June 7, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਬਾਦਲ ਸਰਕਾਰ ਵਲੋਂ ਸਿੱਖਾਂ ਨੂੰ ਸਾਕਾ ਸ੍ਰੀ ਦਰਬਾਰ ਸਾਹਿਬ ਜੂਨ 1984 ਘੱਲੂਘਾਰੇ ਦੀ 32ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚਣ ਤੋਂ ਦੋ ਦਿਨ ਪਹਿਲਾਂ ਹੀ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਿੱਖ ਸੰਘਰਸ਼ ਦੇ ਉੱਘੇ ਖਾੜਕੂ ਨੇਤਾ ਭਾਈ ਦਲਜੀਤ ਸਿੰਘ ਅਤੇ ਭਾਈ ਕੰਵਰਪਾਲ ਸਿੰਘ ਦਲ ਖ਼ਾਲਸਾ ਸਮੇਤ ਕਈ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ।
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ ਵੀ 4 ਜੂਨ ਤੋਂ ਤੜਕ ਸਵੇਰ ਪੁਲਿਸ ਲਗਾਤਾਰ ਬਾਰ-ਬਾਰ ਛਾਪੇਮਾਰੀ ਕਰਦੀ ਰਹੀ ਲੇਕਿਨ ਇਹ ਆਗੂ ਘਰ ਨਾ ਹੋਣ ਕਰਕੇ ਗ੍ਰਿਫਤਾਰੀ ਤੋਂ ਬਚ ਗਏ ਪਰ ਫੈਡਰੇਸ਼ਨ ਦੇ ਜਰਨਲ ਸਕੱਤਰ ਭਾਈ ਮੇਜਰ ਸਿੰਘ ਕੰਗ ਨੂੰ ਤਰਨ ਤਾਰਨ ਤੋਂ ਉਹਨਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਅਤੇ ਨਜ਼ਦੀਕ ਸਿਟੀ ਥਾਣਾ ’ਚ ਨਜ਼ਰਬੰਦ ਕਰ ਦਿੱਤਾ।
ਇਸ ਤੋਂ ਇਲਾਵਾ ਪੂਰੇ ਪੰਜਾਬ ’ਚ ਪੰਥਕ ਜਥੇਬੰਦੀਆਂ ਦੇ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ। ਨੌਜਵਾਨ ਪੰਥਕ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਗ੍ਰਿਫਤਾਰ ਕਰਨ ਦੀ ਪੁਲਿਸ ਨੇ ਪੂਰੀ ਵਾਹ ਲਾ ਦਿੱਤੀ ਪਰ ਉਹ ਭੇਸ ਬਦਲ ਕੇ ਜੰਮੂ ਵਿਖੇ ਸ਼ਹੀਦ ਭਾਈ ਜਸਜੀਤ ਸਿੰਘ ਦੀ ਯਾਦ ’ਚ ਹੋ ਰਹੇ ਸਿੰਬਲ ਕੈਂਪ ਸਮਾਗਮ ’ਚ ਹਾਜ਼ਰੀ ਲਵਾਉਣ ’ਚ ਸਫਲ ਹੋ ਗਏ।
ਜਦ 6 ਜੂਨ ਨੂੰ ਸਵੇਰੇ ਫੈਡਰੇਸ਼ਨ ਨੇਤਾ ਭਾਈ ਬਲਵੰਤ ਸਿੰਘ ਗੋਪਾਲਾ ਭੇਸ ਬਦਲ ਕੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾ ਰਹੇ ਸੀ ਤਾਂ ਅਚਾਨਕ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਹਿਰਾਸਤ ’ਚ ਲੈ ਲਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਡਰਾਇਵਰੀ ਭੇਸ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਪਹੰਚੇ।
ਪੁਲਿਸ ਨੇ ਪੰਥਕ ਆਗੂ ਭਾਈ ਸਰਬਜੀਤ ਸਿੰਘ ਘੁਮਾਣ, ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਭਾਈ ਭਵਨਦੀਪ ਸਿੰਘ ਲੁਧਿਆਣਾ ਯੂਨਾਇਟਿਡ ਅਕਾਲੀ ਦਲ, ਭਾਈ ਪਪਲਪ੍ਰੀਤ ਸਿੰਘ ਯੂਥ ਅਕਾਲੀ ਦਲ ਅੰਮ੍ਰਿਤਸਰ, ਭਾਈ ਗੁਰਸੇਵਕ ਸਿੰਘ ਭਾਣਾ ਸਰਦਾਰੀਆਂ ਟਰੱਸਟ, ਭਾਈ ਜਸਵੰਤ ਸਿੰਘ ਚੀਮਾ, ਭਾਈ ਰਣਜੀਤ ਸਿੰਘ ਸੰਘੇੜਾ ਅਤੇ ਭਾਈ ਤ੍ਰਿਲੋਕ ਸਿੰਘ ਡੱਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਹਰਜਿੰਦਰ ਸਿੰਘ ਪੰਡੋਰੀ ਅਟਵਾਲ, ਭਾਈ ਜੋਗਾ ਸਿੰਘ ਖ਼ਾਲਿਸਤਾਨੀ ਆਦਿ ਸਿੰਘਾਂ ਦੇ ਘਰਾਂ ’ਚ ਛਾਪੇਮਾਰੀ ਕਰਕੇ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕੀਤੀ।
ਰਿਹਾਈ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਕਿਹਾ ਕਿ ਅਸੀਂ ਗ੍ਰਿਫਤਾਰੀਆਂ ਤੋਂ ਡਰਨ ਵਾਲੇ ਨਹੀਂ। ਹਰ ਹਕੂਮਤ ਆਪਣਾ ਜ਼ੋਰ ਸਿੱਖੀ ਨੂੰ ਦਬਾਉਣ ਲਈ ਵਰਤਦੀ ਰਹੀ ਹੈ ਇਨ੍ਹਾਂ ਗ੍ਰਿਫਤਾਰੀਆਂ ਨਾਲ ਸਾਡੇ ਜਜ਼ਬੇ ਵਿਚ ਕੋਈ ਕਮੀ ਨਹੀਂ ਆਉਣ ਲੱਗੀ।
Related Topics: June 84 protests