August 23, 2017 | By ਸਿੱਖ ਸਿਆਸਤ ਬਿਊਰੋ
ਬਰਨਾਲਾ: ਕਿਸਾਨੀ ਕਰਜ਼ੇ ਤੇ ਜ਼ਮੀਨ ਕੁਰਕੀ ਤੋਂ ਮੁਕਤੀ ਅਤੇ ਰੋਜ਼ਗਾਰ ਪ੍ਰਾਪਤੀ ਜਿਹੇ ਮੁੱਦਿਆਂ ਸਬੰਧੀ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਮੰਗਲਵਾਰ (22 ਅਗਸਤ) ਨੂੰ ਬਰਨਾਲਾ ਦੀ ਅਨਾਜ ਮੰਡੀ ਵਿੱਚ ਕੀਤੀ ‘ਕਰਜ਼ਾ-ਮੁਕਤੀ ਮਹਾਂ ਰੈਲੀ’ ਵਿੱਚ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਦੇ ਇਕੱਠ ਨੇ ਅੰਦੋਲਨ ਦਾ ਅਗਲਾ ਪੜਾਅ ਮੋਤੀ ਮਹਿਲ ਪਟਿਆਲਾ ਵਿਖੇ ਪੰਜ ਰੋਜ਼ਾ ਧਰਨਾ ਲਾ ਕੇ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਵਿੱਚ ਸ਼ਾਮਲ ਭਾਕਿਯੂ (ਏਕਤਾ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਭਾਕਿਯੂ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ, ਭਾਕਿਯੂ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਕਿਸਾਨ ਸੰਘਰਸ਼ ਕਮੇਟੀ (ਆਜ਼ਾਦ) ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਤੇ ਕਿਸਾਨ ਆਗੂ ਹਰਵਿੰਦਰ ਕੌਰ ਬਿੰਦੂ ਨੇ ਸਾਂਝੇ ਸੰਘਰਸ਼ ਦੀ ਤਰਜ਼ਮਾਨੀ ਕਰਦਿਆਂ ਭਖ਼ਦੇ ਕਿਸਾਨੀ ਮਸਲੇ ਤੁਰੰਤ ਹੱਲ ਕਰਨ ਤੋਂ ਮੂੰਹ ਫੇਰਨ ਲਈ ਕੈਪਟਨ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਰਜ਼ਾ ਮੁਕਤੀ ਦੇ ਚੋਣ ਵਾਅਦੇ ਸਿਰਫ਼ ਫੋਕੇ ਐਲਾਨ ਤੱਕ ਸੀਮਤ ਹੋ ਕੇ ਰਹਿ ਗਏ ਹਨ। ਕਰਜ਼ਿਆਂ ਬਦਲੇ ਕੁਰਕੀਆਂ ਦਾ ਸਿਲਸਿਲਾ ਜਾਰੀ ਹਨ।
ਬੁਲਾਰਿਆਂ ਨੇ ਮੰਗ ਕੀਤੀ ਕਿ ਕਰਜ਼ੇ ਮੋੜਨ ਤੋਂ ਅਸਮੱਰਥ ਸਾਰੇ ਕਿਰਤੀ-ਕਿਸਾਨਾਂ ਦੇ ਹਰ ਕਿਸਮ ਦੇ ਕਰਜ਼ੇ ’ਤੇ ਲਕੀਰ ਮਾਰੀ ਜਾਵੇ ਅਤੇ ਦੋ ਲੱਖ ਦੀ ਨਿਗੂਣੀ ਰਾਹਤ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਸਮੁੱਚੇ ਕਰਜ਼ੇ ’ਤੇ ਲਕੀਰ ਫੇਰੀ ਜਾਵੇ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮੰਗਾਂ ਦਾ ਤਸੱਲੀਬਖ਼ਸ਼ ਨਿਬੇੜਾ ਨਾ ਹੋਣ ’ਤੇ ਸਾਂਝੇ ਕਰਜ਼ਾ-ਮੁਕਤੀ ਘੋਲ ਦੇ ਅਗਲੇ ਪੜਾਅ ਤਹਿਤ 22 ਸਤੰਬਰ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ, ਪਟਿਆਲਾ ਅੱਗੇ 5 ਰੋਜ਼ਾ ਦਿਨ-ਰਾਤ ਧਰਨਾ ਲਾਇਆ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਕੋਕਰੀ ਕਲਾਂ, ਦਾਤਾਰ ਸਿੰਘ, ਮਨਜੀਤ ਸਿੰਘ ਧਨੇਰ, ਇੰਦਰਜੀਤ ਸਿੰਘ ਕੋਟ ਬੁੱਢਾ, ਝੰਡਾ ਸਿੰਘ ਜੇਠੂਕੇ, ਦਲਵਿੰਦਰ ਸਿੰਘ ਸ਼ੇਰ ਖਾਂ, ਬਲਦੇਵ ਸਿੰਘ ਜ਼ੀਰਾ ਤੇ ਹਰਜੀਤ ਸਿੰਘ ਝੀਂਡਾ ਵੀ ਹਾਜ਼ਰ ਸਨ।
ਸਬੰਧਤ ਖ਼ਬਰ:
ਮੁੱਖ ਮੰਤਰੀ ਨੇ ਰਾਮਵਿਲਾਸ ਪਾਸਵਾਨ ਨੂੰ ਮਿਲ ਕੇ ਕਰਜ਼ਾ ਲਿਮਟ ਦੀ ਨਵੇਂ ਸਿਰਿਓਂ ਸਮੀਖਿਆ ਦੀ ਕੀਤੀ ਮੰਗ …
Related Topics: BKU Lakhowal, Captain Amrinder Singh Government, Farmers' Issues and Agrarian Crisis in Punjab, ਖੇਤੀਬਾੜੀ ਸੰਕਟ Agriculture Crisis