ਪੰਜਾਬ ਇਸ ਵਕਤ ਖੇਤੀਬਾੜੀ ਦੇ ਬਹੁਤ ਹੀ ਅਹਿਮ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਭਾਵੇਂ ਕਿ ਖੇਤੀ ਦੇ ਉਤਪਾਦਨ ਵਿੱਚ ਵਾਧਾ ਹੋ ਰਿਹਾ ਹੈ ਅਤੇ ਖੇਤੀਬਾੜੀ ਮੁਨਾਫੇ ਦਾ ਧੰਦਾ ਜਾਪ ਰਹੀ ਹੈ, ਫਿਰ ਵੀ ਕਿਸਾਨਾਂ ਦੀ ਹਾਲਤ ਉਨੀ ਸੁਖਾਵੀ ਨਹੀਂ ਜਿੰਨੀ ਕਿ ਹੋਣੀ ਚਾਹੀਦੀ ਹੈ। ਖੇਤੀਬਾੜੀ ਢਾਂਚੇ ਦੇ ਵਿੱਚ ਸੋਧ ਅਤੇ ਬਦਲਾਅ ਸਮੇਂ ਦੀ ਜਰੂਰਤ ਬਣ ਗਈ ਹੈ। ਇਸ ਸਬੰਧੀ ਕੁਝ ਸੁਧਾਰ ਹੋ ਰਹੇ ਹਨ ਅਤੇ ਕੁਝ ਵਿਚਾਰੇ ਜਾ ਸਕਦੇ ਹਨ। ਐਸਾ ਹੀ ਇੱਕ ਸੁਧਾਰ ਜੋ ਵਿਚਾਰਿਆ ਜਾ ਸਕਦਾ ਹੈ ਉਹ ਹੈ ਐਫ ਪੀ ਓ।
ਐਫਪੀਓ ਕੀ ਹੈ?
ਐਫਪੀਓ ਜਿਸ ਨੂੰ ਫਾਰਮਰ ਪ੍ਰੋਡਿਊਸਰ ਆਰਗਨਾਈਜੇਸ਼ਨ ਕਹਿੰਦੇ ਹਨ ਭਾਵ ਕਿ ਕਿਸਾਨ ਉਤਪਾਦਕ ਸੰਗਠਨਃ ਇੱਕ ਐਸਾ ਸੰਗਠਨ ਹੈ ਜਿਸ ਨੂੰ ਕਿਸਾਨਾਂ ਦੁਆਰਾ ਬਣਾਇਆ ਤੇ ਚਲਾਇਆ ਜਾਂਦਾ ਹੈ। ਇਹ ਇਕ ਕਿਸਾਨ ਕੰਪਨੀ ਹੀ ਹੈ ਜਿਸ ਦਾ ਮਾਲਕ ਵੀ ਕਿਸਾਨ ਹੈ ਅਤੇ ਇਸ ਦੇ ਮੈਂਬਰ ਵੀ ਕਿਸਾਨ ਹੀ ਹਨ। 2013 ਵਿੱਚ ਕੰਪਨੀ ਐਕਟ ਵਿੱਚ ਸੋਧ ਕਰਕੇ ਉਤਪਾਦਕ ਕੰਪਨੀ (ਪ੍ਰੋਡਿਊਸਰ ਕੰਪਨੀ) ਮਦ ਨੂੰ ਲਿਆਂਦਾ ਗਿਆ ਸੀ। ਸੌਖੇ ਸ਼ਬਦਾਂ ਵਿੱਚ ਉਤਪਾਦਕ ਕੰਪਨੀ ਇਕ ਸਹਿਕਾਰੀ ਸਭਾ (ਕੋਆਪਰੇਟਿਵ ਸੁਸਾਇਟੀ) ਅਤੇ ਕੰਪਨੀ ਦਾ ਮਿਸ਼ਰਣ (ਹਾਈਬ੍ਰਿਡ) ਹੈ। ਇਸ ਤਰ੍ਹਾਂ ਦੀ ਕੰਪਨੀ ਦੇ ਵਿੱਚ ਕੰਪਨੀ ਦੇ ਵੀ ਗੁਣ ਹਨ ਅਤੇ ਸਹਿਕਾਰੀ ਸਭਾ ਦੇ ਵੀ। ਸਹਿਕਾਰੀ ਸਭਾ ਵਿੱਚ ਮਾਲਕੀ ਸਰਕਾਰ ਦੇ ਹੱਥ ਹੁੰਦੀ ਹੈ ਪਰ ਇਸ ਵਿੱਚ ਮਾਲਕੀ ਕਿਸਾਨ ਦੇ ਹੱਥ ਵਿੱਚ ਹੈ।
ਐਫਪੀਓ ਦਾ ਮਕਸਦ
ਕਿਸਾਨ ਉਤਪਾਦਿਕ ਸੰਗਠਨ ਜਾਂ ਐਫਪੀਓ ਨੂੰ ਲਿਆਉਣ ਦਾ ਟੀਚਾ ਹੈ ਕਿਸਾਨਾਂ ਦੀ ਆਮਦਨ ਨੂੰ ਵਧਾਇਆ ਜਾ ਸਕੇ ਅਤੇ ਕਿਸਾਨ ਆਪਣੀ ਫਸਲ ਨੂੰ ਹੋਰ ਉਤਪਾਦਾਂ ਵਿੱਚ ਬਦਲ ਕੇ ਚੰਗਾ ਮੁਨਾਫਾ ਲੈ ਸਕਣ। ਸੋ ਐਫ ਪੀ ਓ ਦਾ ਮੁੱਖ ਮਕਸਦ ਇਹ ਹੈ ਕਿ ਕਿਸਾਨਾਂ ਦੀ ਫਸਲ ਨਾਲ ਸੰਬੰਧਿਤ ਵਪਾਰਕ ਗਤੀਵਿਧੀਆਂ ਵਧਾਈਆਂ ਜਾ ਸਕਣ। ਤਾਂ ਜੋ ਮੈਂਬਰ ਕਿਸਾਨਾਂ ਦੇ ਭਲਾਈ ਦੇ ਟੀਚੇ ਨੂੰ ਹਾਸਿਲ ਕੀਤਾ ਜਾ ਸਕੇ। ਕਿਸਾਨਾਂ ਦਾ ਸੰਗਠਨ ਹੋਣ ਕਰਕੇ ਫਸਲਾਂ ਦੇ ਉਤਪਾਦਨ ਜਾਂ ਵਪਾਰ ਵਿੱਚੋਂ ਹੋਈ ਕਮਾਈ ਵਿੱਚੋਂ ਕਿਸਾਨ ਮੈਂਬਰਾਂ ਨੂੰ ਹਿੱਸਾ ਦੇਣਾ ਇਸ ਦਾ ਮੁੱਖ ਉਦੇਸ਼ ਹੈ। ਇਸ ਵਾਧੂ ਕਮਾਈ ਨੂੰ ਸੰਗਠਨ ਦੇ ਵਪਾਰ ਵਧਾਉਣ ਲਈ ਵੀ ਵਰਤਿਆ ਜਾ ਸਕੇ।