September 21, 2011 | By ਸਿੱਖ ਸਿਆਸਤ ਬਿਊਰੋ
ਬੰਗਾ (21 ਸਤੰਬਰ, 2011): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਲਕਾ ਸ਼ਹੀਦ ਭਗਤ ਸਿੰਘ ਨਗਰ ਤੋਂ ਉਮੀਦਵਾਰ ਭਾਈ ਚਰਨਜੀਤ ਸਿੰਘ ਸੁੱਜੋਂ ਨੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਉਸ ਨੂੰ ਫਖਰ ਹੈ ਉਸ ਨੂੰ ਪੈਣ ਵਾਲੀਆਂ ਵੋਟਾਂ ਗੁਰੂ ਦੇ ਸਿੱਖਾਂ ਦੀਆਂ ਸਨ। ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਦੇ ਉਮੀਦਵਾਰ ਵਜੋਂ ਚੋਣਾਂ ਵਿੱਚ ਹਾਰ ਜਾਣ ਮਗਰੋਂ ਭਾਈ ਚਰਨਜੀਤ ਸਿੰਘ ਸੁੱਜੋਂ ਨੇ ਆਖਿਆ ਕਿ ਉਸ ਨੇ ਵੋਟਾਂ ਪ੍ਰਾਪਤ ਕਰਨ ਲਈ ਸਿੱਖੀ ਸਿਧਾਂਤਾਂ ਨੂੰ ਬਰਕਰਾਰ ਰੱਖਿਆ ਹੈ ਅਤੇ ਉਸ ਨੂੰ ਪਈਆਂ 3500 ਦੇ ਕਰੀਬ ਵੋਟਾਂ ਨਿਰੋਲ ਸਿੱਖਾਂ ਦੀਆਂ ਹਨ।
ਇਸ ਦੇ ਉਲਟ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੁਖਦੇਵ ਸਿੰਘ ਭੌਰੇ ਵਲੋਂ ਵੋਟਰਾਂ ਨੂੰ ਤਰਾਂ ਤਰਾਂ ਦੇ ਹੱਥਕੰਡੇ ਅਪਣਾ ਕੇ ਵਰਗਲਾਇਆ ਗਿਆ ਅਤੇ ਸਿੱਖੀ ਵਿੱਚ ਵਿਵਰਜਤ ਨਸਿ਼ਆਂ ਨੂੰ ਵੱਡੀ ਪੱਧਰ ਤੇ ਵੰਡਿਆ ਗਿਆ । ਅਖੀਰ ਵਿੱਚ ਭਾਈ ਚਰਨਜੀਤ ਸਿੰਘ ਵਲੋਂ ਆਖਿਆ ਗਿਆ ਕਿ ਉਹਨਾਂ ਨੇ ਚੋਣ ਹਾਰੀ ਹੈ ਹਿੰਮਤ ਨਹੀਂ ਹਾਰੀ । ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਕੌਮ ਦੀ ਅਜਾਦੀ ਹੈ ਅਤੇ ਇਸ ਵਾਸਤੇ ਯਤਨ ਜਾਰੀ ਰਹਿਣਗੇ । ਉਹਨਾਂ ਵਲੋਂ ਵਿਦੇਸ਼ਾਂ ਵਿੱਚ ਵਦਸੇ ਸਮੂਹ ਦੋਸਤਾਂ ,ਸ਼ੁੱਭਚਿੰਤਕਾਂ ਦਾ ਵੀ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਉਸ ਦੀ ਜਿੱਤ ਲਈ ਸਖਤ ਮਿਹਨਤ ਕੀਤੀ ਅਤੇ ਪੰਜਾਬ ਵਿੱਚ ਵਸਦੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਇਸ ਕਾਰਜ ਲਈ ਪ੍ਰੇਰਿਤ ਕੀਤਾ।
Related Topics: Akali Dal Panch Pardhani, Shiromani Gurdwara Parbandhak Committee (SGPC)