ਵਿਦੇਸ਼ » ਸਿੱਖ ਖਬਰਾਂ

ਪਹਿਲੇ ਮਲਟੀਮੀਟੀਆ ਸਿੱਖ ਵਿਸ਼ਵਕੋਸ਼ ਦੇ ਰਚੇਤਾ ਡਾ. ਰਘਬੀਰ ਸਿੰਘ ਬੈਂਸ ਦਾ ਅਕਾਲ ਚਲਾਣਾ

November 4, 2016 | By

ਚੰਡੀਗੜ੍ਹ: ਇਹ ਖ਼ਬਰ ਕੁੱਲ ਦੁਨੀਆ ਦੇ ਪੰਜਾਬੀ ਭਾਈਚਾਰੇ ਵਿਚ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਆਲਮੀ ਪੱਧਰ ‘ਤੇ ਸਿੱਖ ਭਾਈਚਾਰੇ ਦਾ ਮਾਣ ਵਧਾਉਣ ਵਾਲੇ ਅਤੇ ਦੁਨੀਆ ਦੇ ਪਹਿਲੇ ਮਲਟੀਮੀਟੀਆ ਸਿੱਖ ਵਿਸ਼ਵਕੋਸ਼ ਦੇ ਰਚੇਤਾ ਕੈਨੇਡਾ ਨਿਵਾਸੀ ਡਾ. ਰਘਬੀਰ ਸਿੰਘ ਬੈਂਸ ਸਾਡੇ ਵਿਚ ਨਹੀਂ ਰਹੇ।

ਤਕਰੀਬਨ ਮਹੀਨਾ ਕੁ ਪਹਿਲਾਂ ਉਹ ਕੈਨੇਡਾ ਤੋਂ ਪੰਜਾਬ ਆਏ ਸਨ ਅਤੇ 10 ਕੁ ਦਿਨ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਉਪਰੰਤ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ 3 ਨਵੰਬਰ ਦੁਪਹਿਰ ਬਾਅਦ ਉਹ ਅਕਾਲ ਚਲਾਣਾ ਕਰ ਗਏ। ਉਹ ਆਪਣੇ ਪਿੱਛੇ ਪਤਨੀ ਬੀਬੀ ਪਰਮਜੀਤ ਕੌਰ ਅਤੇ ਤਿੰਨ ਬੇਟਿਆਂ ਇੰਦਰਜੀਤ ਸਿੰਘ, ਵਰਿੰਦਰਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਨੂੰ ਛੱਡ ਗਏ ਹਨ।

ਡਾ. ਰਘਬੀਰ ਸਿੰਘ ਬੈਂਸ

ਡਾ. ਰਘਬੀਰ ਸਿੰਘ ਬੈਂਸ

ਇਸ ਵਕਤ ਭਾਵੇਂ ਉਹ ਆਪਣੀ ਉਮਰ ਦੇ ਅਠਵੇਂ ਦਹਾਕੇ ਨੂੰ ਪਾਰ ਕਰ ਗਏ ਸਨ, ਪਰ ਉਹਨਾਂ ਵਿਚ ਕੌਮੀ ਜਜ਼ਬੇ ਦੀ ਤਾਜ਼ਗੀ ਜਵਾਨੀ ਵਾਂਗ ਅਜੇ ਵੀ ਬਰਕਰਾਰ ਸੀ ਅਤੇ ਉਹ ਕੌਮ ਲਈ ਕੁਝ ਕਰ-ਗੁਜਰਨ ਲਈ ਤੱਤਪਰ ਰਹਿੰਦੇ ਸਨ। ਨਿਸ਼ਚਿਤ ਤੌਰ ‘ਤੇ ਉਹਨਾਂ ਨੇ ਮਨੁੱਖਤਾ ਦੀ ਭਲਾਈ ਲਈ ਜੋ ਕੁਝ ਕੀਤਾ, ਉਹ ਕੌਮ ਲਈ ਵੱਡੇ ਮਾਣ ਵਾਲੀ ਗੱਲ ਹੈ।

ਡਾ. ਬੈਂਸ ਦਾ ਜਨਮ ਨਾਨਕਾ ਪਿੰਡ ਡਗਾਣਾ ਕਲਾਂ (ਹੁਸ਼ਿਆਰਪੁਰ) ਵਿਖੇ ਮਾਤਾ ਸਰਦਾਰਨੀ ਪ੍ਰੀਤਮ ਕੌਰ ਬੈਂਸ ਦੀ ਕੁੱਖੋਂ ਪਿਤਾ ਸਰਦਾਰ ਨਗਿੰਦਰ ਸਿੰਘ ਬੈਂਸ ਦੇ ਘਰ ਸੰਨ 1936 ਵਿਚ ਹੋਇਆ। ਉਹਨਾਂ ਦਾ ਜੱਦੀ ਪਿੰਡ ਮਾਣਕ ਢੇਰੀ (ਹੁਸ਼ਿਆਰਪੁਰ) ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਮਾਤਾ ਜੀ ਦੇ ਸੰਸਕਾਰਾਂ ਸਦਕਾ ਉਹਨਾਂ ਨੇ 10 ਸਾਲ ਦੀ ਉਮਰ ਵਿਚ ਹੀ ਲੋਕ-ਸੇਵਾ ਸ਼ੁਰੂ ਕਰ ਦਿੱਤੀ ਸੀ। ਮਾਤਾ ਜੀ ਵਲੋਂ ਦਿੱਤੇ ਸੰਸਕਾਰਾਂ ਸਦਕਾ ਇਹਨਾਂ ਦਾ ਨਾਂ ਸੰਸਾਰ ਪੱਧਰ ‘ਤੇ ਚਮਕ ਰਿਹਾ ਹੈ। ਉਹਨਾਂ ਨਾਲ ਜੁੜੀ ਵਿਸ਼ੇਸ਼ ਗੱਲ ਇਹ ਹੈ ਕਿ ਉਹਨਾਂ ਨੇ ਇਕ ਬੇਹੱਦ ਸਧਾਰਨ ਪਰਿਵਾਰ ਵਿਚੋਂ ਉਠ ਕੇ ਇਹ ਉੱਚਾ ਮਰਤਬਾ ਹਾਸਲ ਕੀਤਾ ਤੇ ਸਿੱਖ ਕੌਮ ਦਾ ਕੌਮਾਂਤਰੀ ਪੱਧਰ ‘ਤੇ ਨਾਂ ਰੌਸ਼ਨ ਕਰਨ ਵਿਚ ਵੱਡੀ ਭੂਮਿਕਾ ਅਦਾ ਕੀਤੀ।

ਨਸ਼ਿਆਂ, ਸਮਾਜਿਕ ਬੁਰਾਈਆਂ, ਮਾਰਕੁਟਾਈ, ਘਰੇਲੂ ਹਿੰਸਾ, ਵੇਸਵਾਗ਼ਮਨੀ ਅਤੇ ਏਡਜ਼ ਵਰਗੀ ਨਾਮੁਰਾਦ ਬੀਮਾਰੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਏਸ਼ੀਆ, ਅਫਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਯੂਰਪ ਅਤੇ ਅਸਟਰੇਲੀਆ ਆਦਿ ਖਿਤਿਆਂ ਵਿਚ ਜਾ ਕੇ ਡੂੰਘੀ ਖੋਜ ਕੀਤੀ ਅਤੇ ਇਹਨਾਂ ਦੀ ਰੋਕਥਾਮ ਲਈ ਸੰਸਾਰ ਪੱਧਰ ‘ਤੇ ਕੰਮ ਕੀਤਾ। ਖਾਸ ਤੌਰ ‘ਤੇ ਐਚ.ਆਈ.ਵੀ/ਏਡਜ਼ ਬਾਰੇ ਖੋਜ ਹਿੱਤ ਉਹਨਾਂ ਨੇ ਇਸ ਬੀਮਾਰੀ ਤੋਂ ਸਭ ਤੋਂ ਵੱਧ ਪੀੜਤ ਅਫਰੀਕਨ ਮੁਲਕਾਂ ਤਨਜ਼ਾਨੀਆ, ਯੂਗਾਂਡਾ ਅਤੇ ਕੀਨੀਆ ਆਦਿ ਦਾ ਦੌਰਾ ਕੀਤਾ। ਜਦੋਂ ਅਫਰੀਕਾ ਵਿਚ ਸਮਾਜ ਵਲੋਂ ਵੇਸਵਾਗ਼ਮਨੀ ਵੱਲ ਧੱਕੀ ਜਬਰ-ਜਨਾਹ ਤੋਂ ਪੀੜਤ ‘ਆਪਣੀ ਮੂੰਹ ਬੋਲੀ ਧੀ’ ਜੋ ਬਾਅਦ ਵਿਚ ਏਡਜ਼ ਨਾਲ ਮਰ ਗਈ ਸੀ, ਨਾਲ ਹੋਏ ਵਾਰਤਾਲਾਪ ਨੂੰ ਸਾਂਝਾ ਕਰਦੇ ਹਨ, ਤਾਂ ਰੂਹ ਕੰਬ ਉਠਦੀ ਹੈ। ਉਹਨਾਂ ਅਜਿਹੀਆਂ ਅਨੇਕਾਂ ਪੀੜਤ ਔਰਤਾਂ ‘ਤੇ ਖੋਜ ਕੀਤੀ ਅਤੇ ਇਹਨਾਂ ਬੁਰਾਈਆਂ ਦੇ ਕਾਰਨਾਂ ਦੀ ਥਾਹ ਪਾ ਕੇ ਦੁਨੀਆ ਨੂੰ ਇਹਨਾਂ ਦੇ ਹੱਲ ਸੁਝਾਏ। ਡਰੱਗ ਥੈਰਪੀ ਦੀ ਵਿਦਿਆ ਕੈਨੇਡਾ ਅਤੇ ਅਮਰੀਕਾ ਤੋਂ ਲਈ। ਉਹਨਾਂ ਨੇ ਜ਼ਮੀਨੀ ਪੱਧਰ ‘ਤੇ ਇਹਨਾਂ ਅਲਾਮਤਾਂ ਤੋਂ ਪੀੜਤ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕੌਮਾਂਤਰੀ ਸੈਮੀਨਾਰਾਂ ਅਤੇ ਕਾਨਫਰੰਸਾਂ ਵਿਚ ਭਾਸ਼ਣ ਦੇਣ ਅਤੇ ਪਰਚੇ ਪੜਨ ਦਾ ਮਾਣ ਹਾਸਲ ਕੀਤਾ।

ਆਧੁਨਿਕ ਤਕਨੀਕ ਰਾਹੀਂ ਤਕਰੀਬਨ ਡੇਢ ਦਹਾਕਾ ਲਾ ਕੇ ਤਿਆਰ ਕੀਤਾ ਗਿਆ ਆਪਣੀ ਕਿਸਮ ਦਾ ਸੰਸਾਰ ਦਾ ਪਹਿਲਾ ਮਲਟੀਮੀਡੀਆ ਸਿੱਖ ਇਨਸਾਈਕਲੋਪੀਡੀਆ (ਵਿਸ਼ਵ ਕੋਸ਼) ਉਹਨਾਂ ਦੀ ਵਿਲੱਖਣ ਉਪਲਬਧੀ ਅਤੇ ਕੌਮ ਨੂੰ ਦੇਣ ਹੈ। ਜ਼ਿਕਰਯੋਗ ਹੈ ਕਿ ਇਸ ਇਨਸਾਈਕਲੋਪੀਡੀਆ ਨੂੰ 1996 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਪਾਰਲੀਮੈਂਟ ਹਾਊਸ ਵਿਚ ਰਿਲੀਜ਼ ਕੀਤਾ ਗਿਆ ਸੀ।

ਅੱਠ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਖਡੂਰ ਸਾਹਿਬ ਨਾਲ ਉਹਨਾਂ ਦਾ ਖਾਸਾ ਮੋਹ ਸੀ ਅਤੇ ਉਹਨਾਂ ਮਨੁੱਖਤਾ ਦੀ ਭਲਾਈ ਲਈ ਧਰਮ, ਵਿਦਿਆ, ਵਾਤਾਵਰਨ ਸੰਭਾਲ, ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਵਿੱਢੇ ਗਏ ਪ੍ਰਾਜੈਕਟਾਂ ਵਿਚ ਆਪਣਾ ਚੋਖਾ ਯੋਗਦਾਨ ਪਾਇਆ। ਉਹਨਾਂ ਨੇ ਇਥੇ ਦੁਨੀਆ ਦਾ ਪਹਿਲਾ ਮਲਟੀਮੀਡੀਆ ਅਜਾਇਬ ਘਰ ਲਾ ਕੇ ਇਕ ਮਿਸਾਲ ਕਾਇਮ ਕੀਤੀ। ਪਿਛਲੇ 14 ਸਾਲਾਂ ਤੋਂ ਉਹ ਹਰ ਸਾਲ 6 ਮਹੀਨਿਆਂ ਲਈ ਖਡੂਰ ਸਾਹਿਬ ਵਿਖੇ ਨਿਸ਼ਕਾਮ ਸੇਵਾ ਕਰਨ ਆਉਂਦੇ ਹਨ। ਇਥੇ ਬਣੀ ਅਜੂਬਾ-ਨੁਮਾ ਇਮਾਰਤ ‘ਨਿਸ਼ਾਨ-ਏ-ਸਿੱਖੀ’ ਦੀ ਉਸਾਰੀ ਵਿਚ ਵੀ ਬਤੌਰ ਸਲਾਹਕਾਰ ਦੀ ਭੂਮਿਕਾ ਅਦਾ ਕੀਤੀ ਅਤੇ ਇਸ ਨੂੰ ਵਿਸ਼ਵ-ਪੱਧਰੀ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ। ਖਡੂਰ ਸਾਹਿਬ ਵਿਖੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਸਬੰਧੀ ਖੋਜ ਅਤੇ ਸ਼ਨਾਖਤ ਕਰਾਉਣ ਦਾ ਸਿਹਰਾ ਵੀ ਮੁੱਖ ਤੌਰ ‘ਤੇ ਡਾ. ਬੈਂਸ ਨੂੰ ਜਾਂਦਾ ਹੈ। ਇਸ ਤੋਂ ਇਲਾਵਾ ਆਪ ਨੇ ਗੋਇੰਦਵਾਲ ਸਾਹਿਬ-ਖਡੂਰ ਸਾਹਿਬ ਸੜਕ ਨੂੰ ਵੀ ‘ਗੁਰੂ ਅਮਰ ਦਾਸ ਮਾਰਗ’ ਵਜੋਂ ਮਾਨਤਾ ਦਿਵਾਈ।

ਖਡੂਰ ਸਾਹਿਬ ਤੋਂ ਬਾਅਦ ਡਾ. ਬੈਂਸ ਨੇ ਟੋਰਾਂਟੋ (ਕੈਨੇਡਾ), ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼), ਸੁਲਤਾਨਪੁਰ ਲੋਧੀ, ਗੁਰਦੁਆਰਾ ਮਾਡਲ ਟਾਊਨ ਜਲੰਧਰ ਅਤੇ ਸਭਰਾਵਾਂ (ਜ਼ਿਲਾ ਫਿਰੋਜਪੁਰ) ਵਿਖੇ ਮਲਟੀਮੀਡੀਆ ਅਜਾਇਬ ਘਰ ਸਥਾਪਿਤ ਕਰਵਾਏ। ਦੁਨੀਆ ਦੀ ਆਧੁਨਿਕ ਤਕਨੀਕ ਨਾਲ ਬਣੇ ਇਹ ਅਜਾਇਬ ਘਰ ਸਿੱਖੀ ਦੇ ਪ੍ਰਚਾਰ ਲਈ ਆਪਣਾ ਰੋਲ ਨਿਭਾਅ ਰਹੇ ਹਨ।

ਲਿਆਕਤ, ਵਿਦਿਆ ਅਤੇ ਹੁਨਰ ਸਦਕਾ ਉਹਨਾਂ ਨੂੰ ਕੈਨੇਡਾ ਸਰਕਾਰ ਦੀਆਂ ਵੱਖ-ਵੱਖ ਸਲਾਹਕਾਰ ਕਮੇਟੀਆਂ ਵਿਚ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਕੀਤਾ ਜਾਂਦਾ ਰਿਹਾ ਹੈ।

ਮਨੁੱਖਤਾ ਲਈ ਪਾਏ ਇਸ ਮਿਸਾਲੀ ਯੋਗਦਾਨ ਲਈ ਉਹਨਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮਿਲੇ ਐਵਾਰਡਾਂ/ਖਿਤਾਬਾਂ ਦੀ ਸੂਚੀ ਇਨੀ ਲੰਮੀ ਹੈ ਕਿ ਇਥੇ ਪੂਰਾ ਜ਼ਿਕਰ ਨਹੀਂ ਕੀਤੀ ਜਾ ਸਕਦਾ। ਮੁੱਖ ਤੌਰ ‘ਤੇ ਉਹਨਾਂ ਨੂੰ 2005 ਵਿਚ ਕੈਨੇਡਾ ਵਿਚ ‘ਆਰਡਰ ਆਫ ਬ੍ਰਿਟਿਸ਼ ਕੋਲੰਬੀਆ’, 2000 ਵਿਚ ਕਮਿਊਨਿਟੀ ਸਰਵਿਸ ਐਵਾਰਡ (ਅਫਰੀਕਾ), 1999 ਵਿਚ ‘ਆਰਡਰ ਆਫ ਖ਼ਾਲਸਾ, 2002 ਵਿਚ ‘ਗੁੱਡ ਸਿਟੀਜ਼ਨ ਆਫ ਸਰੀ’ ਐਵਾਰਡ, 2006 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ‘ਸਿੱਖ ਸਕਾਲਰ ਆਫ ਕੰਪਿਊਟਰ ਏਜ’, 2001 ਵਿਚ ਪੰਥ ਰਤਨ, 2006 ਵਿਚ ਸ਼ਾਨੇ-ਪੰਜਾਬ ਇੰਟਰਨੈਸ਼ਨਲ ਐਵਾਰਡ (ਭਾਰਤ), 2008 ਵਿਚ ਲਾਈਫ ਟਾਈਮ ਅਚੀਵਮੈਂਟ ਐਵਾਰਡ (ਕੈਨੇਡਾ), 2012 ਵਿਚ ਕੁਈਨ ਐਲੀਜ਼ਾਬੈਥ ਸੈਕੰਡ ਡਾਇਮੰਡ ਜੁਬਲੀ ਮੈਡਲ, 2014 ਵਿਚ ਗਵਰਨਰ ਜਨਰਲ ਕੇਅਰਿੰਗ ਐਵਾਰਡ ਆਦਿ ਵਰਗੇ ਵੱਕਾਰੀ ਖ਼ਿਤਾਬਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ 2013 ਅਤੇ 2014 ਵਿਚ ਦੁਨੀਆ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਹਸਤੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ।

19 ਮਾਰਚ, 2015 ਨੂੰ ਉਹਨਾਂ ਨੂੰ ਭਾਈਚਾਰੇ ਲਈ ਕੀਤੀਆਂ ਸੇਵਾਵਾਂ ਬਦਲੇ ਕੈਨੇਡਾ ਵਿਚ ਪ੍ਰਧਾਨ ਮੰਤਰੀ ਵਲੰਟੀਅਰ ਐਵਾਰਡ ਨਾਲ ਨਿਵਾਜਿਆ ਗਿਆ। ਇਹ ਵੱਕਾਰੀ ਐਵਾਰਡ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਭਾਰਤੀ ਸਨ।

ਉਹਨਾਂ ਦਾ ਅੰਤਿਮ ਸਸਕਾਰ ਸ਼ਨੀਵਾਰ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਅਰਬਨ ਇਸਟੇਟ ਫੇਜ-1 ਵਿਖੇ ਐਤਵਾਰ ਨੂੰ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,