January 31, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਾਕਾ ਨਕੋਦਰ 1986 ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਹਰ ਸਾਲ ਦੀ ਤਰ੍ਹਾਂ 4 ਫ਼ਰਵਰੀ 2024 ਦਿਨ ਐਤਵਾਰ ਨੂੰ ਗੁਰਦਵਾਰਾ ਸਾਹਿਬ ਬੋਹੜਾਂ ਵਾਲਾ ਪਿੰਡ ਲਿੱਤਰਾਂ ਨੇੜੇ ਨਕੋਦਰ ਵਿਖੇ ਸਮੂਹ ਇਲਾਕਾ ਨਿਵਾਸੀਆਂ, ਪੰਥਕ ਜਥੇਬੰਦੀਆਂ ਅਤੇ ਸ਼ਹੀਦ ਪਰਿਵਾਰਾਂ ਵਲੋਂ ਮਨਾਇਆ ਜਾਵੇਗਾ।
ਇਸ ਮੌਕੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਸਵੇਰ 10 ਵਜੇ ਪਾਏ ਜਾਣਗੇ, ਉਪਰੰਤ ਗੁਰਬਾਣੀ ਕਥਾ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ।
ਇਸੇ ਤਰ੍ਹਾਂ ਮਿਤੀ 4 ਫ਼ਰਵਰੀ 2024 ਦਿਨ ਐਤਵਾਰ, ਅਮਰੀਕਾ ਦੇ ਗੁਰਦੁਆਰਾ ਸਾਹਿਬ ਫਰੀਮੌਂਟ, ਕੈਲੀਫੋਰਨੀਆ ਵਿਖੇ ਸਮੂਹ ਸੰਗਤਾਂ ਅਤੇ ਗੁਰਦਵਾਰਾ ਸਾਹਿਬ ਕਮੇਟੀ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦਾ 38ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ,ਉਪਰੰਤ ਗੁਰਬਾਣੀ ਕਥਾ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸਮਾਗਮ ਦੌਰਾਨ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਵੀਰ ਡਾ. ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਸੰਗਤਾਂ ਦੇ ਰੂਬਰੂ ਹੋਕੇ ਸਾਕਾ ਨਕੋਦਰ ਦਾ 38 ਸਾਲਾ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਨਗੇ।
ਮਿਤੀ 6 ਫ਼ਰਵਰੀ 2024 ਨੂੰ ਮਨਟੀਕਾ ਸਿਟੀ ਕੌਂਸਿਲ ਵਲੋਂ ਸਿਟੀ ਹਾਲ ਮਨਟੀਕਾ ਵਿਖੇ ਸ਼ਾਮੀ 6 ਵਜੇ ਮੀਟਿੰਗ ਦੌਰਾਨ ਸਾਕਾ ਨਕੋਦਰ ਦੇ ਸ਼ਹੀਦਾਂ ਦੇ 38ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹਿਰ ਵਲੋਂ 4 ਫ਼ਰਵਰੀ 2024 ਨੂੰ ਸਾਕਾ ਨਕੋਦਰ ਦਿਵਸ ਵਜੋਂ ਦਿੱਤੀ ਮਾਨਤਾ ਸਿੱਖ ਸੰਗਤਾਂ ਨੂੰ ਸੌਂਪਣਗੇ ਜਿਸ ਵਿੱਚ ਇਲਾਕੇ ਦੇ ਪਤਵੰਤੇ ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਖਾਸ ਤੌਰ ਤੇ ਸ਼ਮੂਲੀਅਤ ਕਰਨਗੇ।
ਇਸੇ ਲੜੀ ਤਹਿਤ 11 ਫ਼ਰਵਰੀ 2024 ਦਿਨ ਐਤਵਾਰ ਨੂੰ ਅਮਰੀਕਾ ਦੇ ਗੁਰਦਵਾਰਾ ਸਾਹਿਬ ਸੈਨ ਹੋਜੇ , ਕੈਲੀਫੋਰਨੀਆ ਵਿਖੇ ਸਮੂਹ ਸੰਗਤਾਂ ਅਤੇ ਗੁਰਦਵਾਰਾ ਸਾਹਿਬ ਕਮੇਟੀ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦਾ 38ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਸਵੇਰ 10 ਵਜੇ ਪਾਏ ਜਾਣਗੇ, ਉਪਰੰਤ ਗੁਰਬਾਣੀ ਕਥਾ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਵੀਰ ਡਾ. ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਸੰਗਤਾਂ ਦੇ ਰੂਬਰੂ ਹੋਕੇ ਸਾਕਾ ਨਕੋਦਰ ਦਾ 38 ਸਾਲਾ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਨਗੇ। ਇਸ ਮੌਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
Related Topics: Bhai Ravinder Singh Littran, Nakodar Killings 1986, Saka Nakodar, Saka Nakodar (4 February 1986), Sikh News USA, Sikhs in USA