ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਵੱਖ-ਵੱਖ ਘਟਨਾਵਾਂ ‘ਚ 12 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲੀ ਘਟਨਾ ਕੇਰਲਾ ‘ਚ ਚੱਲ ਰਹੇ ਫਿਲਮ ਫੈਸਟੀਵਲ ਦੀ ਹੈ। ਦੂਜੀ ਚੇਨੱਈ ਦੇ ਅਸ਼ੋਕ ਨਗਰ ਇਲਾਕੇ ‘ਚ ਸਥਿਤ ਕਾਸੀ ਥਿਏਟਰ ਦੀ ਹੈ ਜਿੱਥੇ ਤਕਰੀਬਨ 20 ਬੰਦਿਆਂ ਨੇ 1 ਮਰਦ ਅਤੇ 2 ਔਰਤਾਂ ਨੂੰ ‘ਜਨ ਗਨ ਮਨ’ ਵੇਲੇ ਖੜ੍ਹੇ ਨਾ ਹੋਣ ‘ਤੇ ਕੁੱਟਿਆ।
ਮੀਡੀਆ ਰਿਪੋਰਟ ਮੁਤਾਬਕ ‘ਜਨ ਗਨ ਮਨ’ ਵੇਲੇ ਵਿਜੈ ਕੁਮਾਰ ਅਤੇ ਵਿਜ ਨਾਂ ਦੇ ਬੰਦਿਆਂ ਦੀ ਬਹਿਸ ਹੋ ਗਈ। ਬਹਿਸ ਦੌਰਾਨ ਹੀ ਤਕਰੀਬਨ 20 ਬੰਦੇ ਉੱਠੇ ਅਤੇ ਵਿਜ ਦੀ ਕੁੱਟ ਮਾਰ ਕੀਤੀ, ਹਿੰਸਾ ‘ਤੇ ਉਤਰੇ ਬੰਦਿਆਂ ਨੇ ਉਸੇ ਵੇਲੇ ਦੋ ਬੀਬੀਆਂ ਸਬਰਿਤਾ, ਸ਼ਰੀਲਾ ਨੂੰ ਵੀ ਕੁੱਟ ਦਿੱਤਾ। ਸ਼ਰੀਲਾ, ਜੋ ਕਿ ਕਾਨੂੰਨ ਦੀ ਵਿਦਿਆਰਥੀ ਹੈ, ਨੇ ਟਾਈਮਜ਼ ਆਫ ਇੰਡੀਆ (ToI) ਨੂੰ ਦੱਸਿਆ ਕਿ ਉਨ੍ਹਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸ਼ਰੀਲਾ ਨੇ ਦੱਸਿਆ ਕਿ ਉਸਦਾ ‘ਜਨ ਗਨ ਮਨ’ ਦੀ ‘ਬੇਅਦਬੀ’ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਕੇਰਲਾ ਵਿਚ ਫਿਲਮ ਫੈਸਟੀਵਲ ‘ਚ ਜਨ ਗਨ ਮਨ ਵੇਲੇ ਨਾ ਖੜ੍ਹਾ ਹੋਣ ਦੀ ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।
ਗ੍ਰਿਫਤਾਰ 12 ਵਿਅਕਤੀਆਂ ਵਿਚੋਂ ਇਕ ਵਿਨੀਸ਼ ਕੁਮਾਰ ਨੇ ਇੰਡੀਅਨ ਐਕਸਪ੍ਰੈਸ ਅਖ਼ਬਾਰ ਨੂੰ ਦੱਸਿਆ ਕਿ ਖੁੱਲ੍ਹੇ ਥਿਏਟਰ ‘ਚ ਸੀਟਾਂ ਲਈ ਖਿੱਚਤਾਣ ਚੱਲ ਰਹੀ ਸੀ, ਜੇ ਅਸੀਂ ਆਪਣੀ ਸੀਟ ਤੋਂ ਉੱਠ ਜਾਂਦੇ ਫੇਰ ਸਾਨੂੰ ਫਿਲਮ ਦੇਖਣ ਲਈ ਸੀਟ ਨਹੀਂ ਸੀ ਮਿਲਣੀ।
ਚੇਨਈ ਪੁਲਿਸ ਮੁਤਾਬਕ ਐਤਵਾਰ ਨੂੰ ਹਿੰਦੂਵਾਦੀ ਜਥੇਬੰਦੀਆਂ ਦੇ ਕਾਰਜਕਰਤਾਵਾਂ ਨੇ 8 ਬੰਦਿਆਂ ਨੂੰ ਕੁੱਟ ਦਿੱਤਾ ਕਿਉਂਕਿ ਉਹ ‘ਜਨ ਗਨ ਮਨ’ ਵੇਲੇ ਖੜ੍ਹੇ ਨਹੀਂ ਸੀ ਹੋਏ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Enforcing Nationalism: 12 Arrested; Others Beaten Up for Not Standing on Jan Gan Man …