ਚੋਣਵੀਆਂ ਲਿਖਤਾਂ » ਲੇਖ

ਵਾਤਾਵਰਣ ਸਬੰਧੀ ‘ਈਕੋ ਸਿੱਖ’ ਦੀ ਪਹਿਲਕਦਮੀ

February 20, 2015 | By

ਅਮਰੀਕੀ ਰਾਜਧਾਨੀ ਵਾਸ਼ਿੰਗਟਨ ਤੋਂ ਸਰਗਰਮ ਗ਼ੈਰ-ਸਰਕਾਰੀ ਸੰਸਥਾ ‘ਈਕੋ ਸਿੱਖ’ ਵੱਲੋਂ ਵਾਤਾਵਰਣ ਸਬੰਧੀ ਚੇਤਨਾ ਪੈਦਾ ਕਰਨ ਹਿੱਤ ਇਸ ਵਰ੍ਹੇ 14 ਮਾਰਚ ਨੂੰ ‘ਸਿੱਖ ਵਾਤਾਵਰਣ ਦਿਵਸ’ ਮਨਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ।

ਇਹ ਸੰਸਥਾ ਸਾਲ 2011 ਤੋਂ ਹਰ ਸਾਲ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਹਰਿਰਾਏ ਜੀ ਦੇ ਗੁਰਤਾਗੱਦੀ ਦਿਹਾੜੇ ਨੂੰ ਸਮਰਪਿਤ ਇਹ ਦਿਵਸ ਕੌਮਾਂਤਰੀ ਪੱਧਰ ’ਤੇ ਮਨਾਉਂਦੀ ਆ ਰਹੀ ਹੈ। ਸੰਸਥਾ ਇਸ ਦਿਹਾੜੇ ’ਤੇ ਜਲਵਾਯੂ ਵਿੱਚ ਹੋ ਰਹੀਆਂ ਤਬਦੀਲੀਆਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਏਗੀ ਅਤੇ ਸਿੱਖ ਭਾਈਚਾਰੇ ਨੂੰ ਇਹ ਮਿਸ਼ਨ ਗੁਰਦੁਆਰਿਆਂ ਤੋਂ ਚਲਾਉਣ ਦੀ ਅਪੀਲ ਕਰੇਗੀ।

EcoSikh Banner

‘ਈਕੋ ਸਿੱਖ’

ਇਹ ਸੰਸਥਾ ਹੁਣ ਤਕ ਵਿਸ਼ਵ ਭਰ ਵਿੱਚ 2200 ਦੇ ਲਗਪਗ ਗੁਰਦੁਆਰਿਆਂ, ਸਕੂਲਾਂ ਅਤੇ ਸੰਗਠਨਾਂ ਨੂੰ ਸਿੱਖ ਵਾਤਾਵਰਣ ਦਿਹਾੜੇ ਨਾਲ ਜੋੜ ਚੁੱਕੀ ਹੈ। ਆਪਣੀ ਵੈੱਬਸਾਈਟ ਰਾਹੀਂ ਵੀ ਲੋਕਾਂ, ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਨੂੰ ਵਾਤਾਵਰਣ ਬਚਾਉਣ ਸਬੰਧੀ ਚੇਤਨਾ ਅਤੇ ਅਗਵਾਈ ਪ੍ਰਦਾਨ ਕਰ ਰਹੀ ਹੈ।

ਸਿੱਖ ਵਾਤਾਵਰਣ ਦਿਵਸ ਦੇ ਮੌਕੇ ’ਤੇ ਇਸ ਸੰਸਥਾ ਵੱਲੋਂ ਸਿੱਖ ਸੰਗਤਾਂ ਨੂੰ ਗੁਰਦੁਆਰਿਆਂ, ਨਗਰ ਕੀਰਤਨਾਂ ਤੇ ਲੰਗਰਾਂ ਵਿੱਚ ਸਫ਼ਾਈ ਦਾ ਧਿਆਨ ਰੱਖਣ, ਪਾਣੀ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਨੂੰ ਅਜਾਈਂ ਜਾਣ ਤੋਂ ਰੋਕਣ ਅਤੇ ਦਰਖਤ ਲਗਾਉਣ ਜਿਹੇ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਬਾਰੇ ਜਾਗ੍ਰਿਤ ਕੀਤੇ ਜਾਣ ਦਾ ਪ੍ਰੋਗਰਾਮ ਹੈ।

ਦੁਨੀਆਂ ਵਿੱਚ ਵੱਡੀ ਪੱਧਰ ’ਤੇ ਵਧ ਰਹੇ ਪ੍ਰਦੂਸ਼ਣ ਦੇ ਸੰਦਰਭ ਵਿੱਚ ‘ਈਕੋ ਸਿੱਖ’ ਸੰਸਥਾ ਵੱਲੋਂ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਹਿੱਤ ਕੀਤੇ ਜਾ ਰਹੇ ਉਪਰਾਲੇ ਪ੍ਰਸ਼ੰਸਾਯੋਗ ਹਨ ਪਰ ਚੰਗਾ ਹੋਵੇ ਜੇਕਰ ਅਜਿਹੇ ਯਤਨ ਗੁਰਬਾਣੀ ਵਿੱਚ ਪੇਸ਼ ਜੀਵਨ-ਜੁਗਤਿ ਨਾਲ ਜੋੜ ਕੇ ਕੀਤੇ ਜਾਣ।

ਅਜੋਕੇ ਮਨੁੱਖ ਵੱਲੋਂ ਅਪਣਾਏ ਜਾ ਰਹੇ ਕੇਵਲ ਮਨੁੱਖੀ ਵਿਕਾਸ ਮਾਡਲ ਨੂੰ ਰੱਦ ਕਰਕੇ ਗੁਰਬਾਣੀ ਵਿੱਚ ਪੇਸ਼ ‘ਵਿਗਾਸ’ ਦੇ ਸੰਕਲਪ ਨੂੰ ਲੋਕਾਂ ਤਕ ਲੈ ਕੇ ਜਾਣ ਦੀ ਜ਼ਰੂਰਤ ਹੈ ਜਿਸ ਵਿੱਚ ਕੇਵਲ ਮਨੁੱਖ ਦਾ ਹੀ ਨਹੀਂ ਬਲਕਿ ਕੁਦਰਤ ਦੀ ਕਾਇਨਾਤ ਵਿੱਚ ਵਸਦੇ ਹਰ ਜੀਵ-ਜੰਤੂ ਅਤੇ ਬਨਸਪਤੀ ਦੇ ਵਿਗਸਣ ਅਤੇ ਪਲਰਨ੍ਹ ਦਾ ਅਮਰ ਸੰਦੇਸ਼ ਹੈ।

ਮਨੁੱਖ ਨੂੰ ਕੁਦਰਤ ਦੇ ਵਿਰੋਧ ਦੀ ਥਾਂ ਇਸ ਨਾਲ ਇਕਸੁਰ ਹੋਣ ਦੀ ਜ਼ਰੂਰਤ ਹੈ। ਗੁਰਬਾਣੀ ਵਿੱਚ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਨੂੰ ਉੱਚਾ ਦਰਜਾ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਸਾਰੀ ਗੁਰਬਾਣੀ ਪ੍ਰਾਕ੍ਰਿਤੀ ਦੇ ਮਹੱਤਵ ਨੂੰ ਦਰਸਾਉਂਦੀ ਹੈ।

ਵਾਤਾਵਰਣ ਬਚਾਉਣ ਲਈ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਅਨੇਕਾਂ ਉਪਰਾਲੇ ਹੋ ਰਹੇ ਹਨ ਪਰ ਈਕੋ ਸਿੱਖ ਸੰਸਥਾ ਦੀ ਵਿਲੱਖਣਤਾ ਇਸੇ ਗੱਲ ਵਿੱਚ ਹੋਵੇਗੀ ਜੇ ਉਹ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਲਈ ਗੁਰਬਾਣੀ ਦੀ ਰੌਸ਼ਨੀ ਵਿੱਚ ਸਾਰਥਕ ਯਤਨ ਕਰੇ।

ਨਾਲ ਹੀ ਗੁਰਦੁਆਰਿਆਂ ਦੇ ਚੌਗਿਰਦੇ ਵਿੱਚ ਛਾਂ-ਦਾਰ ਰੁੱਖ ਲਾਉਣ ਅਤੇ ਸੰਗਮਰਮਰ ਦੀ ਥਾਂ ਹਰਿਆਲੀ ਨੂੰ ਤਰਜੀਹ ਦੇਣ ਦਾ ਸੰਕਲਪ ਵੀ ਉਭਾਰੇ। 1999 ਵਿੱਚ ਤਖ਼ਤ ਕੇਸਗੜ੍ਹ ਸਾਹਿਬ ਦੇ ਤੱਤਕਾਲੀਨ ਜਥੇਦਾਰ, ਪ੍ਰੋ. ਮਨਜੀਤ ਸਿੰਘ ਨੇ ਤਖ਼ਤ ਸਾਹਿਬ ਤੋਂ ਪ੍ਰਸ਼ਾਦ ਦੇ ਰੂਪ ਵਿੱਚ ਹਰ ਸ਼ਰਧਾਲੂ ਨੂੰ ਇੱਕ ਬੂਟਾ ਗੁਰੂ ਦੀ ਅਮਾਨਤ ਵਜੋਂ ਸੌਂਪਣ ਦੀ ਪ੍ਰਥਾ ਸ਼ੁਰੂ ਕੀਤੀ ਸੀ ਅਜਿਹੀਆਂ ਪ੍ਰਥਾਵਾਂ ਨੂੰ ਸੁਰਜੀਤ ਕਰਨ ਦੀ ਲੋੜ ਹੈ।

ਅੱਜ ਸਮੁੱਚੇ ਵਿਸ਼ਵ ਵਿੱਚ ਵਾਤਾਵਰਣ ਦੇ ਦੂਸ਼ਿਤ ਹੋਣ ਸਬੰਧੀ ਚਿੰਤਾ ਪਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੇ ਕੌਮਾਂਤਰੀ ਪੱਧਰ ’ਤੇ ਵਾਤਾਵਰਣ ਦਿਵਸ, ਧਰਤ ਦਿਵਸ ਅਤੇ ਪਾਣੀ ਬਚਾਓ ਦਿਵਸ ਐਲਾਨੇ ਹੋਏ ਹਨ ਅਤੇ ਇਹ ਦਿਵਸ ਮਨਾਏ ਵੀ ਜਾ ਰਹੇ ਹਨ, ਪਰ ਇਨ੍ਹਾਂ ਯਤਨਾਂ ਦੇ ਕੋਈ ਬਹੁਤੇ ਸੰਤੁਸ਼ਟੀਜਨਕ ਸਿੱਟੇ ਸਾਹਮਣੇ ਨਹੀਂ ਆ ਰਹੇ।

ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਕੀਤੇ ਜਾ ਰਹੇ ਯਤਨ ਕੁਦਰਤੀ ਵਿਕਾਸ ਨਾਲ ਇਕਸੁਰ ਨਹੀਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਵਾਤਾਵਰਣ ਬਚਾਉਣ ਦਾ ਸਭ ਤੋਂ ਵੱਧ ਰੌਲਾ ਪਾਉਣ ਵਾਲੇ ਮੁਲਕ ਹੀ ਪਰਮਾਣੂ ਹਥਿਆਰਾਂ ਅਤੇ ਪਲਾਂਟਾਂ ਦੀ ਤਿਆਰੀ ਤੇ ਤਾਮੀਰ ਦੀ ਦੌੜ ਵਿੱਚ ਹਨ ਜੋ ਕਿ ਵਾਤਾਵਰਣ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਰਹੇ ਹਨ।

ਮਨੁੱਖੀ ਵਿਕਾਸ ਦੇ ਨਾਂ ਉੱਤੇ ਐਸ਼ੋ-ਇਸ਼ਰਤ ਦਾ ਸਾਜ਼ੋ-ਸਾਮਾਨ ਤਿਆਰ ਕੀਤਾ ਅਤੇ ਵੇਚਿਆ ਜਾ ਰਿਹਾ ਹੈ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਪ੍ਰਸੰਗ ਵਿੱਚ ‘ਈਕੋ ਸਿੱਖ’ ਸੰਸਥਾ ਜੇਕਰ ਵਾਤਾਵਰਣ ਨੂੰ ਬਚਾਉਣ ਲਈ ਪ੍ਰਚਲਿਤ ਰਵਾਇਤੀ ਕਾਰਜਾਂ ਦੀ ਬਜਾਇ ਗੁਰਬਾਣੀ ਦੇ ਸਰਬਪੱਖੀ ਵਿਕਾਸ ਮਾਡਲ ਅਨੁਸਾਰ ਸੱਚੇ-ਸੁੱਚੇ ਅਤੇ ਸਾਦਗੀ ਭਰਪੂਰ ਜੀਵਨ ਜਿਊਣ ਹਿੱਤ ਉਪਰਾਲੇ ਕਰਦੀ ਹੈ ਤਾਂ ਇਹ ਨਿਸ਼ਚੇ ਹੀ ਮਹਤੱਵਪੂਰਨ ਅਤੇ ਨਤੀਜਾਜਨਕ ਸਿੱਧ ਹੋ ਸਕਦੇ ਹਨ।

ਧੰਨਵਾਦ ਸਾਹਿਤ ਪੰਜਾਬੀ ਟ੍ਰਿਬਿਊਨ ‘ਚੋਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: