁੱਖ ਗ੍ਰੰਥੀ ਲਾਉਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਉਨ੍ਹਾਂ ਨੇ ਰਾਇ ਪ੍ਰਗਟਾਈ ਹੈ ਕਿ ਗਿਆਨੀ ਪ੍ਰਤਾਪ ਸਿੰਘ ਨੂੰ ਇਸ ਅਹੁਦੇ ’ਤੇ ਨਿਯੁਕਤ ਨਹੀਂ ਕੀਤਾ ਜਾਣਾ ਚਾਹੀਦਾ। ਇਸ ਫੈਸਲੇ ਕਾਰਨ ਸੰਗਤ ਵਿੱਚ ਰੋਸ ਹੈ। ਉਨ੍ਹਾਂ ਆਖਿਆ ਕਿ ਗਿਆਨੀ ਪ੍ਰਤਾਪ ਸਿੰਘ ਇਹ ਸੇਵਾ ਉਥੇ ਪਹਿਲਾਂ ਨਿਭਾਅ ਰਹੇ ਸਨ ਪਰ ਜਨਵਰੀ 2014 ਨੂੰ ਉਨ੍ਹਾਂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਭੇਜਿਆ ਗਿਆ ਸੀ। ਜਿਥੇ ਉਨ੍ਹਾਂ ਇੱਕ ਸਾਜ਼ਿਸ਼ ਤਹਿਤ ਜਥੇਦਾਰ ਦਾ ਅਹੁਦਾ ਸੰਭਾਲਣ ਲਈ ਦਸਤਾਰ ਲਈ ਸੀ। ਉਸੇ ਸਮਾਗਮ ਵਿੱਚ ਹਿੰਸਕ ਘਟਨਾ ਵਾਪਰੀ ਸੀ, ਜਿਸ ਵਿਚ ਕਈ ਵਿਅਕਤੀ ਜ਼ਖਮੀ ਹੋਏ ਅਤੇ ਪੁਲੀਸ ਨੇ ਕੇਸ ਵੀ ਦਰਜ ਕੀਤਾ ਸੀ। ਇਸ ਲਈ ਹੁਣ ਇਹ ਰਾਇ ਹੈ ਕਿ ਗਿਆਨੀ ਪ੍ਰਤਾਪ ਸਿੰਘ ਨੂੰ ਜੇਕਰ ਮੁੜ ਹੈੱਡ ਗ੍ਰੰਥੀ ਨਿਯੁਕਤ ਕੀਤਾ ਜਾਂਦਾ ਹੈ ਤਾਂ ਸੰਗਤ ਵਿੱਚ ਰੋਸ ਵਧ ਜਾਵੇਗਾ। ਇਸ ਲਈ ਉਨ੍ਹਾਂ ਨੂੰ ਇਸ ਸੇਵਾ ’ਤੇ ਨਿਯੁਕਤ ਨਾ ਕੀਤਾ ਜਾਵੇ।
Related Topics: Takhat Sri Hazoor Sahib